ਅਸਤਰ
5 ਤੀਸਰੇ ਦਿਨ+ ਅਸਤਰ ਨੇ ਸ਼ਾਹੀ ਲਿਬਾਸ ਪਾਇਆ ਅਤੇ ਉਹ ਰਾਜੇ ਦੇ ਮਹਿਲ ਦੇ ਅੰਦਰਲੇ ਵਿਹੜੇ ਵਿਚ ਖੜ੍ਹੀ ਹੋ ਗਈ ਜੋ ਮਹਿਲ ਦੇ ਸਾਮ੍ਹਣੇ ਸੀ। ਉਸ ਵੇਲੇ ਰਾਜਾ ਆਪਣੇ ਮਹਿਲ ਵਿਚ ਸਿੰਘਾਸਣ ʼਤੇ ਦਰਵਾਜ਼ੇ ਵੱਲ ਮੂੰਹ ਕਰ ਕੇ ਬੈਠਾ ਹੋਇਆ ਸੀ। 2 ਜਦ ਰਾਜੇ ਨੇ ਰਾਣੀ ਅਸਤਰ ਨੂੰ ਵਿਹੜੇ ਵਿਚ ਖੜ੍ਹੀ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਹੱਥ ਵਿਚ ਫੜਿਆ ਸੋਨੇ ਦਾ ਰਾਜ-ਡੰਡਾ ਅਸਤਰ ਵੱਲ ਵਧਾਇਆ।+ ਅਸਤਰ ਨੇ ਕੋਲ ਆ ਕੇ ਰਾਜ-ਡੰਡੇ ਦੇ ਸਿਰੇ ਨੂੰ ਛੋਹਿਆ।
3 ਰਾਜੇ ਨੇ ਉਸ ਨੂੰ ਪੁੱਛਿਆ: “ਰਾਣੀ ਅਸਤਰ, ਕੀ ਗੱਲ ਹੈ? ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇ, ਤਾਂ ਮੈਂ ਤੈਨੂੰ ਦੇ ਦਿਆਂਗਾ!” 4 ਅਸਤਰ ਨੇ ਜਵਾਬ ਦਿੱਤਾ: “ਜੇ ਮਹਾਰਾਜ ਨੂੰ ਚੰਗਾ ਲੱਗੇ, ਤਾਂ ਉਹ ਹਾਮਾਨ ਨਾਲ+ ਅੱਜ ਦਾਅਵਤ ਵਿਚ ਆਵੇ ਜੋ ਮੈਂ ਮਹਾਰਾਜ ਲਈ ਤਿਆਰ ਕੀਤੀ ਹੈ।” 5 ਰਾਜੇ ਨੇ ਆਪਣੇ ਆਦਮੀਆਂ ਨੂੰ ਕਿਹਾ: “ਹਾਮਾਨ ਨੂੰ ਕਹੋ ਕਿ ਉਹ ਛੇਤੀ ਆਵੇ, ਜਿਵੇਂ ਅਸਤਰ ਨੇ ਬੇਨਤੀ ਕੀਤੀ ਹੈ।” ਫਿਰ ਰਾਜਾ ਅਤੇ ਹਾਮਾਨ ਉਸ ਦਾਅਵਤ ਵਿਚ ਗਏ ਜੋ ਅਸਤਰ ਨੇ ਤਿਆਰ ਕੀਤੀ ਸੀ।
6 ਦਾਅਵਤ ਵਿਚ ਖਾਣੇ ਤੋਂ ਬਾਅਦ ਜਦ ਉਹ ਦਾਖਰਸ ਪੀ ਰਹੇ ਸਨ, ਤਾਂ ਰਾਜੇ ਨੇ ਅਸਤਰ ਨੂੰ ਕਿਹਾ: “ਦੱਸ, ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ! ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇ, ਤਾਂ ਮੈਂ ਤੈਨੂੰ ਦੇ ਦਿਆਂਗਾ!”+ 7 ਅਸਤਰ ਨੇ ਜਵਾਬ ਦਿੱਤਾ: “ਮੇਰੀ ਫ਼ਰਿਆਦ ਇਹ ਹੈ ਕਿ 8 ਜੇ ਮੇਰੇ ʼਤੇ ਰਾਜੇ ਦੀ ਮਿਹਰ ਹੈ ਅਤੇ ਜੇ ਰਾਜੇ ਨੂੰ ਮੇਰੀ ਫ਼ਰਿਆਦ ਚੰਗੀ ਲੱਗੇ ਤੇ ਇਸ ਨੂੰ ਪੂਰਾ ਕਰਨਾ ਚਾਹੇ, ਤਾਂ ਰਾਜਾ ਅਤੇ ਹਾਮਾਨ ਕੱਲ੍ਹ ਨੂੰ ਦਾਅਵਤ ਵਿਚ ਆਉਣ ਜੋ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ ਅਤੇ ਮੈਂ ਕੱਲ੍ਹ ਦੱਸਾਂਗੀ ਕਿ ਮੈਂ ਕੀ ਚਾਹੁੰਦੀ ਹਾਂ।”
9 ਉਸ ਦਿਨ ਜਦ ਹਾਮਾਨ ਉੱਥੋਂ ਗਿਆ, ਤਾਂ ਉਸ ਦਾ ਦਿਲ ਬਹੁਤ ਖ਼ੁਸ਼ ਸੀ। ਪਰ ਜਦ ਉਸ ਨੇ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਮਾਰਦਕਈ ਨੂੰ ਦੇਖਿਆ ਅਤੇ ਧਿਆਨ ਦਿੱਤਾ ਕਿ ਉਹ ਉਸ ਅੱਗੇ ਨਾ ਤਾਂ ਖੜ੍ਹਾ ਹੋਇਆ ਅਤੇ ਨਾ ਹੀ ਡਰਿਆ, ਤਾਂ ਹਾਮਾਨ ਮਾਰਦਕਈ ਦੇ ਖ਼ਿਲਾਫ਼ ਗੁੱਸੇ ਨਾਲ ਭਰ ਗਿਆ।+ 10 ਪਰ ਉਸ ਨੇ ਆਪਣੇ ਆਪ ʼਤੇ ਕਾਬੂ ਰੱਖਿਆ ਅਤੇ ਆਪਣੇ ਘਰ ਚਲਾ ਗਿਆ। ਫਿਰ ਉਸ ਨੇ ਆਪਣੇ ਦੋਸਤਾਂ ਤੇ ਆਪਣੀ ਪਤਨੀ ਜ਼ਰਸ਼+ ਨੂੰ ਬੁਲਾਇਆ। 11 ਹਾਮਾਨ ਉਨ੍ਹਾਂ ਸਾਮ੍ਹਣੇ ਸ਼ੇਖ਼ੀਆਂ ਮਾਰਨ ਲੱਗਾ ਕਿ ਉਹ ਧਨ-ਦੌਲਤ ਨਾਲ ਮਾਲਾਮਾਲ ਸੀ, ਉਸ ਦੇ ਬਹੁਤ ਪੁੱਤਰ ਸਨ+ ਅਤੇ ਰਾਜੇ ਨੇ ਉਸ ਨੂੰ ਤਰੱਕੀ ਦੇ ਕੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨਾਲੋਂ ਉੱਚਾ ਰੁਤਬਾ ਦਿੱਤਾ ਸੀ।+
12 ਹਾਮਾਨ ਨੇ ਇਹ ਵੀ ਕਿਹਾ: “ਇੰਨਾ ਹੀ ਨਹੀਂ, ਰਾਣੀ ਅਸਤਰ ਨੇ ਹੋਰ ਕਿਸੇ ਨੂੰ ਨਹੀਂ, ਸਿਰਫ਼ ਮੈਨੂੰ ਹੀ ਰਾਜੇ ਨਾਲ ਦਾਅਵਤ ʼਤੇ ਬੁਲਾਇਆ ਜੋ ਉਸ ਨੇ ਤਿਆਰ ਕੀਤੀ ਸੀ।+ ਮੈਨੂੰ ਕੱਲ੍ਹ ਵੀ ਰਾਜੇ ਤੇ ਰਾਣੀ ਨਾਲ ਖਾਣਾ ਖਾਣ ਦਾ ਸੱਦਾ ਮਿਲਿਆ ਹੈ।+ 13 ਪਰ ਇੰਨਾ ਸਭ ਕੁਝ ਹੁੰਦੇ ਹੋਏ ਵੀ ਮੈਨੂੰ ਉੱਨਾ ਚਿਰ ਚੈਨ ਨਹੀਂ ਆਉਣਾ ਜਿੰਨਾ ਚਿਰ ਉਹ ਯਹੂਦੀ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਾ ਰਹੇਗਾ।” 14 ਫਿਰ ਉਸ ਦੀ ਪਤਨੀ ਜ਼ਰਸ਼ ਅਤੇ ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਕਿਹਾ: “ਤੂੰ 50 ਹੱਥ* ਉੱਚੀ ਇਕ ਸੂਲ਼ੀ ਤਿਆਰ ਕਰਵਾ। ਫਿਰ ਸਵੇਰੇ ਰਾਜੇ ਨੂੰ ਕਹੀਂ ਕਿ ਮਾਰਦਕਈ ਨੂੰ ਉਸ ʼਤੇ ਟੰਗ ਦਿੱਤਾ ਜਾਵੇ।+ ਉਸ ਤੋਂ ਬਾਅਦ ਤੂੰ ਰਾਜੇ ਨਾਲ ਦਾਅਵਤ ਦਾ ਆਨੰਦ ਮਾਣੀਂ।” ਇਹ ਸਲਾਹ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਸੂਲ਼ੀ ਖੜ੍ਹੀ ਕਰਵਾਈ।