ਦੂਜਾ ਇਤਿਹਾਸ
26 ਫਿਰ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ+ ਨੂੰ ਲਿਆ ਜੋ 16 ਸਾਲਾਂ ਦਾ ਸੀ ਅਤੇ ਉਸ ਨੂੰ ਉਸ ਦੇ ਪਿਤਾ ਅਮਸਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 2 ਰਾਜੇ* ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਤੋਂ ਬਾਅਦ ਉਸ ਨੇ ਏਲੋਥ+ ਨੂੰ ਦੁਬਾਰਾ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿਚ ਰਲ਼ਾ ਲਿਆ।+ 3 ਉਜ਼ੀਯਾਹ+ 16 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 52 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਤੋਂ ਸੀ।+ 4 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ।+ 5 ਉਹ ਜ਼ਕਰਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੀ ਭਾਲ ਕਰਦਾ ਰਿਹਾ ਜਿਸ ਨੇ ਉਸ ਨੂੰ ਸੱਚੇ ਪਰਮੇਸ਼ੁਰ ਦਾ ਡਰ ਮੰਨਣਾ ਸਿਖਾਇਆ ਸੀ। ਜਦੋਂ ਤਕ ਉਹ ਯਹੋਵਾਹ ਦੀ ਭਾਲ ਕਰਦਾ ਰਿਹਾ, ਸੱਚੇ ਪਰਮੇਸ਼ੁਰ ਨੇ ਉਸ ਨੂੰ ਖ਼ੁਸ਼ਹਾਲ ਬਣਾਇਆ।+
6 ਉਹ ਗਿਆ ਅਤੇ ਫਲਿਸਤੀਆਂ ਖ਼ਿਲਾਫ਼ ਲੜਿਆ+ ਅਤੇ ਗਥ+ ਦੀ ਕੰਧ, ਯਬਨੇਹ+ ਦੀ ਕੰਧ ਅਤੇ ਅਸ਼ਦੋਦ+ ਦੀ ਕੰਧ ਤੋੜ ਕੇ ਅੰਦਰ ਵੜ ਗਿਆ। ਫਿਰ ਉਸ ਨੇ ਅਸ਼ਦੋਦ ਦੇ ਇਲਾਕੇ ਵਿਚ ਅਤੇ ਫਲਿਸਤੀਆਂ ਦੇ ਇਲਾਕੇ ਵਿਚ ਸ਼ਹਿਰ ਬਣਾਏ। 7 ਫਲਿਸਤੀਆਂ, ਗੂਰ-ਬਆਲ ਵਿਚ ਰਹਿੰਦੇ ਅਰਬੀਆਂ+ ਅਤੇ ਮਊਨੀਮ ਖ਼ਿਲਾਫ਼ ਲੜਨ ਵਿਚ ਸੱਚਾ ਪਰਮੇਸ਼ੁਰ ਉਸ ਦੀ ਮਦਦ ਕਰਦਾ ਰਿਹਾ। 8 ਅੰਮੋਨੀ+ ਉਜ਼ੀਯਾਹ ਨੂੰ ਨਜ਼ਰਾਨੇ ਦੇਣ ਲੱਗੇ। ਉਹ ਮਿਸਰ ਤਕ ਮਸ਼ਹੂਰ ਹੋ ਗਿਆ ਕਿਉਂਕਿ ਉਹ ਬਹੁਤ ਤਾਕਤਵਰ ਬਣ ਗਿਆ ਸੀ। 9 ਇਸ ਤੋਂ ਇਲਾਵਾ, ਉਜ਼ੀਯਾਹ ਨੇ ਯਰੂਸ਼ਲਮ ਵਿਚ ਕੋਨੇ ਵਾਲੇ ਫਾਟਕ ਕੋਲ,+ ਵਾਦੀ ਦੇ ਫਾਟਕ ਕੋਲ+ ਅਤੇ ਟੇਕਾਂ ਵਾਲੀ ਪੱਕੀ ਕੰਧ ਕੋਲ ਬੁਰਜ ਬਣਾਏ+ ਅਤੇ ਉਸ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ। 10 ਫਿਰ ਉਸ ਨੇ ਉਜਾੜ ਵਿਚ ਬੁਰਜ ਬਣਾਏ+ ਅਤੇ ਪਾਣੀ ਲਈ ਕਈ ਟੋਏ ਪੁੱਟੇ* (ਕਿਉਂਕਿ ਉਸ ਕੋਲ ਬਹੁਤ ਜ਼ਿਆਦਾ ਪਸ਼ੂ ਸਨ); ਉਸ ਨੇ ਸ਼ੇਫਲਾਹ ਵਿਚ ਅਤੇ ਮੈਦਾਨ* ਵਿਚ ਵੀ ਇਸੇ ਤਰ੍ਹਾਂ ਕੀਤਾ। ਪਹਾੜਾਂ ਵਿਚ ਅਤੇ ਕਰਮਲ ਵਿਚ ਉਸ ਕੋਲ ਕਿਸਾਨ ਅਤੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਸਨ ਕਿਉਂਕਿ ਉਸ ਨੂੰ ਖੇਤੀ-ਬਾੜੀ ਬਹੁਤ ਪਸੰਦ ਸੀ।
11 ਇਸ ਤੋਂ ਇਲਾਵਾ, ਉਜ਼ੀਯਾਹ ਕੋਲ ਇਕ ਫ਼ੌਜ ਸੀ ਜੋ ਯੁੱਧ ਲਈ ਤਿਆਰ ਰਹਿੰਦੀ ਸੀ। ਉਹ ਟੁਕੜੀਆਂ ਬਣਾ ਕੇ ਯੁੱਧ ਲੜਨ ਜਾਂਦੇ ਸਨ। ਸਕੱਤਰ+ ਯਈਏਲ ਅਤੇ ਅਧਿਕਾਰੀ ਮਾਸੇਯਾਹ ਨੇ ਰਾਜੇ ਦੇ ਇਕ ਹਾਕਮ ਹਨਨਯਾਹ ਅਧੀਨ ਉਨ੍ਹਾਂ ਦੀ ਗਿਣਤੀ ਕੀਤੀ ਅਤੇ ਉਨ੍ਹਾਂ ਦੇ ਨਾਂ ਦਰਜ ਕੀਤੇ।+ 12 ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਕੁੱਲ ਗਿਣਤੀ 2,600 ਸੀ ਜਿਨ੍ਹਾਂ ਨੂੰ ਇਨ੍ਹਾਂ ਤਾਕਤਵਰ ਯੋਧਿਆਂ ਉੱਤੇ ਠਹਿਰਾਇਆ ਗਿਆ ਸੀ। 13 ਉਨ੍ਹਾਂ ਦੇ ਅਧੀਨ ਹਥਿਆਰਬੰਦ ਫ਼ੌਜ ਵਿਚ 3,07,500 ਆਦਮੀ ਸਨ ਜੋ ਯੁੱਧ ਲਈ ਤਿਆਰ ਰਹਿੰਦੇ ਸਨ। ਇਹ ਇਕ ਤਾਕਤਵਰ ਫ਼ੌਜ ਸੀ ਜੋ ਦੁਸ਼ਮਣ ਖ਼ਿਲਾਫ਼ ਰਾਜੇ ਦਾ ਸਾਥ ਦਿੰਦੀ ਸੀ।+ 14 ਉਜ਼ੀਯਾਹ ਨੇ ਸਾਰੀ ਫ਼ੌਜ ਨੂੰ ਢਾਲਾਂ, ਨੇਜ਼ਿਆਂ,+ ਟੋਪਾਂ, ਸੰਜੋਆਂ,+ ਕਮਾਨਾਂ ਅਤੇ ਗੋਪੀਏ ਦੇ ਪੱਥਰਾਂ+ ਨਾਲ ਲੈਸ ਕਰਾਇਆ। 15 ਉਸ ਨੇ ਯਰੂਸ਼ਲਮ ਵਿਚ ਯੁੱਧ ਦੇ ਯੰਤਰ ਬਣਵਾਏ ਜਿਨ੍ਹਾਂ ਨੂੰ ਮਾਹਰ ਆਦਮੀਆਂ ਨੇ ਤਿਆਰ ਕੀਤਾ ਸੀ; ਉਨ੍ਹਾਂ ਨੂੰ ਬੁਰਜਾਂ+ ਉੱਤੇ ਅਤੇ ਕੰਧਾਂ ਦੇ ਖੂੰਜਿਆਂ ਉੱਤੇ ਲਾਇਆ ਗਿਆ ਅਤੇ ਉਨ੍ਹਾਂ ਨਾਲ ਤੀਰ ਮਾਰੇ ਜਾ ਸਕਦੇ ਸਨ ਅਤੇ ਵੱਡੇ-ਵੱਡੇ ਪੱਥਰ ਸੁੱਟੇ ਜਾ ਸਕਦੇ ਸਨ। ਇਸ ਤਰ੍ਹਾਂ ਉਸ ਦਾ ਨਾਂ ਦੂਰ-ਦੂਰ ਤਕ ਫੈਲ ਗਿਆ ਕਿਉਂਕਿ ਉਸ ਨੂੰ ਬਹੁਤ ਮਦਦ ਮਿਲੀ ਅਤੇ ਉਹ ਤਾਕਤਵਰ ਬਣ ਗਿਆ।
16 ਪਰ ਤਾਕਤਵਰ ਹੁੰਦਿਆਂ ਹੀ ਉਸ ਦਾ ਦਿਲ ਘਮੰਡੀ ਬਣ ਗਿਆ ਜੋ ਉਸ ਨੂੰ ਉਸ ਦੇ ਨਾਸ਼ ਵੱਲ ਲੈ ਗਿਆ ਅਤੇ ਉਸ ਨੇ ਧੂਪ ਧੁਖਾਉਣ ਦੀ ਵੇਦੀ ʼਤੇ ਧੂਪ ਧੁਖਾਉਣ ਲਈ ਯਹੋਵਾਹ ਦੇ ਮੰਦਰ ਵਿਚ ਦਾਖ਼ਲ ਹੋ ਕੇ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਵਿਸ਼ਵਾਸਘਾਤ ਕੀਤਾ।+ 17 ਉਸੇ ਵੇਲੇ ਅਜ਼ਰਯਾਹ ਪੁਜਾਰੀ ਅਤੇ ਯਹੋਵਾਹ ਦੇ 80 ਹੋਰ ਦਲੇਰ ਪੁਜਾਰੀ ਉਸ ਦੇ ਮਗਰ ਅੰਦਰ ਗਏ। 18 ਉਨ੍ਹਾਂ ਨੇ ਰਾਜਾ ਉਜ਼ੀਯਾਹ ਨੂੰ ਰੋਕਦੇ ਹੋਏ ਕਿਹਾ: “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ!+ ਸਿਰਫ਼ ਪੁਜਾਰੀ ਹੀ ਧੂਪ ਧੁਖਾ ਸਕਦੇ ਹਨ ਕਿਉਂਕਿ ਉਹ ਹਾਰੂਨ ਦੇ ਵੰਸ਼ ਵਿੱਚੋਂ ਹਨ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਗਿਆ ਹੈ। ਪਵਿੱਤਰ ਸਥਾਨ ਵਿੱਚੋਂ ਬਾਹਰ ਚਲਾ ਜਾਹ ਕਿਉਂਕਿ ਤੂੰ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਕੰਮ ਲਈ ਯਹੋਵਾਹ ਪਰਮੇਸ਼ੁਰ ਤੈਨੂੰ ਕੋਈ ਵਡਿਆਈ ਨਹੀਂ ਦੇਵੇਗਾ।”
19 ਪਰ ਉਜ਼ੀਯਾਹ, ਜਿਸ ਦੇ ਹੱਥ ਵਿਚ ਧੂਪ ਧੁਖਾਉਣ ਲਈ ਧੂਪਦਾਨ ਸੀ, ਭੜਕ ਉੱਠਿਆ;+ ਅਤੇ ਜਦੋਂ ਪੁਜਾਰੀਆਂ ਉੱਤੇ ਉਸ ਦਾ ਗੁੱਸਾ ਭੜਕਿਆ ਹੋਇਆ ਸੀ, ਤਾਂ ਯਹੋਵਾਹ ਦੇ ਭਵਨ ਵਿਚ ਧੂਪ ਧੁਖਾਉਣ ਦੀ ਵੇਦੀ ਦੇ ਨੇੜੇ ਪੁਜਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮੱਥੇ ਉੱਤੇ ਕੋੜ੍ਹ+ ਫੁੱਟ ਨਿਕਲਿਆ। 20 ਜਦੋਂ ਮੁੱਖ ਪੁਜਾਰੀ ਅਜ਼ਰਯਾਹ ਅਤੇ ਸਾਰੇ ਪੁਜਾਰੀਆਂ ਨੇ ਉਸ ਵੱਲ ਦੇਖਿਆ, ਤਾਂ ਉਨ੍ਹਾਂ ਨੂੰ ਉਸ ਦੇ ਮੱਥੇ ʼਤੇ ਕੋੜ੍ਹ ਨਿਕਲਿਆ ਨਜ਼ਰ ਆਇਆ! ਇਸ ਲਈ ਉਨ੍ਹਾਂ ਨੇ ਉਸ ਨੂੰ ਫਟਾਫਟ ਉੱਥੋਂ ਕੱਢ ਦਿੱਤਾ ਤੇ ਉਸ ਨੇ ਆਪ ਵੀ ਉੱਥੋਂ ਬਾਹਰ ਨਿਕਲਣ ਦੀ ਕੀਤੀ ਕਿਉਂਕਿ ਯਹੋਵਾਹ ਦੀ ਮਾਰ ਉਸ ਉੱਤੇ ਪਈ ਸੀ।
21 ਰਾਜਾ ਉਜ਼ੀਯਾਹ ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ ਅਤੇ ਉਹ ਕੋੜ੍ਹੀ ਵਜੋਂ ਇਕ ਵੱਖਰੇ ਘਰ ਵਿਚ ਰਿਹਾ+ ਕਿਉਂਕਿ ਉਸ ਨੂੰ ਯਹੋਵਾਹ ਦੇ ਭਵਨ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ਦਾ ਪੁੱਤਰ ਯੋਥਾਮ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਦਾ ਸੀ ਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ।+
22 ਉਜ਼ੀਯਾਹ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਆਮੋਜ਼ ਦੇ ਪੁੱਤਰ ਯਸਾਯਾਹ ਨਬੀ ਨੇ ਲਿਖੀ ਸੀ।+ 23 ਫਿਰ ਉਜ਼ੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ, ਪਰ ਰਾਜਿਆਂ ਦੇ ਕਬਰਸਤਾਨ ਦੇ ਖੇਤ ਵਿਚ ਕਿਉਂਕਿ ਉਨ੍ਹਾਂ ਨੇ ਕਿਹਾ: “ਇਹ ਕੋੜ੍ਹੀ ਹੈ।” ਅਤੇ ਉਸ ਦਾ ਪੁੱਤਰ ਯੋਥਾਮ+ ਉਸ ਦੀ ਜਗ੍ਹਾ ਰਾਜਾ ਬਣ ਗਿਆ।