ਰੂਥ
3 ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਕਿਹਾ: “ਧੀਏ, ਮੈਂ ਤੇਰਾ ਘਰ ਵਸਾਉਣਾ ਚਾਹੁੰਦੀ ਹਾਂ+ ਤਾਂਕਿ ਤੈਨੂੰ ਸੁੱਖ ਮਿਲੇ। 2 ਸੁਣ, ਆਪਣਾ ਰਿਸ਼ਤੇਦਾਰ ਬੋਅਜ਼,+ ਜਿਸ ਦੀਆਂ ਨੌਕਰਾਣੀਆਂ ਨਾਲ ਤੂੰ ਕੰਮ ਕੀਤਾ ਸੀ, ਅੱਜ ਸ਼ਾਮ ਨੂੰ ਖੇਤਾਂ ਵਿਚ ਜੌਆਂ ਦੀ ਛਟਾਈ ਕਰੇਗਾ। 3 ਇਸ ਲਈ ਨਹਾ-ਧੋ, ਖ਼ੁਸ਼ਬੂਦਾਰ ਤੇਲ ਮਲ਼ ਅਤੇ ਤਿਆਰ ਹੋ ਕੇ ਖੇਤਾਂ ਨੂੰ ਚਲੀ ਜਾਹ। ਜਦ ਤਕ ਉਹ ਖਾ-ਪੀ ਨਾ ਹਟੇ, ਉਦੋਂ ਤਕ ਉਸ ਨੂੰ ਆਪਣੇ ਆਉਣ ਦਾ ਪਤਾ ਨਾ ਲੱਗਣ ਦੇਈਂ। 4 ਧਿਆਨ ਰੱਖੀਂ ਕਿ ਉਹ ਕਿੱਥੇ ਲੰਮਾ ਪੈਂਦਾ ਹੈ; ਉਸ ਦੇ ਸੌਂ ਜਾਣ ਤੋਂ ਬਾਅਦ ਤੂੰ ਜਾ ਕੇ ਉਸ ਦੇ ਪੈਰਾਂ ਉੱਤੋਂ ਚਾਦਰ ਚੁੱਕ ਦੇਈਂ ਅਤੇ ਉੱਥੇ ਲੰਮੀ ਪੈ ਜਾਈਂ। ਫਿਰ ਉਹ ਤੈਨੂੰ ਦੱਸੇਗਾ ਕਿ ਤੂੰ ਕੀ ਕਰਨਾ ਹੈ।”
5 ਇਹ ਸੁਣ ਕੇ ਰੂਥ ਨੇ ਕਿਹਾ: “ਤੂੰ ਜੋ ਵੀ ਕਿਹਾ ਹੈ, ਮੈਂ ਕਰਾਂਗੀ।” 6 ਇਸ ਲਈ ਉਹ ਖੇਤਾਂ ਵਿਚ ਗਈ ਅਤੇ ਆਪਣੀ ਸੱਸ ਦੇ ਕਹੇ ਅਨੁਸਾਰ ਕੀਤਾ। 7 ਇਸ ਸਮੇਂ ਦੌਰਾਨ ਬੋਅਜ਼ ਨੇ ਖਾਧਾ-ਪੀਤਾ ਅਤੇ ਉਹ ਖ਼ੁਸ਼ ਸੀ। ਫਿਰ ਉਹ ਦਾਣਿਆਂ ਦੇ ਢੇਰ ਦੇ ਇਕ ਪਾਸੇ ਲੰਮਾ ਪੈ ਗਿਆ। ਇਸ ਤੋਂ ਬਾਅਦ ਰੂਥ ਦੱਬੇ-ਪੈਰੀਂ ਆਈ ਅਤੇ ਉਸ ਦੇ ਪੈਰਾਂ ਉੱਤੋਂ ਚਾਦਰ ਚੁੱਕੀ ਅਤੇ ਉੱਥੇ ਲੰਮੀ ਪੈ ਗਈ। 8 ਅੱਧੀ ਰਾਤ ਨੂੰ ਉਹ ਤ੍ਰਭਕ ਕੇ ਉੱਠਿਆ ਅਤੇ ਬੈਠੇ-ਬੈਠੇ ਅੱਗੇ ਨੂੰ ਹੋ ਕੇ ਦੇਖਿਆ ਕਿ ਇਕ ਔਰਤ ਉਸ ਦੇ ਪੈਰਾਂ ਕੋਲ ਪਈ ਸੀ। 9 ਉਸ ਨੇ ਪੁੱਛਿਆ: “ਤੂੰ ਕੌਣ ਹੈਂ?” ਔਰਤ ਨੇ ਜਵਾਬ ਦਿੱਤਾ: “ਮੈਂ ਤੇਰੀ ਦਾਸੀ ਰੂਥ ਹਾਂ। ਆਪਣੀ ਚਾਦਰ ਆਪਣੀ ਦਾਸੀ ਉੱਤੇ ਪਾ ਦੇ ਕਿਉਂਕਿ ਤੂੰ ਛੁਡਾਉਣ ਵਾਲਾ ਹੈਂ।”+ 10 ਇਹ ਸੁਣ ਕੇ ਬੋਅਜ਼ ਨੇ ਕਿਹਾ: “ਧੀਏ, ਯਹੋਵਾਹ ਤੈਨੂੰ ਬਰਕਤ ਦੇਵੇ। ਤੂੰ ਜਿੰਨਾ ਅਟੱਲ ਪਿਆਰ ਪਹਿਲਾਂ ਦਿਖਾਇਆ ਸੀ,+ ਉਸ ਨਾਲੋਂ ਕਿਤੇ ਜ਼ਿਆਦਾ ਪਿਆਰ ਹੁਣ ਦਿਖਾਇਆ ਹੈ ਕਿਉਂਕਿ ਤੂੰ ਕਿਸੇ ਜਵਾਨ ਮੁੰਡੇ ਨਾਲ ਵਿਆਹ ਕਰਾਉਣ ਬਾਰੇ ਨਹੀਂ ਸੋਚਿਆ, ਭਾਵੇਂ ਉਹ ਅਮੀਰ ਹੋਵੇ ਜਾਂ ਗ਼ਰੀਬ। 11 ਤੂੰ ਡਰ ਨਾ ਧੀਏ। ਤੂੰ ਜੋ ਕਿਹਾ ਹੈ, ਮੈਂ ਕਰਾਂਗਾ+ ਕਿਉਂਕਿ ਸ਼ਹਿਰ ਵਿਚ ਹਰ ਕੋਈ ਜਾਣਦਾ ਹੈ ਕਿ ਤੂੰ ਇਕ ਨੇਕ ਔਰਤ ਹੈਂ। 12 ਇਹ ਸੱਚ ਹੈ ਕਿ ਮੈਂ ਤੁਹਾਡਾ ਛੁਡਾਉਣ ਵਾਲਾ ਹਾਂ,+ ਪਰ ਤੁਹਾਨੂੰ ਛੁਡਾਉਣ ਦਾ ਹੱਕ ਪਹਿਲਾਂ ਤੁਹਾਡੇ ਇਕ ਹੋਰ ਨੇੜਲੇ ਰਿਸ਼ਤੇਦਾਰ ਦਾ ਬਣਦਾ ਹੈ।+ 13 ਰਾਤ ਇੱਥੇ ਰਹਿ। ਜੇ ਸਵੇਰੇ ਉਹ ਤੁਹਾਨੂੰ ਛੁਡਾਉਂਦਾ ਹੈ, ਤਾਂ ਵਧੀਆ ਗੱਲ ਹੈ!+ ਪਰ ਜੇ ਉਹ ਤੁਹਾਨੂੰ ਨਹੀਂ ਛੁਡਾਉਂਦਾ, ਤਾਂ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਆਪ ਤੁਹਾਨੂੰ ਛੁਡਾਵਾਂਗਾ। ਹੁਣ ਇੱਥੇ ਸੌਂ ਜਾ, ਸਵੇਰੇ ਚਲੀ ਜਾਈਂ।”
14 ਇਸ ਲਈ ਉਹ ਸਵੇਰ ਹੋਣ ਤਕ ਉਸ ਦੇ ਪੈਰਾਂ ਕੋਲ ਲੰਮੀ ਪਈ ਰਹੀ ਅਤੇ ਫਿਰ ਰੌਸ਼ਨੀ ਹੋਣ ਤੋਂ ਪਹਿਲਾਂ ਉੱਠ ਖੜ੍ਹੀ ਹੋਈ ਤਾਂਕਿ ਕੋਈ ਉਸ ਨੂੰ ਦੇਖ ਨਾ ਲਵੇ। ਬੋਅਜ਼ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਪਤਾ ਲੱਗੇ ਕਿ ਕੋਈ ਔਰਤ ਖੇਤਾਂ ਵਿਚ ਆਈ ਸੀ। 15 ਉਸ ਨੇ ਕਿਹਾ: “ਆਪਣੀ ਚਾਦਰ ਦਾ ਪੱਲਾ ਅੱਗੇ ਕਰ।” ਰੂਥ ਨੇ ਚਾਦਰ ਦਾ ਪੱਲਾ ਅੱਗੇ ਕੀਤਾ ਅਤੇ ਉਸ ਨੇ ਪੱਲੇ ਵਿਚ ਛੇ ਸੇਆਹ* ਜੌਂ ਪਾ ਕੇ ਉਸ ਦੇ ਸਿਰ ʼਤੇ ਰੱਖ ਦਿੱਤੇ ਅਤੇ ਫਿਰ ਬੋਅਜ਼ ਸ਼ਹਿਰ ਚਲਾ ਗਿਆ।
16 ਰੂਥ ਆਪਣੀ ਸੱਸ ਕੋਲ ਚਲੀ ਗਈ। ਉਸ ਦੀ ਸੱਸ ਨੇ ਉਸ ਨੂੰ ਪੁੱਛਿਆ: “ਧੀਏ, ਕੀ ਹੋਇਆ?”* ਉਸ ਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸ ਦਿੱਤੀ। 17 ਰੂਥ ਨੇ ਇਹ ਵੀ ਦੱਸਿਆ: “ਉਸ ਨੇ ਮੈਨੂੰ ਛੇ ਸੇਆਹ ਜੌਂ ਦਿੱਤੇ ਅਤੇ ਕਿਹਾ, ‘ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਈਂ।’” 18 ਇਹ ਸੁਣ ਕੇ ਨਾਓਮੀ ਨੇ ਕਿਹਾ: “ਧੀਏ, ਹੁਣ ਤੂੰ ਘਰ ਬੈਠ ਕੇ ਉਡੀਕ ਕਰ ਅਤੇ ਦੇਖ ਕਿ ਅੱਗੇ ਕੀ ਹੁੰਦਾ ਹੈ। ਅੱਜ ਜਦ ਤਕ ਇਹ ਮਾਮਲਾ ਨਿੱਬੜ ਨਹੀਂ ਜਾਂਦਾ, ਉਹ ਆਦਮੀ ਚੈਨ ਨਾਲ ਨਹੀਂ ਬੈਠੇਗਾ।”