ਬਿਵਸਥਾ ਸਾਰ
5 ਫਿਰ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਬੁਲਾ ਕੇ ਕਿਹਾ: “ਹੇ ਇਜ਼ਰਾਈਲ ਦੇ ਲੋਕੋ, ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ। ਤੁਸੀਂ ਇਨ੍ਹਾਂ ਬਾਰੇ ਸਿੱਖੋ ਅਤੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰੋ। 2 ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿਚ ਸਾਡੇ ਨਾਲ ਇਕਰਾਰ ਕੀਤਾ ਸੀ।+ 3 ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਨਹੀਂ, ਸਗੋਂ ਸਾਡੇ ਨਾਲ ਇਕਰਾਰ ਕੀਤਾ ਜਿਹੜੇ ਅੱਜ ਇੱਥੇ ਮੌਜੂਦ ਹਨ। 4 ਯਹੋਵਾਹ ਨੇ ਪਹਾੜ ਤੋਂ ਅੱਗ ਦੇ ਵਿੱਚੋਂ ਤੁਹਾਡੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕੀਤੀ।+ 5 ਉਸ ਵੇਲੇ ਮੈਂ ਤੁਹਾਨੂੰ ਯਹੋਵਾਹ ਦਾ ਬਚਨ ਸੁਣਾਉਣ ਲਈ ਤੁਹਾਡੇ ਅਤੇ ਯਹੋਵਾਹ ਦੇ ਵਿਚਕਾਰ ਖੜ੍ਹਾ ਸੀ+ ਕਿਉਂਕਿ ਤੁਸੀਂ ਪਹਾੜ ʼਤੇ ਅੱਗ ਦੇਖ ਕੇ ਡਰ ਗਏ ਅਤੇ ਪਹਾੜ ਉੱਤੇ ਨਹੀਂ ਗਏ।+ ਫਿਰ ਪਰਮੇਸ਼ੁਰ ਨੇ ਕਿਹਾ:
6 “‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 7 ਮੇਰੇ ਤੋਂ ਇਲਾਵਾ ਤੁਹਾਡਾ ਕੋਈ ਹੋਰ ਈਸ਼ਵਰ ਨਾ ਹੋਵੇ।*+
8 “‘ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ+ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ʼਤੇ ਹੋਵੇ ਜਾਂ ਪਾਣੀਆਂ ਦੇ ਵਿਚ। 9 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਜਾਂ ਕਿਸੇ ਦੇ ਬਹਿਕਾਵੇ ਵਿਚ ਆ ਕੇ ਉਨ੍ਹਾਂ ਦੀ ਭਗਤੀ ਨਾ ਕਰ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ।+ 10 ਪਰ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਮੈਂ ਅਟੱਲ ਪਿਆਰ ਕਰਦਾ ਹਾਂ।
11 “‘ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਨਾ ਕਰ*+ ਕਿਉਂਕਿ ਜਿਹੜਾ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਕਰਦਾ ਹੈ, ਉਹ ਉਸ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਦਾ।+
12 “‘ਤੂੰ ਸਬਤ ਦਾ ਦਿਨ ਮਨਾ ਤਾਂਕਿ ਇਹ ਪਵਿੱਤਰ ਰਹੇ, ਠੀਕ ਜਿਵੇਂ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਹੈ।+ 13 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+ 14 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ।+ ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ,+ ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲਦ, ਨਾ ਤੇਰਾ ਗਧਾ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ+ ਤਾਂਕਿ ਤੇਰਾ ਦਾਸ ਅਤੇ ਤੇਰੀ ਦਾਸੀ ਤੇਰੇ ਵਾਂਗ ਆਰਾਮ ਕਰਨ।+ 15 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਉੱਥੋਂ ਕੱਢ ਲਿਆਇਆ ਸੀ।+ ਇਸੇ ਕਰਕੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੱਤਾ ਸੀ।
16 “‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ,+ ਜਿਵੇਂ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਹੈ ਤਾਂਕਿ ਉਸ ਦੇਸ਼ ਵਿਚ ਤੇਰੀ ਉਮਰ ਲੰਬੀ ਹੋਵੇ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਵੇਗਾ ਅਤੇ ਤੂੰ ਵਧੇ-ਫੁੱਲੇਂ।*+
17 “‘ਤੂੰ ਖ਼ੂਨ ਨਾ ਕਰ।+
18 “‘ਤੂੰ ਹਰਾਮਕਾਰੀ ਨਾ ਕਰ।+
19 “‘ਤੂੰ ਚੋਰੀ ਨਾ ਕਰ।+
20 “‘ਤੂੰ ਆਪਣੇ ਗੁਆਂਢੀ ਦੇ ਖ਼ਿਲਾਫ਼ ਝੂਠੀ ਗਵਾਹੀ ਨਾ ਦੇ।+
21 “‘ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਰੱਖ+ ਅਤੇ ਨਾ ਹੀ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਕਰ ਅਤੇ ਨਾ ਹੀ ਉਸ ਦੇ ਖੇਤ, ਨਾ ਹੀ ਉਸ ਦੇ ਦਾਸ, ਨਾ ਹੀ ਉਸ ਦੀ ਦਾਸੀ, ਨਾ ਹੀ ਉਸ ਦੇ ਬਲਦ, ਨਾ ਹੀ ਉਸ ਦੇ ਗਧੇ ਤੇ ਨਾ ਹੀ ਉਸ ਦੀ ਕਿਸੇ ਵੀ ਚੀਜ਼ ਦਾ ਲਾਲਚ ਕਰ।’+
22 “ਯਹੋਵਾਹ ਨੇ ਤੁਹਾਡੀ ਸਾਰੀ ਮੰਡਲੀ ਨੂੰ ਇਹ ਹੁਕਮ* ਪਹਾੜ ʼਤੇ ਅੱਗ, ਬੱਦਲ ਅਤੇ ਘੁੱਪ ਹਨੇਰੇ+ ਵਿੱਚੋਂ ਉੱਚੀ ਆਵਾਜ਼ ਵਿਚ ਬੋਲ ਕੇ ਦਿੱਤੇ ਸਨ। ਉਸ ਨੇ ਇਨ੍ਹਾਂ ਸ਼ਬਦਾਂ ਵਿਚ ਹੋਰ ਕੁਝ ਨਹੀਂ ਜੋੜਿਆ। ਫਿਰ ਉਸ ਨੇ ਇਹ ਹੁਕਮ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤੇ।+
23 “ਪਰ ਜਦੋਂ ਪਹਾੜ ʼਤੇ ਅੱਗ ਬਲ਼ ਰਹੀ ਸੀ, ਤਾਂ ਜਿਉਂ ਹੀ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ,+ ਤਾਂ ਤੁਹਾਡੇ ਗੋਤਾਂ ਦੇ ਸਾਰੇ ਮੁਖੀ ਅਤੇ ਬਜ਼ੁਰਗ ਮੇਰੇ ਕੋਲ ਆਏ। 24 ਫਿਰ ਤੁਸੀਂ ਕਿਹਾ, ‘ਅੱਜ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਆਪਣੀ ਮਹਿਮਾ ਅਤੇ ਮਹਾਨਤਾ ਦਿਖਾਈ ਹੈ ਅਤੇ ਅਸੀਂ ਅੱਗ ਵਿੱਚੋਂ ਉਸ ਦੀ ਆਵਾਜ਼ ਸੁਣੀ ਹੈ।+ ਹੁਣ ਅਸੀਂ ਦੇਖ ਲਿਆ ਹੈ ਕਿ ਪਰਮੇਸ਼ੁਰ ਨਾਲ ਗੱਲ ਕਰ ਕੇ ਵੀ ਇਨਸਾਨ ਜੀਉਂਦਾ ਰਹਿ ਸਕਦਾ ਹੈ।+ 25 ਪਰ ਸਾਨੂੰ ਡਰ ਹੈ ਕਿ ਕਿਤੇ ਇਹ ਅੱਗ ਦਾ ਭਾਂਬੜ ਸਾਨੂੰ ਭਸਮ ਨਾ ਕਰ ਦੇਵੇ ਤੇ ਅਸੀਂ ਮਰ ਨਾ ਜਾਈਏ। ਜੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਲਗਾਤਾਰ ਸੁਣਦੇ ਰਹੇ, ਤਾਂ ਅਸੀਂ ਪੱਕਾ ਮਰ ਜਾਵਾਂਗੇ। 26 ਕੀ ਕਦੀ ਕੋਈ ਇਨਸਾਨ ਅੱਗ ਦੇ ਵਿੱਚੋਂ ਜੀਉਂਦੇ ਪਰਮੇਸ਼ੁਰ ਦੀ ਆਵਾਜ਼ ਸੁਣ ਕੇ ਜੀਉਂਦਾ ਬਚਿਆ ਹੈ ਜਿਵੇਂ ਅਸੀਂ ਸੁਣ ਕੇ ਜੀਉਂਦੇ ਬਚੇ ਹਾਂ? 27 ਤੂੰ ਆਪ ਸਾਡੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਜਾ ਕੇ ਉਸ ਦੀਆਂ ਸਾਰੀਆਂ ਗੱਲਾਂ ਸੁਣ ਅਤੇ ਫਿਰ ਵਾਪਸ ਆ ਕੇ ਸਾਨੂੰ ਦੱਸੀਂ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਕੀ-ਕੀ ਦੱਸਿਆ ਹੈ। ਅਸੀਂ ਤੇਰੇ ਤੋਂ ਸਾਰੀਆਂ ਗੱਲਾਂ ਸੁਣਾਂਗੇ ਅਤੇ ਉਸ ਮੁਤਾਬਕ ਚੱਲਾਂਗੇ।’+
28 “ਇਸ ਲਈ ਤੁਸੀਂ ਮੈਨੂੰ ਜੋ ਵੀ ਕਿਹਾ, ਉਹ ਯਹੋਵਾਹ ਨੇ ਸੁਣਿਆ ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਇਨ੍ਹਾਂ ਲੋਕਾਂ ਨੇ ਤੈਨੂੰ ਜੋ ਕਿਹਾ ਹੈ, ਉਹ ਮੈਂ ਸੁਣਿਆ ਹੈ। ਇਹ ਲੋਕ ਠੀਕ ਕਹਿੰਦੇ ਹਨ।+ 29 ਜੇ ਉਹ ਹਮੇਸ਼ਾ ਦਿਲੋਂ ਮੇਰਾ ਡਰ ਮੰਨਣਗੇ+ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ,+ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਹਮੇਸ਼ਾ ਭਲਾ ਹੋਵੇਗਾ!+ 30 ਉਨ੍ਹਾਂ ਨੂੰ ਜਾ ਕੇ ਕਹਿ: “ਆਪੋ-ਆਪਣੇ ਤੰਬੂਆਂ ਵਿਚ ਵਾਪਸ ਚਲੇ ਜਾਓ।” 31 ਪਰ ਤੂੰ ਇੱਥੇ ਮੇਰੇ ਕੋਲ ਰਹਿ ਅਤੇ ਮੈਂ ਤੈਨੂੰ ਸਾਰੇ ਹੁਕਮ, ਨਿਯਮ ਅਤੇ ਕਾਨੂੰਨ ਦੱਸਾਂਗਾ। ਤੂੰ ਇਹ ਸਭ ਲੋਕਾਂ ਨੂੰ ਸਿਖਾਈਂ ਅਤੇ ਉਹ ਉਸ ਦੇਸ਼ ਵਿਚ ਇਨ੍ਹਾਂ ਦੀ ਪਾਲਣਾ ਕਰਨ ਜੋ ਮੈਂ ਉਨ੍ਹਾਂ ਦੇ ਕਬਜ਼ੇ ਹੇਠ ਕਰ ਦਿਆਂਗਾ।’ 32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+ 33 ਤੁਸੀਂ ਉਸ ਰਾਹ ʼਤੇ ਚੱਲੋ ਜਿਸ ਉੱਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ+ ਤਾਂਕਿ ਤੁਸੀਂ ਜੀਉਂਦੇ ਰਹੋ, ਵਧੋ-ਫੁੱਲੋ ਅਤੇ ਲੰਬੇ ਸਮੇਂ ਤਕ ਉਸ ਦੇਸ਼ ਵਿਚ ਰਹਿ ਸਕੋ ਜਿਸ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+