ਕੁਰਿੰਥੀਆਂ ਨੂੰ ਦੂਜੀ ਚਿੱਠੀ
10 ਹੁਣ ਮੈਂ ਪੌਲੁਸ ਤੁਹਾਨੂੰ ਮਸੀਹ ਦੀ ਨਰਮਾਈ ਅਤੇ ਦਇਆ ਦਾ ਵਾਸਤਾ ਦੇ ਕੇ ਬੇਨਤੀ ਕਰਦਾ ਹਾਂ+ ਕਿ ਮੇਰੀਆਂ ਗੱਲਾਂ ਮੁਤਾਬਕ ਚੱਲੋ, ਭਾਵੇਂ ਤੁਹਾਡੇ ਵਿੱਚੋਂ ਕਈ ਕਹਿੰਦੇ ਹਨ ਕਿ ਮੈਂ ਦੇਖਣ ਨੂੰ ਤਾਂ ਮਾਮੂਲੀ ਜਿਹਾ ਲੱਗਦਾ ਹਾਂ,+ ਪਰ ਮੈਂ ਆਪਣੀਆਂ ਚਿੱਠੀਆਂ ਵਿਚ ਸਿੱਧੀਆਂ ਗੱਲਾਂ ਲਿਖਣ ਤੋਂ ਨਹੀਂ ਡਰਦਾ।+ 2 ਮੈਂ ਉਮੀਦ ਰੱਖਦਾ ਹਾਂ ਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਨਾ ਪਵੇ ਜਿਹੜੇ ਸੋਚਦੇ ਹਨ ਕਿ ਅਸੀਂ ਦੁਨਿਆਵੀ ਸੋਚ ਅਨੁਸਾਰ ਚੱਲਦੇ ਹਾਂ। 3 ਭਾਵੇਂ ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ, ਪਰ ਅਸੀਂ ਦੁਨਿਆਵੀ ਤਰੀਕੇ ਨਾਲ ਲੜਾਈ ਨਹੀਂ ਲੜਦੇ 4 ਕਿਉਂਕਿ ਅਸੀਂ ਇਨਸਾਨੀ ਹਥਿਆਰਾਂ ਨਾਲ ਨਹੀਂ,+ ਸਗੋਂ ਪਰਮੇਸ਼ੁਰ ਵੱਲੋਂ ਦਿੱਤੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੜਾਈ ਲੜਦੇ ਹਾਂ।+ ਇਨ੍ਹਾਂ ਦੀ ਮਦਦ ਨਾਲ ਅਸੀਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ ਸਕਦੇ ਹਾਂ। 5 ਅਸੀਂ ਲੋਕਾਂ ਦੀਆਂ ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀ ਹੋਣ ਵਾਲੀ ਹਰ ਉੱਚੀ ਰੁਕਾਵਟ ਨੂੰ ਪਾਰ ਕਰਦੇ ਹਾਂ+ ਅਤੇ ਹਰ ਸੋਚ ਨੂੰ ਕਾਬੂ ਕਰ ਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ। 6 ਜਿੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਗਿਆਕਾਰ ਸਾਬਤ ਕਰੋਗੇ,+ ਉੱਨੀ ਛੇਤੀ ਅਸੀਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗੇ ਜਿਹੜੇ ਅਣਆਗਿਆਕਾਰੀ ਕਰਦੇ ਹਨ।
7 ਤੁਸੀਂ ਕਿਸੇ ਚੀਜ਼ ਨੂੰ ਬਾਹਰੋਂ ਹੀ ਦੇਖ ਕੇ ਉਸ ਬਾਰੇ ਆਪਣੀ ਰਾਇ ਕਾਇਮ ਕਰਦੇ ਹੋ। ਜੇ ਕਿਸੇ ਨੂੰ ਭਰੋਸਾ ਹੈ ਕਿ ਉਹ ਮਸੀਹ ਦਾ ਚੇਲਾ ਹੈ, ਤਾਂ ਉਹ ਇਸ ਗੱਲ ʼਤੇ ਵਿਚਾਰ ਕਰੇ: ਜਿਵੇਂ ਉਹ ਮਸੀਹ ਦਾ ਚੇਲਾ ਹੈ, ਉਸੇ ਤਰ੍ਹਾਂ ਅਸੀਂ ਵੀ ਮਸੀਹ ਦੇ ਚੇਲੇ ਹਾਂ। 8 ਪ੍ਰਭੂ ਨੇ ਸਾਨੂੰ ਅਧਿਕਾਰ ਦਿੱਤਾ ਹੈ ਕਿ ਅਸੀਂ ਤੁਹਾਨੂੰ ਤਕੜਾ ਕਰੀਏ, ਨਾ ਕਿ ਤੁਹਾਡਾ ਹੌਸਲਾ ਢਾਹੀਏ। ਜੇ ਮੈਂ ਆਪਣੇ ਇਸ ਅਧਿਕਾਰ ਉੱਤੇ ਕੁਝ ਜ਼ਿਆਦਾ ਹੀ ਸ਼ੇਖ਼ੀ ਮਾਰਦਾ ਹਾਂ,+ ਤਾਂ ਮੈਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। 9 ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਨੂੰ ਇੱਦਾਂ ਲੱਗੇ ਕਿ ਮੈਂ ਆਪਣੀਆਂ ਚਿੱਠੀਆਂ ਰਾਹੀਂ ਤੁਹਾਨੂੰ ਡਰਾ ਰਿਹਾ ਹਾਂ। 10 ਉਹ ਕਹਿੰਦੇ ਹਨ: “ਉਸ ਦੀਆਂ ਚਿੱਠੀਆਂ ਤਾਂ ਪ੍ਰਭਾਵਸ਼ਾਲੀ ਅਤੇ ਦਮਦਾਰ ਹਨ, ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ, ਤਾਂ ਉਹ ਮਾਮੂਲੀ ਜਿਹਾ ਲੱਗਦਾ ਹੈ ਅਤੇ ਜਦੋਂ ਉਹ ਗੱਲ ਕਰਦਾ ਹੈ, ਤਾਂ ਬੇਕਾਰ ਦੀਆਂ ਗੱਲਾਂ ਕਰਦਾ ਹੈ।” 11 ਇਹ ਕਹਿਣ ਵਾਲਾ ਬੰਦਾ ਇਸ ਗੱਲ ʼਤੇ ਗੌਰ ਕਰੇ ਕਿ ਤੁਹਾਡੇ ਨਾਲ ਨਾ ਹੁੰਦਿਆਂ ਹੋਇਆਂ ਅਸੀਂ ਆਪਣੀਆਂ ਚਿੱਠੀਆਂ ਵਿਚ ਜੋ ਕਹਿੰਦੇ ਹਾਂ, ਅਸੀਂ ਤੁਹਾਡੇ ਨਾਲ ਹੁੰਦਿਆਂ ਉਹ ਕਰਾਂਗੇ ਵੀ।+ 12 ਅਸੀਂ ਉਨ੍ਹਾਂ ਲੋਕਾਂ ਦੀ ਬਰਾਬਰੀ ਕਰਨ ਜਾਂ ਉਨ੍ਹਾਂ ਨਾਲ ਆਪਣੀ ਤੁਲਨਾ ਕਰਨ ਦਾ ਹੀਆ ਨਹੀਂ ਕਰਦੇ ਜਿਹੜੇ ਆਪਣੇ ਆਪ ਨੂੰ ਉੱਚਾ ਕਰਦੇ ਹਨ।+ ਜਦੋਂ ਉਹ ਖ਼ੁਦ ਨੂੰ ਆਪਣੇ ਹੀ ਮਿਆਰਾਂ ਮੁਤਾਬਕ ਪਰਖਦੇ ਹਨ ਅਤੇ ਆਪਣੀ ਤੁਲਨਾ ਆਪਣੇ ਆਪ ਨਾਲ ਹੀ ਕਰਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਹ ਬੇਸਮਝ ਹਨ।+
13 ਪਰ ਅਸੀਂ ਆਪਣੇ ਕੰਮ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸ਼ੇਖ਼ੀਆਂ ਨਹੀਂ ਮਾਰਾਂਗੇ, ਸਗੋਂ ਪਰਮੇਸ਼ੁਰ ਨੇ ਸਾਡੇ ਇਲਾਕੇ ਦੀ ਜੋ ਹੱਦ ਠਹਿਰਾਈ ਹੈ ਜਿਸ ਵਿਚ ਤੁਸੀਂ ਵੀ ਹੋ, ਅਸੀਂ ਉਸ ਹੱਦ ਵਿਚ ਰਹਿ ਕੇ ਸ਼ੇਖ਼ੀਆਂ ਮਾਰਾਂਗੇ।+ 14 ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਆਪਣੇ ਇਲਾਕੇ ਦੀ ਹੱਦ ਤੋਂ ਬਾਹਰ ਜਾ ਕੇ ਤੁਹਾਡੇ ਕੋਲ ਆਏ ਸੀ, ਸਗੋਂ ਅਸੀਂ ਹੀ ਪਹਿਲੀ ਵਾਰ ਤੁਹਾਡੇ ਕੋਲ ਮਸੀਹ ਬਾਰੇ ਖ਼ੁਸ਼ ਖ਼ਬਰੀ ਲੈ ਕੇ ਆਏ ਸੀ।+ 15 ਹਾਂ, ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਕਿਸੇ ਹੋਰ ਦੀ ਮਿਹਨਤ ʼਤੇ ਸ਼ੇਖ਼ੀਆਂ ਨਹੀਂ ਮਾਰਦੇ। ਪਰ ਸਾਨੂੰ ਉਮੀਦ ਹੈ ਕਿ ਤੁਹਾਡੀ ਨਿਹਚਾ ਲਗਾਤਾਰ ਵਧਣ ਕਰਕੇ ਸਾਡੇ ਇਲਾਕੇ ਵਿਚ ਸਾਡਾ ਕੰਮ ਹੋਰ ਤਰੱਕੀ ਕਰਦਾ ਜਾਵੇਗਾ। ਫਿਰ ਅਸੀਂ ਹੋਰ ਜ਼ਿਆਦਾ ਕੰਮ ਕਰ ਸਕਾਂਗੇ 16 ਅਤੇ ਅਸੀਂ ਤੁਹਾਡੇ ਇਲਾਕੇ ਤੋਂ ਅੱਗੇ ਹੋਰ ਇਲਾਕਿਆਂ ਵਿਚ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਾਂਗੇ ਤਾਂਕਿ ਅਸੀਂ ਕਿਸੇ ਹੋਰ ਦੇ ਇਲਾਕੇ ਵਿਚ ਹੋਏ ਕੰਮ ਉੱਤੇ ਸ਼ੇਖ਼ੀ ਨਾ ਮਾਰੀਏ। 17 “ਪਰ ਜੇ ਕੋਈ ਸ਼ੇਖ਼ੀ ਮਾਰੇ, ਤਾਂ ਉਹ ਯਹੋਵਾਹ* ਬਾਰੇ ਸ਼ੇਖ਼ੀ ਮਾਰੇ।”+ 18 ਕਿਉਂਕਿ ਜਿਹੜਾ ਇਨਸਾਨ ਆਪਣੀ ਸ਼ਲਾਘਾ ਆਪ ਕਰਦਾ ਹੈ, ਉਸ ਨੂੰ ਕਬੂਲ ਨਹੀਂ ਕੀਤਾ ਜਾਂਦਾ,+ ਸਗੋਂ ਜਿਸ ਦੀ ਸ਼ਲਾਘਾ ਯਹੋਵਾਹ* ਕਰਦਾ ਹੈ, ਉਸ ਨੂੰ ਕਬੂਲ ਕੀਤਾ ਜਾਂਦਾ ਹੈ।+