ਯਿਰਮਿਯਾਹ
25 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ ਦੌਰਾਨ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਬਾਰੇ ਸੰਦੇਸ਼ ਮਿਲਿਆ।+ ਇਹ ਸਾਲ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਰਾਜ ਦਾ ਪਹਿਲਾ ਸਾਲ ਸੀ। 2 ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਬਾਰੇ* ਇਹ ਕਿਹਾ:
3 “ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸੀਯਾਹ ਦੇ ਰਾਜ ਦੇ 13ਵੇਂ ਸਾਲ+ ਤੋਂ ਲੈ ਕੇ ਹੁਣ ਤਕ ਇਨ੍ਹਾਂ 23 ਸਾਲਾਂ ਦੌਰਾਨ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਦਾ ਰਿਹਾ। ਮੈਂ ਤੁਹਾਨੂੰ ਵਾਰ-ਵਾਰ* ਇਸ ਬਾਰੇ ਦੱਸਦਾ ਰਿਹਾ, ਪਰ ਤੁਸੀਂ ਮੇਰੀ ਇਕ ਨਹੀਂ ਸੁਣੀ।+ 4 ਯਹੋਵਾਹ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਤੁਹਾਡੇ ਕੋਲ ਵਾਰ-ਵਾਰ* ਘੱਲਦਾ ਰਿਹਾ, ਪਰ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਇਸ ਵੱਲ ਕੰਨ ਨਹੀਂ ਲਾਇਆ।+ 5 ਉਹ ਕਹਿੰਦੇ ਸਨ, ‘ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ,+ ਫਿਰ ਤੁਸੀਂ ਇਸ ਦੇਸ਼ ਵਿਚ ਲੰਬੇ ਸਮੇਂ ਤਕ ਵੱਸਦੇ ਰਹੋਗੇ ਜੋ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਬਹੁਤ ਚਿਰ ਪਹਿਲਾਂ ਦਿੱਤਾ ਸੀ। 6 ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੋ ਅਤੇ ਉਨ੍ਹਾਂ ਦੀ ਭਗਤੀ ਨਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਨਾ ਟੇਕੋ ਅਤੇ ਮੂਰਤਾਂ ਬਣਾ ਕੇ ਮੈਨੂੰ ਗੁੱਸਾ ਨਾ ਚੜ੍ਹਾਓ; ਨਹੀਂ ਤਾਂ ਮੈਂ ਤੁਹਾਡੇ ʼਤੇ ਬਿਪਤਾ ਲਿਆਵਾਂਗਾ।’
7 “ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਮੇਰੀ ਇਕ ਨਾ ਸੁਣੀ, ਸਗੋਂ ਮੂਰਤਾਂ ਬਣਾ ਕੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਖ਼ੁਦ ਆਪਣੇ ਉੱਤੇ ਬਿਪਤਾ ਲਿਆਂਦੀ।’+
8 “ਇਸ ਲਈ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘“ਕਿਉਂਕਿ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ, 9 ਇਸ ਕਰਕੇ ਮੈਂ ਉੱਤਰ ਦੇ ਸਾਰੇ ਪਰਿਵਾਰਾਂ ਨੂੰ ਅਤੇ ਬਾਬਲ ਤੋਂ ਆਪਣੇ ਸੇਵਕ ਰਾਜਾ ਨਬੂਕਦਨੱਸਰ* ਨੂੰ ਬੁਲਾ ਰਿਹਾ ਹਾਂ+ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ʼਤੇ, ਇਸ ਦੇ ਵਾਸੀਆਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ʼਤੇ ਹਮਲਾ ਕਰਨ ਲਈ ਬੁਲਾ ਰਿਹਾ ਹਾਂ।+ ਮੈਂ ਤੁਹਾਨੂੰ ਅਤੇ ਇਨ੍ਹਾਂ ਕੌਮਾਂ ਨੂੰ ਨਾਸ਼ ਕਰ ਦਿਆਂਗਾ ਅਤੇ ਤੁਹਾਡਾ ਸਾਰਿਆਂ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ।* ਮੈਂ ਉਨ੍ਹਾਂ ਨੂੰ ਖੰਡਰ ਬਣਾ ਦਿਆਂਗਾ,” ਯਹੋਵਾਹ ਕਹਿੰਦਾ ਹੈ, 10 “ਮੈਂ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼, ਲਾੜੀ ਦੀ ਆਵਾਜ਼+ ਤੇ ਚੱਕੀ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਦੀਵੇ ਬੁਝਾ ਦਿਆਂਗਾ। 11 ਮੈਂ ਇਸ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ ਅਤੇ ਇਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਇਨ੍ਹਾਂ ਕੌਮਾਂ ਨੂੰ 70 ਸਾਲਾਂ ਤਕ ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰਨੀ ਪਵੇਗੀ।”’+
12 “ਯਹੋਵਾਹ ਕਹਿੰਦਾ ਹੈ, ‘ਪਰ ਜਦ 70 ਸਾਲ ਪੂਰੇ ਹੋ ਜਾਣਗੇ,+ ਤਾਂ ਮੈਂ ਬਾਬਲ ਦੇ ਰਾਜੇ ਅਤੇ ਉਸ ਕੌਮ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ*+ ਅਤੇ ਮੈਂ ਕਸਦੀਆਂ ਦੇ ਦੇਸ਼ ਨੂੰ ਹਮੇਸ਼ਾ ਲਈ ਉਜਾੜ ਬਣਾ ਦਿਆਂਗਾ।+ 13 ਮੈਂ ਉਸ ਦੇਸ਼ ʼਤੇ ਉਹ ਸਾਰੀਆਂ ਬਿਪਤਾਵਾਂ ਲਿਆਵਾਂਗਾ ਜੋ ਮੈਂ ਉਸ ਦੇ ਖ਼ਿਲਾਫ਼ ਕਹੀਆਂ ਹਨ, ਉਹ ਸਾਰੀਆਂ ਬਿਪਤਾਵਾਂ ਜੋ ਇਸ ਕਿਤਾਬ ਵਿਚ ਲਿਖੀਆਂ ਗਈਆਂ ਹਨ ਅਤੇ ਜਿਨ੍ਹਾਂ ਬਾਰੇ ਯਿਰਮਿਯਾਹ ਨੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ। 14 ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ+ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾਉਣਗੇ+ ਅਤੇ ਮੈਂ ਉਨ੍ਹਾਂ ਤੋਂ ਉਨ੍ਹਾਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦਾ ਲੇਖਾ ਲਵਾਂਗਾ।’”+
15 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਿਹਾ: “ਤੂੰ ਕ੍ਰੋਧ ਦੇ ਦਾਖਰਸ ਦਾ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਨ੍ਹਾਂ ਕੌਮਾਂ ਨੂੰ ਪਿਲਾ ਜਿਨ੍ਹਾਂ ਨੂੰ ਪਿਲਾਉਣ ਲਈ ਮੈਂ ਤੈਨੂੰ ਘੱਲਾਂਗਾ। 16 ਉਹ ਪੀਣਗੇ ਅਤੇ ਲੜਖੜਾਉਣਗੇ ਅਤੇ ਪਾਗਲਾਂ ਵਾਂਗ ਕਰਨਗੇ ਕਿਉਂਕਿ ਮੈਂ ਉਨ੍ਹਾਂ ਦੇ ਪਿੱਛੇ ਤਲਵਾਰ ਘੱਲਾਂਗਾ।”+
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+ 18 ਮੈਂ ਸਭ ਤੋਂ ਪਹਿਲਾਂ ਯਰੂਸ਼ਲਮ, ਯਹੂਦਾਹ ਦੇ ਸ਼ਹਿਰਾਂ,+ ਇਸ ਦੇ ਰਾਜਿਆਂ ਤੇ ਹਾਕਮਾਂ ਨੂੰ ਪਿਲਾਇਆ ਤਾਂਕਿ ਉਹ ਨਾਸ਼ ਹੋ ਜਾਣ, ਜੋ ਕਿ ਹੋਣ ਹੀ ਵਾਲਾ ਹੈ ਅਤੇ ਉਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣ, ਸੀਟੀਆਂ ਵਜਾਉਣ ਅਤੇ ਉਨ੍ਹਾਂ ਨੂੰ ਸਰਾਪ ਦੇਣ।+ 19 ਫਿਰ ਮੈਂ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਨੌਕਰਾਂ, ਉਸ ਦੇ ਹਾਕਮਾਂ, ਉਸ ਦੇ ਸਾਰੇ ਲੋਕਾਂ+ 20 ਅਤੇ ਉਸ ਦੇਸ਼ ਵਿਚ ਰਹਿਣ ਵਾਲੇ ਸਾਰੇ ਪਰਦੇਸੀਆਂ ਨੂੰ ਪਿਲਾਇਆ; ਊਸ ਦੇਸ਼ ਦੇ ਸਾਰੇ ਰਾਜਿਆਂ; ਫਲਿਸਤੀਆਂ ਦੇ ਦੇਸ਼+ ਦੇ ਸਾਰੇ ਰਾਜਿਆਂ ਨੂੰ ਯਾਨੀ ਅਸ਼ਕਲੋਨ,+ ਗਾਜ਼ਾ ਤੇ ਅਕਰੋਨ ਦੇ ਰਾਜਿਆਂ ਨੂੰ ਅਤੇ ਅਸ਼ਦੋਦ ਦੇ ਬਚੇ ਹੋਏ ਲੋਕਾਂ ਦੇ ਰਾਜੇ ਨੂੰ ਪਿਲਾਇਆ; 21 ਅਦੋਮ,+ ਮੋਆਬ+ ਅਤੇ ਅੰਮੋਨੀਆਂ ਨੂੰ+ 22 ਸੋਰ ਦੇ ਸਾਰੇ ਰਾਜਿਆਂ ਨੂੰ, ਸੀਦੋਨ ਦੇ ਸਾਰੇ ਰਾਜਿਆਂ ਨੂੰ+ ਅਤੇ ਸਮੁੰਦਰ ਵਿਚਲੇ ਟਾਪੂ ਦੇ ਰਾਜਿਆਂ ਨੂੰ; 23 ਦਦਾਨ,+ ਤੇਮਾ, ਬੂਜ਼ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਆਪਣੀਆਂ ਕਲਮਾਂ ਦੀ ਹਜਾਮਤ ਕਰਾਈ ਹੈ,+ 24 ਅਰਬੀ ਲੋਕਾਂ ਦੇ ਸਾਰੇ ਰਾਜਿਆਂ ਨੂੰ+ ਅਤੇ ਉਜਾੜ ਵਿਚ ਵੱਸਦੇ ਵੱਖੋ-ਵੱਖਰੇ ਲੋਕਾਂ ਦੇ ਸਾਰੇ ਰਾਜਿਆਂ ਨੂੰ; 25 ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ+ ਅਤੇ ਮਾਦੀਆਂ ਦੇ ਸਾਰੇ ਰਾਜਿਆਂ ਨੂੰ;+ 26 ਇਕ-ਇਕ ਕਰ ਕੇ ਉੱਤਰ ਵਿਚ ਦੂਰ ਤੇ ਨੇੜੇ ਦੇ ਸਾਰੇ ਰਾਜਿਆਂ ਨੂੰ ਅਤੇ ਧਰਤੀ ਦੇ ਹੋਰ ਸਾਰੇ ਰਾਜਾਂ ਨੂੰ ਪਿਲਾਇਆ। ਇਨ੍ਹਾਂ ਤੋਂ ਬਾਅਦ ਸ਼ੇਸ਼ਕ*+ ਦਾ ਰਾਜਾ ਇਹ ਪਿਆਲਾ ਪੀਵੇਗਾ।
27 “ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਇਹ ਕਹਿੰਦਾ ਹੈ: “ਪੀ ਕੇ ਸ਼ਰਾਬੀ ਹੋ ਜਾਓ ਅਤੇ ਉਲਟੀ ਕਰੋ ਅਤੇ ਇੱਦਾਂ ਡਿਗੋ ਕਿ ਤੁਸੀਂ ਉੱਠ ਨਾ ਸਕੋ+ ਕਿਉਂਕਿ ਮੈਂ ਤੁਹਾਡੇ ਪਿੱਛੇ ਤਲਵਾਰ ਘੱਲ ਰਿਹਾ ਹਾਂ।”’ 28 ਜੇ ਉਹ ਤੇਰੇ ਹੱਥੋਂ ਪਿਆਲਾ ਲੈ ਕੇ ਪੀਣ ਤੋਂ ਇਨਕਾਰ ਕਰਨ, ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਤੁਹਾਨੂੰ ਇਹ ਪੀਣਾ ਹੀ ਪਵੇਗਾ! 29 ਕਿਉਂਕਿ ਦੇਖੋ, ਜੇ ਮੈਂ ਪਹਿਲਾਂ ਉਸ ਸ਼ਹਿਰ ʼਤੇ ਬਿਪਤਾ ਲਿਆ ਰਿਹਾ ਹਾਂ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ,+ ਤਾਂ ਤੁਸੀਂ ਕਿਵੇਂ ਸਜ਼ਾ ਤੋਂ ਬਚੋਗੇ?”’+
“‘ਤੁਸੀਂ ਸਜ਼ਾ ਤੋਂ ਹਰਗਿਜ਼ ਨਹੀਂ ਬਚੋਗੇ ਕਿਉਂਕਿ ਮੈਂ ਧਰਤੀ ਦੇ ਸਾਰੇ ਵਾਸੀਆਂ ਦੇ ਖ਼ਿਲਾਫ਼ ਤਲਵਾਰ ਭੇਜ ਰਿਹਾ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
30 “ਤੂੰ ਉਨ੍ਹਾਂ ਸਾਮ੍ਹਣੇ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੀਂ ਅਤੇ ਉਨ੍ਹਾਂ ਨੂੰ ਕਹੀਂ,
‘ਯਹੋਵਾਹ ਉੱਚੀ ਜਗ੍ਹਾ ਤੋਂ ਗਰਜੇਗਾ,
ਉਹ ਆਪਣੇ ਪਵਿੱਤਰ ਨਿਵਾਸ-ਸਥਾਨ ਤੋਂ ਬੁਲੰਦ ਆਵਾਜ਼ ਵਿਚ ਬੋਲੇਗਾ।
ਉਹ ਆਪਣੀ ਰਿਹਾਇਸ਼ ਦੇ ਖ਼ਿਲਾਫ਼ ਜ਼ੋਰ ਨਾਲ ਗਰਜੇਗਾ।
ਉਹ ਚੁਬੱਚੇ ਵਿਚ ਅੰਗੂਰ ਮਿੱਧਣ ਵਾਲੇ ਲੋਕਾਂ ਵਾਂਗ ਲਲਕਾਰੇਗਾ,
ਉਹ ਧਰਤੀ ਦੇ ਸਾਰੇ ਵਾਸੀਆਂ ਖ਼ਿਲਾਫ਼ ਜਿੱਤ ਦੇ ਗੀਤ ਗਾਵੇਗਾ।’
31 ‘ਧਰਤੀ ਦੇ ਕੋਨੇ-ਕੋਨੇ ਤਕ ਰੌਲ਼ਾ-ਰੱਪਾ ਸੁਣੇਗਾ
ਕਿਉਂਕਿ ਯਹੋਵਾਹ ਦਾ ਕੌਮਾਂ ਨਾਲ ਮੁਕੱਦਮਾ ਹੈ।
ਉਹ ਆਪ ਸਾਰੇ ਇਨਸਾਨਾਂ ਦਾ ਨਿਆਂ ਕਰੇਗਾ।+
ਉਹ ਦੁਸ਼ਟਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ,’ ਯਹੋਵਾਹ ਕਹਿੰਦਾ ਹੈ।
32 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:
‘ਦੇਖੋ! ਇਕ ਤੋਂ ਬਾਅਦ ਇਕ ਕੌਮ ਉੱਤੇ ਤਬਾਹੀ ਆ ਰਹੀ ਹੈ,+
ਮੈਂ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡਾ ਤੂਫ਼ਾਨ ਲਿਆਵਾਂਗਾ।+
33 “‘ਉਸ ਦਿਨ ਯਹੋਵਾਹ ਦੇ ਹੱਥੋਂ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਧਰਤੀ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਪਈਆਂ ਰਹਿਣਗੀਆਂ। ਉਨ੍ਹਾਂ ਲਈ ਸੋਗ ਨਹੀਂ ਮਨਾਇਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ। ਉਹ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ।’
34 ਚਰਵਾਹਿਓ, ਤੁਸੀਂ ਕੀਰਨੇ ਪਾਓ ਅਤੇ ਰੋਵੋ-ਪਿੱਟੋ!
ਹੇ ਭੇਡੋ, ਤੁਸੀਂ ਜਿਹੜੀਆਂ ਝੁੰਡ ਵਿਚ ਪ੍ਰਧਾਨ ਹੋ, ਸੁਆਹ ਵਿਚ ਲੇਟੋ
ਕਿਉਂਕਿ ਤੁਹਾਨੂੰ ਵੱਢੇ ਜਾਣ ਅਤੇ ਖਿੰਡਾਉਣ ਦਾ ਸਮਾਂ ਆ ਗਿਆ ਹੈ,
ਤੁਸੀਂ ਇਕ ਬੇਸ਼ਕੀਮਤੀ ਭਾਂਡੇ ਵਾਂਗ ਡਿਗ ਕੇ ਚੂਰ-ਚੂਰ ਹੋ ਜਾਓਗੇ!
35 ਚਰਵਾਹਿਆਂ ਕੋਲ ਲੁੱਕਣ ਲਈ ਕੋਈ ਥਾਂ ਨਹੀਂ ਹੈ
ਅਤੇ ਝੁੰਡ ਦੀਆਂ ਪ੍ਰਧਾਨ ਭੇਡਾਂ ਕੋਲ ਬਚਣ ਲਈ ਕੋਈ ਰਾਹ ਨਹੀਂ ਹੈ।
36 ਚਰਵਾਹਿਆਂ ਦਾ ਰੋਣਾ-ਕੁਰਲਾਉਣਾ ਸੁਣੋ!
ਝੁੰਡ ਦੀਆਂ ਪ੍ਰਧਾਨ ਭੇਡਾਂ ਦੇ ਕੀਰਨੇ ਸੁਣੋ
ਕਿਉਂਕਿ ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ ਤਬਾਹ ਕਰ ਰਿਹਾ ਹੈ।
37 ਸ਼ਾਂਤਮਈ ਬਸੇਰੇ ਵੀਰਾਨ ਕਰ ਦਿੱਤੇ ਗਏ ਹਨ
ਕਿਉਂਕਿ ਯਹੋਵਾਹ ਦਾ ਡਾਢਾ ਗੁੱਸਾ ਭੜਕ ਉੱਠਿਆ ਹੈ।
38 ਉਹ ਇਕ ਜਵਾਨ ਸ਼ੇਰ ਵਾਂਗ ਆਪਣੇ ਘੁਰਨੇ ਵਿੱਚੋਂ ਨਿਕਲ ਆਇਆ ਹੈ+
ਕਿਉਂਕਿ ਬੇਰਹਿਮ ਤਲਵਾਰ ਅਤੇ ਉਸ ਦੇ ਡਾਢੇ ਗੁੱਸੇ ਕਰਕੇ
ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਹੋਇਆ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ।”