ਪਹਿਲਾ ਸਮੂਏਲ
28 ਉਨ੍ਹਾਂ ਦਿਨਾਂ ਵਿਚ ਫਲਿਸਤੀਆਂ ਨੇ ਇਜ਼ਰਾਈਲ ਵਿਰੁੱਧ ਲੜਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ।+ ਤਦ ਆਕੀਸ਼ ਨੇ ਦਾਊਦ ਨੂੰ ਕਿਹਾ: “ਤੂੰ ਜਾਣਦਾ ਹੀ ਹੈਂ ਕਿ ਤੂੰ ਤੇ ਤੇਰੇ ਆਦਮੀ ਮੇਰੇ ਨਾਲ ਯੁੱਧ ਵਿਚ ਜਾਓਗੇ।”+ 2 ਇਹ ਸੁਣ ਕੇ ਦਾਊਦ ਨੇ ਆਕੀਸ਼ ਨੂੰ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੇਰਾ ਸੇਵਕ ਕੀ ਕਰੇਗਾ।” ਆਕੀਸ਼ ਨੇ ਦਾਊਦ ਨੂੰ ਕਿਹਾ: “ਇਸੇ ਕਰਕੇ ਮੈਂ ਤੈਨੂੰ ਹਮੇਸ਼ਾ ਲਈ ਆਪਣਾ ਅੰਗ-ਰੱਖਿਅਕ* ਠਹਿਰਾਵਾਂਗਾ।”+
3 ਸਮੂਏਲ ਮਰ ਚੁੱਕਾ ਸੀ ਅਤੇ ਸਾਰੇ ਇਜ਼ਰਾਈਲ ਨੇ ਉਸ ਦਾ ਸੋਗ ਮਨਾਇਆ ਤੇ ਉਸ ਨੂੰ ਉਸ ਦੇ ਸ਼ਹਿਰ ਰਾਮਾਹ ਵਿਚ ਦਫ਼ਨਾ ਦਿੱਤਾ।+ ਸ਼ਾਊਲ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।+
4 ਫਲਿਸਤੀ ਇਕੱਠੇ ਹੋ ਕੇ ਗਏ ਤੇ ਉਨ੍ਹਾਂ ਨੇ ਸ਼ੂਨੇਮ+ ਵਿਚ ਡੇਰਾ ਲਾਇਆ। ਇਸ ਲਈ ਸ਼ਾਊਲ ਨੇ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੇ ਗਿਲਬੋਆ+ ਵਿਚ ਡੇਰਾ ਲਾਇਆ। 5 ਜਦ ਸ਼ਾਊਲ ਨੇ ਫਲਿਸਤੀਆਂ ਦੀ ਛਾਉਣੀ ਦੇਖੀ, ਤਾਂ ਉਹ ਡਰ ਗਿਆ ਤੇ ਉਸ ਦਾ ਦਿਲ ਬਹੁਤ ਕੰਬਣ ਲੱਗਾ।+ 6 ਭਾਵੇਂ ਸ਼ਾਊਲ ਯਹੋਵਾਹ ਤੋਂ ਸਲਾਹ ਮੰਗਦਾ ਸੀ,+ ਪਰ ਯਹੋਵਾਹ ਨੇ ਕਦੇ ਉਸ ਨੂੰ ਜਵਾਬ ਨਹੀਂ ਦਿੱਤਾ, ਨਾ ਸੁਪਨਿਆਂ ਰਾਹੀਂ, ਨਾ ਊਰੀਮ+ ਰਾਹੀਂ ਤੇ ਨਾ ਹੀ ਨਬੀਆਂ ਰਾਹੀਂ। 7 ਅਖ਼ੀਰ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਲਈ ਕਿਸੇ ਅਜਿਹੀ ਔਰਤ ਨੂੰ ਲੱਭੋ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੋਵੇ।+ ਮੈਂ ਉਸ ਕੋਲ ਜਾ ਕੇ ਉਸ ਦੀ ਸਲਾਹ ਲਵਾਂਗਾ।” ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਏਨ-ਦੋਰ+ ਵਿਚ ਇਕ ਔਰਤ ਹੈ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੈ।”
8 ਇਸ ਲਈ ਸ਼ਾਊਲ ਨੇ ਆਪਣਾ ਭੇਸ ਬਦਲਿਆ ਤੇ ਹੋਰ ਕੱਪੜੇ ਪਾ ਕੇ ਆਪਣੇ ਦੋ ਆਦਮੀਆਂ ਨਾਲ ਰਾਤ ਨੂੰ ਉਸ ਔਰਤ ਕੋਲ ਗਿਆ। ਉਸ ਨੇ ਕਿਹਾ: “ਫਾਲ* ਪਾ ਕੇ+ ਉਸ ਆਦਮੀ ਨੂੰ ਮੇਰੇ ਲਈ ਬੁਲਾ ਜਿਸ ਬਾਰੇ ਮੈਂ ਤੈਨੂੰ ਦੱਸਾਂ।” 9 ਪਰ ਉਸ ਔਰਤ ਨੇ ਉਸ ਨੂੰ ਕਿਹਾ: “ਤੈਨੂੰ ਪਤਾ ਹੀ ਹੋਣਾ ਸ਼ਾਊਲ ਨੇ ਕੀ ਕੀਤਾ ਸੀ। ਉਸ ਨੇ ਚੇਲੇ-ਚਾਂਟਿਆਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।+ ਤਾਂ ਫਿਰ, ਤੂੰ ਕਿਉਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ਤਾਂਕਿ ਮੈਂ ਮਾਰੀ ਜਾਵਾਂ?”+ 10 ਫਿਰ ਸ਼ਾਊਲ ਨੇ ਇਹ ਕਹਿੰਦੇ ਹੋਏ ਉਸ ਨਾਲ ਯਹੋਵਾਹ ਦੀ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਮਾਮਲੇ ਵਿਚ ਤੇਰੇ ʼਤੇ ਕੋਈ ਦੋਸ਼ ਨਹੀਂ ਲੱਗੇਗਾ!” 11 ਇਹ ਸੁਣ ਕੇ ਉਸ ਔਰਤ ਨੇ ਕਿਹਾ: “ਮੈਂ ਤੇਰੇ ਲਈ ਕਿਹਨੂੰ ਬੁਲਾਵਾਂ?” ਉਸ ਨੇ ਜਵਾਬ ਦਿੱਤਾ: “ਮੇਰੇ ਲਈ ਸਮੂਏਲ ਨੂੰ ਬੁਲਾ।” 12 ਜਦ ਔਰਤ ਨੇ “ਸਮੂਏਲ”+ ਨੂੰ ਦੇਖਿਆ,* ਤਾਂ ਉਹ ਜ਼ੋਰ ਦੀ ਚੀਕੀ ਅਤੇ ਸ਼ਾਊਲ ਨੂੰ ਕਿਹਾ: “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ? ਤੂੰ ਤਾਂ ਸ਼ਾਊਲ ਹੈਂ!” 13 ਰਾਜੇ ਨੇ ਉਸ ਨੂੰ ਕਿਹਾ: “ਡਰ ਨਾ, ਮੈਨੂੰ ਦੱਸ ਤੂੰ ਕੀ ਦੇਖਦੀ ਹੈਂ?” ਔਰਤ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਮੈਨੂੰ ਕੋਈ ਦੇਵਤੇ ਵਰਗਾ ਧਰਤੀ ਵਿੱਚੋਂ ਉੱਪਰ ਨੂੰ ਆਉਂਦਾ ਦਿਖਾਈ ਦੇ ਰਿਹਾ ਹੈ।” 14 ਸ਼ਾਊਲ ਨੇ ਤੁਰੰਤ ਉਸ ਨੂੰ ਪੁੱਛਿਆ: “ਉਹ ਕਿੱਦਾਂ ਦਾ ਲੱਗਦਾ?” ਉਸ ਨੇ ਜਵਾਬ ਦਿੱਤਾ: “ਇਕ ਬਜ਼ੁਰਗ ਆਦਮੀ ਉੱਪਰ ਨੂੰ ਆ ਰਿਹਾ ਹੈ ਤੇ ਉਸ ਨੇ ਬਿਨਾਂ ਬਾਹਾਂ ਵਾਲਾ ਚੋਗਾ ਪਾਇਆ ਹੋਇਆ ਹੈ।”+ ਇਹ ਸੁਣ ਕੇ ਸ਼ਾਊਲ ਨੂੰ ਪਤਾ ਲੱਗ ਗਿਆ ਕਿ ਉਹ “ਸਮੂਏਲ” ਸੀ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਉਸ ਅੱਗੇ ਸਿਰ ਨਿਵਾਇਆ ਤੇ ਫਿਰ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ।
15 ਫਿਰ “ਸਮੂਏਲ” ਨੇ ਸ਼ਾਊਲ ਨੂੰ ਕਿਹਾ: “ਤੂੰ ਕਿਉਂ ਮੈਨੂੰ ਬੁਲਾ ਕੇ ਪਰੇਸ਼ਾਨ ਕੀਤਾ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਬਹੁਤ ਵੱਡੀ ਮੁਸੀਬਤ ਵਿਚ ਹਾਂ। ਫਲਿਸਤੀ ਮੇਰੇ ਨਾਲ ਲੜ ਰਹੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਛੱਡ ਦਿੱਤਾ ਹੈ ਤੇ ਉਹ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਨਬੀਆਂ ਰਾਹੀਂ ਤੇ ਨਾ ਹੀ ਸੁਪਨਿਆਂ ਰਾਹੀਂ;+ ਇਸੇ ਲਈ ਮੈਂ ਤੈਨੂੰ ਬੁਲਾਇਆ ਤਾਂਕਿ ਤੂੰ ਮੈਨੂੰ ਦੱਸੇਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।”+
16 “ਸਮੂਏਲ” ਨੇ ਕਿਹਾ: “ਜੇ ਯਹੋਵਾਹ ਨੇ ਹੀ ਤੈਨੂੰ ਛੱਡ ਦਿੱਤਾ ਹੈ+ ਤੇ ਤੇਰਾ ਦੁਸ਼ਮਣ ਬਣ ਗਿਆ ਹੈ, ਤਾਂ ਤੂੰ ਹੁਣ ਮੇਰੇ ਤੋਂ ਸਲਾਹ ਕਿਉਂ ਲੈਣ ਆਇਆਂ? 17 ਯਹੋਵਾਹ ਉਹੀ ਕਰੇਗਾ ਜਿਸ ਦੀ ਭਵਿੱਖਬਾਣੀ ਉਸ ਨੇ ਮੇਰੇ ਰਾਹੀਂ ਕੀਤੀ ਸੀ: ਯਹੋਵਾਹ ਤੇਰੇ ਹੱਥੋਂ ਰਾਜ ਖੋਹ ਲਵੇਗਾ ਅਤੇ ਤੇਰੇ ਇਕ ਸਾਥੀ, ਹਾਂ, ਦਾਊਦ ਨੂੰ ਦੇ ਦੇਵੇਗਾ।+ 18 ਕਿਉਂਕਿ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀ ਤੇ ਤੂੰ ਅਮਾਲੇਕੀਆਂ ਖ਼ਿਲਾਫ਼ ਭੜਕੇ ਉਸ ਦੇ ਗੁੱਸੇ ਅਨੁਸਾਰ ਕਦਮ ਨਹੀਂ ਚੁੱਕਿਆ,+ ਇਸੇ ਲਈ ਯਹੋਵਾਹ ਅੱਜ ਤੇਰੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ। 19 ਯਹੋਵਾਹ ਇਜ਼ਰਾਈਲ ਨੂੰ ਤੇ ਤੈਨੂੰ ਫਲਿਸਤੀਆਂ ਦੇ ਹੱਥ ਵਿਚ ਦੇ ਦੇਵੇਗਾ+ ਅਤੇ ਕੱਲ੍ਹ ਤੂੰ+ ਤੇ ਤੇਰੇ ਪੁੱਤਰ+ ਮੇਰੇ ਨਾਲ ਹੋਵੋਗੇ। ਨਾਲੇ ਯਹੋਵਾਹ ਇਜ਼ਰਾਈਲ ਦੀ ਫ਼ੌਜ ਨੂੰ ਵੀ ਫਲਿਸਤੀਆਂ ਦੇ ਹੱਥ ਵਿਚ ਦੇ ਦੇਵੇਗਾ।”+
20 ਇਹ ਸੁਣਦਿਆਂ ਸਾਰ ਸ਼ਾਊਲ ਜ਼ਮੀਨ ʼਤੇ ਡਿਗ ਗਿਆ ਅਤੇ ਉਹ “ਸਮੂਏਲ” ਦੀਆਂ ਗੱਲਾਂ ਸੁਣ ਕੇ ਬਹੁਤ ਡਰ ਗਿਆ। ਅਤੇ ਉਸ ਵਿਚ ਬਿਲਕੁਲ ਵੀ ਤਾਕਤ ਨਾ ਰਹੀ ਕਿਉਂਕਿ ਉਸ ਨੇ ਪੂਰਾ ਦਿਨ ਤੇ ਪੂਰੀ ਰਾਤ ਕੁਝ ਨਹੀਂ ਖਾਧਾ ਸੀ। 21 ਜਦ ਉਹ ਔਰਤ ਸ਼ਾਊਲ ਕੋਲ ਆਈ ਤੇ ਉਸ ਨੇ ਦੇਖਿਆ ਕਿ ਉਹ ਬਹੁਤ ਪਰੇਸ਼ਾਨ ਸੀ, ਤਾਂ ਉਸ ਨੇ ਉਸ ਨੂੰ ਕਿਹਾ: “ਦੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨੀ ਹੈ ਅਤੇ ਮੈਂ ਆਪਣੀ ਜਾਨ ਤਲੀ ʼਤੇ ਧਰ ਕੇ+ ਉਹੀ ਕੀਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਸੀ। 22 ਹੁਣ ਕਿਰਪਾ ਕਰ ਕੇ ਆਪਣੀ ਦਾਸੀ ਦੀ ਗੱਲ ਮੰਨ। ਮੈਂ ਤੇਰੇ ਲਈ ਰੋਟੀ ਲੈ ਕੇ ਆਉਂਦੀ ਹਾਂ; ਤੂੰ ਉਸ ਨੂੰ ਖਾਈਂ ਤਾਂਕਿ ਆਪਣੇ ਰਾਹ ਵਾਪਸ ਜਾਣ ਲਈ ਤੇਰੇ ਵਿਚ ਕੁਝ ਤਾਕਤ ਆਵੇ।” 23 ਪਰ ਉਸ ਨੇ ਇਨਕਾਰ ਕਰ ਦਿੱਤਾ ਤੇ ਕਿਹਾ: “ਨਹੀਂ, ਮੈਂ ਕੁਝ ਨਹੀਂ ਖਾਣਾ।” ਫਿਰ ਵੀ ਉਸ ਦੇ ਨੌਕਰ ਤੇ ਉਹ ਔਰਤ ਉਸ ʼਤੇ ਜ਼ੋਰ ਪਾਉਂਦੇ ਰਹੇ। ਅਖ਼ੀਰ ਉਸ ਨੇ ਉਨ੍ਹਾਂ ਦੀ ਗੱਲ ਮੰਨ ਲਈ ਤੇ ਉਹ ਜ਼ਮੀਨ ਤੋਂ ਉੱਠ ਕੇ ਪਲੰਘ ʼਤੇ ਬੈਠ ਗਿਆ। 24 ਉਸ ਔਰਤ ਦੇ ਘਰ ਇਕ ਮੋਟਾ-ਤਾਜ਼ਾ ਵੱਛਾ ਸੀ ਜਿਸ ਨੂੰ ਉਸ ਨੇ ਫਟਾਫਟ ਵੱਢਿਆ* ਅਤੇ ਉਸ ਨੇ ਆਟਾ ਗੁੰਨ੍ਹ ਕੇ ਬੇਖਮੀਰੀ ਰੋਟੀ ਪਕਾਈ। 25 ਫਿਰ ਉਸ ਨੇ ਇਹ ਸਭ ਕੁਝ ਸ਼ਾਊਲ ਅਤੇ ਉਸ ਦੇ ਨੌਕਰਾਂ ਅੱਗੇ ਪਰੋਸਿਆ ਤੇ ਉਨ੍ਹਾਂ ਨੇ ਖਾਧਾ। ਇਸ ਤੋਂ ਬਾਅਦ ਉਹ ਉੱਠੇ ਤੇ ਰਾਤੋ-ਰਾਤ ਹੀ ਚਲੇ ਗਏ।+