ਯਹੋਵਾਹ ਦੀ ਵਾਦੀ ਵਿਚ ਰਹੋ!
“ਯਹੋਵਾਹ . . . ਓਹਨਾਂ ਕੌਮਾਂ ਨਾਲ ਜੁੱਧ ਕਰੇਗਾ ਜਿਵੇਂ ਜੁੱਧ ਦੇ ਦਿਨ ਲੜਦਾ ਸੀ।”—ਜ਼ਕ. 14:3.
1, 2. ਕਿਹੜੀ ਲੜਾਈ ਹੋਣ ਵਾਲੀ ਹੈ ਤੇ ਇਸ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਕੀ ਨਹੀਂ ਕਰਨਾ ਪਵੇਗਾ?
30 ਅਕਤੂਬਰ 1938 ਨੂੰ ਅਮਰੀਕਾ ਵਿਚ ਲੱਖਾਂ ਹੀ ਲੋਕ ਰੇਡੀਓ ʼਤੇ ਇਕ ਨਾਟਕ ਸੁਣ ਰਹੇ ਸਨ। ਇਹ ਨਾਟਕ ਇਕ ਨਾਵਲ ʼਤੇ ਆਧਾਰਿਤ ਸੀ ਜਿਸ ਵਿਚ ਐਕਟਰ ਖ਼ਬਰਾਂ ਸੁਣਾ ਰਹੇ ਸਨ ਕਿ ਮੰਗਲ ਗ੍ਰਹਿ ਦੇ ਵਾਸੀ ਧਰਤੀ ʼਤੇ ਆ ਕੇ ਤਬਾਹੀ ਮਚਾ ਰਹੇ ਸਨ। ਭਾਵੇਂ ਕਿ ਰੇਡੀਓ ʼਤੇ ਇਹ ਦੱਸਿਆ ਗਿਆ ਸੀ ਕਿ ਇਹ ਸਿਰਫ਼ ਇਕ ਨਾਟਕ ਸੀ, ਪਰ ਬਹੁਤ ਸਾਰੇ ਲੋਕਾਂ ਨੇ ਸਮਝਿਆ ਕਿ ਹਮਲਾ ਅਸਲ ਵਿਚ ਹੋ ਰਿਹਾ ਸੀ ਤੇ ਉਹ ਇਹ ਸੁਣ ਕੇ ਬਹੁਤ ਡਰ ਗਏ। ਕਈਆਂ ਨੇ ਇਸ ਤਬਾਹੀ ਤੋਂ ਬਚਣ ਲਈ ਕੁਝ ਕਦਮ ਵੀ ਚੁੱਕੇ।
2 ਅੱਜ ਸੱਚ-ਮੁੱਚ ਇਕ ਲੜਾਈ ਹੋਣ ਵਾਲੀ ਹੈ, ਪਰ ਲੋਕ ਇਸ ਲਈ ਤਿਆਰ ਨਹੀਂ ਹੋ ਰਹੇ। ਇਸ ਲੜਾਈ ਬਾਰੇ ਕਿਸੇ ਨਾਵਲ ਵਿਚ ਨਹੀਂ, ਬਲਕਿ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦੱਸਿਆ ਗਿਆ ਹੈ। ਬਾਈਬਲ ਵਿਚ ਇਸ ਲੜਾਈ ਨੂੰ ਆਰਮਾਗੇਡਨ ਕਿਹਾ ਗਿਆ ਹੈ ਅਤੇ ਇਹ ਇਸ ਦੁਸ਼ਟ ਦੁਨੀਆਂ ਨਾਲ ਪਰਮੇਸ਼ੁਰ ਦੀ ਲੜਾਈ ਹੈ। (ਪ੍ਰਕਾ. 16:14-16) ਇਸ ਲੜਾਈ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਕਿਸੇ ਹੋਰ ਗ੍ਰਹਿ ਤੋਂ ਆਏ ਜੀਵ-ਜੰਤੂਆਂ ਤੋਂ ਆਪਣੀ ਰਾਖੀ ਨਹੀਂ ਕਰਨੀ ਪਵੇਗੀ। ਫਿਰ ਵੀ ਉਹ ਲੜਾਈ ਦੌਰਾਨ ਹੋਣ ਵਾਲੀਆਂ ਘਟਨਾਵਾਂ ਅਤੇ ਪਰਮੇਸ਼ੁਰ ਦੀ ਸ਼ਕਤੀ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ!
3. ਅਸੀਂ ਕਿਹੜੀ ਭਵਿੱਖਬਾਣੀ ʼਤੇ ਗੌਰ ਕਰਾਂਗੇ ਤੇ ਸਾਡੇ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ?
3 ਜ਼ਕਰਯਾਹ ਦੇ 14ਵੇਂ ਅਧਿਆਇ ਵਿਚ ਇਕ ਭਵਿੱਖਬਾਣੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਆਰਮਾਗੇਡਨ ਦੀ ਲੜਾਈ ਵਿਚ ਕੀ ਹੋਵੇਗਾ। ਭਾਵੇਂ ਇਹ 2,500 ਸਾਲ ਪਹਿਲਾਂ ਲਿਖੀ ਗਈ ਸੀ, ਪਰ ਇਸ ਦਾ ਸੰਬੰਧ ਸਾਡੀ ਜ਼ਿੰਦਗੀ ਨਾਲ ਹੈ। (ਰੋਮੀ. 15:4) ਇਸ ਵਿਚ ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜੋ 1914 ਵਿਚ ਉਸ ਸਮੇਂ ਤੋਂ ਪਰਮੇਸ਼ੁਰ ਦੇ ਲੋਕਾਂ ਨਾਲ ਵਾਪਰ ਰਹੀਆਂ ਹਨ ਜਿਸ ਸਮੇਂ ਤੋਂ ਯਿਸੂ ਸਵਰਗ ਵਿਚ ਰਾਜਾ ਬਣਿਆ ਸੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਇਸ ਭਵਿੱਖਬਾਣੀ ਵਿਚ “ਇੱਕ ਬਹੁਤ ਵੱਡੀ ਦੂਣ” ਯਾਨੀ ਵਾਦੀ ਅਤੇ “ਅੰਮ੍ਰਿਤ ਜਲ” ਬਾਰੇ ਵੀ ਦੱਸਿਆ ਗਿਆ ਹੈ। (ਜ਼ਕ. 14:4, 8) ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਇਹ ਵਾਦੀ ਕੀ ਹੈ ਤੇ ਉਸ ਵਿਚ ਯਹੋਵਾਹ ਦੇ ਭਗਤਾਂ ਦੀ ਰਾਖੀ ਕਿਵੇਂ ਹੋ ਸਕਦੀ ਹੈ। ਨਾਲੇ ਇਹ ਵੀ ਦੇਖਾਂਗੇ ਕਿ ਅੰਮ੍ਰਿਤ ਜਲ ਕੀ ਹੈ ਤੇ ਇਸ ਨੂੰ ਪੀ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ। ਇਸ ਦੇ ਫ਼ਾਇਦਿਆਂ ਬਾਰੇ ਜਾਣ ਕੇ ਅਸੀਂ ਇਸ ਨੂੰ ਪੀਣਾ ਵੀ ਚਾਹਾਂਗੇ। ਤਾਂ ਫਿਰ, ਆਓ ਆਪਾਂ ਇਸ ਭਵਿੱਖਬਾਣੀ ਵੱਲ ਪੂਰਾ ਧਿਆਨ ਦੇਈਏ।—2 ਪਤ. 1:19, 20.
“ਯਹੋਵਾਹ ਦਾ ਦਿਨ ਆਉਂਦਾ ਹੈ”
4. (ੳ) “ਯਹੋਵਾਹ ਦਾ ਦਿਨ” ਕਦੋਂ ਸ਼ੁਰੂ ਹੋਇਆ ਸੀ? (ਅ) 1914 ਤੋਂ ਕਈ ਸਾਲ ਪਹਿਲਾਂ ਹੀ ਯਹੋਵਾਹ ਦੇ ਲੋਕ ਕੀ ਪ੍ਰਚਾਰ ਕਰ ਰਹੇ ਸਨ ਤੇ ਦੁਨੀਆਂ ਦੇ ਆਗੂਆਂ ਨੇ ਕੀ ਕੀਤਾ?
4 ਜ਼ਕਰਯਾਹ ਦੇ 14ਵੇਂ ਅਧਿਆਇ ਦੇ ਸ਼ੁਰੂ ਵਿਚ ‘ਯਹੋਵਾਹ ਦੇ ਦਿਨ’ ਦਾ ਜ਼ਿਕਰ ਆਉਂਦਾ ਹੈ। (ਜ਼ਕਰਯਾਹ 14:1, 2 ਪੜ੍ਹੋ।) ਇਹ ਦਿਨ ਕੀ ਹੈ? ਇਹ ‘ਪ੍ਰਭੂ ਦਾ ਦਿਨ’ ਹੈ ਜੋ ਉਦੋਂ ਸ਼ੁਰੂ ਹੋਇਆ ਜਦੋਂ “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਮਸੀਹ ਦਾ ਹੋ ਗਿਆ।” (ਪ੍ਰਕਾ. 1:10; 11:15) ਜਦ 1914 ਵਿਚ ਸਵਰਗ ਵਿਚ ਯਿਸੂ ਨੂੰ ਰਾਜਾ ਬਣਾਇਆ ਗਿਆ ਸੀ, ਉਦੋਂ ਇਹ ਦਿਨ ਸ਼ੁਰੂ ਹੋਇਆ ਸੀ। 1914 ਤੋਂ ਕਈ ਸਾਲ ਪਹਿਲਾਂ ਹੀ ਚੁਣੇ ਹੋਏ ਮਸੀਹੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਉਸ ਸਾਲ “ਕੌਮਾਂ ਦਾ ਮਿਥਿਆ ਸਮਾਂ” ਪੂਰਾ ਹੋ ਜਾਵੇਗਾ ਅਤੇ ਧਰਤੀ ʼਤੇ ਮੁਸੀਬਤਾਂ ਹੀ ਮੁਸੀਬਤਾਂ ਆਉਣਗੀਆਂ। (ਲੂਕਾ 21:24) ਕੀ ਕੌਮਾਂ ਨੇ ਉਨ੍ਹਾਂ ਦੀ ਗੱਲ ਸੁਣੀ? ਨਹੀਂ। ਇਸ ਦੀ ਬਜਾਇ, ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਚੁਣੇ ਹੋਏ ਮਸੀਹੀਆਂ ਦਾ ਮਖੌਲ ਉਡਾਇਆ ਤੇ ਉਨ੍ਹਾਂ ʼਤੇ ਜ਼ੁਲਮ ਢਾਹੇ। ਇਸ ਤਰ੍ਹਾਂ ਕਰ ਕੇ ਇਨ੍ਹਾਂ ਆਗੂਆਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਮਖੌਲ ਉਡਾਇਆ ਕਿਉਂਕਿ ਇਹ ਚੁਣੇ ਹੋਏ ਮਸੀਹੀ “ਸਵਰਗੀ ਯਰੂਸ਼ਲਮ” ਯਾਨੀ ਪਰਮੇਸ਼ੁਰ ਦੇ ਰਾਜ ਦੇ ਰਾਜਦੂਤ ਹਨ।—ਇਬ. 12:22, 28.
5, 6. (ੳ) ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਕੀ ਕੀਤਾ? (ਅ) “ਬਾਕੀ ਲੋਕ” ਕੌਣ ਸਨ?
5 ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਕੌਮਾਂ ਕੀ ਕਰਨਗੀਆਂ। ਉਸ ਨੇ ਕਿਹਾ: “[ਯਰੂਸ਼ਲਮ] ਸ਼ਹਿਰ ਲੈ ਲਿਆ ਜਾਵੇਗਾ।” ਇਹ “ਸ਼ਹਿਰ” ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ ਅਤੇ ਧਰਤੀ ʼਤੇ ਚੁਣੇ ਹੋਏ ਮਸੀਹੀ ਇਸ ਰਾਜ ਦੇ “ਨਾਗਰਿਕ” ਹਨ। (ਫ਼ਿਲਿ. 3:20) ਇਹ ਸ਼ਹਿਰ ਪਹਿਲੇ ਵਿਸ਼ਵ ਯੁੱਧ ਦੌਰਾਨ ਉਦੋਂ “ਲੈ ਲਿਆ ਗਿਆ” ਜਦੋਂ ਯਹੋਵਾਹ ਦੀ ਸੰਸਥਾ ਵਿਚ ਜ਼ਿੰਮੇਵਾਰ ਭਰਾਵਾਂ ਨੂੰ ਐਟਲਾਂਟਾ, ਜਾਰਜੀਆ, ਅਮਰੀਕਾ ਵਿਚ ਕੈਦ ਕੀਤਾ ਗਿਆ। ‘ਘਰਾਂ ਦੇ ਲੁੱਟੇ ਜਾਣ’ ਦਾ ਮਤਲਬ ਹੈ ਕਿ ਇਨ੍ਹਾਂ ਭਰਾਵਾਂ ਤੇ ਹੋਰ ਬੇਕਸੂਰ ਭੈਣਾਂ-ਭਰਾਵਾਂ ਨਾਲ ਬੇਇਨਸਾਫ਼ੀ ਹੋਈ ਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਗਏ। ਨਾਲੇ ਵਿਰੋਧੀਆਂ ਨੇ ਉਨ੍ਹਾਂ ਦੇ ਪ੍ਰਕਾਸ਼ਨਾਂ ਅਤੇ ਪ੍ਰਚਾਰ ਦੇ ਕੰਮ ʼਤੇ ਵੀ ਪਾਬੰਦੀ ਲਾਈ।
6 ਭਾਵੇਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੋਧੀ ਬਹੁਤ ਸਨ ਤੇ ਉਨ੍ਹਾਂ ਨੇ ਭਰਾਵਾਂ ʼਤੇ ਝੂਠੇ ਇਲਜ਼ਾਮ ਲਾਏ ਤੇ ਉਨ੍ਹਾਂ ʼਤੇ ਜ਼ੁਲਮ ਕੀਤੇ, ਪਰ ਉਹ ਯਹੋਵਾਹ ਦੇ ਲੋਕਾਂ ਨੂੰ ਉਸ ਦੀ ਭਗਤੀ ਕਰਨ ਤੋਂ ਰੋਕ ਨਹੀਂ ਸਕੇ। “ਬਾਕੀ ਲੋਕ” ਕੌਣ ਸਨ ਜਿਹੜੇ “ਸ਼ਹਿਰ ਤੋਂ ਕੱਟੇ ਨਾ” ਗਏ? ਇਹ ਚੁਣੇ ਹੋਏ ਮਸੀਹੀ ਸਨ ਜਿਹੜੇ “ਸ਼ਹਿਰ” ਯਾਨੀ ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੇ।
7. ਚੁਣੇ ਹੋਏ ਮਸੀਹੀ ਅੱਜ ਯਹੋਵਾਹ ਦੇ ਸਾਰੇ ਸੇਵਕਾਂ ਲਈ ਕਿਹੜੀ ਮਿਸਾਲ ਕਾਇਮ ਕਰਦੇ ਹਨ?
7 ਕੀ ਇਸ ਭਵਿੱਖਬਾਣੀ ਦੀ ਪੂਰਤੀ ਪਹਿਲੇ ਵਿਸ਼ਵ ਯੁੱਧ ਵਿਚ ਹੀ ਹੋ ਗਈ ਸੀ? ਨਹੀਂ। ਇਸ ਤੋਂ ਬਾਅਦ ਵੀ ਕੌਮਾਂ ਚੁਣੇ ਹੋਏ ਮਸੀਹੀਆਂ ਅਤੇ ਹੋਰ ਮਸੀਹੀਆਂ ʼਤੇ ਹਮਲੇ ਕਰਦੀਆਂ ਰਹੀਆਂ। (ਪ੍ਰਕਾ. 12:17) ਇਸ ਦਾ ਸਬੂਤ ਸਾਨੂੰ ਦੂਜੇ ਵਿਸ਼ਵ ਯੁੱਧ ਤੋਂ ਮਿਲਦਾ ਹੈ। ਪਰਮੇਸ਼ੁਰ ਦੇ ਚੁਣੇ ਹੋਏ ਮਸੀਹੀਆਂ ਦੀ ਵਫ਼ਾਦਾਰੀ ਦੇਖ ਕੇ ਅੱਜ ਯਹੋਵਾਹ ਦੇ ਸੇਵਕਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦਾ ਹੌਸਲਾ ਮਿਲਦਾ ਹੈ, ਚਾਹੇ ਰਿਸ਼ਤੇਦਾਰ, ਸਕੂਲੇ ਜਾਂ ਕੰਮ ʼਤੇ ਲੋਕ ਉਨ੍ਹਾਂ ਦਾ ਵਿਰੋਧ ਕਰਨ ਜਾਂ ਉਨ੍ਹਾਂ ਦਾ ਮਖੌਲ ਉਡਾਉਣ। (1 ਪਤ. 1:6, 7) ਪਰਮੇਸ਼ੁਰ ਦੇ ਸੱਚੇ ਭਗਤ ਜਿੱਥੇ ਮਰਜ਼ੀ ਰਹਿੰਦੇ ਹੋਣ, ਉਨ੍ਹਾਂ ਨੇ ਠਾਣ ਲਿਆ ਹੈ ਕਿ ਉਹ ‘ਇਕ ਮਨ ਹੋ ਕੇ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਅਤੇ ਆਪਣੇ ਵਿਰੋਧੀਆਂ ਤੋਂ ਬਿਲਕੁਲ ਨਹੀਂ ਡਰਨਗੇ।’ (ਫ਼ਿਲਿ. 1:27, 28) ਪਰ ਦੁਨੀਆਂ ਦੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਹੋਣ ਦੇ ਬਾਵਜੂਦ ਯਹੋਵਾਹ ਦੇ ਲੋਕਾਂ ਨੂੰ ਸੁਰੱਖਿਆ ਕਿੱਥੇ ਮਿਲ ਸਕਦੀ ਹੈ?—ਯੂਹੰ. 15:17-19.
ਯਹੋਵਾਹ “ਇੱਕ ਬਹੁਤ ਵੱਡੀ ਦੂਣ” ਬਣਾਉਂਦਾ ਹੈ
8. (ੳ) ਬਾਈਬਲ ਵਿਚ ਕਈ ਵਾਰ ਪਹਾੜ ਕੀ ਦਰਸਾਉਂਦੇ ਹਨ? (ਅ) “ਜ਼ੈਤੂਨ ਦਾ ਪਹਾੜ” ਕੀ ਹੈ?
8 ਅਸੀਂ ਸਿੱਖਿਆ ਹੈ ਕਿ ਇਸ ਭਵਿੱਖਬਾਣੀ ਵਿਚ ਯਰੂਸ਼ਲਮ “ਸ਼ਹਿਰ” ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ। ਤਾਂ ਫਿਰ “ਜ਼ੈਤੂਨ ਦਾ ਪਹਾੜ” ਕੀ ਹੈ “ਜਿਹੜਾ ਯਰੂਸ਼ਲਮ ਦੇ ਅੱਗੇ” ਹੈ? ਇਹ ਕਿਵੇਂ “ਪਾਟ ਜਾਵੇਗਾ” ਤੇ ਦੋ ਪਹਾੜ ਬਣ ਜਾਵੇਗਾ? ਯਹੋਵਾਹ ਇਸ ਨੂੰ ‘ਮੇਰਾ ਪਹਾੜ’ ਕਿਉਂ ਕਹਿੰਦਾ ਹੈ? (ਜ਼ਕਰਯਾਹ 14:3-5 ਪੜ੍ਹੋ।) ਬਾਈਬਲ ਵਿਚ ਕਈ ਵਾਰ ਪਹਾੜ ਹਕੂਮਤਾਂ ਜਾਂ ਸਰਕਾਰਾਂ ਨੂੰ ਦਰਸਾਉਂਦੇ ਹਨ। ਨਾਲੇ ਪਰਮੇਸ਼ੁਰ ਦੇ ਪਹਾੜ ਤੋਂ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਤੇ ਉੱਥੇ ਸੁਰੱਖਿਆ ਮਿਲਦੀ ਹੈ। (ਜ਼ਬੂ. 72:3; ਯਸਾ. 25:6, 7) ਇਸ ਲਈ ਜ਼ੈਤੂਨ ਦਾ ਪਹਾੜ ਸਵਰਗ ਅਤੇ ਧਰਤੀ ʼਤੇ ਯਹੋਵਾਹ ਦੀ ਹਕੂਮਤ ਨੂੰ ਦਰਸਾਉਂਦਾ ਹੈ।
9. ਜ਼ੈਤੂਨ ਦੇ ਪਹਾੜ ਦੇ ਦੋ ਹਿੱਸੇ ਹੋਣ ਦਾ ਕੀ ਮਤਲਬ ਹੈ?
9 ਜ਼ੈਤੂਨ ਦੇ ਪਹਾੜ ਦੇ ਦੋ ਹਿੱਸੇ ਹੋਣ ਦਾ ਕੀ ਮਤਲਬ ਹੈ? ਇਹੀ ਕਿ ਯਹੋਵਾਹ ਇਕ ਖ਼ਾਸ ਮਕਸਦ ਲਈ ਦੂਜਾ ਰਾਜ ਖੜ੍ਹਾ ਕਰਦਾ ਹੈ। ਇਹ ਰਾਜ ਵੀ ਪਰਮੇਸ਼ੁਰ ਦਾ ਹੈ ਤੇ ਉਸ ਨੇ ਯਿਸੂ ਮਸੀਹ ਨੂੰ ਇਸ ਰਾਜ ਦਾ ਰਾਜਾ ਬਣਾਇਆ ਹੈ। ਇਸੇ ਲਈ ਇਹ ਦੋਵੇਂ ਪਹਾੜ ਯਾਨੀ ਰਾਜ ਯਹੋਵਾਹ ਦੇ ਹਨ।—ਜ਼ਕ. 14:4.
10. ਦੋ ਪਹਾੜਾਂ ਵਿਚਕਾਰ “ਬਹੁਤ ਵੱਡੀ ਦੂਣ” ਕਿਸ ਚੀਜ਼ ਨੂੰ ਦਰਸਾਉਂਦੀ ਹੈ?
10 ਜਦ ਇਸ ਪਹਾੜ ਦੇ ਦੋ ਹਿੱਸੇ ਹੁੰਦੇ ਹਨ, ਅੱਧਾ ਉੱਤਰ ਵੱਲ ਤੇ ਅੱਧਾ ਦੱਖਣ ਵੱਲ, ਤਾਂ ਯਹੋਵਾਹ ਦੇ ਪੈਰ ਦੋਹਾਂ ਪਹਾੜਾਂ ʼਤੇ ਰਹਿੰਦੇ ਹਨ। ਯਹੋਵਾਹ ਦੇ ਪੈਰਾਂ ਹੇਠ “ਇੱਕ ਬਹੁਤ ਵੱਡੀ ਦੂਣ” ਜਾਂ ਵਾਦੀ ਬਣ ਜਾਂਦੀ ਹੈ। ਇਹ ਵਾਦੀ ਯਹੋਵਾਹ ਦੀ ਸੁਰੱਖਿਆ ਨੂੰ ਦਰਸਾਉਂਦੀ ਹੈ। ਇਸ ਵਿਚ ਯਹੋਵਾਹ ਦੇ ਸੇਵਕ ਉਸ ਦੀ ਹਕੂਮਤ ਅਤੇ ਮਸੀਹ ਦੇ ਰਾਜ ਅਧੀਨ ਸੁਰੱਖਿਅਤ ਰਹਿੰਦੇ ਹਨ। ਯਹੋਵਾਹ ਆਪਣੇ ਲੋਕਾਂ ਦਾ ਨਾਮੋ-ਨਿਸ਼ਾਨ ਕਦੇ ਨਹੀਂ ਮਿਟਣ ਦੇਵੇਗਾ। ਜ਼ੈਤੂਨ ਦੇ ਪਹਾੜ ਦੇ ਦੋ ਹਿੱਸੇ ਕਦੋਂ ਹੋਏ ਸਨ? 1914 ਵਿਚ ਜਦ ਗ਼ੈਰ-ਯਹੂਦੀ ਕੌਮਾਂ ਦੇ ਸਮੇਂ ਖ਼ਤਮ ਹੋਣ ਤੋਂ ਬਾਅਦ ਮਸੀਹ ਦਾ ਰਾਜ ਸ਼ੁਰੂ ਹੋਇਆ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ ਭੱਜ ਕੇ ਇਸ ਵਾਦੀ ਵਿਚ ਜਾਣਗੇ। ਉਸ ਦੇ ਲੋਕ ਕਦੋਂ ਇਸ ਵਾਦੀ ਵਿਚ ਜਾਣੇ ਸ਼ੁਰੂ ਹੋਏ?
ਪਰਮੇਸ਼ੁਰ ਦੇ ਲੋਕ ਭੱਜਣਾ ਸ਼ੁਰੂ ਕਰਦੇ ਹਨ!
11, 12. (ੳ) ਪਰਮੇਸ਼ੁਰ ਦੇ ਲੋਕਾਂ ਨੇ ਵਾਦੀ ਵਿਚ ਜਾਣਾ ਕਦੋਂ ਸ਼ੁਰੂ ਕੀਤਾ ਸੀ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰ ਰਿਹਾ ਹੈ?
11 ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।” (ਮੱਤੀ 24:9) 1914 ਤੋਂ ਸ਼ੁਰੂ ਹੋਏ ਆਖ਼ਰੀ ਦਿਨਾਂ ਵਿਚ ਇਹ ਨਫ਼ਰਤ ਹੋਰ ਵੀ ਵਧੀ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਦੁਸ਼ਮਣਾਂ ਨੇ ਚੁਣੇ ਹੋਏ ਵਫ਼ਾਦਾਰ ਮਸੀਹੀਆਂ ʼਤੇ ਵੱਡੇ ਜ਼ੁਲਮ ਕੀਤੇ, ਪਰ ਉਹ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਰੋਕ ਨਹੀਂ ਸਕੇ। 1919 ਵਿਚ ਉਨ੍ਹਾਂ ਨੂੰ ਮਹਾਂ ਬਾਬੁਲ ਯਾਨੀ ਦੁਨੀਆਂ ਦੇ ਧਰਮਾਂ ਦੇ ਪੰਜੇ ਤੋਂ ਛੁਡਾਇਆ ਗਿਆ। (ਪ੍ਰਕਾ. 11:11, 12)a ਉਦੋਂ ਪਰਮੇਸ਼ੁਰ ਦੇ ਲੋਕ ਉਸ ਵਾਦੀ ਵਿਚ ਭੱਜ ਕੇ ਜਾਣੇ ਸ਼ੁਰੂ ਹੋਏ।
12 ਸੰਨ 1919 ਤੋਂ ਪਰਮੇਸ਼ੁਰ ਦੁਨੀਆਂ ਭਰ ਵਿਚ ਆਪਣੇ ਲੋਕਾਂ ਨੂੰ ਇਸ ਵਾਦੀ ਵਿਚ ਸੁਰੱਖਿਆ ਦੇ ਰਿਹਾ ਹੈ। ਉਦੋਂ ਤੋਂ ਕਈ ਇਨਸਾਨੀ ਸਰਕਾਰਾਂ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦੇ ਪ੍ਰਕਾਸ਼ਨਾਂ ʼਤੇ ਪਾਬੰਦੀ ਲਾਈ ਹੈ। ਕੁਝ ਦੇਸ਼ਾਂ ਵਿਚ ਇਹ ਅੱਜ ਵੀ ਹੋ ਰਿਹਾ ਹੈ। ਪਰ ਯਹੋਵਾਹ ਨੇ ਇਨ੍ਹਾਂ ਸਰਕਾਰਾਂ ਨੂੰ ਆਪਣੇ ਲੋਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਉਣ ਦਿੱਤਾ। ਸਰਕਾਰਾਂ ਜੋ ਮਰਜ਼ੀ ਕਰ ਲੈਣ, ਪਰ ਸਰਬਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਰਹੇਗਾ।—ਬਿਵ. 11:2.
13. ਅਸੀਂ ਯਹੋਵਾਹ ਦੀ ਵਾਦੀ ਵਿਚ ਕਿਵੇਂ ਰਹਿੰਦੇ ਹਾਂ ਅਤੇ ਪਹਿਲਾਂ ਨਾਲੋਂ ਹੁਣ ਉੱਥੇ ਰਹਿਣਾ ਕਿਉਂ ਜ਼ਰੂਰੀ ਹੈ?
13 ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੇ ਰਹੀਏ ਤੇ ਸੱਚਾਈ ਦੇ ਰਾਹ ਨੂੰ ਨਾ ਛੱਡੀਏ, ਤਾਂ ਉਹ ਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਡੀ ਰਾਖੀ ਕਰਦੇ ਰਹਿਣਗੇ ਅਤੇ ਕੋਈ ਵੀ ਸਾਨੂੰ ‘ਪਰਮੇਸ਼ੁਰ ਦੇ ਹੱਥੋਂ ਖੋਹ ਨਹੀਂ ਸਕੇਗਾ।’ (ਯੂਹੰ. 10:28, 29) ਯਹੋਵਾਹ ਸਾਡੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਤਾਂਕਿ ਅਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਰਾਜ ਅਧੀਨ ਰਹੀਏ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵਾਦੀ ਵਿਚ ਰਹੀਏ ਕਿਉਂਕਿ ਮਹਾਂਕਸ਼ਟ ਦੌਰਾਨ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੀ ਮਦਦ ਦੀ ਲੋੜ ਪਵੇਗੀ।
ਯਹੋਵਾਹ “ਜੁੱਧ ਦੇ ਦਿਨ ਲੜਦਾ” ਹੈ
14, 15. ਉਸ ਲੜਾਈ ਦੌਰਾਨ ਉਨ੍ਹਾਂ ਦਾ ਕੀ ਹਾਲ ਹੋਵੇਗਾ ਜੋ ਉਸ ਵੱਡੀ ਵਾਦੀ ਵਿਚ ਨਹੀਂ ਹੋਣਗੇ?
14 ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਉੱਦਾਂ-ਉੱਦਾਂ ਯਹੋਵਾਹ ਦੇ ਸੇਵਕਾਂ ʼਤੇ ਉਸ ਦੇ ਹਮਲੇ ਵਧਦੇ ਜਾ ਰਹੇ ਹਨ। ਪਰ ਜਲਦੀ ਹੀ ਸ਼ੈਤਾਨ ਦਾ ਆਖ਼ਰੀ ਹਮਲਾ ਹੋਵੇਗਾ। ਉਸ ਦਿਨ ਯਹੋਵਾਹ ਆਪਣੇ ਦੁਸ਼ਮਣਾਂ ਨਾਲ ਲੜੇਗਾ ਤੇ ਉਨ੍ਹਾਂ ਨੂੰ ਖ਼ਤਮ ਕਰ ਦੇਵੇਗਾ। ਜ਼ਕਰਯਾਹ ਦੀ ਭਵਿੱਖਬਾਣੀ ਮੁਤਾਬਕ ਉਹ ਯਹੋਵਾਹ ਦੇ ‘ਜੁੱਧ ਦਾ ਦਿਨ’ ਹੋਵੇਗਾ। ਇਸ ਲੜਾਈ ਵਿਚ ਪਤਾ ਲੱਗੇਗਾ ਕਿ ਯਹੋਵਾਹ ਕਿੰਨਾ ਮਹਾਨ ਯੋਧਾ ਹੈ!—ਜ਼ਕ. 14:3.
15 ਉਸ ਲੜਾਈ ਦੌਰਾਨ ਉਨ੍ਹਾਂ ਦਾ ਕੀ ਹਾਲ ਹੋਵੇਗਾ ਜੋ ਉਸ ਵੱਡੀ ਵਾਦੀ ਵਿਚ ਨਹੀਂ ਹੋਣਗੇ? “ਉਸ ਦਿਨ ਚਾਨਣ ਨਾ ਹੋਵੇਗਾ” ਮਤਲਬ ਉਨ੍ਹਾਂ ਲੋਕਾਂ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੋਵੇਗੀ। ਇਸ ਭਵਿੱਖਬਾਣੀ ਵਿਚ ‘ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਪਸੂਆਂ’ ਦਾ ਜ਼ਿਕਰ ਕੀਤਾ ਗਿਆ ਹੈ ਜੋ ਪੁਰਾਣੇ ਜ਼ਮਾਨੇ ਵਿਚ ਲੜਾਈਆਂ ਵਿਚ ਵਰਤੇ ਜਾਂਦੇ ਸਨ। ਇਸ ਲਈ ਅੱਜ ਇਹ ਕੌਮਾਂ ਦੇ ਹਥਿਆਰਾਂ ਨੂੰ ਦਰਸਾਉਂਦੇ ਹਨ। ਪਰ ਲੜਾਈ ਦੇ ਦਿਨ ਇਹ ਹਥਿਆਰ ਨਿਕੰਮੇ ਸਾਬਤ ਹੋਣਗੇ। ਜ਼ਕਰਯਾਹ ਕਹਿੰਦਾ ਹੈ ਕਿ ਯਹੋਵਾਹ ਆਪਣੇ ਦੁਸ਼ਮਣਾਂ ਨੂੰ “ਅਜ਼ਾਬ” ਮਤਲਬ ਭਿਆਨਕ ਬੀਮਾਰੀ ਵੀ ਲਾਵੇਗਾ। ਬਾਈਬਲ ਕਹਿੰਦੀ ਹੈ: “ਓਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ ਅਤੇ ਓਹਨਾਂ ਦੀ ਜੀਭ ਓਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ।” ਸਾਨੂੰ ਪਤਾ ਨਹੀਂ ਕਿ ਇਹ ਕੋਈ ਅਸਲੀ ਬੀਮਾਰੀ ਹੋਵੇਗੀ ਜਾਂ ਨਹੀਂ। ਪਰ ਸਾਨੂੰ ਇੰਨਾ ਪਤਾ ਹੈ ਕਿ ਵਿਰੋਧੀ ਨਾ ਤਾਂ ਸਾਡਾ ਨੁਕਸਾਨ ਕਰ ਸਕਣਗੇ ਤੇ ਨਾ ਹੀ ਪਰਮੇਸ਼ੁਰ ਦੇ ਖ਼ਿਲਾਫ਼ ਬੋਲ ਸਕਣਗੇ। (ਜ਼ਕ. 14:6, 7, 12, 15) ਇਸ ਯੁੱਧ ਵਿਚ “ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ” ਸ਼ੈਤਾਨ ਦਾ ਸਾਥ ਦੇਣਗੇ। ਪਰ ਉਹ ਧਰਤੀ ʼਤੇ ਜਿੱਥੇ ਮਰਜ਼ੀ ਹੋਣ, ਉਨ੍ਹਾਂ ਸਾਰਿਆਂ ਦਾ ਨਾਸ਼ ਕੀਤਾ ਜਾਵੇਗਾ। (ਪ੍ਰਕਾ. 19:19-21) “ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ।”—ਯਿਰ. 25:32, 33.
16. ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਤੇ ਮਹਾਂਕਸ਼ਟ ਦੌਰਾਨ ਸਾਨੂੰ ਕੀ ਕਰਨ ਦੀ ਲੋੜ ਪਵੇਗੀ?
16 ਯੁੱਧ ਦੌਰਾਨ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਜਿੱਤਣ ਵਾਲਿਆਂ ਨੂੰ ਵੀ। ਮਹਾਂਕਸ਼ਟ ਦੌਰਾਨ ਸਾਡੇ ʼਤੇ ਵੀ ਮੁਸ਼ਕਲਾਂ ਆ ਸਕਦੀਆਂ ਹਨ। ਸ਼ਾਇਦ ਸਾਡੇ ਕੋਲ ਖਾਣ ਨੂੰ ਨਾ ਹੋਵੇ। ਅਸੀਂ ਸ਼ਾਇਦ ਆਪਣਾ ਘਰ-ਬਾਰ ਗੁਆ ਬੈਠੀਏ। ਸ਼ਾਇਦ ਸਾਡੀ ਆਜ਼ਾਦੀ ਖੋਹ ਲਈ ਜਾਵੇ। ਜੇ ਸਾਨੂੰ ਅਜਿਹੀਆਂ ਤੰਗੀਆਂ ਸਹਿਣੀਆਂ ਪਈਆਂ, ਤਾਂ ਅਸੀਂ ਕੀ ਕਰਾਂਗੇ? ਕੀ ਅਸੀਂ ਡਰ ਜਾਵਾਂਗੇ? ਕੀ ਅਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਵਾਂਗੇ? ਕੀ ਅਸੀਂ ਹੌਸਲਾ ਹਾਰ ਬੈਠਾਂਗੇ? ਮਹਾਂਕਸ਼ਟ ਦੌਰਾਨ ਸਾਡੇ ਲਈ ਜ਼ਰੂਰੀ ਹੋਵੇਗਾ ਕਿ ਅਸੀਂ ਵਾਦੀ ਵਿਚ ਰਹੀਏ ਤੇ ਪੱਕਾ ਭਰੋਸਾ ਰੱਖੀਏ ਕਿ ਯਹੋਵਾਹ ਸਾਡੀ ਰਾਖੀ ਕਰੇਗਾ।—ਹਬੱਕੂਕ 3:17, 18 ਪੜ੍ਹੋ।
“ਅੰਮ੍ਰਿਤ ਜਲ ਨਿੱਕਲੇਗਾ”
17, 18. (ੳ) “ਅੰਮ੍ਰਿਤ ਜਲ” ਕੀ ਹੈ? (ਅ) “ਚੜ੍ਹਦੇ ਪਾਸੇ ਸਮੁੰਦਰ” ਅਤੇ ‘ਲਹਿੰਦੇ ਪਾਸੇ ਸਮੁੰਦਰ’ ਕੀ ਹਨ? (ੲ) ਤੁਹਾਡਾ ਕੀ ਇਰਾਦਾ ਹੈ?
17 ਆਰਮਾਗੇਡਨ ਤੋਂ ਬਾਅਦ ਮਸੀਹ ਦੇ ਰਾਜ ਵਿਚ “ਅੰਮ੍ਰਿਤ ਜਲ” ਵਹਿੰਦਾ ਰਹੇਗਾ। “ਅੰਮ੍ਰਿਤ ਜਲ” ਜ਼ਿੰਦਗੀ ਦੇਣ ਲਈ ਯਹੋਵਾਹ ਦੇ ਪ੍ਰਬੰਧ ਹਨ। ਜ਼ਕਰਯਾਹ ਦੀ ਭਵਿੱਖਬਾਣੀ ਵਿਚ “ਚੜ੍ਹਦੇ ਪਾਸੇ ਸਮੁੰਦਰ” ਮ੍ਰਿਤ ਸਾਗਰ ਹੈ ਅਤੇ ‘ਲਹਿੰਦੇ ਪਾਸੇ ਸਮੁੰਦਰ’ ਭੂਮੱਧ ਸਾਗਰ ਹੈ। ਇਹ ਦੋਨੋਂ ਸਮੁੰਦਰ ਲੋਕਾਂ ਨੂੰ ਦਰਸਾਉਂਦੇ ਹਨ। ਮ੍ਰਿਤ ਸਾਗਰ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਮੌਤ ਦੀ ਨੀਂਦ ਸੌਂ ਰਹੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਭੂਮੱਧ ਸਾਗਰ ਜੀਉਂਦੇ ਜੀਵ-ਜੰਤੂਆਂ ਨਾਲ ਭਰਿਆ ਹੋਇਆ ਹੈ ਜਿਸ ਕਰਕੇ ਇਹ “ਵੱਡੀ ਭੀੜ” ਨੂੰ ਦਰਸਾਉਂਦਾ ਹੈ ਜੋ ਆਰਮਾਗੇਡਨ ਵਿੱਚੋਂ ਬਚ ਨਿਕਲੇਗੀ। (ਜ਼ਕਰਯਾਹ 14:8, 9 ਪੜ੍ਹੋ; ਪ੍ਰਕਾ. 7:9-15) ਇਹ ਸਾਰੇ ਲੋਕ “ਅੰਮ੍ਰਿਤ ਜਲ ਦੀ ਸਾਫ਼ ਨਦੀ” ਦਾ ਪਾਣੀ ਪੀ ਕੇ ਮੁਕੰਮਲ ਹੋ ਜਾਣਗੇ ਤੇ ਹਮੇਸ਼ਾ ਦੀ ਜ਼ਿੰਦਗੀ ਜੀਉਣਗੇ।—ਪ੍ਰਕਾ. 22:1, 2.
18 ਯਹੋਵਾਹ ਦੀ ਸੁਰੱਖਿਆ ਅਧੀਨ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾ ਸਕਾਂਗੇ। ਭਾਵੇਂ ਸਾਰੀਆਂ ਕੌਮਾਂ ਸਾਡੇ ਨਾਲ ਨਫ਼ਰਤ ਕਰਦੀਆਂ ਹਨ, ਆਓ ਆਪਾਂ ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਖੜ੍ਹੇ ਹੋਣ ਅਤੇ ਯਹੋਵਾਹ ਦੀ ਵਾਦੀ ਵਿਚ ਰਹਿਣ ਦਾ ਪੱਕਾ ਇਰਾਦਾ ਕਰੀਏ ਜਿੱਥੇ ਉਹ ਸਾਡੀ ਰਾਖੀ ਕਰਦਾ ਹੈ।
a ਪ੍ਰਕਾਸ਼ ਦੀ ਕਿਤਾਬ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ ਸਫ਼ੇ 169-170 ਦੇਖੋ।