ਲੇਵੀਆਂ
11 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਦੱਸ, ‘ਤੁਸੀਂ ਧਰਤੀ ਦੇ ਇਨ੍ਹਾਂ ਜੀਉਂਦੇ ਪ੍ਰਾਣੀਆਂ* ਨੂੰ ਖਾ ਸਕਦੇ ਹੋ:+ 3 ਹਰ ਜਾਨਵਰ ਜਿਸ ਦੇ ਖੁਰ ਪਾਟੇ ਹੋਣ ਤੇ ਖੁਰਾਂ ਵਿਚਕਾਰ ਜਗ੍ਹਾ ਹੋਵੇ ਅਤੇ ਉਹ ਜੁਗਾਲੀ ਕਰਦਾ ਹੋਵੇ।
4 “‘ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਸਿਰਫ਼ ਜਿਨ੍ਹਾਂ ਦੇ ਖੁਰ ਪਾਟੇ ਹੁੰਦੇ ਹਨ: ਊਠ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ।+ 5 ਨਾਲੇ ਪਹਾੜੀ ਬਿੱਜੂ*+ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ। 6 ਨਾਲੇ ਖਰਗੋਸ਼ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ। 7 ਅਤੇ ਸੂਰ+ ਜਿਸ ਦੇ ਖੁਰ ਪਾਟੇ ਹੁੰਦੇ ਹਨ ਤੇ ਖੁਰਾਂ ਵਿਚਕਾਰ ਜਗ੍ਹਾ ਹੁੰਦੀ ਹੈ, ਪਰ ਉਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। 8 ਤੁਸੀਂ ਨਾ ਤਾਂ ਇਨ੍ਹਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।+
9 “‘ਤੁਸੀਂ ਪਾਣੀ ਵਿਚ ਰਹਿਣ ਵਾਲੇ ਇਹ ਜੀਵ ਖਾ ਸਕਦੇ ਹੋ: ਤੁਸੀਂ ਸਮੁੰਦਰਾਂ ਜਾਂ ਦਰਿਆਵਾਂ ਵਿਚ ਰਹਿਣ ਵਾਲਾ ਹਰ ਉਹ ਜੀਵ ਖਾ ਸਕਦੇ ਹੋ ਜਿਸ ਦੇ ਖੰਭ ਤੇ ਚਾਨੇ ਹੁੰਦੇ ਹਨ।+ 10 ਪਰ ਸਮੁੰਦਰਾਂ ਜਾਂ ਦਰਿਆਵਾਂ ਵਿਚ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਅਤੇ ਹੋਰ ਸਾਰੇ ਜੀਉਂਦੇ ਪ੍ਰਾਣੀ ਤੁਹਾਡੇ ਲਈ ਘਿਣਾਉਣੇ ਹਨ ਜਿਨ੍ਹਾਂ ਦੇ ਖੰਭ ਤੇ ਚਾਨੇ ਨਹੀਂ ਹੁੰਦੇ। 11 ਹਾਂ, ਇਹ ਤੁਹਾਡੇ ਲਈ ਘਿਣਾਉਣੇ ਹੋਣ ਅਤੇ ਤੁਸੀਂ ਇਨ੍ਹਾਂ ਦਾ ਮਾਸ ਬਿਲਕੁਲ ਨਹੀਂ ਖਾਣਾ+ ਤੇ ਇਨ੍ਹਾਂ ਦੀਆਂ ਲਾਸ਼ਾਂ ਤੁਹਾਡੇ ਲਈ ਘਿਣਾਉਣੀਆਂ ਹਨ। 12 ਪਾਣੀ ਵਿਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਤੇ ਚਾਨੇ ਨਹੀਂ ਹੁੰਦੇ, ਉਹ ਤੁਹਾਡੇ ਲਈ ਘਿਣਾਉਣੇ ਹਨ।
13 “‘ਉੱਡਣ ਵਾਲੇ ਇਹ ਜੀਵ ਤੁਹਾਡੇ ਲਈ ਘਿਣਾਉਣੇ ਹੋਣ; ਤੁਸੀਂ ਇਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਕਿਉਂਕਿ ਇਹ ਘਿਣਾਉਣੇ ਹਨ: ਉਕਾਬ,+ ਸਮੁੰਦਰੀ ਬਾਜ਼, ਕਾਲੀ ਗਿੱਧ,+ 14 ਲਾਲ ਇੱਲ ਅਤੇ ਹਰ ਕਿਸਮ ਦੀ ਕਾਲੀ ਇੱਲ, 15 ਹਰ ਕਿਸਮ ਦੇ ਪਹਾੜੀ ਕਾਂ, 16 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼, 17 ਛੋਟਾ ਉੱਲੂ, ਜਲ ਕਾਂ, ਲੰਬੇ ਕੰਨਾਂ ਵਾਲਾ ਉੱਲੂ, 18 ਹੰਸ, ਪੇਇਣ, ਗਿੱਧ, 19 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ। 20 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ ਜੋ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ।
21 “‘ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਉਨ੍ਹਾਂ ਵਿੱਚੋਂ ਤੁਸੀਂ ਸਿਰਫ਼ ਉਹੀ ਖਾ ਸਕਦੇ ਹੋ ਜਿਨ੍ਹਾਂ ਦੀਆਂ ਇਨ੍ਹਾਂ ਚਾਰ ਲੱਤਾਂ ਤੋਂ ਇਲਾਵਾ ਦੋ ਹੋਰ ਲੱਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਜ਼ਮੀਨ ʼਤੇ ਛੜੱਪੇ ਮਾਰਦੇ ਹਨ। 22 ਤੁਸੀਂ ਇਹ ਖਾ ਸਕਦੇ ਹੋ: ਹਰ ਤਰ੍ਹਾਂ ਦੀਆਂ ਪਰਵਾਸੀ ਟਿੱਡੀਆਂ, ਹੋਰ ਖਾਣਯੋਗ ਟਿੱਡੀਆਂ,+ ਬੀਂਡੇ ਅਤੇ ਟਿੱਡੇ। 23 ਖੰਭਾਂ ਵਾਲੇ ਹੋਰ ਸਾਰੇ ਛੋਟੇ-ਛੋਟੇ ਜੀਵ ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ। 24 ਉਨ੍ਹਾਂ ਨਾਲ ਤੁਸੀਂ ਅਸ਼ੁੱਧ ਹੋ ਜਾਓਗੇ। ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+ 25 ਮਰੇ ਹੋਏ ਜੀਵ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ;+ ਉਹ ਸ਼ਾਮ ਤਕ ਅਸ਼ੁੱਧ ਰਹੇਗਾ।
26 “‘ਹਰ ਜਾਨਵਰ ਜਿਸ ਦੇ ਖੁਰ ਪਾਟੇ ਹੁੰਦੇ ਹਨ, ਪਰ ਉਸ ਦੇ ਖੁਰਾਂ ਵਿਚਕਾਰ ਜਗ੍ਹਾ ਨਹੀਂ ਹੁੰਦੀ ਤੇ ਉਹ ਜੁਗਾਲੀ ਨਹੀਂ ਕਰਦਾ, ਉਹ ਤੁਹਾਡੇ ਲਈ ਅਸ਼ੁੱਧ ਹੈ। ਉਸ ਨੂੰ ਛੂਹਣ ਵਾਲਾ ਇਨਸਾਨ ਅਸ਼ੁੱਧ ਹੋਵੇਗਾ।+ 27 ਚਾਰ ਪੈਰਾਂ ਉੱਤੇ ਤੁਰਨ ਵਾਲੇ ਜਾਨਵਰਾਂ ਵਿੱਚੋਂ ਜਿਹੜੇ ਪੰਜਿਆਂ ਉੱਤੇ ਤੁਰਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਉਨ੍ਹਾਂ ਦੀ ਲਾਸ਼ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ। 28 ਇਨ੍ਹਾਂ ਜਾਨਵਰਾਂ ਦੀ ਲਾਸ਼ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ+ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।
29 “‘ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਇਨ੍ਹਾਂ ਛੋਟੇ-ਛੋਟੇ ਜੀਵਾਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ: ਛਛੂੰਦਰ, ਚੂਹਾ,+ ਹਰ ਕਿਸਮ ਦੀ ਕਿਰਲੀ, 30 ਕੋੜ੍ਹ-ਕਿਰਲੀ, ਵੱਡੀ ਕਿਰਲੀ, ਗੋਹ, ਰੇਤ ਵਿਚ ਰਹਿਣ ਵਾਲੀ ਕਿਰਲੀ ਤੇ ਗਿਰਗਿਟ। 31 ਝੁੰਡਾਂ ਵਿਚ ਰਹਿਣ ਵਾਲੇ ਇਹ ਛੋਟੇ-ਛੋਟੇ ਜੀਵ ਤੁਹਾਡੇ ਲਈ ਅਸ਼ੁੱਧ ਹਨ।+ ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+
32 “‘ਜੇ ਕੋਈ ਮਰਿਆ ਹੋਇਆ ਜੀਵ ਕਿਸੇ ਚੀਜ਼ ਉੱਤੇ ਡਿਗਦਾ ਹੈ, ਤਾਂ ਉਹ ਚੀਜ਼ ਅਸ਼ੁੱਧ ਹੋ ਜਾਵੇਗੀ, ਚਾਹੇ ਉਹ ਲੱਕੜ ਦਾ ਭਾਂਡਾ ਹੋਵੇ, ਕੋਈ ਕੱਪੜਾ ਹੋਵੇ, ਖੱਲ ਹੋਵੇ ਜਾਂ ਤੱਪੜ ਹੋਵੇ। ਕੋਈ ਵੀ ਭਾਂਡਾ ਜੋ ਵਰਤਿਆ ਜਾਂਦਾ ਹੈ, ਉਸ ਨੂੰ ਪਾਣੀ ਵਿਚ ਡਬੋਇਆ ਜਾਵੇ ਅਤੇ ਇਹ ਸ਼ਾਮ ਤਕ ਅਸ਼ੁੱਧ ਰਹੇਗਾ; ਫਿਰ ਇਹ ਸ਼ੁੱਧ ਹੋ ਜਾਵੇਗਾ। 33 ਜੇ ਉਹ ਮਿੱਟੀ ਦੇ ਭਾਂਡੇ ਵਿਚ ਡਿਗ ਪੈਂਦੇ ਹਨ, ਤਾਂ ਤੂੰ ਉਸ ਭਾਂਡੇ ਨੂੰ ਚਕਨਾਚੂਰ ਕਰ ਦੇਈਂ। ਅਤੇ ਉਸ ਭਾਂਡੇ ਵਿਚ ਪਈ ਚੀਜ਼ ਅਸ਼ੁੱਧ ਹੋ ਜਾਵੇਗੀ।+ 34 ਅਜਿਹੇ ਭਾਂਡੇ ਵਿਚ ਰੱਖਿਆ ਪਾਣੀ ਜੇ ਕਿਸੇ ਖਾਣ ਵਾਲੀ ਚੀਜ਼ ʼਤੇ ਪੈ ਜਾਵੇ, ਤਾਂ ਉਹ ਅਸ਼ੁੱਧ ਹੋ ਜਾਵੇਗੀ ਅਤੇ ਉਸ ਭਾਂਡੇ ਵਿਚ ਰੱਖੀ ਕੋਈ ਵੀ ਪੀਣ ਵਾਲੀ ਚੀਜ਼ ਅਸ਼ੁੱਧ ਹੋ ਜਾਵੇਗੀ। 35 ਮਰਿਆ ਜੀਵ ਜਿਸ ਚੀਜ਼ ਉੱਤੇ ਵੀ ਡਿਗਦਾ ਹੈ, ਉਹ ਅਸ਼ੁੱਧ ਹੋ ਜਾਵੇਗੀ। ਚਾਹੇ ਇਹ ਤੰਦੂਰ ਹੋਵੇ ਜਾਂ ਛੋਟਾ ਚੁੱਲ੍ਹਾ, ਇਸ ਨੂੰ ਤੋੜ ਦਿੱਤਾ ਜਾਣਾ ਚਾਹੀਦਾ ਹੈ। ਇਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਅਸ਼ੁੱਧ ਰਹਿਣਗੇ। 36 ਸਿਰਫ਼ ਪਾਣੀ ਦਾ ਚਸ਼ਮਾ ਅਤੇ ਪਾਣੀ ਰੱਖਣ ਵਾਲਾ ਹੌਦ ਸ਼ੁੱਧ ਰਹਿਣਗੇ, ਪਰ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਅਸ਼ੁੱਧ ਹੋਵੇਗਾ। 37 ਜੇ ਮਰਿਆ ਜੀਵ ਕਿਸੇ ਪੌਦੇ ਦੇ ਬੀਆਂ ਉੱਤੇ ਡਿਗ ਪੈਂਦਾ ਹੈ ਜਿਨ੍ਹਾਂ ਨੂੰ ਬੀਜਣਾ ਹੈ, ਤਾਂ ਉਹ ਬੀ ਸ਼ੁੱਧ ਰਹਿਣਗੇ। 38 ਪਰ ਜੇ ਬੀਆਂ ਉੱਤੇ ਪਾਣੀ ਪਾਇਆ ਗਿਆ ਹੈ ਅਤੇ ਮਰੇ ਹੋਏ ਜੀਵ ਦੇ ਸਰੀਰ ਦਾ ਕੋਈ ਹਿੱਸਾ ਉਨ੍ਹਾਂ ਉੱਤੇ ਡਿਗ ਪੈਂਦਾ ਹੈ, ਤਾਂ ਉਹ ਬੀ ਤੁਹਾਡੇ ਲਈ ਅਸ਼ੁੱਧ ਹਨ।
39 “‘ਜੇ ਕੋਈ ਅਜਿਹਾ ਜਾਨਵਰ ਮਰ ਜਾਂਦਾ ਹੈ ਜਿਸ ਦਾ ਮਾਸ ਖਾਣ ਦੀ ਤੁਹਾਨੂੰ ਇਜਾਜ਼ਤ ਹੈ, ਤਾਂ ਜਿਹੜਾ ਵੀ ਉਸ ਦੀ ਲਾਸ਼ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 40 ਜਿਹੜਾ ਵੀ ਮਰੇ ਜਾਨਵਰ ਦਾ ਮਾਸ ਖਾਂਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ ਉਸ ਦੀ ਲਾਸ਼ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 41 ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਘਿਣਾਉਣੇ ਹਨ।+ ਇਨ੍ਹਾਂ ਨੂੰ ਖਾਣਾ ਮਨ੍ਹਾ ਹੈ। 42 ਜਿਹੜੇ ਜੀਵ ਢਿੱਡ ਭਾਰ ਘਿਸਰਦੇ ਹਨ, ਜਿਹੜੇ ਚਾਰ ਲੱਤਾਂ ਉੱਤੇ ਤੁਰਦੇ ਹਨ, ਜਾਂ ਝੁੰਡਾਂ ਵਿਚ ਰਹਿੰਦੇ ਜ਼ਿਆਦਾ ਲੱਤਾਂ ਵਾਲੇ ਜੀਵ, ਤੁਸੀਂ ਇਨ੍ਹਾਂ ਨੂੰ ਨਹੀਂ ਖਾਣਾ ਕਿਉਂਕਿ ਇਹ ਘਿਣਾਉਣੇ ਹਨ।+ 43 ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਅਤੇ ਇਨ੍ਹਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਰੋ।+ 44 ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ+ ਅਤੇ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+ ਇਸ ਲਈ ਧਰਤੀ ਉੱਤੇ ਚੱਲਣ ਵਾਲੇ ਛੋਟੇ-ਛੋਟੇ ਜੀਵਾਂ ਨਾਲ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰੋ ਜੋ ਝੁੰਡਾਂ ਵਿਚ ਰਹਿੰਦੇ ਹਨ। 45 ਕਿਉਂਕਿ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਤੁਸੀਂ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+
46 “‘ਇਹ ਨਿਯਮ ਜਾਨਵਰਾਂ, ਉੱਡਣ ਵਾਲੇ ਜੀਵਾਂ, ਪਾਣੀ ਵਿਚ ਰਹਿਣ ਵਾਲੇ ਜੀਉਂਦੇ ਪ੍ਰਾਣੀਆਂ ਅਤੇ ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵਾਂ ਸੰਬੰਧੀ ਹੈ 47 ਤਾਂਕਿ ਤੁਸੀਂ ਫ਼ਰਕ ਕਰ ਸਕੋ ਕਿ ਕਿਹੜੇ ਜੀਉਂਦੇ ਪ੍ਰਾਣੀ ਅਸ਼ੁੱਧ ਹਨ ਤੇ ਕਿਹੜੇ ਸ਼ੁੱਧ ਅਤੇ ਕਿਹੜੇ ਜਾਨਵਰ ਖਾਧੇ ਜਾ ਸਕਦੇ ਹਨ ਅਤੇ ਕਿਹੜੇ ਨਹੀਂ।’”+