ਲੇਵੀਆਂ
1 ਫਿਰ ਯਹੋਵਾਹ ਨੇ ਮੂਸਾ ਨੂੰ ਬੁਲਾਇਆ ਅਤੇ ਉਸ ਨਾਲ ਮੰਡਲੀ ਦੇ ਤੰਬੂ+ ਵਿੱਚੋਂ ਗੱਲ ਕੀਤੀ ਅਤੇ ਕਿਹਾ: 2 “ਇਜ਼ਰਾਈਲੀਆਂ* ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਤੁਹਾਡੇ ਵਿੱਚੋਂ ਕੋਈ ਆਪਣੇ ਪਾਲਤੂ ਪਸ਼ੂ ਦੀ ਯਹੋਵਾਹ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦਾ ਹੈ, ਤਾਂ ਉਹ ਆਪਣੇ ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਜਾਨਵਰ ਚੜ੍ਹਾ ਸਕਦਾ।+
3 “‘ਜੇ ਉਹ ਆਪਣੇ ਇੱਜੜ ਵਿੱਚੋਂ ਕੋਈ ਜਾਨਵਰ ਹੋਮ-ਬਲ਼ੀ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਚੜ੍ਹਾਵੇ।+ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਯਹੋਵਾਹ ਅੱਗੇ ਖ਼ੁਸ਼ੀ-ਖ਼ੁਸ਼ੀ+ ਬਲ਼ੀ ਚੜ੍ਹਾਵੇ। 4 ਉਹ ਹੋਮ-ਬਲ਼ੀ ਦੇ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਇਹ ਉਸ ਦੇ ਪਾਪਾਂ ਦੀ ਮਾਫ਼ੀ ਲਈ ਕਬੂਲ ਕੀਤਾ ਜਾਵੇਗਾ।
5 “‘ਫਿਰ ਉਸ ਜਵਾਨ ਬਲਦ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ। ਪੁਜਾਰੀਆਂ ਵਜੋਂ ਸੇਵਾ ਕਰ ਰਹੇ+ ਹਾਰੂਨ ਦੇ ਪੁੱਤਰ ਉਸ ਬਲਦ ਦਾ ਖ਼ੂਨ ਪਰਮੇਸ਼ੁਰ ਸਾਮ੍ਹਣੇ ਲਿਆਉਣ ਅਤੇ ਉਸ ਖ਼ੂਨ ਨੂੰ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ+ ਜੋ ਕਿ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ। 6 ਹੋਮ-ਬਲ਼ੀ ਦੇ ਜਾਨਵਰ ਦੀ ਚਮੜੀ ਲਾਹੀ ਜਾਵੇ ਅਤੇ ਉਸ ਦੇ ਟੋਟੇ-ਟੋਟੇ ਕੀਤੇ ਜਾਣ।+ 7 ਫਿਰ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਵੇਦੀ ਉੱਤੇ ਅੱਗ ਰੱਖਣ+ ਅਤੇ ਅੱਗ ਉੱਤੇ ਲੱਕੜਾਂ ਚਿਣਨ। 8 ਉਹ ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਬਲਦ ਦਾ ਸਿਰ, ਉਸ ਦੀ ਚਰਬੀ* ਅਤੇ ਉਸ ਦੇ ਟੋਟੇ ਤਰਤੀਬਵਾਰ ਰੱਖਣ।+ 9 ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਜਾਣ ਅਤੇ ਪੁਜਾਰੀ ਹੋਮ-ਬਲ਼ੀ ਵਜੋਂ ਇਹ ਸਭ ਕੁਝ ਵੇਦੀ ਉੱਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
10 “‘ਜੇ ਉਹ ਆਪਣੀਆਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਜਾਨਵਰ ਹੋਮ-ਬਲ਼ੀ ਵਜੋਂ ਚੜ੍ਹਾਉਂਦਾ ਹੈ,+ ਤਾਂ ਉਹ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 11 ਉਸ ਜਾਨਵਰ ਨੂੰ ਯਹੋਵਾਹ ਅੱਗੇ ਵੇਦੀ ਦੇ ਉੱਤਰ ਵਾਲੇ ਪਾਸੇ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਜਾਨਵਰ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ।+ 12 ਉਹ ਜਾਨਵਰ ਦੇ ਟੋਟੇ-ਟੋਟੇ ਕਰੇ। ਪੁਜਾਰੀ ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਉਸ ਦਾ ਸਿਰ, ਉਸ ਦੀ ਚਰਬੀ* ਅਤੇ ਉਸ ਦੇ ਟੋਟੇ ਤਰਤੀਬਵਾਰ ਰੱਖੇ। 13 ਉਹ ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਪੁਜਾਰੀ ਹੋਮ-ਬਲ਼ੀ ਵਜੋਂ ਇਹ ਸਭ ਕੁਝ ਵੇਦੀ ਉੱਤੇ ਪਰਮੇਸ਼ੁਰ ਨੂੰ ਚੜ੍ਹਾਵੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।
14 “‘ਪਰ ਜੇ ਉਹ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਕੋਈ ਪੰਛੀ ਚੜ੍ਹਾਉਂਦਾ ਹੈ, ਤਾਂ ਉਹ ਇਕ ਘੁੱਗੀ ਜਾਂ ਕਬੂਤਰ ਦਾ ਇਕ ਬੱਚਾ ਚੜ੍ਹਾਵੇ।+ 15 ਪੁਜਾਰੀ ਉਸ ਨੂੰ ਵੇਦੀ ਕੋਲ ਲਿਆਵੇ ਅਤੇ ਆਪਣੇ ਨਹੁੰਆਂ ਨਾਲ ਉਸ ਦੇ ਗਲ਼ੇ ਨੂੰ ਚੀਰਾ ਦੇਵੇ ਅਤੇ ਉਸ ਦਾ ਖ਼ੂਨ ਵੇਦੀ ਦੇ ਇਕ ਪਾਸੇ ʼਤੇ ਨਿਚੋੜ ਦੇਵੇ। ਫਿਰ ਉਸ ਨੂੰ ਵੇਦੀ ਉੱਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 16 ਉਹ ਪੰਛੀ ਦੇ ਗਲ਼ੇ ਦੀ ਥੈਲੀ ਕੱਢ ਕੇ ਅਤੇ ਉਸ ਦੇ ਖੰਭ ਲਾਹ ਕੇ ਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਵੇ ਜਿੱਥੇ ਸੁਆਹ* ਕੱਢ ਕੇ ਰੱਖੀ ਜਾਂਦੀ ਹੈ।+ 17 ਉਹ ਪੰਛੀ ਦੇ ਦੋਵੇਂ ਖੰਭਾਂ ਵਿਚਕਾਰ ਚੀਰਾ ਦੇਵੇ, ਪਰ ਉਸ ਦੇ ਦੋ ਟੋਟੇ ਨਾ ਕਰੇ। ਫਿਰ ਪੁਜਾਰੀ ਉਸ ਨੂੰ ਹੋਮ-ਬਲ਼ੀ ਵਜੋਂ ਵੇਦੀ ਦੀ ਅੱਗ ਉੱਤੇ ਰੱਖੀਆਂ ਲੱਕੜਾਂ ʼਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।