ਲੂਕਾ ਮੁਤਾਬਕ ਖ਼ੁਸ਼ ਖ਼ਬਰੀ
17 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡੀ ਨਿਹਚਾ ਨੂੰ ਕਮਜ਼ੋਰ ਕਰਨ ਵਾਲੀਆਂ ਰੁਕਾਵਟਾਂ* ਤਾਂ ਖੜ੍ਹੀਆਂ ਹੋਣਗੀਆਂ ਹੀ। ਪਰ ਲਾਹਨਤ ਹੈ ਉਸ ਇਨਸਾਨ ʼਤੇ ਜਿਹੜਾ ਰੁਕਾਵਟਾਂ ਖੜ੍ਹੀਆਂ ਕਰਦਾ ਹੈ! 2 ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ ਪਾ ਕੇ ਉਸ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ, ਬਜਾਇ ਇਸ ਦੇ ਕਿ ਉਹ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਕਮਜ਼ੋਰ ਕਰੇ।*+ 3 ਖ਼ਬਰਦਾਰ ਰਹੋ! ਜੇ ਤੇਰਾ ਭਰਾ ਤੇਰੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਉਸ ਨੂੰ ਝਿੜਕ।+ ਜੇ ਉਹ ਤੋਬਾ ਕਰਦਾ ਹੈ, ਤਾਂ ਉਸ ਨੂੰ ਮਾਫ਼ ਕਰ ਦੇ।+ 4 ਜੇ ਉਹ ਦਿਨ ਵਿਚ ਸੱਤ ਵਾਰੀ ਵੀ ਤੇਰੇ ਖ਼ਿਲਾਫ਼ ਪਾਪ ਕਰਦਾ ਹੈ ਅਤੇ ਸੱਤ ਵਾਰੀ ਤੇਰੇ ਕੋਲ ਆ ਕੇ ਕਹਿੰਦਾ ਹੈ, ‘ਮੈਂ ਤੋਬਾ ਕਰਦਾ ਹਾਂ,’ ਤਾਂ ਤੂੰ ਉਸ ਨੂੰ ਜ਼ਰੂਰ ਮਾਫ਼ ਕਰ ਦੇਈਂ।”+
5 ਹੁਣ ਰਸੂਲਾਂ ਨੇ ਪ੍ਰਭੂ ਨੂੰ ਕਿਹਾ: “ਸਾਨੂੰ ਹੋਰ ਨਿਹਚਾ ਦੇ।”+ 6 ਫਿਰ ਪ੍ਰਭੂ ਨੇ ਜਵਾਬ ਦਿੱਤਾ: “ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੁੰਦੀ, ਤਾਂ ਤੁਸੀਂ ਇਸ ਤੂਤ ਨੂੰ ਕਹਿੰਦੇ, ‘ਇੱਥੋਂ ਉੱਖੜ ਕੇ ਸਮੁੰਦਰ ਵਿਚ ਲੱਗ ਜਾ!’ ਅਤੇ ਤੂਤ ਤੁਹਾਡੀ ਗੱਲ ਮੰਨ ਲੈਂਦਾ।+
7 “ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜਿਸ ਦਾ ਨੌਕਰ ਖੇਤਾਂ ਵਿਚ ਹਲ਼ ਵਾਹ ਕੇ ਜਾਂ ਭੇਡਾਂ-ਬੱਕਰੀਆਂ ਚਾਰ ਕੇ ਘਰ ਮੁੜੇ, ਤਾਂ ਉਹ ਨੌਕਰ ਨੂੰ ਕਹੇ, ‘ਛੇਤੀ-ਛੇਤੀ ਆਜਾ, ਇੱਥੇ ਬੈਠ ਕੇ ਖਾਣਾ ਖਾਹ’? 8 ਇਸ ਦੀ ਬਜਾਇ, ਕੀ ਉਹ ਇਹ ਨਹੀਂ ਕਹੇਗਾ, ‘ਸ਼ਾਮ ਦੇ ਖਾਣੇ ਵਾਸਤੇ ਮੇਰੇ ਲਈ ਕੁਝ ਪਕਾ ਅਤੇ ਜਦ ਤਕ ਮੈਂ ਖਾ-ਪੀ ਨਾ ਹਟਾਂ, ਉਦੋਂ ਤਕ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ, ਫਿਰ ਤੂੰ ਖਾ-ਪੀ ਲਈਂ’? 9 ਉਹ ਆਪਣੇ ਨੌਕਰ ਦਾ ਅਹਿਸਾਨ ਨਹੀਂ ਮੰਨੇਗਾ ਕਿਉਂਕਿ ਨੌਕਰ ਨੇ ਤਾਂ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। 10 ਇਸ ਲਈ ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ: ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’”+
11 ਯਿਸੂ ਸਾਮਰਿਯਾ ਅਤੇ ਗਲੀਲ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ ਯਰੂਸ਼ਲਮ ਜਾ ਰਿਹਾ ਸੀ। 12 ਜਦੋਂ ਉਹ ਇਕ ਪਿੰਡ ਵਿਚ ਵੜਿਆ, ਤਾਂ ਉਸ ਨੂੰ ਦੇਖ ਕੇ ਦਸ ਕੋੜ੍ਹੀ ਉੱਠ ਕੇ ਖੜ੍ਹੇ ਹੋ ਗਏ, ਪਰ ਉਸ ਤੋਂ ਦੂਰ ਰਹੇ।+ 13 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਗੁਰੂ ਜੀ, ਸਾਡੇ ʼਤੇ ਰਹਿਮ ਕਰ!” 14 ਉਨ੍ਹਾਂ ਨੂੰ ਦੇਖ ਕੇ ਉਸ ਨੇ ਕਿਹਾ: “ਪੁਜਾਰੀਆਂ ਕੋਲ ਜਾ ਕੇ ਆਪਣੇ ਆਪ ਨੂੰ ਦਿਖਾਓ।”+ ਫਿਰ ਜਦੋਂ ਉਹ ਜਾ ਰਹੇ ਸਨ, ਤਾਂ ਰਾਹ ਵਿਚ ਹੀ ਉਹ ਸ਼ੁੱਧ ਹੋ ਗਏ।+ 15 ਉਨ੍ਹਾਂ ਵਿੱਚੋਂ ਇਕ ਜਣੇ ਨੇ ਜਦੋਂ ਦੇਖਿਆ ਕਿ ਉਹ ਠੀਕ ਹੋ ਗਿਆ ਸੀ, ਤਾਂ ਉਹ ਵਾਪਸ ਮੁੜ ਪਿਆ ਅਤੇ ਉੱਚੀ-ਉੱਚੀ ਪਰਮੇਸ਼ੁਰ ਦੇ ਗੁਣ ਗਾਉਣ ਲੱਗ ਪਿਆ। 16 ਉਸ ਨੇ ਯਿਸੂ ਦੇ ਪੈਰੀਂ ਪੈ ਕੇ ਉਸ ਦਾ ਧੰਨਵਾਦ ਕੀਤਾ। ਨਾਲੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਕੋੜ੍ਹੀ ਸਾਮਰੀ ਸੀ।+ 17 ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ: “ਕੀ ਦਸਾਂ ਦੇ ਦਸ ਕੋੜ੍ਹੀ ਸ਼ੁੱਧ ਨਹੀਂ ਕੀਤੇ ਗਏ ਸਨ? ਤਾਂ ਫਿਰ ਬਾਕੀ ਦੇ ਨੌਂ ਕਿੱਥੇ ਹਨ? 18 ਕੀ ਪਰਾਈ ਕੌਮ ਦੇ ਇਸ ਬੰਦੇ ਨੂੰ ਛੱਡ ਹੋਰ ਕੋਈ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਾਪਸ ਨਹੀਂ ਆਇਆ?” 19 ਫਿਰ ਉਸ ਨੇ ਉਸ ਆਦਮੀ ਨੂੰ ਕਿਹਾ: “ਉੱਠ ਅਤੇ ਜਾਹ; ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+
20 ਇਕ ਦਿਨ ਫ਼ਰੀਸੀਆਂ ਨੇ ਉਸ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ+ ਅਤੇ ਉਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਨਹੀਂ ਆਵੇਗਾ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ; 21 ਨਾਲੇ ਲੋਕ ਇਹ ਨਹੀਂ ਕਹਿਣਗੇ, ‘ਇੱਥੇ ਦੇਖੋ!’ ਜਾਂ ‘ਉੱਥੇ ਦੇਖੋ!’ ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੈ।”+
22 ਫਿਰ ਉਸ ਨੇ ਚੇਲਿਆਂ ਨੂੰ ਕਿਹਾ: “ਉਹ ਸਮਾਂ ਵੀ ਆਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇਕ ਦਿਨ ਦੇਖਣਾ ਚਾਹੋਗੇ, ਪਰ ਤੁਸੀਂ ਉਹ ਦਿਨ ਦੇਖ ਨਹੀਂ ਸਕੋਗੇ। 23 ਲੋਕ ਤੁਹਾਨੂੰ ਕਹਿਣਗੇ, ‘ਦੇਖੋ ਉੱਥੇ ਹੈ!’ ਜਾਂ ‘ਦੇਖੋ ਇੱਥੇ ਹੈ!’ ਪਰ ਤੁਸੀਂ ਬਾਹਰ ਨਾ ਜਾਇਓ ਜਾਂ ਉਨ੍ਹਾਂ ਦੇ ਮਗਰ ਨਾ ਲੱਗਿਓ।+ 24 ਕਿਉਂਕਿ ਜਿਵੇਂ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤਕ ਬਿਜਲੀ ਲਿਸ਼ਕਦੀ ਹੈ, ਉਵੇਂ ਮਨੁੱਖ ਦਾ ਪੁੱਤਰ+ ਉਸ* ਦਿਨ ਹੋਵੇਗਾ।+ 25 ਪਰ ਪਹਿਲਾਂ ਉਸ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਕਬੂਲ ਨਹੀਂ ਕਰਨਗੇ।+ 26 ਇਸ ਤੋਂ ਇਲਾਵਾ, ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ,+ ਤਿਵੇਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿਚ ਹੋਵੇਗਾ:+ 27 ਉਨ੍ਹਾਂ ਦਿਨਾਂ ਵਿਚ ਲੋਕ ਖਾਂਦੇ-ਪੀਂਦੇ, ਆਦਮੀ ਵਿਆਹ ਕਰਾਉਂਦੇ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ+ ਅਤੇ ਫਿਰ ਜਲ-ਪਰਲੋ ਆਈ ਅਤੇ ਸਾਰਿਆਂ ਨੂੰ ਖ਼ਤਮ ਕਰ ਗਈ।+ 28 ਨਾਲੇ ਜਿਵੇਂ ਲੂਤ ਦੇ ਦਿਨਾਂ ਵਿਚ ਹੋਇਆ ਸੀ:+ ਲੋਕ ਖਾਂਦੇ-ਪੀਂਦੇ, ਚੀਜ਼ਾਂ ਖ਼ਰੀਦਦੇ-ਵੇਚਦੇ, ਬੀ ਬੀਜਦੇ ਅਤੇ ਘਰ ਬਣਾਉਂਦੇ ਸਨ। 29 ਪਰ ਜਿਸ ਦਿਨ ਲੂਤ ਸਦੂਮ ਸ਼ਹਿਰ ਵਿੱਚੋਂ ਨਿਕਲਿਆ, ਉਸ ਦਿਨ ਆਕਾਸ਼ੋਂ ਅੱਗ ਅਤੇ ਗੰਧਕ* ਵਰ੍ਹੀ ਜਿਸ ਕਰਕੇ ਸਾਰੇ ਲੋਕ ਭਸਮ ਹੋ ਗਏ।+ 30 ਜਿਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਉਸ ਦਿਨ ਵੀ ਇਸੇ ਤਰ੍ਹਾਂ ਹੋਵੇਗਾ।+
31 “ਉਸ ਦਿਨ, ਜਿਹੜਾ ਆਦਮੀ ਕੋਠੇ ʼਤੇ ਹੋਵੇ, ਪਰ ਉਸ ਦੀਆਂ ਚੀਜ਼ਾਂ ਥੱਲੇ ਘਰ ਵਿਚ ਹੋਣ, ਤਾਂ ਉਹ ਹੇਠਾਂ ਆ ਕੇ ਆਪਣੀਆਂ ਚੀਜ਼ਾਂ ਨਾ ਚੁੱਕੇ ਅਤੇ ਜਿਹੜਾ ਆਦਮੀ ਖੇਤਾਂ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਲੈਣ ਵਾਪਸ ਨਾ ਜਾਵੇ। 32 ਲੂਤ ਦੀ ਪਤਨੀ ਨੂੰ ਯਾਦ ਰੱਖੋ!+ 33 ਜਿਹੜਾ ਇਨਸਾਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+ 34 ਮੈਂ ਤੁਹਾਨੂੰ ਕਹਿੰਦਾ ਹਾਂ: ਉਸ ਰਾਤ ਦੋ ਜਣੇ ਇੱਕੋ ਮੰਜੇ ʼਤੇ ਪਏ ਹੋਣਗੇ; ਉਨ੍ਹਾਂ ਵਿੱਚੋਂ ਇਕ ਨੂੰ ਨਾਲ ਲਿਜਾਇਆ ਜਾਵੇਗਾ, ਪਰ ਦੂਜੇ ਨੂੰ ਛੱਡ ਦਿੱਤਾ ਜਾਵੇਗਾ।+ 35 ਦੋ ਤੀਵੀਆਂ ਇੱਕੋ ਚੱਕੀ ਪੀਂਹਦੀਆਂ ਹੋਣਗੀਆਂ; ਇਕ ਨੂੰ ਨਾਲ ਲਿਜਾਇਆ ਜਾਵੇਗਾ ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ।” 36 *— 37 ਇਹ ਗੱਲ ਸੁਣ ਕੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਪ੍ਰਭੂ ਕਿੱਥੇ?” ਉਸ ਨੇ ਉਨ੍ਹਾਂ ਨੂੰ ਕਿਹਾ: “ਉਕਾਬ ਉੱਥੇ ਇਕੱਠੇ ਹੁੰਦੇ ਹਨ ਜਿੱਥੇ ਲਾਸ਼ ਪਈ ਹੁੰਦੀ ਹੈ।”+