ਲੂਕਾ ਮੁਤਾਬਕ ਖ਼ੁਸ਼ ਖ਼ਬਰੀ
16 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ: “ਇਕ ਅਮੀਰ ਆਦਮੀ ਸੀ ਅਤੇ ਕਿਸੇ ਨੇ ਉਸ ਦੇ ਘਰ ਦੇ ਪ੍ਰਬੰਧਕ ਉੱਤੇ ਇਲਜ਼ਾਮ ਲਾਇਆ ਕਿ ਉਹ ਆਪਣੇ ਮਾਲਕ ਦਾ ਮਾਲ ਬਰਬਾਦ ਕਰ ਰਿਹਾ ਸੀ। 2 ਇਸ ਲਈ ਮਾਲਕ ਨੇ ਉਸ ਨੂੰ ਬੁਲਾ ਕੇ ਕਿਹਾ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਮੈਨੂੰ ਕੰਮ ਦਾ ਸਾਰਾ ਹਿਸਾਬ-ਕਿਤਾਬ ਦੇ ਦੇ ਕਿਉਂਕਿ ਹੁਣ ਤੋਂ ਤੂੰ ਮੇਰੇ ਘਰ ਦਾ ਪ੍ਰਬੰਧਕ ਨਹੀਂ ਰਹੇਂਗਾ।’ 3 ਫਿਰ ਪ੍ਰਬੰਧਕ ਨੇ ਆਪਣੇ ਆਪ ਨੂੰ ਕਿਹਾ, ‘ਹੁਣ ਮੈਂ ਕੀ ਕਰਾਂ, ਮਾਲਕ ਤਾਂ ਮੈਨੂੰ ਕੰਮ ਤੋਂ ਕੱਢਣ ਵਾਲਾ ਹੈ? ਮੇਰੇ ਤੋਂ ਖੇਤਾਂ ਵਿਚ ਮਿੱਟੀ ਨਹੀਂ ਪੁੱਟੀ ਜਾਣੀ ਤੇ ਭੀਖ ਮੰਗਣ ਵਿਚ ਮੈਨੂੰ ਸ਼ਰਮ ਆਉਂਦੀ ਹੈ। 4 ਮੈਨੂੰ ਪਤਾ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਜਦੋਂ ਮੈਨੂੰ ਪ੍ਰਬੰਧਕ ਦੇ ਕੰਮ ਤੋਂ ਹਟਾਇਆ ਜਾਵੇ, ਤਾਂ ਲੋਕ ਆਪਣੇ ਘਰਾਂ ਵਿਚ ਮੇਰਾ ਸੁਆਗਤ ਕਰਨ।’ 5 ਫਿਰ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਇਕ-ਇਕ ਕਰ ਕੇ ਸੱਦਿਆ। ਉਸ ਨੇ ਪਹਿਲੇ ਨੂੰ ਪੁੱਛਿਆ, ‘ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ 6 ਉਸ ਨੇ ਕਿਹਾ, ‘2,200 ਲੀਟਰ* ਜ਼ੈਤੂਨ ਦਾ ਤੇਲ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ ਬੈਠ ਕੇ ਫਟਾਫਟ 1,100 ਲੀਟਰ* ਲਿਖ ਦੇ।’ 7 ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਦੱਸ, ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ ਉਸ ਨੇ ਕਿਹਾ, ‘170 ਕੁਇੰਟਲ* ਕਣਕ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ 136 ਕੁਇੰਟਲ* ਲਿਖ ਦੇ।’ 8 ਭਾਵੇਂ ਪ੍ਰਬੰਧਕ ਕੁਧਰਮੀ* ਸੀ, ਫਿਰ ਵੀ ਮਾਲਕ ਨੇ ਉਸ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਅਕਲ ਤੋਂ ਕੰਮ ਲਿਆ ਸੀ; ਇਸ ਦੁਨੀਆਂ* ਦੇ ਲੋਕ ਆਪਣੀ ਪੀੜ੍ਹੀ ਦੇ ਲੋਕਾਂ ਨਾਲ ਲੈਣ-ਦੇਣ ਦੇ ਮਾਮਲੇ ਵਿਚ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਚਾਤਰ ਹਨ ਜਿਹੜੇ ਚਾਨਣ ਵਿਚ ਹਨ।+
9 “ਨਾਲੇ ਮੈਂ ਤੁਹਾਨੂੰ ਕਹਿੰਦਾ ਹਾਂ: ਇਸ ਕੁਧਰਮੀ ਦੁਨੀਆਂ ਦੇ ਧਨ ਨਾਲ ਆਪਣੇ ਲਈ ਦੋਸਤ ਬਣਾਓ।+ ਫਿਰ ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।+ 10 ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ ਅਤੇ ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਬੇਈਮਾਨ* ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੁੰਦਾ ਹੈ। 11 ਇਸ ਲਈ ਜੇ ਤੁਸੀਂ ਇਸ ਕੁਧਰਮੀ ਦੁਨੀਆਂ ਦੇ ਧਨ ਦੇ ਮਾਮਲੇ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਸੱਚੇ ਧਨ ਦੀ ਜ਼ਿੰਮੇਵਾਰੀ ਕੌਣ ਸੌਂਪੇਗਾ? 12 ਅਤੇ ਜੇ ਤੁਸੀਂ ਕਿਸੇ ਹੋਰ ਦੀਆਂ ਚੀਜ਼ਾਂ ਨੂੰ ਸੰਭਾਲਣ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਉਹ ਇਨਾਮ ਕੌਣ ਦੇਵੇਗਾ ਜੋ ਤੁਹਾਡੇ ਲਈ ਰੱਖਿਆ ਗਿਆ ਹੈ?+ 13 ਕੋਈ ਵੀ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਇਕ ਪ੍ਰਤੀ ਵਫ਼ਾਦਾਰ ਰਹੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”+
14 ਹੁਣ ਫ਼ਰੀਸੀ, ਜਿਹੜੇ ਪੈਸੇ ਦੇ ਪ੍ਰੇਮੀ ਸਨ, ਉਸ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਦਾ ਮਜ਼ਾਕ ਉਡਾਉਣ ਲੱਗ ਪਏ।+ 15 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੋਕਾਂ ਸਾਮ੍ਹਣੇ ਧਰਮੀ ਹੋਣ ਦਾ ਦਿਖਾਵਾ ਕਰਦੇ ਹੋ,+ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ।+ ਕਿਉਂਕਿ ਇਨਸਾਨਾਂ ਦੀਆਂ ਨਜ਼ਰਾਂ ਵਿਚ ਜਿਹੜੀ ਚੀਜ਼ ਅਹਿਮ ਹੈ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੈ।+
16 “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਯੂਹੰਨਾ ਦੇ ਸਮੇਂ ਤਕ ਸਨ। ਯੂਹੰਨਾ ਦੇ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦਾ ਇਨਸਾਨ ਇਸ ਰਾਜ ਵਿਚ ਜਾਣ ਦਾ ਪੂਰਾ ਜਤਨ ਕਰ ਰਿਹਾ ਹੈ।+ 17 ਸਵਰਗ ਅਤੇ ਧਰਤੀ ਭਾਵੇਂ ਮਿਟ ਜਾਣ, ਪਰ ਮੂਸਾ ਦੇ ਕਾਨੂੰਨ ਦੇ ਇਕ ਵੀ ਅੱਖਰ ਦੀ ਬਿੰਦੀ ਨਹੀਂ ਮਿਟੇਗੀ, ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ।+
18 “ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇ ਕੇ ਹੋਰ ਕਿਸੇ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ ਅਤੇ ਜਿਹੜਾ ਆਦਮੀ ਅਜਿਹੀ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ।+
19 “ਇਕ ਅਮੀਰ ਆਦਮੀ ਹੁੰਦਾ ਸੀ। ਉਹ ਬੈਂਗਣੀ ਰੰਗ ਦੇ ਮਹਿੰਗੇ-ਮਹਿੰਗੇ ਕੱਪੜੇ ਪਾਉਂਦਾ ਹੁੰਦਾ ਸੀ, ਠਾਠ-ਬਾਠ ਨਾਲ ਰਹਿੰਦਾ ਸੀ ਤੇ ਰੋਜ਼ ਐਸ਼ ਕਰਦਾ ਸੀ। 20 ਪਰ ਲਾਜ਼ਰ ਨਾਂ ਦਾ ਇਕ ਭਿਖਾਰੀ ਸੀ ਜਿਸ ਦਾ ਸਾਰਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ। ਉਸ ਨੂੰ ਲਿਆ ਕੇ ਅਮੀਰ ਆਦਮੀ ਦੇ ਘਰ ਦੇ ਦਰਵਾਜ਼ੇ ਲਾਗੇ ਬਿਠਾ ਦਿੱਤਾ ਜਾਂਦਾ ਸੀ। 21 ਉਹ ਅਮੀਰ ਆਦਮੀ ਦੇ ਮੇਜ਼ ਤੋਂ ਡਿਗਦੇ ਟੁਕੜਿਆਂ ਨਾਲ ਢਿੱਡ ਭਰਨ ਲਈ ਤਰਸਦਾ ਹੁੰਦਾ ਸੀ। ਨਾਲੇ ਕੁੱਤੇ ਆ ਕੇ ਉਸ ਦੇ ਫੋੜੇ ਚੱਟਦੇ ਹੁੰਦੇ ਸਨ। 22 ਕੁਝ ਸਮੇਂ ਬਾਅਦ ਉਹ ਭਿਖਾਰੀ ਮਰ ਗਿਆ ਅਤੇ ਦੂਤ ਉਸ ਨੂੰ ਚੁੱਕ ਕੇ ਅਬਰਾਹਾਮ ਦੇ ਕੋਲ* ਲੈ ਗਏ।
“ਨਾਲੇ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ। 23 ਉਹ ਕਬਰ* ਵਿਚ ਤੜਫ ਰਿਹਾ ਸੀ ਅਤੇ ਉਸ ਨੇ ਕਬਰ ਵਿੱਚੋਂ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਦੂਰ ਅਬਰਾਹਾਮ ਅਤੇ ਉਸ ਦੇ ਲਾਗੇ* ਲਾਜ਼ਰ ਨੂੰ ਦੇਖਿਆ। 24 ਇਸ ਲਈ ਉਸ ਆਦਮੀ ਨੇ ਉੱਚੀ ਆਵਾਜ਼ ਵਿਚ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ʼਤੇ ਦਇਆ ਕਰ ਅਤੇ ਲਾਜ਼ਰ ਨੂੰ ਕਹਿ ਕਿ ਉਹ ਆਪਣੀ ਉਂਗਲ ਦਾ ਪੋਟਾ ਪਾਣੀ ਨਾਲ ਭਿਓਂ ਕੇ ਮੇਰੀ ਜੀਭ ਨੂੰ ਲਾਵੇ ਤੇ ਮੇਰੀ ਪਿਆਸ ਬੁਝਾਵੇ ਕਿਉਂਕਿ ਮੈਂ ਇੱਥੇ ਅੱਗ ਦੇ ਭਾਂਬੜ ਵਿਚ ਤੜਫ ਰਿਹਾ ਹਾਂ।’ 25 ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਬੱਚਾ, ਯਾਦ ਕਰ ਤੂੰ ਸਾਰੀ ਉਮਰ ਪੂਰਾ ਸੁੱਖ ਮਾਣਿਆ, ਜਦ ਕਿ ਲਾਜ਼ਰ ਨੇ ਸਾਰੀ ਉਮਰ ਦੁੱਖ ਭੋਗਿਆ। ਪਰ ਹੁਣ ਉਸ ਨੂੰ ਇੱਥੇ ਆਰਾਮ ਮਿਲਿਆ ਹੈ ਅਤੇ ਤੂੰ ਤੜਫ ਰਿਹਾ ਹੈਂ। 26 ਨਾਲੇ ਸਾਡੇ ਅਤੇ ਤੁਹਾਡੇ ਵਿਚਕਾਰ ਇਕ ਡੂੰਘੀ ਖਾਈ ਪੁੱਟੀ ਹੋਈ ਹੈ, ਇਸ ਲਈ ਜਿਹੜੇ ਲੋਕ ਇੱਥੋਂ ਤੁਹਾਡੇ ਕੋਲ ਜਾਣਾ ਚਾਹੁੰਦੇ ਹਨ, ਉਹ ਨਹੀਂ ਜਾ ਸਕਦੇ ਤੇ ਨਾ ਹੀ ਉੱਧਰੋਂ ਲੋਕ ਖਾਈ ਟੱਪ ਕੇ ਇੱਧਰ ਸਾਡੇ ਕੋਲ ਆ ਸਕਦੇ ਹਨ।’ 27 ਫਿਰ ਉਸ ਆਦਮੀ ਨੇ ਕਿਹਾ, ‘ਜੇ ਇਹ ਗੱਲ ਹੈ, ਤਾਂ ਹੇ ਪਿਤਾ, ਮੈਂ ਬੇਨਤੀ ਕਰਦਾ ਹਾਂ ਕਿ ਤੂੰ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਘੱਲ ਦੇ। 28 ਮੇਰੇ ਪੰਜ ਭਰਾ ਹਨ, ਲਾਜ਼ਰ ਉਨ੍ਹਾਂ ਨੂੰ ਜਾ ਕੇ ਚੰਗੀ ਤਰ੍ਹਾਂ ਸਮਝਾਵੇ, ਤਾਂਕਿ ਉਨ੍ਹਾਂ ਨੂੰ ਵੀ ਇਸ ਕਸ਼ਟ ਵਾਲੀ ਜਗ੍ਹਾ ਨਾ ਆਉਣਾ ਪਵੇ।’ 29 ਪਰ ਅਬਰਾਹਾਮ ਨੇ ਕਿਹਾ, ‘ਉਨ੍ਹਾਂ ਕੋਲ ਮੂਸਾ ਅਤੇ ਨਬੀਆਂ ਦੀਆਂ ਲਿਖਤਾਂ ਹਨ; ਉਹ ਉਨ੍ਹਾਂ ਦੀ ਗੱਲ ਸੁਣਨ।’+ 30 ਫਿਰ ਆਦਮੀ ਨੇ ਕਿਹਾ, ‘ਪਿਤਾ ਅਬਰਾਹਾਮ, ਇਹ ਤਾਂ ਠੀਕ ਹੈ, ਪਰ ਜੇ ਮਰ ਚੁੱਕੇ ਲੋਕਾਂ ਵਿੱਚੋਂ ਕੋਈ ਜੀਉਂਦਾ ਹੋ ਕੇ ਉਨ੍ਹਾਂ ਕੋਲ ਜਾਵੇ, ਤਾਂ ਉਹ ਜ਼ਰੂਰ ਤੋਬਾ ਕਰਨਗੇ।’ 31 ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੂਸਾ ਅਤੇ ਨਬੀਆਂ ਦੀ ਗੱਲ ਨਹੀਂ ਸੁਣਦੇ,+ ਤਾਂ ਚਾਹੇ ਮਰਿਆਂ ਵਿੱਚੋਂ ਵੀ ਕੋਈ ਜੀਉਂਦਾ ਹੋ ਕੇ ਉਨ੍ਹਾਂ ਕੋਲ ਚਲਾ ਜਾਵੇ, ਉਹ ਉਸ ਦੀ ਵੀ ਗੱਲ ਨਹੀਂ ਮੰਨਣਗੇ।’”