ਦੂਜਾ ਸਮੂਏਲ
2 ਬਾਅਦ ਵਿਚ ਦਾਊਦ ਨੇ ਯਹੋਵਾਹ ਕੋਲੋਂ ਇਹ ਸਲਾਹ ਪੁੱਛੀ:+ “ਕੀ ਮੈਂ ਯਹੂਦਾਹ ਦੇ ਕਿਸੇ ਸ਼ਹਿਰ ਵਿਚ ਜਾਵਾਂ?” ਯਹੋਵਾਹ ਨੇ ਉਸ ਨੂੰ ਕਿਹਾ: “ਹਾਂ, ਜਾਹ।” ਫਿਰ ਦਾਊਦ ਨੇ ਪੁੱਛਿਆ: “ਮੈਂ ਕਿਹੜੇ ਸ਼ਹਿਰ ਜਾਵਾਂ?” ਉਸ ਨੇ ਜਵਾਬ ਦਿੱਤਾ: “ਹਬਰੋਨ+ ਨੂੰ।” 2 ਇਸ ਲਈ ਦਾਊਦ ਆਪਣੀਆਂ ਦੋਹਾਂ ਪਤਨੀਆਂ ਯਾਨੀ ਯਿਜ਼ਰਾਏਲ ਦੀ ਅਹੀਨੋਅਮ+ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ+ ਨਾਲ ਉੱਥੇ ਗਿਆ। 3 ਦਾਊਦ ਉਨ੍ਹਾਂ ਆਦਮੀਆਂ ਨੂੰ ਵੀ ਨਾਲ ਲੈ ਗਿਆ ਜੋ ਉਸ ਦੇ ਨਾਲ ਸਨ,+ ਹਰੇਕ ਨੂੰ ਉਸ ਦੇ ਪਰਿਵਾਰ ਸਮੇਤ। ਉਹ ਸਾਰੇ ਹਬਰੋਨ ਦੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਵੱਸ ਗਏ। 4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+
ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।” 5 ਇਸ ਲਈ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਯਾਬੇਸ਼-ਗਿਲਆਦ ਦੇ ਆਦਮੀਆਂ ਕੋਲ ਇਹ ਕਹਿਣ ਲਈ ਭੇਜਿਆ: “ਯਹੋਵਾਹ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾ ਕੇ ਉਸ ਲਈ ਅਟੱਲ ਪਿਆਰ ਦਿਖਾਇਆ।+ 6 ਮੇਰੀ ਦੁਆ ਹੈ ਕਿ ਯਹੋਵਾਹ ਤੁਹਾਡੇ ਨਾਲ ਅਟੱਲ ਪਿਆਰ ਕਰੇ ਅਤੇ ਵਫ਼ਾਦਾਰੀ ਨਿਭਾਵੇ। ਮੈਂ ਵੀ ਤੁਹਾਡੇ ਇਸ ਕੰਮ ਕਰਕੇ ਤੁਹਾਡੇ ʼਤੇ ਕਿਰਪਾ ਕਰਾਂਗਾ।+ 7 ਹੁਣ ਆਪਣੇ ਹੱਥ ਤਕੜੇ ਕਰੋ ਅਤੇ ਦਲੇਰ ਬਣੋ ਕਿਉਂਕਿ ਤੁਹਾਡੇ ਮਾਲਕ ਸ਼ਾਊਲ ਦੀ ਮੌਤ ਹੋ ਗਈ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਆਪਣਾ ਰਾਜਾ ਨਿਯੁਕਤ ਕੀਤਾ ਹੈ।”
8 ਪਰ ਨੇਰ ਦਾ ਪੁੱਤਰ ਅਬਨੇਰ,+ ਜੋ ਸ਼ਾਊਲ ਦੀ ਫ਼ੌਜ ਦਾ ਮੁਖੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ+ ਨੂੰ ਨਦੀ ਪਾਰ ਮਹਨਾਇਮ+ ਲੈ ਆਇਆ 9 ਅਤੇ ਉਸ ਨੂੰ ਗਿਲਆਦ,+ ਆਸ਼ੂਰੀਆਂ, ਯਿਜ਼ਰਾਏਲ,+ ਇਫ਼ਰਾਈਮ,+ ਬਿਨਯਾਮੀਨ ਅਤੇ ਪੂਰੇ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕੀਤਾ। 10 ਸ਼ਾਊਲ ਦਾ ਪੁੱਤਰ ਈਸ਼ਬੋਸ਼ਥ 40 ਸਾਲ ਦੀ ਉਮਰ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦੇ ਘਰਾਣੇ ਨੇ ਦਾਊਦ ਦਾ ਸਾਥ ਦਿੱਤਾ।+ 11 ਹਬਰੋਨ ਵਿਚ ਯਹੂਦਾਹ ਦੇ ਘਰਾਣੇ ਉੱਤੇ ਦਾਊਦ ਦੇ ਰਾਜ ਕਰਨ ਦਾ ਸਮਾਂ* ਸੱਤ ਸਾਲ ਤੇ ਛੇ ਮਹੀਨੇ ਸੀ।+
12 ਕੁਝ ਸਮੇਂ ਬਾਅਦ ਨੇਰ ਦਾ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਾਇਮ+ ਤੋਂ ਗਿਬਓਨ+ ਨੂੰ ਗਏ। 13 ਸਰੂਯਾਹ+ ਦਾ ਪੁੱਤਰ ਯੋਆਬ+ ਅਤੇ ਦਾਊਦ ਦੇ ਸੇਵਕ ਵੀ ਉੱਥੇ ਗਏ ਅਤੇ ਉਨ੍ਹਾਂ ਨੂੰ ਗਿਬਓਨ ਦੇ ਸਰੋਵਰ ਕੋਲ ਮਿਲੇ; ਇਕ ਟੋਲੀ ਸਰੋਵਰ ਦੇ ਇਸ ਪਾਸੇ ਅਤੇ ਦੂਜੀ ਟੋਲੀ ਸਰੋਵਰ ਦੇ ਉਸ ਪਾਸੇ ਬੈਠ ਗਈ। 14 ਅਖ਼ੀਰ ਅਬਨੇਰ ਨੇ ਯੋਆਬ ਨੂੰ ਕਿਹਾ: “ਚੱਲ ਨੌਜਵਾਨਾਂ ਨੂੰ ਕਹੀਏ ਕਿ ਉਹ ਉੱਠ ਕੇ ਸਾਡੇ ਸਾਮ੍ਹਣੇ ਮੁਕਾਬਲਾ ਕਰਨ।” ਯੋਆਬ ਨੇ ਜਵਾਬ ਦਿੱਤਾ: “ਚੱਲ ਠੀਕ ਹੈ।” 15 ਇਸ ਲਈ ਉਹ ਉੱਠੇ ਅਤੇ ਦੂਜੇ ਪਾਸੇ ਗਏ, ਬਿਨਯਾਮੀਨ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ 12 ਜਣੇ ਅਤੇ ਦਾਊਦ ਦੇ ਸੇਵਕਾਂ ਵੱਲੋਂ 12 ਜਣੇ। 16 ਉਨ੍ਹਾਂ ਨੇ ਇਕ-ਦੂਜੇ ਨੂੰ ਸਿਰੋਂ ਫੜਿਆ ਅਤੇ ਹਰੇਕ ਨੇ ਆਪਣੇ ਵਿਰੋਧੀ ਦੀ ਵੱਖੀ ਵਿਚ ਤਲਵਾਰ ਖੋਭ ਦਿੱਤੀ ਅਤੇ ਉਹ ਸਾਰੇ ਇਕੱਠੇ ਮਰ ਗਏ। ਇਸ ਲਈ ਉਸ ਜਗ੍ਹਾ ਦਾ ਨਾਂ ਹਲਕਥ-ਹੱਸੂਰੀਮ ਪੈ ਗਿਆ ਜੋ ਗਿਬਓਨ ਵਿਚ ਹੈ।
17 ਉਸ ਦਿਨ ਲੜਾਈ ਨੇ ਭਿਆਨਕ ਰੂਪ ਧਾਰ ਲਿਆ ਅਤੇ ਅਖ਼ੀਰ ਅਬਨੇਰ ਅਤੇ ਇਜ਼ਾਰਾਈਲ ਦੇ ਆਦਮੀ ਦਾਊਦ ਦੇ ਸੇਵਕਾਂ ਅੱਗੇ ਹਾਰ ਗਏ। 18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ। 19 ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਉਸ ਦੇ ਮਗਰ ਭੱਜਦੇ ਸਮੇਂ ਉਹ ਨਾ ਖੱਬੇ ਮੁੜਿਆ, ਨਾ ਸੱਜੇ। 20 ਜਦ ਅਬਨੇਰ ਨੇ ਪਿੱਛੇ ਦੇਖਿਆ, ਤਾਂ ਉਸ ਨੇ ਪੁੱਛਿਆ: “ਕੀ ਤੂੰ ਅਸਾਹੇਲ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਹੀ ਹਾਂ।” 21 ਫਿਰ ਅਬਨੇਰ ਨੇ ਉਸ ਨੂੰ ਕਿਹਾ: “ਆਪਣੇ ਸੱਜੇ ਜਾਂ ਖੱਬੇ ਮੁੜ ਤੇ ਕਿਸੇ ਨੌਜਵਾਨ ਨੂੰ ਫੜ ਲੈ ਅਤੇ ਉਸ ਕੋਲ ਜੋ ਕੁਝ ਹੈ ਖੋਹ ਲੈ।” ਪਰ ਅਸਾਹੇਲ ਉਸ ਦਾ ਪਿੱਛਾ ਕਰਨੋਂ ਹਟਣਾ ਨਹੀਂ ਸੀ ਚਾਹੁੰਦਾ। 22 ਇਸ ਲਈ ਅਬਨੇਰ ਨੇ ਅਸਾਹੇਲ ਨੂੰ ਇਕ ਵਾਰ ਫਿਰ ਕਿਹਾ: “ਮੇਰਾ ਪਿੱਛਾ ਕਰਨਾ ਛੱਡ ਦੇ। ਜੇ ਤੂੰ ਮੇਰੇ ਹੱਥੋਂ ਮਰ ਗਿਆ, ਤਾਂ ਮੈਂ ਤੇਰੇ ਭਰਾ ਯੋਆਬ ਨੂੰ ਕੀ ਮੂੰਹ ਦਿਖਾਵਾਂਗਾ?” 23 ਪਰ ਉਹ ਪਿੱਛਾ ਕਰਨੋਂ ਹਟਿਆ ਨਹੀਂ, ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਪਿਛਲਾ ਸਿਰਾ ਉਸ ਦੇ ਢਿੱਡ ਵਿਚ ਮਾਰਿਆ+ ਅਤੇ ਬਰਛਾ ਉਸ ਦੇ ਆਰ-ਪਾਰ ਹੋ ਗਿਆ; ਉਹ ਉਸੇ ਵੇਲੇ ਡਿਗ ਕੇ ਮਰ ਗਿਆ। ਜੋ ਵੀ ਉਸ ਥਾਂ ਆਉਂਦਾ ਸੀ ਜਿੱਥੇ ਅਸਾਹੇਲ ਦੀ ਲਾਸ਼ ਪਈ ਸੀ, ਕੁਝ ਦੇਰ ਰੁਕ ਕੇ ਜਾਂਦਾ ਸੀ।
24 ਫਿਰ ਯੋਆਬ ਅਤੇ ਅਬੀਸ਼ਈ ਅਬਨੇਰ ਦਾ ਪਿੱਛਾ ਕਰਨ ਗਏ। ਸ਼ਾਮ ਢਲ਼ਦਿਆਂ ਉਹ ਅੰਮਾਹ ਦੀ ਪਹਾੜੀ ਕੋਲ ਆਏ ਜਿਹੜੀ ਗਿਬਓਨ ਦੀ ਉਜਾੜ ਨੂੰ ਜਾਂਦੇ ਰਾਹ ਉੱਤੇ ਗਿਯਾਹ ਦੇ ਸਾਮ੍ਹਣੇ ਸੀ। 25 ਬਿਨਯਾਮੀਨੀ ਅਬਨੇਰ ਦੇ ਪਿੱਛੇ ਇਕੱਠੇ ਹੋ ਗਏ ਅਤੇ ਉਹ ਸਾਰੇ ਇਕਜੁੱਟ ਹੋ ਕੇ ਇਕ ਪਹਾੜੀ ਦੇ ਸਿਖਰ ʼਤੇ ਖੜ੍ਹ ਗਏ। 26 ਫਿਰ ਅਬਨੇਰ ਨੇ ਯੋਆਬ ਨੂੰ ਪੁਕਾਰ ਕੇ ਕਿਹਾ: “ਕੀ ਸਾਡੀਆਂ ਤਲਵਾਰਾਂ ਖ਼ੂਨ ਨਾਲ ਕਦੇ ਨਹੀਂ ਰੱਜਣਗੀਆਂ? ਕੀ ਤੈਨੂੰ ਨਹੀਂ ਪਤਾ ਕਿ ਇਸ ਦਾ ਅੰਜਾਮ ਕੁੜੱਤਣ ਹੀ ਹੋਵੇਗਾ? ਤੂੰ ਲੋਕਾਂ ਨੂੰ ਕਦੋਂ ਰੋਕੇਂਗਾ ਕਿ ਉਹ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਛੱਡ ਦੇਣ?” 27 ਇਹ ਸੁਣ ਕੇ ਯੋਆਬ ਨੇ ਕਿਹਾ: “ਜੀਉਂਦੇ ਤੇ ਸੱਚੇ ਪਰਮੇਸ਼ੁਰ ਦੀ ਸਹੁੰ, ਜੇ ਤੂੰ ਇਹ ਨਾ ਕਹਿੰਦਾ, ਤਾਂ ਲੋਕਾਂ ਨੇ ਸਵੇਰ ਨੂੰ ਹੀ ਆਪਣੇ ਭਰਾਵਾਂ ਦਾ ਪਿੱਛਾ ਕਰਨੋਂ ਹਟਣਾ ਸੀ।” 28 ਫਿਰ ਯੋਆਬ ਨੇ ਨਰਸਿੰਗਾ ਵਜਾਇਆ ਅਤੇ ਉਸ ਦੇ ਆਦਮੀਆਂ ਨੇ ਇਜ਼ਰਾਈਲ ਦਾ ਪਿੱਛਾ ਕਰਨਾ ਛੱਡ ਦਿੱਤਾ ਤੇ ਲੜਾਈ ਬੰਦ ਹੋ ਗਈ।
29 ਫਿਰ ਅਬਨੇਰ ਅਤੇ ਉਸ ਦੇ ਆਦਮੀ ਸਾਰੀ ਰਾਤ ਅਰਾਬਾਹ+ ਥਾਣੀਂ ਚੱਲਦੇ ਗਏ ਤੇ ਉਨ੍ਹਾਂ ਨੇ ਯਰਦਨ ਪਾਰ ਕੀਤਾ ਅਤੇ ਉਹ ਸਾਰੀ ਤੰਗ ਘਾਟੀ ਵਿੱਚੋਂ ਦੀ* ਗੁਜ਼ਰਦੇ ਹੋਏ ਅਖ਼ੀਰ ਮਹਨਾਇਮ+ ਪਹੁੰਚੇ। 30 ਜਦ ਯੋਆਬ ਅਬਨੇਰ ਦਾ ਪਿੱਛਾ ਕਰ ਕੇ ਮੁੜਿਆ, ਤਾਂ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ। ਦਾਊਦ ਦੇ ਸੇਵਕਾਂ ਵਿੱਚੋਂ ਅਸਾਹੇਲ ਤੋਂ ਇਲਾਵਾ 19 ਜਣੇ ਘੱਟ ਸਨ। 31 ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨੀਆਂ ਅਤੇ ਅਬਨੇਰ ਦੇ ਆਦਮੀਆਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੇ 360 ਆਦਮੀ ਮਾਰੇ ਗਏ ਸਨ। 32 ਉਨ੍ਹਾਂ ਨੇ ਅਸਾਹੇਲ+ ਨੂੰ ਲਿਜਾ ਕੇ ਬੈਤਲਹਮ+ ਵਿਚ ਉਸ ਦੇ ਪਿਤਾ ਦੀ ਕਬਰ ਵਿਚ ਦਫ਼ਨਾ ਦਿੱਤਾ। ਫਿਰ ਯੋਆਬ ਅਤੇ ਉਸ ਦੇ ਆਦਮੀ ਸਾਰੀ ਰਾਤ ਤੁਰਦੇ ਰਹੇ ਅਤੇ ਦਿਨ ਚੜ੍ਹਦਿਆਂ ਹੀ ਹਬਰੋਨ+ ਪਹੁੰਚ ਗਏ।