ਅੱਯੂਬ
22 ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:
2 “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?
ਡੂੰਘੀ ਸਮਝ ਵਾਲਾ ਇਨਸਾਨ ਉਹਦੇ ਕਿਸ ਕੰਮ ਦਾ?+
3 ਕੀ ਤੇਰੇ ਧਰਮੀ ਹੋਣ ਨਾਲ ਸਰਬਸ਼ਕਤੀਮਾਨ ਨੂੰ ਕੋਈ ਫ਼ਰਕ ਪੈਂਦਾ?*
ਕੀ ਤੇਰੇ ਵਫ਼ਾਦਾਰੀ* ਦੇ ਰਾਹ ʼਤੇ ਚੱਲਣ ਨਾਲ ਉਸ ਨੂੰ ਕੋਈ ਲਾਭ ਹੁੰਦਾ?+
4 ਤੇਰੇ ਸ਼ਰਧਾ ਰੱਖਣ ਕਰਕੇ
ਕੀ ਉਹ ਤੈਨੂੰ ਸਜ਼ਾ ਦੇਵੇਗਾ ਅਤੇ ਤੇਰੇ ਨਾਲ ਮੁਕੱਦਮਾ ਲੜੇਗਾ?
5 ਕੀ ਇਹ ਇਸ ਕਰਕੇ ਨਹੀਂ ਕਿ ਤੇਰੀ ਬੁਰਾਈ ਬਹੁਤ ਵਧ ਗਈ ਹੈ
ਅਤੇ ਤੇਰੇ ਗੁਨਾਹਾਂ ਦਾ ਕੋਈ ਅੰਤ ਨਹੀਂ?+
6 ਤੂੰ ਬੇਵਜ੍ਹਾ ਆਪਣੇ ਭਰਾਵਾਂ ਦੀਆਂ ਚੀਜ਼ਾਂ ਗਹਿਣੇ ਰੱਖ ਲੈਂਦਾ ਹੈਂ,
ਤੂੰ ਲੋਕਾਂ ਦੇ ਕੱਪੜੇ ਲਾਹ ਲੈਂਦਾ ਹੈਂ ਤੇ ਉਨ੍ਹਾਂ ਨੂੰ ਨੰਗਾ ਛੱਡ ਦਿੰਦਾ ਹੈਂ।*+
7 ਤੂੰ ਥੱਕੇ ਹੋਏ ਨੂੰ ਪਾਣੀ ਨਹੀਂ ਪਿਲਾਉਂਦਾ,
ਤੂੰ ਭੁੱਖੇ ਨੂੰ ਰੋਟੀ ਨਹੀਂ ਖਿਲਾਉਂਦਾ।+
8 ਜੋ ਤਾਕਤਵਰ ਹੈ, ਜ਼ਮੀਨ ਉਸ ਦੀ ਹੈ,+
ਜੋ ਮੰਨਿਆ-ਪ੍ਰਮੰਨਿਆ ਹੈ, ਉਹੀ ਇਸ ਵਿਚ ਵੱਸਦਾ ਹੈ।
9 ਪਰ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਮੋੜ ਦਿੱਤਾ
ਅਤੇ ਯਤੀਮਾਂ* ਦੀਆਂ ਬਾਹਾਂ ਭੰਨ ਦਿੱਤੀਆਂ।
10 ਇਸੇ ਕਰਕੇ ਤੇਰੇ ਚਾਰੇ ਪਾਸੇ ਫੰਦੇ* ਹਨ,+
ਖ਼ੌਫ਼ ਅਚਾਨਕ ਤੈਨੂੰ ਡਰਾਉਂਦਾ ਹੈ;
11 ਇਸੇ ਕਰਕੇ ਇੰਨਾ ਹਨੇਰਾ ਹੈ ਕਿ ਤੂੰ ਦੇਖ ਨਹੀਂ ਸਕਦਾ,
ਪਾਣੀ ਦੇ ਹੜ੍ਹ ਨੇ ਤੈਨੂੰ ਢਕ ਲਿਆ ਹੈ।
12 ਕੀ ਪਰਮੇਸ਼ੁਰ ਆਕਾਸ਼ ਦੀਆਂ ਉਚਾਈਆਂ ʼਤੇ ਨਹੀਂ?
ਸਾਰੇ ਤਾਰਿਆਂ ਨੂੰ ਦੇਖ ਕਿ ਉਹ ਕਿੰਨੇ ਉੱਚੇ ਹਨ।
13 ਪਰ ਤੂੰ ਕਿਹਾ: ‘ਪਰਮੇਸ਼ੁਰ ਅਸਲ ਵਿਚ ਜਾਣਦਾ ਹੀ ਕੀ ਹੈ?
ਕੀ ਉਹ ਕਾਲੀਆਂ ਘਟਾਵਾਂ ਥਾਣੀਂ ਦੇਖ ਕੇ ਨਿਆਂ ਕਰ ਸਕਦਾ?
14 ਉਹ ਆਕਾਸ਼ ਦੇ ਗੁੰਬਦ* ਉੱਤੇ ਤੁਰਦਾ-ਫਿਰਦਾ ਹੈ,
ਬੱਦਲ ਉਸ ਅੱਗੇ ਪਰਦਾ ਕਰ ਦਿੰਦੇ ਹਨ ਜਿਸ ਕਰਕੇ ਉਹ ਦੇਖ ਨਹੀਂ ਪਾਉਂਦਾ।’
15 ਕੀ ਤੂੰ ਉਸ ਪੁਰਾਣੇ ਰਾਹ ʼਤੇ ਚੱਲੇਂਗਾ
ਜਿਸ ʼਤੇ ਦੁਸ਼ਟ ਆਦਮੀ ਚੱਲਦੇ ਆਏ ਹਨ,
16 ਹਾਂ, ਉਹ ਆਦਮੀ ਜੋ ਆਪਣੇ ਸਮੇਂ ਤੋਂ ਪਹਿਲਾਂ ਹੀ ਖੋਹ ਲਏ ਗਏ,*
17 ਉਹ ਸੱਚੇ ਪਰਮੇਸ਼ੁਰ ਨੂੰ ਕਹਿ ਰਹੇ ਸਨ: ‘ਸਾਨੂੰ ਇਕੱਲਾ ਛੱਡ ਦੇ!’
‘ਸਰਬਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’
18 ਫਿਰ ਵੀ ਉਸ ਨੇ ਹੀ ਉਨ੍ਹਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰਿਆ।
(ਅਜਿਹੀ ਬੁਰੀ ਸੋਚ ਤੋਂ ਮੈਂ ਪਰੇ ਰਹਿੰਦਾ ਹਾਂ।)
19 ਧਰਮੀ ਇਹ ਦੇਖ ਕੇ ਖ਼ੁਸ਼ ਹੋਣਗੇ
ਅਤੇ ਨਿਰਦੋਸ਼ ਇਨਸਾਨ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੋਇਆ ਕਹੇਗਾ:
20 ‘ਸਾਡੇ ਵਿਰੋਧੀ ਮਿਟ ਗਏ ਹਨ,
ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਅੱਗ ਭਸਮ ਕਰ ਦੇਵੇਗੀ।’
21 ਪਰਮੇਸ਼ੁਰ ਨੂੰ ਜਾਣ ਤੇ ਤੈਨੂੰ ਸ਼ਾਂਤੀ ਮਿਲੇਗੀ;
ਫਿਰ ਤੇਰੇ ਨਾਲ ਸਭ ਕੁਝ ਚੰਗਾ ਹੋਵੇਗਾ।
22 ਉਸ ਦੇ ਮੂੰਹੋਂ ਨਿਕਲੇ ਕਾਨੂੰਨ ਨੂੰ ਕਬੂਲ ਕਰ,
ਉਸ ਦੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖ।+
23 ਜੇ ਤੂੰ ਸਰਬਸ਼ਕਤੀਮਾਨ ਵੱਲ ਮੁੜੇਂ, ਤਾਂ ਤੂੰ ਫਿਰ ਖ਼ੁਸ਼ਹਾਲ ਹੋ ਜਾਵੇਂਗਾ;+
ਜੇ ਤੂੰ ਬੁਰਾਈ ਨੂੰ ਆਪਣੇ ਤੰਬੂ ਤੋਂ ਦੂਰ ਕਰੇਂ,
24 ਜੇ ਤੂੰ ਆਪਣਾ ਸੋਨਾ* ਖ਼ਾਕ ਵਿਚ
ਅਤੇ ਓਫੀਰ ਦਾ ਸੋਨਾ+ ਚਟਾਨੀ ਘਾਟੀਆਂ* ਵਿਚ ਸੁੱਟ ਦੇਵੇਂ,
25 ਤਾਂ ਸਰਬਸ਼ਕਤੀਮਾਨ ਤੇਰਾ ਸੋਨਾ*
ਅਤੇ ਤੇਰੀ ਉੱਤਮ ਚਾਂਦੀ ਹੋਵੇਗਾ।
26 ਫਿਰ ਤੂੰ ਸਰਬਸ਼ਕਤੀਮਾਨ ਦੇ ਕਾਰਨ ਬੇਹੱਦ ਖ਼ੁਸ਼ ਹੋਵੇਂਗਾ,
ਤੂੰ ਪਰਮੇਸ਼ੁਰ ਵੱਲ ਆਪਣਾ ਮੂੰਹ ਚੁੱਕ ਸਕੇਂਗਾ।
27 ਤੂੰ ਉਸ ਨੂੰ ਬੇਨਤੀ ਕਰੇਂਗਾ ਤੇ ਉਹ ਤੇਰੀ ਸੁਣੇਗਾ;
ਤੂੰ ਆਪਣੀਆਂ ਸੁੱਖਣਾਂ ਪੂਰੀਆਂ ਕਰੇਂਗਾ।
28 ਤੂੰ ਜੋ ਵੀ ਕਰਨ ਦੀ ਠਾਣੇਗਾ, ਉਸ ਵਿਚ ਤੂੰ ਕਾਮਯਾਬ ਹੋਵੇਂਗਾ,
ਚਾਨਣ ਤੇਰੇ ਰਾਹ ਨੂੰ ਰੌਸ਼ਨ ਕਰੇਗਾ।
29 ਜੇ ਤੂੰ ਹੰਕਾਰ ਨਾਲ ਬੋਲੇਂਗਾ, ਤਾਂ ਤੂੰ ਬੇਇੱਜ਼ਤ ਹੋਵੇਂਗਾ,
ਪਰ ਉਹ ਨਿਮਰ ਇਨਸਾਨ ਨੂੰ* ਬਚਾਵੇਗਾ।
30 ਉਹ ਉਨ੍ਹਾਂ ਨੂੰ ਬਚਾਵੇਗਾ ਜੋ ਨਿਰਦੋਸ਼ ਹਨ;
ਇਸ ਲਈ ਜੇ ਤੇਰੇ ਹੱਥ ਸ਼ੁੱਧ ਹਨ, ਤਾਂ ਤੈਨੂੰ ਜ਼ਰੂਰ ਬਚਾਇਆ ਜਾਵੇਗਾ।”