ਪਹਿਲਾ ਇਤਿਹਾਸ
5 ਇਹ ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ+ ਦੇ ਪੁੱਤਰ ਹਨ। ਉਹ ਜੇਠਾ ਸੀ, ਪਰ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਬਿਸਤਰੇ ਨੂੰ ਅਪਵਿੱਤਰ* ਕੀਤਾ ਸੀ,+ ਇਸ ਲਈ ਉਸ ਦਾ ਜੇਠੇ ਹੋਣ ਦਾ ਹੱਕ ਇਜ਼ਰਾਈਲ ਦੇ ਪੁੱਤਰ ਯੂਸੁਫ਼+ ਦੇ ਪੁੱਤਰਾਂ ਨੂੰ ਦਿੱਤਾ ਗਿਆ ਸੀ। ਇਸੇ ਕਰਕੇ ਜੇਠੇ ਹੋਣ ਦੇ ਹੱਕ ਲਈ ਉਸ ਦਾ ਨਾਂ ਵੰਸ਼ਾਵਲੀ ਵਿਚ ਨਹੀਂ ਲਿਖਿਆ ਗਿਆ। 2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ। 3 ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+ 4 ਯੋਏਲ ਦੇ ਪੁੱਤਰ ਸਨ ਸ਼ਮਾਯਾਹ, ਉਸ ਦਾ ਪੁੱਤਰ ਗੋਗ, ਉਸ ਦਾ ਪੁੱਤਰ ਸ਼ਿਮਈ, 5 ਉਸ ਦਾ ਪੁੱਤਰ ਮੀਕਾਹ, ਉਸ ਦਾ ਪੁੱਤਰ ਰਾਯਾਹ, ਉਸ ਦਾ ਪੁੱਤਰ ਬਆਲ 6 ਅਤੇ ਉਸ ਦਾ ਪੁੱਤਰ ਬਏਰਾਹ ਜਿਸ ਨੂੰ ਅੱਸ਼ੂਰ ਦਾ ਰਾਜਾ ਤਿਗਲਥ-ਪਿਲਨਾਸਰ+ ਗ਼ੁਲਾਮ ਬਣਾ ਕੇ ਲੈ ਗਿਆ ਸੀ; ਉਹ ਰਊਬੇਨੀਆਂ ਦਾ ਇਕ ਮੁਖੀ ਸੀ। 7 ਉਸ ਦੇ ਭਰਾ ਆਪੋ-ਆਪਣੇ ਪਰਿਵਾਰਾਂ ਦੀਆਂ ਵੰਸ਼ਾਵਲੀਆਂ ਅਨੁਸਾਰ ਇਹ ਸਨ: ਮੁਖੀ ਯਈਏਲ, ਜ਼ਕਰਯਾਹ 8 ਅਤੇ ਬੇਲਾ। ਬੇਲਾ ਅਜ਼ਾਜ਼ ਦਾ ਪੁੱਤਰ, ਸ਼ਮਾ ਦਾ ਪੋਤਾ ਤੇ ਯੋਏਲ ਦਾ ਪੜਪੋਤਾ ਸੀ ਜੋ ਅਰੋਏਰ+ ਅਤੇ ਦੂਰ ਨਬੋ ਤੇ ਬਆਲ-ਮੀਓਨ+ ਵਿਚ ਰਹਿੰਦਾ ਸੀ। 9 ਉਹ ਪੂਰਬ ਵੱਲ ਉਸ ਜਗ੍ਹਾ ਤਕ ਵੱਸ ਗਿਆ ਜਿੱਥੋਂ ਫ਼ਰਾਤ ਦਰਿਆ ਦੇ ਨੇੜੇ ਉਜਾੜ ਸ਼ੁਰੂ ਹੁੰਦੀ ਸੀ+ ਕਿਉਂਕਿ ਗਿਲਆਦ ਵਿਚ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਬਹੁਤ ਵਧ ਗਈ ਸੀ।+ 10 ਸ਼ਾਊਲ ਦੇ ਦਿਨਾਂ ਵਿਚ ਉਨ੍ਹਾਂ ਨੇ ਹਗਰੀਆਂ ਨਾਲ ਯੁੱਧ ਕੀਤਾ ਤੇ ਉਨ੍ਹਾਂ ਨੂੰ ਹਰਾ ਦਿੱਤਾ। ਇਸ ਲਈ ਉਹ ਗਿਲਆਦ ਦੇ ਪੂਰਬ ਵੱਲ ਦੇ ਸਾਰੇ ਇਲਾਕੇ ਵਿਚ ਉਨ੍ਹਾਂ ਦੇ ਤੰਬੂਆਂ ਵਿਚ ਰਹਿਣ ਲੱਗ ਪਏ।
11 ਗਾਦ ਦੀ ਔਲਾਦ ਉਨ੍ਹਾਂ ਦੇ ਨੇੜੇ ਬਾਸ਼ਾਨ ਦੇ ਇਲਾਕੇ ਵਿਚ ਸਲਕਾਹ ਤਕ ਰਹਿੰਦੀ ਸੀ।+ 12 ਬਾਸ਼ਾਨ ਵਿਚ ਯੋਏਲ ਮੁਖੀ ਸੀ, ਦੂਸਰਾ ਸ਼ਾਫਾਮ ਸੀ ਤੇ ਯਾਨਈ ਤੇ ਸ਼ਾਫਾਟ ਵੀ ਸੀ। 13 ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਵਿਚ ਉਨ੍ਹਾਂ ਦੇ ਭਰਾ ਸਨ ਮੀਕਾਏਲ, ਮਸ਼ੂਲਾਮ, ਸ਼ਬਾ, ਯੋਰਈ, ਯਾਕਾਨ, ਜ਼ੀਆ ਅਤੇ ਏਬਰ, ਕੁੱਲ ਮਿਲਾ ਕੇ ਸੱਤ। 14 ਇਹ ਅਬੀਹੈਲ ਦੇ ਪੁੱਤਰ ਸਨ ਜੋ ਹੂਰੀ ਦਾ ਪੁੱਤਰ ਸੀ, ਹੂਰੀ ਯਾਰੋਆਹ ਦਾ ਪੁੱਤਰ, ਯਾਰੋਆਹ ਗਿਲਆਦ ਦਾ ਪੁੱਤਰ, ਗਿਲਆਦ ਮੀਕਾਏਲ ਦਾ ਪੁੱਤਰ, ਮੀਕਾਏਲ ਯਸ਼ੀਸ਼ਈ ਦਾ ਪੁੱਤਰ, ਯਸ਼ੀਸ਼ਈ ਯਹਦੋ ਦਾ ਪੁੱਤਰ ਤੇ ਯਹਦੋ ਬੂਜ਼ ਦਾ ਪੁੱਤਰ ਸੀ। 15 ਅਹੀ ਉਨ੍ਹਾਂ ਦੇ ਪਿਤਾ ਦੇ ਘਰਾਣੇ ਦਾ ਮੁਖੀ ਸੀ ਜੋ ਅਬਦੀਏਲ ਦਾ ਪੁੱਤਰ ਤੇ ਗੂਨੀ ਦਾ ਪੋਤਾ ਸੀ। 16 ਉਹ ਗਿਲਆਦ,+ ਬਾਸ਼ਾਨ+ ਅਤੇ ਇਨ੍ਹਾਂ ਅਧੀਨ ਆਉਂਦੇ* ਕਸਬਿਆਂ ਵਿਚ ਤੇ ਸ਼ਾਰੋਨ ਦੀਆਂ ਸਾਰੀਆਂ ਚਰਾਂਦਾਂ ਵਿਚ ਇਨ੍ਹਾਂ ਦੀਆਂ ਸਰਹੱਦਾਂ ਤਕ ਰਹਿੰਦੇ ਸਨ। 17 ਯਹੂਦਾਹ ਦੇ ਰਾਜੇ ਯੋਥਾਮ+ ਦੇ ਦਿਨਾਂ ਵਿਚ ਅਤੇ ਇਜ਼ਰਾਈਲ ਦੇ ਰਾਜੇ ਯਾਰਾਬੁਆਮ*+ ਦੇ ਦਿਨਾਂ ਵਿਚ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਗਏ ਸਨ।
18 ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਦੀ ਫ਼ੌਜ ਵਿਚ 44,760 ਤਾਕਤਵਰ ਯੋਧੇ ਸਨ ਜੋ ਢਾਲਾਂ, ਤਲਵਾਰਾਂ ਅਤੇ ਕਮਾਨਾਂ ਨਾਲ ਲੈਸ ਸਨ* ਤੇ ਉਨ੍ਹਾਂ ਨੂੰ ਯੁੱਧ ਦੀ ਸਿਖਲਾਈ ਮਿਲੀ ਹੋਈ ਸੀ। 19 ਉਨ੍ਹਾਂ ਨੇ ਹਗਰੀਆਂ,+ ਯਟੂਰ, ਨਾਫੀਸ਼+ ਅਤੇ ਨੋਦਾਬ ਨਾਲ ਯੁੱਧ ਕੀਤਾ। 20 ਉਨ੍ਹਾਂ ਨਾਲ ਲੜਨ ਵਿਚ ਉਨ੍ਹਾਂ ਦੀ ਮਦਦ ਕੀਤੀ ਗਈ ਜਿਸ ਕਰਕੇ ਹਗਰੀ ਅਤੇ ਉਨ੍ਹਾਂ ਦੇ ਨਾਲ ਦੇ ਸਾਰੇ ਜਣੇ ਉਨ੍ਹਾਂ ਦੇ ਹੱਥ ਵਿਚ ਦੇ ਦਿੱਤੇ ਗਏ ਕਿਉਂਕਿ ਉਨ੍ਹਾਂ ਨੇ ਯੁੱਧ ਵਿਚ ਮਦਦ ਲਈ ਪਰਮੇਸ਼ੁਰ ਨੂੰ ਪੁਕਾਰਿਆ ਸੀ ਅਤੇ ਉਸ ਨੇ ਉਨ੍ਹਾਂ ਦੀ ਬੇਨਤੀ ਸੁਣੀ ਕਿਉਂਕਿ ਉਨ੍ਹਾਂ ਨੂੰ ਉਸ ʼਤੇ ਭਰੋਸਾ ਸੀ।+ 21 ਉਨ੍ਹਾਂ ਨੇ ਉਨ੍ਹਾਂ ਦੇ ਪਸ਼ੂ ਲੈ ਲਏ—50,000 ਊਠ, 2,50,000 ਭੇਡਾਂ, 2,000 ਗਧੇ—ਅਤੇ 1,00,000 ਲੋਕਾਂ ਨੂੰ ਵੀ ਬੰਦੀ ਬਣਾ ਲਿਆ। 22 ਬਹੁਤ ਸਾਰੇ ਲੋਕ ਮਾਰੇ ਗਏ ਸਨ ਕਿਉਂਕਿ ਯੁੱਧ ਸੱਚੇ ਪਰਮੇਸ਼ੁਰ ਨੇ ਲੜਿਆ ਸੀ।+ ਉਹ ਗ਼ੁਲਾਮੀ ਦੇ ਸਮੇਂ ਤਕ ਉਨ੍ਹਾਂ ਦੀ ਜਗ੍ਹਾ ਵੱਸਦੇ ਰਹੇ।+
23 ਮਨੱਸ਼ਹ+ ਦੇ ਅੱਧੇ ਗੋਤ ਦੀ ਔਲਾਦ ਬਾਸ਼ਾਨ ਤੋਂ ਲੈ ਕੇ ਬਆਲ-ਹਰਮੋਨ ਅਤੇ ਸਨੀਰ ਤੇ ਹਰਮੋਨ ਪਰਬਤ ਤਕ ਦੇ ਇਲਾਕੇ ਵਿਚ ਰਹਿੰਦੀ ਸੀ।+ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। 24 ਇਹ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ: ਏਫਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ; ਇਹ ਤਾਕਤਵਰ ਯੋਧੇ, ਮੰਨੇ-ਪ੍ਰਮੰਨੇ ਆਦਮੀ ਅਤੇ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। 25 ਪਰ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨਾਲ ਬੇਵਫ਼ਾਈ ਕੀਤੀ ਅਤੇ ਦੇਸ਼ ਦੇ ਉਨ੍ਹਾਂ ਲੋਕਾਂ ਦੇ ਦੇਵਤਿਆਂ ਨਾਲ ਹਰਾਮਕਾਰੀ ਕੀਤੀ+ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਅੱਗੋਂ ਨਾਸ਼ ਕਰ ਦਿੱਤਾ ਸੀ। 26 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ (ਯਾਨੀ ਅੱਸ਼ੂਰ ਦੇ ਰਾਜੇ ਤਿਗਲਥ-ਪਿਲਨਾਸਰ+) ਦੇ ਮਨ ਨੂੰ ਉਕਸਾਇਆ+ ਜਿਸ ਕਰਕੇ ਉਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦਰਿਆ ਨੂੰ ਲੈ ਆਇਆ+ ਜਿੱਥੇ ਉਹ ਅੱਜ ਤਕ ਰਹਿੰਦੇ ਹਨ।