ਜ਼ਕਰਯਾਹ
14 “ਦੇਖ! ਉਹ ਦਿਨ ਆ ਰਿਹਾ ਹੈ, ਹਾਂ ਯਹੋਵਾਹ ਦਾ ਦਿਨ, ਜਦੋਂ ਤੇਰੇ ਤੋਂ ਲੁੱਟੇ ਮਾਲ ਨੂੰ ਤੇਰੇ* ਵਿਚਕਾਰ ਹੀ ਉਹ ਆਪਸ ਵਿਚ ਵੰਡ ਲੈਣਗੇ। 2 ਮੈਂ ਸਾਰੀਆਂ ਕੌਮਾਂ ਨੂੰ ਯਰੂਸ਼ਲਮ ਖ਼ਿਲਾਫ਼ ਯੁੱਧ ਲਈ ਇਕੱਠਾ ਕਰਾਂਗਾ; ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਘਰ ਲੁੱਟ ਲਏ ਜਾਣਗੇ ਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧੇ ਸ਼ਹਿਰ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ, ਪਰ ਬਾਕੀ ਬਚੇ ਲੋਕ ਸ਼ਹਿਰ ਵਿੱਚੋਂ ਨਹੀਂ ਲਿਜਾਏ ਜਾਣਗੇ।
3 “ਯਹੋਵਾਹ ਉਨ੍ਹਾਂ ਕੌਮਾਂ ਨਾਲ ਉਸੇ ਤਰ੍ਹਾਂ ਲੜਨ ਲਈ ਜਾਵੇਗਾ+ ਜਿਵੇਂ ਉਹ ਯੁੱਧ ਦੇ ਦਿਨ ਲੜਦਾ ਹੈ।+ 4 ਉਸ ਦਿਨ ਉਹ ਜ਼ੈਤੂਨ ਦੇ ਪਹਾੜ+ ਉੱਤੇ ਪੈਰ ਰੱਖੇਗਾ ਜੋ ਯਰੂਸ਼ਲਮ ਦੇ ਪੂਰਬ ਵੱਲ ਹੈ; ਅਤੇ ਜ਼ੈਤੂਨ ਦਾ ਪਹਾੜ ਪੂਰਬ* ਤੋਂ ਲੈ ਕੇ ਪੱਛਮ* ਤਕ ਪਾਟ ਕੇ ਦੋ ਹਿੱਸੇ ਹੋ ਜਾਵੇਗਾ ਅਤੇ ਵਿਚਕਾਰ ਵੱਡੀ ਸਾਰੀ ਵਾਦੀ ਬਣ ਜਾਵੇਗੀ; ਅੱਧਾ ਪਹਾੜ ਉੱਤਰ ਵੱਲ ਨੂੰ ਅਤੇ ਅੱਧਾ ਦੱਖਣ ਵੱਲ ਨੂੰ ਖਿਸਕ ਜਾਵੇਗਾ। 5 ਤੂੰ ਮੇਰੇ ਪਹਾੜਾਂ ਦੀ ਵਾਦੀ ਵਿਚ ਭੱਜ ਜਾਵੇਂਗਾ ਕਿਉਂਕਿ ਪਹਾੜਾਂ ਦੀ ਵਾਦੀ ਆਸੇਲ ਤਕ ਫੈਲੀ ਹੋਵੇਗੀ। ਤੈਨੂੰ ਭੱਜਣਾ ਪਵੇਗਾ ਜਿਵੇਂ ਤੂੰ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਦੌਰਾਨ ਭੁਚਾਲ਼ ਆਉਣ ਕਰਕੇ ਭੱਜਿਆ ਸੀ।+ ਮੇਰਾ ਪਰਮੇਸ਼ੁਰ ਯਹੋਵਾਹ ਆਵੇਗਾ ਅਤੇ ਸਾਰੇ ਪਵਿੱਤਰ ਸੇਵਕ ਉਸ ਦੇ ਨਾਲ ਹੋਣਗੇ।+
6 “ਉਸ ਦਿਨ ਤੇਜ਼ ਰੌਸ਼ਨੀ ਨਹੀਂ ਹੋਵੇਗੀ+—ਚੀਜ਼ਾਂ ਜੰਮ ਜਾਣਗੀਆਂ।* 7 ਉਹ ਖ਼ਾਸ ਦਿਨ ਹੋਵੇਗਾ ਜੋ ਯਹੋਵਾਹ ਦਾ ਦਿਨ ਕਹਾਵੇਗਾ।+ ਉਹ ਨਾ ਦਿਨ ਹੋਵੇਗਾ ਤੇ ਨਾ ਹੀ ਰਾਤ; ਅਤੇ ਸ਼ਾਮ ਦੇ ਵੇਲੇ ਚਾਨਣ ਹੋਵੇਗਾ। 8 ਉਸ ਦਿਨ ਯਰੂਸ਼ਲਮ ਤੋਂ ਜ਼ਿੰਦਗੀ ਦੇਣ ਵਾਲਾ ਪਾਣੀ+ ਵਹੇਗਾ।+ ਅੱਧਾ ਪਾਣੀ ਪੂਰਬੀ ਸਮੁੰਦਰ* ਵੱਲ+ ਅਤੇ ਅੱਧਾ ਪੱਛਮੀ ਸਮੁੰਦਰ* ਵੱਲ ਵਹੇਗਾ।+ ਇਸ ਤਰ੍ਹਾਂ ਗਰਮੀਆਂ ਅਤੇ ਸਰਦੀਆਂ ਵਿਚ ਹੋਵੇਗਾ। 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+
10 “ਗਬਾ+ ਤੋਂ ਲੈ ਕੇ ਯਰੂਸ਼ਲਮ ਦੇ ਦੱਖਣ ਵਿਚ ਰਿੰਮੋਨ+ ਤਕ ਸਾਰਾ ਦੇਸ਼ ਅਰਾਬਾਹ+ ਵਰਗਾ ਬਣ ਜਾਵੇਗਾ; ਯਰੂਸ਼ਲਮ ਉੱਠੇਗਾ ਅਤੇ ਆਪਣੀ ਜਗ੍ਹਾ ਵੱਸੇਗਾ+—ਬਿਨਯਾਮੀਨ ਦੇ ਫਾਟਕ+ ਤੋਂ ਲੈ ਕੇ ਪਹਿਲੇ ਫਾਟਕ ਦੀ ਥਾਂ ਤਕ, ਉੱਥੋਂ ਲੈ ਕੇ ਕੋਨੇ ਵਾਲੇ ਫਾਟਕ ਤਕ ਅਤੇ ਹਨਨੇਲ ਦੇ ਬੁਰਜ+ ਤੋਂ ਲੈ ਕੇ ਰਾਜੇ ਦੇ ਅੰਗੂਰਾਂ ਦੇ ਚੁਬੱਚਿਆਂ* ਤਕ। 11 ਲੋਕ ਉਸ ਵਿਚ ਵੱਸਣਗੇ; ਅਤੇ ਉਸ ਨੂੰ ਫਿਰ ਕਦੀ ਵੀ ਨਾਸ਼ ਹੋਣ ਲਈ ਨਹੀਂ ਠਹਿਰਾਇਆ ਜਾਵੇਗਾ+ ਅਤੇ ਯਰੂਸ਼ਲਮ ਅਮਨ-ਚੈਨ ਨਾਲ ਵੱਸੇਗਾ।+
12 “ਇਹ ਉਹ ਮਹਾਂਮਾਰੀ ਹੈ ਜੋ ਯਹੋਵਾਹ ਉਨ੍ਹਾਂ ਸਾਰੇ ਲੋਕਾਂ ʼਤੇ ਲਿਆਵੇਗਾ ਜਿਹੜੇ ਯਰੂਸ਼ਲਮ ਖ਼ਿਲਾਫ਼ ਯੁੱਧ ਕਰਦੇ ਹਨ:+ ਉਨ੍ਹਾਂ ਦੇ ਸਰੀਰ ਖੜ੍ਹੇ-ਖੜ੍ਹੇ ਹੀ ਗਲ਼ ਜਾਣਗੇ, ਉਨ੍ਹਾਂ ਦੀਆਂ ਅੱਖਾਂ ਆਪਣੇ ਖੱਡਿਆਂ ਵਿਚ ਹੀ ਗਲ਼ ਜਾਣਗੀਆਂ ਤੇ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਮੂੰਹਾਂ ਵਿਚ ਹੀ ਗਲ਼ ਜਾਣਗੀਆਂ।
13 “ਉਸ ਦਿਨ ਯਹੋਵਾਹ ਉਨ੍ਹਾਂ ਵਿਚ ਗੜਬੜੀ ਫੈਲਾ ਦੇਵੇਗਾ; ਹਰ ਕੋਈ ਆਪਣੇ ਸਾਥੀ ਨੂੰ ਦਬੋਚੇਗਾ ਅਤੇ ਉਸ ਦਾ ਹੱਥ ਆਪਣੇ ਸਾਥੀ ਖ਼ਿਲਾਫ਼ ਉੱਠੇਗਾ।*+ 14 ਯਹੂਦਾਹ ਵੀ ਯਰੂਸ਼ਲਮ ਵਿਚ ਲੜੇਗਾ; ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੀ ਧਨ-ਦੌਲਤ, ਸੋਨਾ, ਚਾਂਦੀ ਅਤੇ ਕੱਪੜੇ ਬਹੁਤਾਤ ਵਿਚ ਇਕੱਠੇ ਕੀਤੇ ਜਾਣਗੇ।+
15 “ਉਸ ਤਰ੍ਹਾਂ ਦੀ ਇਕ ਹੋਰ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਉਨ੍ਹਾਂ ਡੇਰਿਆਂ ਵਿਚ ਸਾਰੇ ਜਾਨਵਰਾਂ ʼਤੇ ਆਵੇਗੀ।
16 “ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਵਿੱਚੋਂ ਜਿਹੜਾ ਬਚੇਗਾ, ਉਹ ਹਰ ਸਾਲ+ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ*+ ਅਤੇ ਛੱਪਰਾਂ ਦਾ ਤਿਉਹਾਰ ਮਨਾਉਣ ਜਾਵੇਗਾ।+ 17 ਪਰ ਜੇ ਧਰਤੀ ਦੇ ਪਰਿਵਾਰਾਂ ਵਿੱਚੋਂ ਕੋਈ ਜਣਾ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨਹੀਂ ਜਾਵੇਗਾ, ਤਾਂ ਉਨ੍ਹਾਂ ਲਈ ਮੀਂਹ ਨਹੀਂ ਵਰ੍ਹੇਗਾ।+ 18 ਅਤੇ ਜੇ ਮਿਸਰ ਦਾ ਪਰਿਵਾਰ ਨਹੀਂ ਆਵੇਗਾ ਤੇ ਸ਼ਹਿਰ ਅੰਦਰ ਦਾਖ਼ਲ ਨਹੀਂ ਹੋਵੇਗਾ, ਤਾਂ ਉਨ੍ਹਾਂ ਲਈ ਵੀ ਮੀਂਹ ਨਹੀਂ ਪਵੇਗਾ। ਇਸ ਦੀ ਬਜਾਇ, ਉਨ੍ਹਾਂ ਉੱਤੇ ਵੀ ਉਹੀ ਮਹਾਂਮਾਰੀ ਆਵੇਗੀ ਜਿਹੜੀ ਮਹਾਂਮਾਰੀ ਯਹੋਵਾਹ ਉਨ੍ਹਾਂ ਕੌਮਾਂ ʼਤੇ ਲਿਆਉਂਦਾ ਹੈ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ। 19 ਇਹ ਮਿਸਰ ਦੇ ਪਾਪ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੇ ਪਾਪ ਦੀ ਸਜ਼ਾ ਹੋਵੇਗੀ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ।
20 “ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਸ਼ਬਦ ਲਿਖੇ ਹੋਣਗੇ, ‘ਪਵਿੱਤਰਤਾ ਯਹੋਵਾਹ ਦੀ ਹੈ।’+ ਯਹੋਵਾਹ ਦੇ ਘਰ ਵਿਚ ਵੱਡੇ ਪਤੀਲੇ*+ ਵੇਦੀ ਅੱਗੇ ਰੱਖੇ ਕਟੋਰਿਆਂ+ ਵਰਗੇ ਹੋਣਗੇ। 21 ਅਤੇ ਯਰੂਸ਼ਲਮ ਤੇ ਯਹੂਦਾਹ ਵਿਚ ਹਰ ਪਤੀਲਾ* ਪਵਿੱਤਰ ਹੋਵੇਗਾ ਤੇ ਉਹ ਸੈਨਾਵਾਂ ਦੇ ਯਹੋਵਾਹ ਦਾ ਹੋਵੇਗਾ ਅਤੇ ਜਿਹੜੇ ਵੀ ਬਲ਼ੀਆਂ ਚੜ੍ਹਾਉਣ ਲਈ ਆਉਣਗੇ, ਉਹ ਸਾਰੇ ਲੋਕ ਕੁਝ ਪਤੀਲਿਆਂ ਵਿਚ ਮੀਟ ਉਬਾਲਣਗੇ। ਉਸ ਦਿਨ ਸੈਨਾਵਾਂ ਦੇ ਯਹੋਵਾਹ ਦੇ ਘਰ ਫਿਰ ਕੋਈ ਕਨਾਨੀ* ਨਹੀਂ ਹੋਵੇਗਾ।”+