ਦੂਜਾ ਰਾਜਿਆਂ
17 ਯਹੂਦਾਹ ਦੇ ਰਾਜੇ ਆਹਾਜ਼ ਦੇ ਰਾਜ ਦੇ 12ਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ; ਉਸ ਨੇ ਨੌਂ ਸਾਲ ਰਾਜ ਕੀਤਾ। 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਪਰ ਉਸ ਹੱਦ ਤਕ ਨਹੀਂ ਜਿਸ ਹੱਦ ਤਕ ਉਸ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਰਾਜਿਆਂ ਨੇ ਕੀਤਾ ਸੀ। 3 ਅੱਸ਼ੂਰ ਦਾ ਰਾਜਾ ਸ਼ਲਮਨਸਰ ਉਸ ਖ਼ਿਲਾਫ਼ ਲੜਨ ਆਇਆ+ ਅਤੇ ਹੋਸ਼ੇਆ ਉਸ ਦਾ ਸੇਵਕ ਬਣ ਗਿਆ ਤੇ ਉਸ ਨੂੰ ਟੈਕਸ ਦੇਣ ਲੱਗਾ।+ 4 ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗ ਗਿਆ ਕਿ ਹੋਸ਼ੇਆ ਇਕ ਸਾਜ਼ਸ਼ ਵਿਚ ਸ਼ਾਮਲ ਸੀ ਕਿਉਂਕਿ ਉਸ ਨੇ ਮਿਸਰ ਦੇ ਰਾਜੇ ਸੋ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਘੱਲਿਆ ਸੀ+ ਅਤੇ ਉਹ ਅੱਸ਼ੂਰ ਦੇ ਰਾਜੇ ਕੋਲ ਟੈਕਸ ਲੈ ਕੇ ਨਹੀਂ ਆਇਆ ਜਿਵੇਂ ਉਹ ਬੀਤੇ ਸਾਲਾਂ ਵਿਚ ਦਿੰਦਾ ਹੁੰਦਾ ਸੀ। ਇਸ ਲਈ ਅੱਸ਼ੂਰ ਦੇ ਰਾਜੇ ਨੇ ਉਸ ਨੂੰ ਫੜਿਆ ਤੇ ਕੈਦਖ਼ਾਨੇ ਵਿਚ ਬੰਨ੍ਹ ਕੇ ਰੱਖਿਆ।
5 ਫਿਰ ਅੱਸ਼ੂਰ ਦੇ ਰਾਜੇ ਨੇ ਪੂਰੇ ਦੇਸ਼ ʼਤੇ ਹਮਲਾ ਕਰ ਦਿੱਤਾ ਅਤੇ ਉਹ ਸਾਮਰਿਯਾ ਆ ਗਿਆ ਤੇ ਇਸ ਨੂੰ ਤਿੰਨ ਸਾਲਾਂ ਤਕ ਘੇਰੀ ਰੱਖਿਆ। 6 ਹੋਸ਼ੇਆ ਦੇ ਰਾਜ ਦੇ ਨੌਵੇਂ ਸਾਲ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ʼਤੇ ਕਬਜ਼ਾ ਕਰ ਲਿਆ।+ ਫਿਰ ਉਹ ਇਜ਼ਰਾਈਲ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ+ ਅੱਸ਼ੂਰ ਲੈ ਗਿਆ। ਉਸ ਨੇ ਉਨ੍ਹਾਂ ਨੂੰ ਹਲਹ ਅਤੇ ਗੋਜ਼ਾਨ+ ਨਦੀ ʼਤੇ ਸਥਿਤ ਹਾਬੋਰ ਵਿਚ ਅਤੇ ਮਾਦੀਆਂ ਦੇ ਸ਼ਹਿਰਾਂ ਵਿਚ ਵਸਾ ਦਿੱਤਾ।+
7 ਇਹ ਇਸ ਕਰਕੇ ਹੋਇਆ ਕਿਉਂਕਿ ਇਜ਼ਰਾਈਲ ਦੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਖ਼ਿਲਾਫ਼ ਪਾਪ ਕੀਤਾ ਸੀ ਜੋ ਉਨ੍ਹਾਂ ਨੂੰ ਮਿਸਰ ਵਿੱਚੋਂ ਮਿਸਰ ਦੇ ਰਾਜੇ ਫ਼ਿਰਊਨ ਦੇ ਚੁੰਗਲ ਵਿੱਚੋਂ ਛੁਡਾ ਕੇ ਲਿਆਇਆ ਸੀ।+ ਉਨ੍ਹਾਂ ਨੇ ਦੂਸਰੇ ਦੇਵਤਿਆਂ ਦੀ ਭਗਤੀ ਕੀਤੀ,*+ 8 ਉਹ ਉਨ੍ਹਾਂ ਕੌਮਾਂ ਦੇ ਰੀਤੀ-ਰਿਵਾਜਾਂ ਨੂੰ ਮੰਨਣ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ ਅਤੇ ਉਹ ਇਜ਼ਰਾਈਲ ਦੇ ਰਾਜਿਆਂ ਦੇ ਬਣਾਏ ਰੀਤੀ-ਰਿਵਾਜਾਂ ਨੂੰ ਵੀ ਮੰਨਦੇ ਸਨ।
9 ਇਜ਼ਰਾਈਲੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਸਨ। ਉਹ ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਕਿਲੇਬੰਦ ਸ਼ਹਿਰ ਤਕ* ਆਪਣੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਉਂਦੇ ਰਹੇ।+ 10 ਉਹ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਸੰਘਣੇ ਦਰਖ਼ਤ ਥੱਲੇ+ ਆਪਣੇ ਲਈ ਪੂਜਾ-ਥੰਮ੍ਹ ਅਤੇ ਪੂਜਾ-ਖੰਭੇ* ਖੜ੍ਹੇ ਕਰਦੇ ਰਹੇ;+ 11 ਉਹ ਸਾਰੀਆਂ ਉੱਚੀਆਂ ਥਾਵਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਜਿਵੇਂ ਉਹ ਕੌਮਾਂ ਕਰਦੀਆਂ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਅੱਗਿਓਂ ਭਜਾ ਦਿੱਤਾ ਸੀ।+ ਉਹ ਯਹੋਵਾਹ ਦਾ ਗੁੱਸਾ ਭੜਕਾਉਣ ਲਈ ਦੁਸ਼ਟ ਕੰਮ ਕਰਦੇ ਰਹੇ।
12 ਉਹ ਘਿਣਾਉਣੀਆਂ ਮੂਰਤਾਂ* ਦੀ ਭਗਤੀ ਕਰਦੇ ਰਹੇ+ ਜਿਨ੍ਹਾਂ ਬਾਰੇ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਇੱਦਾਂ ਹਰਗਿਜ਼ ਨਾ ਕਰਿਓ!”+ 13 ਯਹੋਵਾਹ ਇਜ਼ਰਾਈਲ ਅਤੇ ਯਹੂਦਾਹ ਨੂੰ ਆਪਣੇ ਸਾਰੇ ਨਬੀਆਂ ਰਾਹੀਂ ਤੇ ਹਰ ਦਰਸ਼ੀ ਰਾਹੀਂ ਇਹ ਕਹਿ ਕੇ ਚੇਤਾਵਨੀ ਦਿੰਦਾ ਰਿਹਾ:+ “ਆਪਣੇ ਬੁਰੇ ਰਾਹਾਂ ਤੋਂ ਮੁੜੋ!+ ਜਿਹੜਾ ਕਾਨੂੰਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਅਤੇ ਆਪਣੇ ਸੇਵਕ ਨਬੀਆਂ ਰਾਹੀਂ ਤੁਹਾਨੂੰ ਘੱਲਿਆ ਸੀ, ਉਸ ਸਾਰੇ ਕਾਨੂੰਨ ਅਨੁਸਾਰ ਮੇਰੇ ਹੁਕਮਾਂ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰੋ।” 14 ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ ਅਤੇ ਉਹ ਆਪਣੇ ਪਿਉ-ਦਾਦਿਆਂ ਵਾਂਗ ਢੀਠ ਬਣੇ ਰਹੇ* ਜਿਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਨਹੀਂ ਕੀਤੀ ਸੀ।+ 15 ਉਹ ਉਸ ਦੇ ਨਿਯਮਾਂ, ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਇਕਰਾਰ ਨੂੰ+ ਅਤੇ ਉਸ ਦੀਆਂ ਨਸੀਹਤਾਂ* ਨੂੰ ਠੁਕਰਾਉਂਦੇ ਰਹੇ ਜੋ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਦਿੱਤੀਆਂ ਸਨ।+ ਉਹ ਨਿਕੰਮੀਆਂ ਮੂਰਤਾਂ ਦੇ ਮਗਰ ਲੱਗੇ ਰਹੇ+ ਤੇ ਆਪ ਵੀ ਨਿਕੰਮੇ ਬਣ ਗਏ।+ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਰੀਸ ਕੀਤੀ ਜਿਨ੍ਹਾਂ ਦੀ ਰੀਸ ਨਾ ਕਰਨ ਦਾ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।+
16 ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਰੇ ਹੁਕਮ ਤੋੜਦੇ ਰਹੇ ਅਤੇ ਉਨ੍ਹਾਂ ਨੇ ਧਾਤ ਦੇ* ਦੋ ਵੱਛੇ+ ਅਤੇ ਇਕ ਪੂਜਾ-ਖੰਭਾ* ਬਣਾਇਆ,+ ਉਹ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਦੇ ਰਹੇ+ ਤੇ ਉਨ੍ਹਾਂ ਨੇ ਬਆਲ ਦੀ ਭਗਤੀ ਕੀਤੀ।+ 17 ਨਾਲੇ ਉਨ੍ਹਾਂ ਨੇ ਆਪਣੇ ਧੀਆਂ-ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ,*+ ਉਹ ਫਾਲ* ਪਾਉਂਦੇ ਸਨ+ ਤੇ ਸ਼ੁੱਭ-ਅਸ਼ੁੱਭ ਵਿਚਾਰਦੇ* ਸਨ ਤੇ ਉਹ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ* ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਉਸ ਦਾ ਕ੍ਰੋਧ ਭੜਕਾਇਆ।
18 ਯਹੋਵਾਹ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਕਿਉਂਕਿ ਉਹ ਇਜ਼ਰਾਈਲ ʼਤੇ ਬਹੁਤ ਕ੍ਰੋਧਵਾਨ ਸੀ।+ ਉਸ ਨੇ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਛੱਡਿਆ।
19 ਯਹੂਦਾਹ ਨੇ ਵੀ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ;+ ਉਹ ਵੀ ਉਨ੍ਹਾਂ ਰੀਤੀ-ਰਿਵਾਜਾਂ ਅਨੁਸਾਰ ਚੱਲੇ ਜਿਨ੍ਹਾਂ ਅਨੁਸਾਰ ਇਜ਼ਰਾਈਲ ਚੱਲਦਾ ਸੀ।+ 20 ਯਹੋਵਾਹ ਨੇ ਇਜ਼ਰਾਈਲ ਦੀ ਸਾਰੀ ਔਲਾਦ ਨੂੰ ਠੁਕਰਾ ਦਿੱਤਾ ਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ ਜਦ ਤਕ ਉਸ ਨੇ ਉਨ੍ਹਾਂ ਨੂੰ ਆਪਣੇ ਸਾਮ੍ਹਣਿਓਂ ਹਟਾ ਨਾ ਦਿੱਤਾ। 21 ਉਸ ਨੇ ਇਜ਼ਰਾਈਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਲਿਆ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਰਾਜਾ ਬਣਾ ਦਿੱਤਾ।+ ਪਰ ਯਾਰਾਬੁਆਮ ਨੇ ਇਜ਼ਰਾਈਲ ਨੂੰ ਯਹੋਵਾਹ ਦੇ ਪਿੱਛੇ ਚੱਲਣ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਤੋਂ ਇਕ ਵੱਡਾ ਪਾਪ ਕਰਾਇਆ। 22 ਇਜ਼ਰਾਈਲ ਦੇ ਲੋਕ ਉਹ ਸਾਰੇ ਪਾਪ ਕਰਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ।+ ਉਨ੍ਹਾਂ ਨੇ ਉਦੋਂ ਤਕ ਉਨ੍ਹਾਂ ਤੋਂ ਮੂੰਹ ਨਾ ਮੋੜਿਆ 23 ਜਦ ਤਕ ਯਹੋਵਾਹ ਨੇ ਇਜ਼ਰਾਈਲ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਾ ਕਰ ਦਿੱਤਾ, ਠੀਕ ਜਿਵੇਂ ਉਸ ਨੇ ਆਪਣੇ ਸਾਰੇ ਸੇਵਕ ਨਬੀਆਂ ਰਾਹੀਂ ਐਲਾਨ ਕੀਤਾ ਸੀ।+ ਇਸ ਲਈ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਦੇਸ਼ ਤੋਂ ਗ਼ੁਲਾਮ ਬਣਾ ਕੇ ਅੱਸ਼ੂਰ ਲਿਜਾਇਆ ਗਿਆ+ ਜਿੱਥੇ ਉਹ ਅੱਜ ਦੇ ਦਿਨ ਤਕ ਹਨ।
24 ਫਿਰ ਅੱਸ਼ੂਰ ਦੇ ਰਾਜੇ ਨੇ ਬਾਬਲ, ਕੂਥਾਹ, ਅੱਵਾ, ਹਮਾਥ ਅਤੇ ਸਫਰਵਾਇਮ+ ਤੋਂ ਲੋਕਾਂ ਨੂੰ ਲਿਆਂਦਾ ਤੇ ਇਜ਼ਰਾਈਲੀਆਂ ਦੀ ਜਗ੍ਹਾ ਉਨ੍ਹਾਂ ਨੂੰ ਸਾਮਰਿਯਾ ਦੇ ਸ਼ਹਿਰਾਂ ਵਿਚ ਵਸਾ ਦਿੱਤਾ; ਉਨ੍ਹਾਂ ਨੇ ਸਾਮਰਿਯਾ ʼਤੇ ਕਬਜ਼ਾ ਕਰ ਲਿਆ ਤੇ ਉਹ ਉਸ ਦੇ ਸ਼ਹਿਰਾਂ ਵਿਚ ਵੱਸਣ ਲੱਗੇ। 25 ਜਦੋਂ ਉਨ੍ਹਾਂ ਨੇ ਉੱਥੇ ਰਹਿਣਾ ਸ਼ੁਰੂ ਕੀਤਾ, ਤਾਂ ਉਹ ਯਹੋਵਾਹ ਦਾ ਡਰ ਨਹੀਂ ਮੰਨਦੇ ਸਨ।* ਇਸ ਲਈ ਯਹੋਵਾਹ ਨੇ ਉਨ੍ਹਾਂ ਵਿਚਕਾਰ ਸ਼ੇਰ ਘੱਲੇ+ ਜਿਨ੍ਹਾਂ ਨੇ ਕੁਝ ਲੋਕਾਂ ਨੂੰ ਮਾਰ ਸੁੱਟਿਆ। 26 ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ: “ਤੂੰ ਜਿਨ੍ਹਾਂ ਕੌਮਾਂ ਨੂੰ ਗ਼ੁਲਾਮ ਬਣਾ ਕੇ ਸਾਮਰਿਯਾ ਦੇ ਸ਼ਹਿਰਾਂ ਵਿਚ ਵਸਾਇਆ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਦੇਸ਼ ਦੇ ਪਰਮੇਸ਼ੁਰ ਦੀ ਭਗਤੀ ਕਿੱਦਾਂ ਕਰਨੀ ਹੈ।* ਇਸੇ ਲਈ ਉਹ ਉਨ੍ਹਾਂ ਵਿਚਕਾਰ ਸ਼ੇਰ ਘੱਲੀ ਜਾ ਰਿਹਾ ਹੈ ਜੋ ਉਨ੍ਹਾਂ ਨੂੰ ਮਾਰ ਰਹੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਇਸ ਦੇਸ਼ ਦੇ ਪਰਮੇਸ਼ੁਰ ਦੀ ਭਗਤੀ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ।”
27 ਇਹ ਸੁਣ ਕੇ ਅੱਸ਼ੂਰ ਦੇ ਰਾਜੇ ਨੇ ਹੁਕਮ ਦਿੱਤਾ: “ਜਿਨ੍ਹਾਂ ਪੁਜਾਰੀਆਂ ਨੂੰ ਤੁਸੀਂ ਉੱਥੋਂ ਗ਼ੁਲਾਮ ਬਣਾ ਕੇ ਲਿਆਏ ਹੋ, ਉਨ੍ਹਾਂ ਵਿੱਚੋਂ ਇਕ ਨੂੰ ਉੱਥੇ ਰਹਿਣ ਲਈ ਵਾਪਸ ਭੇਜ ਦਿਓ ਤਾਂਕਿ ਉਹ ਉਨ੍ਹਾਂ ਨੂੰ ਉਸ ਦੇਸ਼ ਦੇ ਪਰਮੇਸ਼ੁਰ ਦੀ ਭਗਤੀ ਕਰਨੀ ਸਿਖਾਵੇ।” 28 ਇਸ ਲਈ ਉਹ ਜਿਨ੍ਹਾਂ ਪੁਜਾਰੀਆਂ ਨੂੰ ਸਾਮਰਿਯਾ ਤੋਂ ਗ਼ੁਲਾਮ ਬਣਾ ਕੇ ਲਿਆਏ ਸਨ, ਉਨ੍ਹਾਂ ਵਿੱਚੋਂ ਇਕ ਜਣਾ ਵਾਪਸ ਬੈਤੇਲ+ ਜਾ ਕੇ ਰਹਿਣ ਲੱਗਾ ਤੇ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਯਹੋਵਾਹ ਦਾ ਡਰ ਕਿਵੇਂ ਮੰਨਣਾ* ਚਾਹੀਦਾ ਹੈ।+
29 ਪਰ ਹਰ ਕੌਮ ਨੇ ਆਪੋ-ਆਪਣਾ ਦੇਵਤਾ* ਬਣਾਇਆ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਉੱਚੀਆਂ ਥਾਵਾਂ ʼਤੇ ਬਣੇ ਪੂਜਾ-ਘਰਾਂ ਵਿਚ ਰੱਖ ਦਿੱਤਾ ਜੋ ਸਾਮਰੀਆਂ ਨੇ ਬਣਾਏ ਸਨ; ਹਰ ਕੌਮ ਨੇ ਆਪੋ-ਆਪਣੇ ਸ਼ਹਿਰ ਵਿਚ ਇਸੇ ਤਰ੍ਹਾਂ ਕੀਤਾ ਜਿੱਥੇ ਉਹ ਰਹਿ ਰਹੀਆਂ ਸਨ। 30 ਬਾਬਲ ਦੇ ਲੋਕਾਂ ਨੇ ਸੁੱਕੋਥ-ਬਨੋਥ ਨੂੰ ਬਣਾਇਆ, ਕੂਥ ਦੇ ਲੋਕਾਂ ਨੇ ਨੇਰਗਾਲ ਨੂੰ ਬਣਾਇਆ, ਹਮਾਥ+ ਦੇ ਲੋਕਾਂ ਨੇ ਅਸ਼ੀਮਾ ਨੂੰ ਬਣਾਇਆ 31 ਅਤੇ ਅੱਵੀਆਂ ਨੇ ਨਿਬਹਜ਼ ਤੇ ਤਰਤਾਕ ਨੂੰ ਬਣਾਇਆ। ਸਫਰਵਾਇਮੀ ਲੋਕ ਆਪਣੇ ਪੁੱਤਰਾਂ ਨੂੰ ਸਫਰਵਾਇਮ ਦੇ ਦੇਵਤਿਆਂ, ਅਦਰਮਲਕ ਅਤੇ ਅਨਮਲਕ ਲਈ ਅੱਗ ਵਿਚ ਸਾੜਦੇ ਸਨ।+ 32 ਭਾਵੇਂ ਉਹ ਯਹੋਵਾਹ ਦਾ ਡਰ ਮੰਨਦੇ ਸਨ, ਪਰ ਉਨ੍ਹਾਂ ਨੇ ਉੱਚੀਆਂ ਥਾਵਾਂ ਲਈ ਆਮ ਲੋਕਾਂ ਵਿੱਚੋਂ ਪੁਜਾਰੀ ਨਿਯੁਕਤ ਕੀਤੇ ਜੋ ਉੱਚੀਆਂ ਥਾਵਾਂ ʼਤੇ ਬਣੇ ਪੂਜਾ-ਘਰਾਂ ਵਿਚ ਉਨ੍ਹਾਂ ਲਈ ਸੇਵਾ ਕਰਦੇ ਸਨ।+ 33 ਇਸ ਤਰ੍ਹਾਂ ਉਹ ਯਹੋਵਾਹ ਦਾ ਡਰ ਤਾਂ ਮੰਨਦੇ ਸਨ, ਪਰ ਨਾਲ ਹੀ ਆਪਣੇ ਦੇਵਤਿਆਂ ਦੀ ਭਗਤੀ ਉਨ੍ਹਾਂ ਕੌਮਾਂ ਦੇ ਧਰਮ* ਅਨੁਸਾਰ ਕਰਦੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਕੱਢ ਕੇ ਲਿਆਂਦਾ ਗਿਆ ਸੀ।+
34 ਅੱਜ ਤਕ ਉਹ ਲੋਕ ਆਪਣੇ ਪੁਰਾਣੇ ਧਰਮਾਂ* ਨੂੰ ਮੰਨ ਰਹੇ ਹਨ। ਉਨ੍ਹਾਂ ਵਿੱਚੋਂ ਨਾ ਕੋਈ ਯਹੋਵਾਹ ਦੀ ਭਗਤੀ ਕਰਦਾ* ਹੈ ਅਤੇ ਨਾ ਹੀ ਕੋਈ ਉਸ ਦੇ ਨਿਯਮਾਂ, ਉਸ ਦੇ ਨਿਆਵਾਂ, ਕਾਨੂੰਨ ਅਤੇ ਉਸ ਹੁਕਮ ਨੂੰ ਮੰਨਦਾ ਹੈ ਜੋ ਯਹੋਵਾਹ ਨੇ ਯਾਕੂਬ ਦੇ ਪੁੱਤਰਾਂ ਨੂੰ ਦਿੱਤਾ ਸੀ ਜਿਸ ਦਾ ਨਾਂ ਬਦਲ ਕੇ ਉਸ ਨੇ ਇਜ਼ਰਾਈਲ ਰੱਖਿਆ ਸੀ।+ 35 ਜਦੋਂ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ,+ ਤਾਂ ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਸੀ: “ਤੁਸੀਂ ਕਿਸੇ ਹੋਰ ਦੇਵਤੇ ਦਾ ਡਰ ਨਾ ਰੱਖਿਓ, ਨਾ ਤੁਸੀਂ ਉਨ੍ਹਾਂ ਅੱਗੇ ਮੱਥਾ ਟੇਕਿਓ, ਨਾ ਉਨ੍ਹਾਂ ਦੀ ਭਗਤੀ ਕਰਿਓ ਤੇ ਨਾ ਹੀ ਉਨ੍ਹਾਂ ਅੱਗੇ ਬਲੀਦਾਨ ਚੜ੍ਹਾਇਓ।+ 36 ਪਰ ਤੁਸੀਂ ਸਿਰਫ਼ ਯਹੋਵਾਹ ਦਾ ਡਰ ਮੰਨਿਓ,+ ਉਸੇ ਅੱਗੇ ਮੱਥਾ ਟੇਕਿਓ ਤੇ ਉਸੇ ਅੱਗੇ ਬਲੀਦਾਨ ਚੜ੍ਹਾਇਓ ਜੋ ਤੁਹਾਨੂੰ ਵੱਡੀ ਤਾਕਤ ਤੇ ਤਾਕਤਵਰ ਬਾਂਹ* ਨਾਲ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ।+ 37 ਅਤੇ ਜੋ ਨਿਯਮ, ਨਿਆਂ, ਕਾਨੂੰਨ ਅਤੇ ਹੁਕਮ ਉਸ ਨੇ ਤੁਹਾਡੇ ਲਈ ਲਿਖੇ ਹਨ,+ ਤੁਸੀਂ ਉਨ੍ਹਾਂ ਨੂੰ ਹਮੇਸ਼ਾ ਧਿਆਨ ਨਾਲ ਮੰਨਿਓ ਅਤੇ ਤੁਸੀਂ ਹੋਰ ਦੇਵਤਿਆਂ ਦਾ ਡਰ ਨਾ ਰੱਖਿਓ। 38 ਤੁਸੀਂ ਉਸ ਇਕਰਾਰ ਨੂੰ ਨਾ ਭੁੱਲਿਓ ਜੋ ਮੈਂ ਤੁਹਾਡੇ ਨਾਲ ਕੀਤਾ ਸੀ+ ਅਤੇ ਤੁਸੀਂ ਹੋਰ ਦੇਵਤਿਆਂ ਦਾ ਡਰ ਨਾ ਮੰਨਿਓ। 39 ਪਰ ਤੁਸੀਂ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਿਓ ਕਿਉਂਕਿ ਉਹੀ ਹੈ ਜੋ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਵੇਗਾ।”
40 ਪਰ ਉਨ੍ਹਾਂ ਨੇ ਕਹਿਣਾ ਨਹੀਂ ਮੰਨਿਆ ਅਤੇ ਉਹ ਆਪਣੇ ਪੁਰਾਣੇ ਧਰਮ* ਨੂੰ ਮੰਨਦੇ ਰਹੇ।+ 41 ਇਹ ਕੌਮਾਂ ਯਹੋਵਾਹ ਦਾ ਡਰ ਮੰਨਣ ਲੱਗੀਆਂ,+ ਪਰ ਉਹ ਆਪਣੀਆਂ ਘੜੀਆਂ ਹੋਈਆਂ ਮੂਰਤਾਂ ਦੀ ਭਗਤੀ ਵੀ ਕਰ ਰਹੀਆਂ ਸਨ। ਉਨ੍ਹਾਂ ਦੇ ਪੁੱਤਰਾਂ ਤੇ ਪੋਤਿਆਂ ਨੇ ਅੱਜ ਤਕ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਉਨ੍ਹਾਂ ਦੇ ਪਿਉ-ਦਾਦਿਆਂ ਨੇ ਕੀਤਾ ਸੀ।