ਜ਼ਬੂਰ
ਦਾਊਦ ਦਾ ਜ਼ਬੂਰ।
141 ਹੇ ਯਹੋਵਾਹ, ਮੈਂ ਤੈਨੂੰ ਪੁਕਾਰਦਾ ਹਾਂ।+
ਮੇਰੀ ਮਦਦ ਕਰਨ ਲਈ ਛੇਤੀ-ਛੇਤੀ ਆ।+
ਮੇਰੀ ਪੁਕਾਰ ਵੱਲ ਧਿਆਨ ਦੇ।+
2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+
ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+
3 ਹੇ ਯਹੋਵਾਹ, ਮੇਰੇ ਮੂੰਹ ʼਤੇ ਪਹਿਰੇਦਾਰ ਬਿਠਾ,
ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ʼਤੇ ਪਹਿਰਾ ਲਾ।+
4 ਮੇਰਾ ਦਿਲ ਬੁਰਾਈ ਵੱਲ ਨਾ ਲੱਗਣ ਦੇ+
ਤਾਂਕਿ ਮੈਂ ਦੁਸ਼ਟਾਂ ਦੇ ਨੀਚ ਕੰਮਾਂ ਦਾ ਹਿੱਸੇਦਾਰ ਨਾ ਬਣਾਂ;
ਮੇਰੇ ਦਿਲ ਵਿਚ ਉਨ੍ਹਾਂ ਦੇ ਪਕਵਾਨਾਂ ਦਾ ਕਦੀ ਲਾਲਚ ਨਾ ਆਵੇ।
5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+
ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+
ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+
ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ।
6 ਭਾਵੇਂ ਉਨ੍ਹਾਂ ਦੇ ਨਿਆਂਕਾਰਾਂ ਨੂੰ ਉੱਚੀ ਚੋਟੀ ਤੋਂ ਥੱਲੇ ਸੁੱਟਿਆ ਜਾਂਦਾ ਹੈ,
ਫਿਰ ਵੀ ਲੋਕ ਮੇਰੀਆਂ ਗੱਲਾਂ ਵੱਲ ਧਿਆਨ ਦੇਣਗੇ ਕਿਉਂਕਿ ਇਹ ਦਿਲ ਨੂੰ ਭਾਉਂਦੀਆਂ ਹਨ।
7 ਜਿਵੇਂ ਕੋਈ ਹਲ਼ ਵਾਹ ਕੇ ਮਿੱਟੀ ਦੇ ਢੇਲੇ ਤੋੜਦਾ ਹੈ,
ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ* ਦੇ ਮੂੰਹ ʼਤੇ ਖਿਲਾਰੀਆਂ ਗਈਆਂ ਹਨ।
8 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੇਰੀਆਂ ਅੱਖਾਂ ਤੇਰੇ ʼਤੇ ਲੱਗੀਆਂ ਰਹਿੰਦੀਆਂ ਹਨ।+
ਮੈਂ ਤੇਰੇ ਕੋਲ ਪਨਾਹ ਲਈ ਹੈ।
ਮੇਰੀ ਜਾਨ ਨਾ ਲੈ।
9 ਦੁਸ਼ਟਾਂ ਨੇ ਮੇਰੇ ਲਈ ਜੋ ਫੰਦਾ ਲਾਇਆ ਹੈ, ਉਸ ਤੋਂ ਮੈਨੂੰ ਬਚਾ,
ਹਾਂ, ਉਨ੍ਹਾਂ ਦੀਆਂ ਫਾਹੀਆਂ ਤੋਂ ਮੇਰੀ ਰਾਖੀ ਕਰ।
10 ਦੁਸ਼ਟ ਆਪਣੇ ਹੀ ਜਾਲ਼ ਵਿਚ ਫਸ ਜਾਣਗੇ,+
ਪਰ ਮੈਂ ਬਚ ਨਿਕਲਾਂਗਾ।