ਨਿਆਈਆਂ
14 ਫਿਰ ਸਮਸੂਨ ਹੇਠਾਂ ਤਿਮਨਾਹ ਨੂੰ ਗਿਆ ਅਤੇ ਤਿਮਨਾਹ ਵਿਚ ਉਸ ਨੇ ਇਕ ਫਲਿਸਤੀ ਕੁੜੀ* ਨੂੰ ਦੇਖਿਆ। 2 ਉਹ ਉਤਾਂਹ ਗਿਆ ਅਤੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ: “ਤਿਮਨਾਹ ਵਿਚ ਮੈਂ ਇਕ ਫਲਿਸਤੀ ਕੁੜੀ ਦੇਖੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰਾ ਵਿਆਹ ਉਸ ਨਾਲ ਕਰ ਦਿਓ।” 3 ਪਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿਹਾ: “ਕੀ ਤੈਨੂੰ ਆਪਣੇ ਰਿਸ਼ਤੇਦਾਰਾਂ ਅਤੇ ਸਾਡੇ ਸਾਰੇ ਲੋਕਾਂ ਵਿਚ ਕੋਈ ਕੁੜੀ ਨਹੀਂ ਮਿਲੀ+ ਕਿ ਤੂੰ ਬੇਸੁੰਨਤੇ ਫਲਿਸਤੀਆਂ ਵਿੱਚੋਂ ਆਪਣੇ ਲਈ ਪਤਨੀ ਲੈਣ ਚੱਲਾ ਹੈਂ?” ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ: “ਮੇਰਾ ਵਿਆਹ ਉਸੇ ਨਾਲ ਕਰ ਕਿਉਂਕਿ ਉਹੀ ਮੇਰੇ ਲਈ ਸਹੀ ਹੈ।”* 4 ਉਸ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਇਹ ਯਹੋਵਾਹ ਵੱਲੋਂ ਹੋ ਰਿਹਾ ਸੀ ਜੋ ਫਲਿਸਤੀਆਂ ਨਾਲ ਲੜਨ ਦਾ ਮੌਕਾ ਭਾਲ ਰਿਹਾ ਸੀ ਕਿਉਂਕਿ ਉਸ ਵੇਲੇ ਫਲਿਸਤੀ ਇਜ਼ਰਾਈਲ ʼਤੇ ਰਾਜ ਕਰ ਰਹੇ ਸਨ।+
5 ਸਮਸੂਨ ਆਪਣੇ ਮਾਤਾ-ਪਿਤਾ ਨਾਲ ਹੇਠਾਂ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰਾਂ ਦੇ ਬਾਗ਼ਾਂ ਕੋਲ ਪਹੁੰਚਿਆ, ਤਾਂ ਦੇਖੋ! ਇਕ ਸ਼ੇਰ ਦਹਾੜਦਾ ਹੋਇਆ ਉਸ ਵੱਲ ਆਇਆ। 6 ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ+ ਤੇ ਉਸ ਨੇ ਇਸ ਸ਼ੇਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤੇ ਜਿਵੇਂ ਕੋਈ ਮੇਮਣੇ ਨੂੰ ਹੱਥਾਂ ਨਾਲ ਪਾੜ ਕੇ ਦੋ ਹਿੱਸੇ ਕਰ ਦਿੰਦਾ ਹੈ। ਪਰ ਉਸ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ ਕਿ ਉਸ ਨੇ ਕੀ ਕੀਤਾ ਸੀ। 7 ਫਿਰ ਉਸ ਨੇ ਜਾ ਕੇ ਉਸ ਕੁੜੀ ਨਾਲ ਗੱਲ ਕੀਤੀ ਅਤੇ ਸਮਸੂਨ ਨੂੰ ਯਕੀਨ ਹੋ ਗਿਆ ਕਿ ਉਹ ਕੁੜੀ ਉਸ ਲਈ ਸਹੀ ਸੀ।+
8 ਬਾਅਦ ਵਿਚ ਜਦੋਂ ਉਹ ਉਸ ਕੁੜੀ ਨੂੰ ਘਰ ਲਿਆਉਣ ਲਈ ਵਾਪਸ ਜਾ ਰਿਹਾ ਸੀ,+ ਤਾਂ ਉਹ ਮਰੇ ਹੋਏ ਸ਼ੇਰ ਨੂੰ ਦੇਖਣ ਲਈ ਇਕ ਪਾਸੇ ਨੂੰ ਮੁੜਿਆ ਅਤੇ ਉਸ ਨੇ ਦੇਖਿਆ ਕਿ ਮਰੇ ਹੋਏ ਸ਼ੇਰ ਵਿਚ ਮਧੂ-ਮੱਖੀਆਂ ਦਾ ਝੁੰਡ ਤੇ ਸ਼ਹਿਦ ਸੀ। 9 ਇਸ ਲਈ ਉਸ ਨੇ ਸ਼ਹਿਦ ਕੱਢ ਕੇ ਹੱਥਾਂ ਵਿਚ ਲਿਆ ਤੇ ਤੁਰਦਾ-ਤੁਰਦਾ ਇਸ ਨੂੰ ਖਾਂਦਾ ਗਿਆ। ਜਦੋਂ ਉਹ ਆਪਣੇ ਮਾਤਾ-ਪਿਤਾ ਕੋਲ ਆ ਗਿਆ, ਤਾਂ ਉਸ ਨੇ ਉਨ੍ਹਾਂ ਨੂੰ ਵੀ ਥੋੜ੍ਹਾ ਜਿਹਾ ਸ਼ਹਿਦ ਖਾਣ ਨੂੰ ਦਿੱਤਾ। ਪਰ ਉਸ ਨੇ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਸ ਨੇ ਇਹ ਸ਼ਹਿਦ ਮਰੇ ਹੋਏ ਸ਼ੇਰ ਵਿੱਚੋਂ ਕੱਢਿਆ ਸੀ।
10 ਉਸ ਦਾ ਪਿਤਾ ਉਸ ਕੁੜੀ ਕੋਲ ਗਿਆ ਤੇ ਸਮਸੂਨ ਨੇ ਉੱਥੇ ਇਕ ਦਾਅਵਤ ਰੱਖੀ ਕਿਉਂਕਿ ਉਸ ਸਮੇਂ ਨੌਜਵਾਨ ਇਸੇ ਤਰ੍ਹਾਂ ਕਰਦੇ ਹੁੰਦੇ ਸਨ। 11 ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਉਹ 30 ਨੌਜਵਾਨਾਂ ਨੂੰ ਲੈ ਕੇ ਆਏ ਤਾਂਕਿ ਉਹ ਸਮਸੂਨ ਨਾਲ ਰਹਿਣ। 12 ਫਿਰ ਸਮਸੂਨ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇਕ ਬੁਝਾਰਤ ਪਾਉਂਦਾ ਹਾਂ। ਜੇ ਤੁਸੀਂ ਦਾਅਵਤ ਦੇ ਸੱਤਾਂ ਦਿਨਾਂ ਦੌਰਾਨ ਇਸ ਨੂੰ ਬੁੱਝ ਲਓ ਤੇ ਮੈਨੂੰ ਇਸ ਦਾ ਜਵਾਬ ਦੱਸੋ, ਤਾਂ ਮੈਂ ਤੁਹਾਨੂੰ ਮਲਮਲ ਦੇ 30 ਕੁੜਤੇ ਅਤੇ 30 ਜੋੜੇ ਕੱਪੜੇ ਦਿਆਂਗਾ। 13 ਪਰ ਜੇ ਤੁਸੀਂ ਮੈਨੂੰ ਜਵਾਬ ਨਹੀਂ ਦੱਸ ਸਕੇ, ਤਾਂ ਤੁਸੀਂ ਮੈਨੂੰ ਮਲਮਲ ਦੇ 30 ਕੁੜਤੇ ਅਤੇ 30 ਜੋੜੇ ਕੱਪੜੇ ਦਿਓਗੇ।” ਉਨ੍ਹਾਂ ਨੇ ਕਿਹਾ: “ਤੂੰ ਸਾਨੂੰ ਆਪਣੀ ਬੁਝਾਰਤ ਦੱਸ; ਅਸੀਂ ਇਸ ਨੂੰ ਸੁਣਨਾ ਚਾਹੁੰਦੇ ਹਾਂ।” 14 ਉਸ ਨੇ ਉਨ੍ਹਾਂ ਨੂੰ ਕਿਹਾ:
“ਖਾਣ ਵਾਲੇ ਵਿੱਚੋਂ ਭੋਜਨ ਨਿਕਲਿਆ
ਅਤੇ ਤਕੜੇ ਵਿੱਚੋਂ ਮਿਠਾਸ।”+
ਉਹ ਤਿੰਨ ਦਿਨਾਂ ਤਕ ਇਸ ਬੁਝਾਰਤ ਨੂੰ ਬੁੱਝ ਨਹੀਂ ਸਕੇ। 15 ਚੌਥੇ ਦਿਨ ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ: “ਤੂੰ ਆਪਣੇ ਪਤੀ ਨੂੰ ਫੁਸਲਾ+ ਕਿ ਉਹ ਸਾਨੂੰ ਇਸ ਬੁਝਾਰਤ ਦਾ ਜਵਾਬ ਦੱਸੇ। ਨਹੀਂ ਤਾਂ ਅਸੀਂ ਤੈਨੂੰ ਤੇ ਤੇਰੇ ਪਿਤਾ ਦੇ ਘਰਾਣੇ ਨੂੰ ਅੱਗ ਨਾਲ ਸਾੜ ਸੁੱਟਾਂਗੇ। ਕੀ ਤੁਸੀਂ ਸਾਨੂੰ ਇੱਥੇ ਇਸ ਲਈ ਸੱਦਿਆ ਤਾਂਕਿ ਅਸੀਂ ਲੁੱਟੇ ਜਾਈਏ?” 16 ਇਸ ਲਈ ਸਮਸੂਨ ਦੀ ਪਤਨੀ ਉਸ ਅੱਗੇ ਰੋਣ ਲੱਗੀ ਤੇ ਕਿਹਾ: “ਤੂੰ ਮੇਰੇ ਨਾਲ ਨਫ਼ਰਤ ਕਰਦਾ ਹੈਂ; ਤੂੰ ਮੈਨੂੰ ਪਿਆਰ ਨਹੀਂ ਕਰਦਾ।+ ਤੂੰ ਮੇਰੇ ਲੋਕਾਂ ਨੂੰ ਬੁਝਾਰਤ ਪਾਈ ਹੈ, ਪਰ ਤੂੰ ਮੈਨੂੰ ਉਸ ਦਾ ਜਵਾਬ ਨਹੀਂ ਦੱਸਿਆ।” ਇਹ ਸੁਣ ਕੇ ਉਸ ਨੇ ਕਿਹਾ: “ਮੈਂ ਤਾਂ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸਿਆ! ਫਿਰ ਤੈਨੂੰ ਕਿਉਂ ਦੱਸਾਂ?” 17 ਪਰ ਉਹ ਦਾਅਵਤ ਦੇ ਸੱਤਾਂ ਦਿਨਾਂ ਤਕ ਉਸ ਅੱਗੇ ਰੋਂਦੀ ਰਹੀ। ਅਖ਼ੀਰ ਸੱਤਵੇਂ ਦਿਨ ਉਸ ਨੇ ਉਸ ਨੂੰ ਜਵਾਬ ਦੱਸ ਦਿੱਤਾ ਕਿਉਂਕਿ ਉਸ ਨੇ ਉਸ ʼਤੇ ਜ਼ੋਰ ਪਾਇਆ। ਫਿਰ ਉਸ ਨੇ ਬੁਝਾਰਤ ਦਾ ਜਵਾਬ ਆਪਣੇ ਲੋਕਾਂ ਨੂੰ ਦੱਸ ਦਿੱਤਾ।+ 18 ਇਸ ਲਈ ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ* ਸ਼ਹਿਰ ਦੇ ਆਦਮੀਆਂ ਨੇ ਉਸ ਨੂੰ ਕਿਹਾ:
“ਸ਼ਹਿਦ ਨਾਲੋਂ ਮਿੱਠਾ ਕੀ ਹੈ
ਅਤੇ ਸ਼ੇਰ ਨਾਲੋਂ ਤਕੜਾ ਕੌਣ?”+
ਉਸ ਨੇ ਉਨ੍ਹਾਂ ਨੂੰ ਕਿਹਾ:
“ਜੇ ਤੁਸੀਂ ਮੇਰੀ ਵੱਛੀ ਨੂੰ ਹਲ਼ ਅੱਗੇ ਨਾ ਜੋਤਦੇ,+
ਤਾਂ ਤੁਸੀਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ।”
19 ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।+ ਉਹ ਅਸ਼ਕਲੋਨ+ ਗਿਆ ਤੇ ਉਨ੍ਹਾਂ ਦੇ 30 ਆਦਮੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੇ ਕੱਪੜੇ ਲਾਹ ਕੇ ਬੁਝਾਰਤ ਦਾ ਜਵਾਬ ਦੱਸਣ ਵਾਲਿਆਂ ਨੂੰ ਦੇ ਦਿੱਤੇ।+ ਉਹ ਗੁੱਸੇ ਨਾਲ ਭਰਿਆ-ਪੀਤਾ ਵਾਪਸ ਆਪਣੇ ਪਿਤਾ ਦੇ ਘਰ ਨੂੰ ਚਲਾ ਗਿਆ।
20 ਫਿਰ ਸਮਸੂਨ ਦੀ ਪਤਨੀ+ ਸਮਸੂਨ ਦੇ ਨਾਲ-ਨਾਲ ਰਹਿਣ ਵਾਲੇ ਇਕ ਸਾਥੀ ਨੂੰ ਦੇ ਦਿੱਤੀ ਗਈ।+