ਗਿਣਤੀ
13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਤੂੰ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਆਦਮੀਆਂ ਨੂੰ ਘੱਲ ਜੋ ਮੈਂ ਇਜ਼ਰਾਈਲੀਆਂ ਨੂੰ ਦੇਣ ਜਾ ਰਿਹਾ ਹਾਂ। ਤੂੰ ਹਰ ਗੋਤ ਵਿੱਚੋਂ ਇਕ ਆਦਮੀ ਘੱਲ ਜੋ ਆਪਣੇ ਲੋਕਾਂ ਦਾ ਮੁਖੀ+ ਹੋਵੇ।”+
3 ਇਸ ਲਈ ਯਹੋਵਾਹ ਦਾ ਹੁਕਮ ਮੰਨਦੇ ਹੋਏ ਮੂਸਾ ਨੇ ਪਾਰਾਨ ਦੀ ਉਜਾੜ+ ਤੋਂ ਆਦਮੀ ਘੱਲੇ। ਇਹ ਸਾਰੇ ਆਦਮੀ ਇਜ਼ਰਾਈਲੀਆਂ ਦੇ ਆਗੂ ਸਨ। 4 ਇਹ ਉਨ੍ਹਾਂ ਦੇ ਨਾਂ ਹਨ: ਰਊਬੇਨ ਦੇ ਗੋਤ ਵਿੱਚੋਂ ਸ਼ਮੂਆ ਜੋ ਜ਼ਕੂਰ ਦਾ ਪੁੱਤਰ ਹੈ; 5 ਸ਼ਿਮਓਨ ਦੇ ਗੋਤ ਵਿੱਚੋਂ ਸ਼ਾਫਾਟ ਜੋ ਹੋਰੀ ਦਾ ਪੁੱਤਰ ਹੈ; 6 ਯਹੂਦਾਹ ਦੇ ਗੋਤ ਵਿੱਚੋਂ ਕਾਲੇਬ+ ਜੋ ਯਫੁੰਨਾਹ ਦਾ ਪੁੱਤਰ ਹੈ; 7 ਯਿਸਾਕਾਰ ਦੇ ਗੋਤ ਵਿੱਚੋਂ ਯਿਗਾਲ ਜੋ ਯੂਸੁਫ਼ ਦਾ ਪੁੱਤਰ ਹੈ; 8 ਇਫ਼ਰਾਈਮ ਦੇ ਗੋਤ ਵਿੱਚੋਂ ਹੋਸ਼ੇਆ+ ਜੋ ਨੂਨ ਦਾ ਪੁੱਤਰ ਹੈ; 9 ਬਿਨਯਾਮੀਨ ਦੇ ਗੋਤ ਵਿੱਚੋਂ ਪਲਟੀ ਜੋ ਰਾਫੂ ਦਾ ਪੁੱਤਰ ਹੈ; 10 ਜ਼ਬੂਲੁਨ ਦੇ ਗੋਤ ਵਿੱਚੋਂ ਗੱਦੀਏਲ ਜੋ ਸੋਦੀ ਦਾ ਪੁੱਤਰ ਹੈ; 11 ਯੂਸੁਫ਼ ਦੇ ਗੋਤ+ ਯਾਨੀ ਮਨੱਸ਼ਹ ਦੇ ਗੋਤ+ ਵਿੱਚੋਂ ਗੱਦੀ ਜੋ ਸੂਸੀ ਦਾ ਪੁੱਤਰ ਹੈ; 12 ਦਾਨ ਦੇ ਗੋਤ ਵਿੱਚੋਂ ਅਮੀਏਲ ਜਿਹੜਾ ਗਮੱਲੀ ਦਾ ਪੁੱਤਰ ਹੈ; 13 ਆਸ਼ੇਰ ਦੇ ਗੋਤ ਵਿੱਚੋਂ ਸਥੂਰ ਜੋ ਮੀਕਾਏਲ ਦਾ ਪੁੱਤਰ ਹੈ; 14 ਨਫ਼ਤਾਲੀ ਦੇ ਗੋਤ ਵਿੱਚੋਂ ਨਹਬੀ ਜੋ ਵਾਫ਼ਸੀ ਦਾ ਪੁੱਤਰ ਹੈ; 15 ਗਾਦ ਦੇ ਗੋਤ ਵਿੱਚੋਂ ਗਊਏਲ ਜੋ ਮਾਕੀ ਦਾ ਪੁੱਤਰ ਹੈ। 16 ਇਹ ਉਨ੍ਹਾਂ ਆਦਮੀਆਂ ਦੇ ਨਾਂ ਹਨ ਜਿਨ੍ਹਾਂ ਨੂੰ ਮੂਸਾ ਨੇ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਘੱਲਿਆ ਸੀ। ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਦਾ ਨਾਂ ਯਹੋਸ਼ੁਆ*+ ਰੱਖਿਆ।
17 ਉਨ੍ਹਾਂ ਨੂੰ ਕਨਾਨ ਦੇਸ਼ ਘੱਲਣ ਤੋਂ ਪਹਿਲਾਂ ਮੂਸਾ ਨੇ ਕਿਹਾ: “ਤੁਸੀਂ ਇੱਥੋਂ ਨੇਗੇਬ ਨੂੰ ਜਾਓ ਅਤੇ ਫਿਰ ਪਹਾੜੀ ਇਲਾਕੇ ਨੂੰ।+ 18 ਤੁਸੀਂ ਦੇਖਿਓ ਕਿ ਉਹ ਦੇਸ਼ ਕਿਹੋ ਜਿਹਾ ਹੈ+ ਅਤੇ ਉੱਥੋਂ ਦੇ ਲੋਕ ਤਾਕਤਵਰ ਹਨ ਜਾਂ ਕਮਜ਼ੋਰ, ਥੋੜ੍ਹੇ ਹਨ ਜਾਂ ਬਹੁਤ ਸਾਰੇ, 19 ਉਹ ਦੇਸ਼ ਚੰਗਾ ਹੈ ਜਾਂ ਮਾੜਾ; ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਕੰਧਾਂ ਹਨ ਜਾਂ ਨਹੀਂ। 20 ਨਾਲੇ ਦੇਖਿਓ ਕਿ ਉੱਥੇ ਦੀ ਜ਼ਮੀਨ ਉਪਜਾਊ ਹੈ ਜਾਂ ਬੰਜਰ,+ ਉੱਥੇ ਦਰਖ਼ਤ ਹਨ ਜਾਂ ਨਹੀਂ। ਤੁਸੀਂ ਦਲੇਰ ਬਣਿਓ+ ਅਤੇ ਉਸ ਦੇਸ਼ ਦੇ ਕੁਝ ਫਲ ਲੈਂਦੇ ਆਇਓ।” ਉਸ ਵੇਲੇ ਅੰਗੂਰਾਂ ਦੇ ਪੱਕੇ ਹੋਏ ਪਹਿਲੇ ਫਲ ਦਾ ਮੌਸਮ ਸੀ।+
21 ਇਸ ਲਈ ਉਹ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ+ ਤੋਂ ਲੈ ਕੇ ਲੇਬੋ-ਹਮਾਥ*+ ਦੇ ਨੇੜੇ ਰਹੋਬ+ ਤਕ ਦੇਸ਼ ਦੀ ਜਾਸੂਸੀ ਕੀਤੀ। 22 ਨੇਗੇਬ ਪਹੁੰਚ ਕੇ ਉਹ ਹਬਰੋਨ+ ਗਏ ਜਿੱਥੇ ਅਹੀਮਾਨ, ਸ਼ੇਸ਼ਈ ਅਤੇ ਤਲਮਈ+ ਨਾਂ ਦੇ ਲੋਕ ਰਹਿੰਦੇ ਸਨ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਸਨ। ਹਬਰੋਨ ਨੂੰ ਮਿਸਰ ਦੇ ਸ਼ਹਿਰ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ। 23 ਜਦੋਂ ਉਹ ਅਸ਼ਕੋਲ ਘਾਟੀ+ ਵਿਚ ਆਏ, ਤਾਂ ਉੱਥੋਂ ਉਨ੍ਹਾਂ ਨੇ ਅੰਗੂਰੀ ਵੇਲ ਦੀ ਇਕ ਟਾਹਣੀ ਤੋੜੀ ਜਿਸ ਨੂੰ ਅੰਗੂਰਾਂ ਦਾ ਇਕ ਵੱਡਾ ਗੁੱਛਾ ਲੱਗਾ ਹੋਇਆ ਸੀ। ਇਸ ਨੂੰ ਦੋ ਆਦਮੀਆਂ ਨੂੰ ਇਕ ਡੰਡੇ ਉੱਤੇ ਚੁੱਕਣਾ ਪਿਆ। ਨਾਲੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰਾਂ ਵੀ ਲਈਆਂ।+ 24 ਉਨ੍ਹਾਂ ਨੇ ਅੰਗੂਰਾਂ ਦੇ ਇਸ ਗੁੱਛੇ ਕਾਰਨ ਜੋ ਇਜ਼ਰਾਈਲੀਆਂ ਨੇ ਉੱਥੋਂ ਤੋੜਿਆ ਸੀ, ਉਸ ਜਗ੍ਹਾ ਦਾ ਨਾਂ ਅਸ਼ਕੋਲ* ਘਾਟੀ+ ਰੱਖਿਆ।
25 ਉਹ ਕਨਾਨ ਦੇਸ਼ ਦੀ ਜਾਸੂਸੀ ਕਰ ਕੇ 40 ਦਿਨਾਂ+ ਬਾਅਦ ਵਾਪਸ ਆਏ। 26 ਉਹ ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਵਾਪਸ ਆ ਗਏ ਜਿਹੜੇ ਪਾਰਾਨ ਦੀ ਉਜਾੜ ਵਿਚ ਕਾਦੇਸ਼+ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਰੀ ਮੰਡਲੀ ਨੂੰ ਉਸ ਦੇਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਦਿਖਾਏ। 27 ਉਨ੍ਹਾਂ ਨੇ ਮੂਸਾ ਨੂੰ ਦੱਸਿਆ: “ਅਸੀਂ ਉਸ ਦੇਸ਼ ਵਿਚ ਗਏ ਜਿੱਥੇ ਤੂੰ ਸਾਨੂੰ ਘੱਲਿਆ ਸੀ। ਉੱਥੇ ਸੱਚੀਂ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਅਤੇ ਇਹ ਉੱਥੋਂ ਦੇ ਫਲ ਹਨ।+ 28 ਪਰ ਉੱਥੋਂ ਦੇ ਲੋਕ ਤਾਕਤਵਰ ਹਨ, ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੁਆਲੇ ਕੰਧਾਂ ਹਨ। ਅਸੀਂ ਉੱਥੇ ਅਨਾਕੀ ਲੋਕ ਵੀ ਦੇਖੇ।+ 29 ਨੇਗੇਬ+ ਦੇ ਇਲਾਕੇ ਵਿਚ ਅਮਾਲੇਕੀ+ ਅਤੇ ਪਹਾੜੀ ਇਲਾਕੇ ਵਿਚ ਹਿੱਤੀ, ਯਬੂਸੀ+ ਅਤੇ ਅਮੋਰੀ+ ਰਹਿੰਦੇ ਹਨ ਅਤੇ ਸਮੁੰਦਰ ਦੇ ਨੇੜੇ+ ਅਤੇ ਯਰਦਨ ਦਰਿਆ ਦੇ ਨਾਲ ਵਾਲੇ ਇਲਾਕਿਆਂ ਵਿਚ ਕਨਾਨੀ ਲੋਕ+ ਰਹਿੰਦੇ ਹਨ।”
30 ਫਿਰ ਕਾਲੇਬ ਨੇ ਮੂਸਾ ਸਾਮ੍ਹਣੇ ਖੜ੍ਹੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ: “ਆਓ ਆਪਾਂ ਤੁਰੰਤ ਉੱਥੇ ਚਲੀਏ ਅਤੇ ਅਸੀਂ ਜ਼ਰੂਰ ਉਸ ਦੇਸ਼ ਨੂੰ ਜਿੱਤ ਕੇ ਉਸ ʼਤੇ ਕਬਜ਼ਾ ਕਰ ਲਵਾਂਗੇ।”+ 31 ਪਰ ਜਿਹੜੇ ਆਦਮੀ ਕਾਲੇਬ ਨਾਲ ਗਏ ਸਨ, ਉਨ੍ਹਾਂ ਨੇ ਕਿਹਾ: “ਅਸੀਂ ਉਨ੍ਹਾਂ ਨਾਲ ਲੜ ਨਹੀਂ ਸਕਦੇ ਕਿਉਂਕਿ ਉਹ ਸਾਡੇ ਨਾਲੋਂ ਤਾਕਤਵਰ ਹਨ।”+ 32 ਉਹ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੰਦੇ ਰਹੇ+ ਜਿਸ ਦੇਸ਼ ਦੀ ਉਨ੍ਹਾਂ ਨੇ ਜਾਸੂਸੀ ਕੀਤੀ ਸੀ। ਉਨ੍ਹਾਂ ਨੇ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕੀਤੀ ਸੀ, ਉਹ ਦੇਸ਼ ਆਪਣੇ ਹੀ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਅਸੀਂ ਉੱਥੇ ਜਿੰਨੇ ਵੀ ਲੋਕ ਦੇਖੇ, ਉਹ ਬਹੁਤ ਉੱਚੇ ਕੱਦ-ਕਾਠ ਵਾਲੇ ਹਨ।+ 33 ਅਸੀਂ ਉੱਥੇ ਦੈਂਤ* ਦੇਖੇ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਹਨ, ਹਾਂ, ਉਹ ਦੈਂਤਾਂ ਦੀ ਔਲਾਦ ਹਨ। ਉਨ੍ਹਾਂ ਦੇ ਮੁਕਾਬਲੇ ਤਾਂ ਅਸੀਂ ਟਿੱਡੀਆਂ ਵਰਗੇ ਸੀ ਅਤੇ ਉਹ ਵੀ ਸਾਨੂੰ ਟਿੱਡੀਆਂ ਵਰਗੇ ਹੀ ਸਮਝਦੇ ਸਨ।”