ਗਿਣਤੀ
31 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਮਿਦਿਆਨੀਆਂ ਤੋਂ ਇਜ਼ਰਾਈਲੀਆਂ ਦਾ ਬਦਲਾ ਲੈ।+ ਇਸ ਤੋਂ ਬਾਅਦ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ।”*+
3 ਇਸ ਲਈ ਮੂਸਾ ਨੇ ਲੋਕਾਂ ਨੂੰ ਕਿਹਾ: “ਆਪਣੇ ਵਿੱਚੋਂ ਕੁਝ ਆਦਮੀਆਂ ਨੂੰ ਮਿਦਿਆਨੀਆਂ ਦੇ ਖ਼ਿਲਾਫ਼ ਲੜਾਈ ਲਈ ਤਿਆਰ ਕਰੋ ਤਾਂਕਿ ਉਹ ਯਹੋਵਾਹ ਵੱਲੋਂ ਮਿਦਿਆਨੀਆਂ ਤੋਂ ਬਦਲਾ ਲੈਣ। 4 ਤੁਸੀਂ ਇਜ਼ਰਾਈਲ ਦੇ ਹਰ ਗੋਤ ਵਿੱਚੋਂ 1,000 ਆਦਮੀ ਲੜਾਈ ਲਈ ਭੇਜੋ।” 5 ਇਸ ਕਰਕੇ ਇਜ਼ਰਾਈਲੀਆਂ ਦੇ ਹਰ ਗੋਤ ਨੇ ਆਪਣੇ ਹਜ਼ਾਰਾਂ ਆਦਮੀਆਂ+ ਵਿੱਚੋਂ 1,000 ਆਦਮੀ ਲੜਾਈ ਲਈ ਘੱਲੇ। ਇਸ ਲਈ ਲੜਾਈ ਲਈ ਤਿਆਰ ਫ਼ੌਜੀਆਂ ਦੀ ਕੁੱਲ ਗਿਣਤੀ 12,000 ਸੀ।
6 ਫਿਰ ਮੂਸਾ ਨੇ ਸਾਰੇ ਗੋਤਾਂ ਵਿੱਚੋਂ 1,000-1,000 ਆਦਮੀਆਂ ਨੂੰ ਲੜਨ ਲਈ ਘੱਲਿਆ ਅਤੇ ਉਨ੍ਹਾਂ ਆਦਮੀਆਂ ਨਾਲ ਪੁਜਾਰੀ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਵੀ ਸੀ। ਉਸ ਦੇ ਹੱਥ ਵਿਚ ਪਵਿੱਤਰ ਭਾਂਡੇ ਅਤੇ ਯੁੱਧ ਦਾ ਐਲਾਨ ਕਰਨ ਵੇਲੇ ਵਜਾਈਆਂ ਜਾਣ ਵਾਲੀਆਂ ਤੁਰ੍ਹੀਆਂ ਸਨ।+ 7 ਉਨ੍ਹਾਂ ਨੇ ਮਿਦਿਆਨੀਆਂ ਨਾਲ ਯੁੱਧ ਕੀਤਾ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਜਾਨੋਂ ਮਾਰ ਦਿੱਤਾ। 8 ਉਨ੍ਹਾਂ ਨੇ ਬਾਕੀਆਂ ਦੇ ਨਾਲ ਮਿਦਿਆਨ ਦੇ ਪੰਜਾਂ ਰਾਜਿਆਂ ਨੂੰ ਵੀ ਵੱਢ ਸੁੱਟਿਆ ਜਿਨ੍ਹਾਂ ਦੇ ਨਾਂ ਸਨ ਅੱਵੀ, ਰਕਮ, ਸੂਰ, ਹੂਰ ਅਤੇ ਰਬਾ। ਉਨ੍ਹਾਂ ਨੇ ਬਿਓਰ ਦੇ ਪੁੱਤਰ ਬਿਲਾਮ+ ਨੂੰ ਵੀ ਤਲਵਾਰ ਨਾਲ ਵੱਢ ਸੁੱਟਿਆ। 9 ਪਰ ਉਹ ਮਿਦਿਆਨੀ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ। ਨਾਲੇ ਉਨ੍ਹਾਂ ਨੇ ਮਿਦਿਆਨੀਆਂ ਦੇ ਸਾਰੇ ਗਾਂਵਾਂ-ਬਲਦ, ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਸਾਰੀਆਂ ਚੀਜ਼ਾਂ ਲੁੱਟ ਲਈਆਂ। 10 ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦੇ ਸਾਰੇ ਡੇਰਿਆਂ* ਅਤੇ ਸ਼ਹਿਰਾਂ ਨੂੰ ਅੱਗ ਨਾਲ ਸਾੜ ਦਿੱਤਾ ਜਿਨ੍ਹਾਂ ਵਿਚ ਉਹ ਵੱਸੇ ਹੋਏ ਸਨ। 11 ਉਨ੍ਹਾਂ ਨੇ ਮਿਦਿਆਨੀਆਂ ਦਾ ਸਭ ਕੁਝ ਲੁੱਟ ਲਿਆ ਅਤੇ ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਜਾਨਵਰ ਲੈ ਲਏ। 12 ਫਿਰ ਉਹ ਸਾਰੇ ਬੰਦੀ ਬਣਾਏ ਲੋਕਾਂ ਅਤੇ ਲੁੱਟ ਦੇ ਮਾਲ ਨੂੰ ਮੂਸਾ, ਪੁਜਾਰੀ ਅਲਆਜ਼ਾਰ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਲੈ ਆਏ ਜਿਹੜੇ ਉਸ ਵੇਲੇ ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਸਨ।+
13 ਫਿਰ ਮੂਸਾ, ਪੁਜਾਰੀ ਅਲਆਜ਼ਾਰ ਅਤੇ ਮੰਡਲੀ ਦੇ ਸਾਰੇ ਮੁਖੀ ਛਾਉਣੀ ਤੋਂ ਬਾਹਰ ਉਨ੍ਹਾਂ ਨੂੰ ਮਿਲਣ ਗਏ। 14 ਪਰ ਮੂਸਾ ਲੜਾਈ ਤੋਂ ਵਾਪਸ ਆਏ ਫ਼ੌਜ ਦੇ ਅਫ਼ਸਰਾਂ ਉੱਤੇ ਭੜਕਿਆ ਜਿਹੜੇ ਹਜ਼ਾਰਾਂ ਦੇ ਮੁਖੀ ਅਤੇ ਸੈਂਕੜਿਆਂ ਦੇ ਮੁਖੀ ਸਨ। 15 ਮੂਸਾ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਸਾਰੀਆਂ ਤੀਵੀਆਂ ਨੂੰ ਜੀਉਂਦਾ ਰੱਖਿਆ ਹੈ? 16 ਯਾਦ ਕਰੋ ਕਿ ਬਿਲਾਮ ਦੇ ਕਹਿਣ ʼਤੇ ਇਨ੍ਹਾਂ ਔਰਤਾਂ ਨੇ ਇਜ਼ਰਾਈਲੀਆਂ ਨੂੰ ਪਿਓਰ ਦੇ ਮਾਮਲੇ ਵਿਚ+ ਯਹੋਵਾਹ ਨਾਲ ਵਿਸ਼ਵਾਸਘਾਤ ਕਰਨ ਲਈ ਭਰਮਾਇਆ ਸੀ+ ਜਿਸ ਕਰਕੇ ਯਹੋਵਾਹ ਦੀ ਮੰਡਲੀ ਉੱਤੇ ਕਹਿਰ ਵਰ੍ਹਿਆ ਸੀ।+ 17 ਹੁਣ ਤੁਸੀਂ ਮਿਦਿਆਨੀ ਬੱਚਿਆਂ ਵਿੱਚੋਂ ਸਾਰੇ ਮੁੰਡਿਆਂ ਨੂੰ ਜਾਨੋਂ ਮਾਰ ਦਿਓ ਅਤੇ ਉਨ੍ਹਾਂ ਔਰਤਾਂ ਨੂੰ ਵੀ ਮਾਰ ਦਿਓ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਬਣਾਏ ਹਨ। 18 ਪਰ ਤੁਸੀਂ ਸਾਰੀਆਂ ਜਵਾਨ ਕੁੜੀਆਂ ਨੂੰ ਜੀਉਂਦਾ ਰੱਖੋ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਹਨ।+ 19 ਅਤੇ ਤੁਸੀਂ ਸੱਤ ਦਿਨ ਛਾਉਣੀ ਤੋਂ ਬਾਹਰ ਰਹੋ। ਜਿਸ ਨੇ ਵੀ ਕਿਸੇ ਨੂੰ ਜਾਨੋਂ ਮਾਰਿਆ ਹੈ ਜਾਂ ਕਿਸੇ ਲਾਸ਼ ਨੂੰ ਹੱਥ ਲਾਇਆ ਹੈ,+ ਉਹ ਆਪਣੇ ਆਪ ਨੂੰ ਤੀਸਰੇ ਅਤੇ ਸੱਤਵੇਂ ਦਿਨ ਸ਼ੁੱਧ ਕਰੇ।+ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਆਂਦਾ ਗਿਆ ਹੈ, ਉਹ ਵੀ ਆਪਣੇ ਆਪ ਨੂੰ ਸ਼ੁੱਧ ਕਰਨ। 20 ਨਾਲੇ ਤੁਸੀਂ ਹਰੇਕ ਕੱਪੜਾ, ਚਮੜੇ ਦੀ ਬਣੀ ਹਰ ਚੀਜ਼, ਬੱਕਰੀ ਦੇ ਵਾਲ਼ਾਂ ਦੀ ਬਣੀ ਹਰ ਚੀਜ਼ ਅਤੇ ਲੱਕੜ ਦੀ ਬਣੀ ਹਰ ਚੀਜ਼ ਨੂੰ ਵੀ ਸ਼ੁੱਧ ਕਰੋ।”
21 ਫਿਰ ਪੁਜਾਰੀ ਅਲਆਜ਼ਾਰ ਨੇ ਲੜਾਈ ਵਿਚ ਗਏ ਫ਼ੌਜੀਆਂ ਨੂੰ ਕਿਹਾ: “ਮੂਸਾ ਦੇ ਜ਼ਰੀਏ ਯਹੋਵਾਹ ਨੇ ਇਹ ਕਾਨੂੰਨ ਦਿੱਤਾ ਹੈ, 22 ‘ਸੋਨੇ, ਚਾਂਦੀ, ਤਾਂਬੇ, ਲੋਹੇ, ਟੀਨ ਅਤੇ ਸਿੱਕੇ ਨੂੰ 23 ਯਾਨੀ ਹਰ ਉਸ ਚੀਜ਼ ਨੂੰ ਤੁਸੀਂ ਅੱਗ ਵਿਚ ਪਾ ਕੇ ਸ਼ੁੱਧ ਕਰੋ ਜਿਸ ਨੂੰ ਅੱਗ ਵਿਚ ਤਾਇਆ ਜਾ ਸਕਦਾ ਹੈ ਅਤੇ ਇਹ ਸ਼ੁੱਧ ਹੋ ਜਾਵੇਗੀ। ਪਰ ਇਸ ਨੂੰ ਸ਼ੁੱਧ ਕਰਨ ਵਾਲੇ ਪਾਣੀ ਨਾਲ ਵੀ ਸ਼ੁੱਧ ਕੀਤਾ ਜਾਵੇ।+ ਜਿਹੜੀ ਚੀਜ਼ ਨੂੰ ਅੱਗ ਵਿਚ ਤਾਇਆ ਨਹੀਂ ਜਾ ਸਕਦਾ, ਤੁਸੀਂ ਉਸ ਨੂੰ ਪਾਣੀ ਨਾਲ ਧੋਵੋ। 24 ਤੁਸੀਂ ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਅਤੇ ਸ਼ੁੱਧ ਹੋ ਜਾਓ। ਫਿਰ ਤੁਸੀਂ ਛਾਉਣੀ ਵਿਚ ਆ ਸਕਦੇ ਹੋ।’”+
25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 26 “ਤੂੰ ਪੁਜਾਰੀ ਅਲਆਜ਼ਾਰ ਅਤੇ ਇਜ਼ਰਾਈਲੀਆਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨਾਲ ਮਿਲ ਕੇ ਸਾਰੇ ਲੁੱਟ ਦੇ ਮਾਲ ਦੀ ਸੂਚੀ ਬਣਾ ਅਤੇ ਬੰਦੀ ਬਣਾਏ ਗਏ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰ। 27 ਲੁੱਟ ਦਾ ਮਾਲ ਦੋ ਹਿੱਸਿਆਂ ਵਿਚ ਵੰਡ ਦੇ। ਇਕ ਹਿੱਸਾ ਯੁੱਧ ਵਿਚ ਗਏ ਫ਼ੌਜੀਆਂ ਨੂੰ ਮਿਲੇਗਾ ਅਤੇ ਦੂਜਾ ਹਿੱਸਾ ਮੰਡਲੀ ਦੇ ਬਾਕੀ ਲੋਕਾਂ ਨੂੰ ਮਿਲੇਗਾ।+ 28 ਤੂੰ ਫ਼ੌਜੀਆਂ ਤੋਂ ਯਹੋਵਾਹ ਲਈ ਟੈਕਸ ਲੈ। ਉਨ੍ਹਾਂ ਤੋਂ ਹਰ 500-500 ਬੰਦੀ ਬਣਾਏ ਗਏ ਲੋਕਾਂ ਵਿੱਚੋਂ ਇਕ-ਇਕ ਜਣਾ ਟੈਕਸ ਵਜੋਂ ਲੈ। ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ ਅਤੇ ਭੇਡਾਂ-ਬੱਕਰੀਆਂ ਵਿੱਚੋਂ ਵੀ ਲੈ। 29 ਤੂੰ ਫ਼ੌਜੀਆਂ ਦੇ ਅੱਧੇ ਹਿੱਸੇ ਵਿੱਚੋਂ ਇਹ ਟੈਕਸ ਲੈ ਕੇ ਪੁਜਾਰੀ ਅਲਆਜ਼ਾਰ ਨੂੰ ਦੇ। ਇਹ ਯਹੋਵਾਹ ਲਈ ਦਾਨ ਹੋਵੇਗਾ।+ 30 ਇਜ਼ਰਾਈਲੀਆਂ ਨੂੰ ਜੋ ਅੱਧਾ ਹਿੱਸਾ ਮਿਲੇਗਾ, ਉਸ ਵਿੱਚੋਂ ਹਰ 50-50 ਲੋਕਾਂ ਵਿੱਚੋਂ ਇਕ-ਇਕ ਲੈ ਕੇ ਲੇਵੀਆਂ ਨੂੰ ਦੇ+ ਜਿਹੜੇ ਯਹੋਵਾਹ ਦੇ ਡੇਰੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।+ ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ, ਭੇਡਾਂ-ਬੱਕਰੀਆਂ ਅਤੇ ਹਰ ਤਰ੍ਹਾਂ ਦੇ ਪਾਲਤੂ ਪਸ਼ੂਆਂ ਵਿੱਚੋਂ ਵੀ ਲੈ ਕੇ ਉਨ੍ਹਾਂ ਨੂੰ ਦੇ।”
31 ਇਸ ਲਈ ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 32 ਫ਼ੌਜੀਆਂ ਦੁਆਰਾ ਲੁੱਟੇ ਮਾਲ ਵਿੱਚੋਂ ਜੋ ਬਾਕੀ ਬਚਿਆ ਸੀ, ਉਸ ਵਿਚ 6,75,000 ਭੇਡਾਂ-ਬੱਕਰੀਆਂ, 33 72,000 ਗਾਂਵਾਂ-ਬਲਦ 34 ਅਤੇ 61,000 ਗਧੇ ਸਨ। 35 ਉਨ੍ਹਾਂ ਕੁੜੀਆਂ ਦੀ ਕੁੱਲ ਗਿਣਤੀ 32,000 ਸੀ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ।+ 36 ਫ਼ੌਜੀਆਂ ਦੇ ਹਿੱਸੇ ਆਈਆਂ ਭੇਡਾਂ-ਬੱਕਰੀਆਂ ਦੀ ਗਿਣਤੀ 3,37,500 ਸੀ। 37 ਉਨ੍ਹਾਂ ਤੋਂ 675 ਭੇਡਾਂ-ਬੱਕਰੀਆਂ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਈਆਂ ਗਈਆਂ। 38 ਅਤੇ ਫ਼ੌਜੀਆਂ ਨੂੰ 36,000 ਗਾਂਵਾਂ-ਬਲਦ ਦਿੱਤੇ ਗਏ ਅਤੇ ਉਨ੍ਹਾਂ ਤੋਂ 72 ਗਾਂਵਾਂ-ਬਲਦ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 39 ਫ਼ੌਜੀਆਂ ਨੂੰ 30,500 ਗਧੇ ਦਿੱਤੇ ਗਏ ਅਤੇ ਉਨ੍ਹਾਂ ਤੋਂ 61 ਗਧੇ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 40 ਫ਼ੌਜੀਆਂ ਦੇ ਹਿੱਸੇ 16,000 ਇਨਸਾਨ ਆਏ ਅਤੇ ਉਨ੍ਹਾਂ ਤੋਂ 32 ਇਨਸਾਨ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 41 ਫਿਰ ਮੂਸਾ ਨੇ ਇਹ ਸਾਰਾ ਟੈਕਸ ਪੁਜਾਰੀ ਅਲਆਜ਼ਾਰ ਨੂੰ ਦੇ ਦਿੱਤਾ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਹ ਟੈਕਸ ਯਹੋਵਾਹ ਲਈ ਦਾਨ ਸੀ।+
42 ਫ਼ੌਜੀਆਂ ਨੂੰ ਉਨ੍ਹਾਂ ਦਾ ਹਿੱਸਾ ਦੇਣ ਤੋਂ ਬਾਅਦ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਅੱਧਾ ਹਿੱਸਾ ਦਿੱਤਾ: 43 ਭੇਡਾਂ-ਬੱਕਰੀਆਂ ਵਿੱਚੋਂ 3,37,500, 44 ਗਾਂਵਾਂ-ਬਲਦਾਂ ਵਿੱਚੋਂ 36,000, 45 ਗਧਿਆਂ ਵਿੱਚੋਂ 30,500, 46 ਇਨਸਾਨ ਵਿੱਚੋਂ 16,000 ਜਣੇ। 47 ਫਿਰ ਇਜ਼ਰਾਈਲੀਆਂ ਨੂੰ ਜੋ ਅੱਧਾ ਹਿੱਸਾ ਦਿੱਤਾ ਗਿਆ ਸੀ, ਉਸ ਵਿੱਚੋਂ ਮੂਸਾ ਨੇ ਹਰ 50-50 ਲੋਕਾਂ ਅਤੇ 50-50 ਜਾਨਵਰਾਂ ਵਿੱਚੋਂ ਇਕ-ਇਕ ਲੈ ਕੇ ਲੇਵੀਆਂ ਨੂੰ ਦਿੱਤਾ+ ਜਿਹੜੇ ਯਹੋਵਾਹ ਦੇ ਡੇਰੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
48 ਫਿਰ ਫ਼ੌਜ ਵਿਚ ਹਜ਼ਾਰਾਂ ਦੇ ਆਗੂਆਂ+ ਯਾਨੀ ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਨੇ ਆ ਕੇ 49 ਮੂਸਾ ਨੂੰ ਕਿਹਾ: “ਤੇਰੇ ਸੇਵਕਾਂ ਨੇ ਸਾਰੇ ਫ਼ੌਜੀਆਂ ਦੀ ਗਿਣਤੀ ਕੀਤੀ ਹੈ ਜਿਹੜੇ ਸਾਡੀ ਕਮਾਨ ਅਧੀਨ ਹਨ। ਸਾਡੇ ਵਿੱਚੋਂ ਇਕ ਵੀ ਫ਼ੌਜੀ ਘੱਟ ਨਹੀਂ ਹੈ।+ 50 ਇਸ ਲਈ ਸਾਡੇ ਵਿੱਚੋਂ ਹਰ ਕੋਈ ਯਹੋਵਾਹ ਨੂੰ ਭੇਟ ਦੇਣੀ ਚਾਹੁੰਦਾ ਹੈ ਤਾਂਕਿ ਅਸੀਂ ਯਹੋਵਾਹ ਸਾਮ੍ਹਣੇ ਆਪਣੇ ਪਾਪ ਮਿਟਾ ਸਕੀਏ। ਅਸੀਂ ਜੋ ਕੁਝ ਹਾਸਲ ਕੀਤਾ ਹੈ, ਉਸ ਵਿੱਚੋਂ ਸੋਨੇ ਦੀਆਂ ਚੀਜ਼ਾਂ, ਝਾਂਜਰਾਂ, ਕੰਗਣ, ਮੁਹਰ ਵਾਲੀਆਂ ਅੰਗੂਠੀਆਂ, ਕੰਨਾਂ ਦੀਆਂ ਵਾਲ਼ੀਆਂ ਅਤੇ ਹੋਰ ਗਹਿਣੇ ਭੇਟ ਕਰਨ ਲਈ ਲਿਆਏ ਹਾਂ।”
51 ਇਸ ਲਈ ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਉਨ੍ਹਾਂ ਤੋਂ ਸਾਰਾ ਸੋਨਾ ਯਾਨੀ ਸਾਰੇ ਗਹਿਣੇ ਕਬੂਲ ਕੀਤੇ। 52 ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਨੇ ਯਹੋਵਾਹ ਨੂੰ ਜਿੰਨਾ ਸੋਨਾ ਦਾਨ ਕੀਤਾ ਸੀ, ਉਸ ਦਾ ਭਾਰ 16,750 ਸ਼ੇਕੇਲ* ਸੀ। 53 ਹਰ ਫ਼ੌਜੀ ਨੇ ਲੁੱਟ ਦੇ ਮਾਲ ਵਿੱਚੋਂ ਆਪਣਾ ਹਿੱਸਾ ਲਿਆ। 54 ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਤੋਂ ਸੋਨਾ ਕਬੂਲ ਕੀਤਾ ਅਤੇ ਇਸ ਨੂੰ ਯਹੋਵਾਹ ਸਾਮ੍ਹਣੇ ਇਜ਼ਰਾਈਲ ਦੇ ਲੋਕਾਂ ਲਈ ਯਾਦਗਾਰ ਵਜੋਂ ਮੰਡਲੀ ਦੇ ਤੰਬੂ ਵਿਚ ਰੱਖ ਦਿੱਤਾ।