ਯਿਰਮਿਯਾਹ
33 ਜਦੋਂ ਯਿਰਮਿਯਾਹ ਅਜੇ ਪਹਿਰੇਦਾਰਾਂ ਦੇ ਵਿਹੜੇ ਵਿਚ ਕੈਦ ਹੀ ਸੀ, ਉਦੋਂ ਉਸ ਨੂੰ ਦੂਜੀ ਵਾਰ ਯਹੋਵਾਹ ਦਾ ਇਹ ਸੰਦੇਸ਼+ ਮਿਲਿਆ: 2 “ਯਹੋਵਾਹ ਜਿਹੜਾ ਧਰਤੀ ਦਾ ਸਿਰਜਣਹਾਰ ਹੈ, ਯਹੋਵਾਹ ਜਿਸ ਨੇ ਧਰਤੀ ਨੂੰ ਬਣਾਇਆ ਅਤੇ ਮਜ਼ਬੂਤੀ ਨਾਲ ਕਾਇਮ ਕੀਤਾ ਹੈ; ਜਿਸ ਦਾ ਨਾਂ ਯਹੋਵਾਹ ਹੈ, ਉਹ ਕਹਿੰਦਾ ਹੈ, 3 ‘ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਤੈਨੂੰ ਜ਼ਰੂਰ ਵੱਡੀਆਂ-ਵੱਡੀਆਂ ਗੱਲਾਂ ਦੱਸਾਂਗਾ ਜੋ ਤੇਰੀ ਸਮਝ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ।’”+
4 “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਇਹ ਸੰਦੇਸ਼ ਇਸ ਸ਼ਹਿਰ ਦੇ ਘਰਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਘਰਾਂ ਬਾਰੇ ਹੈ ਜਿਨ੍ਹਾਂ ਨੂੰ ਘੇਰਾਬੰਦੀ ਅਤੇ ਤਲਵਾਰ ਕਾਰਨ ਢਾਹ ਦਿੱਤਾ ਗਿਆ ਹੈ।+ 5 ਇਹ ਸੰਦੇਸ਼ ਉਨ੍ਹਾਂ ਲੋਕਾਂ ਬਾਰੇ ਵੀ ਹੈ ਜੋ ਕਸਦੀਆਂ ਨਾਲ ਲੜਨ ਆ ਰਹੇ ਹਨ, ਨਾਲੇ ਇਸ ਸ਼ਹਿਰ ਨੂੰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨਾਲ ਭਰਨ ਬਾਰੇ ਵੀ ਹੈ ਜਿਨ੍ਹਾਂ ਨੂੰ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਨਾਲ ਮਾਰ ਮੁਕਾਇਆ ਹੈ ਅਤੇ ਜਿਨ੍ਹਾਂ ਦੀ ਬੁਰਾਈ ਕਰਕੇ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ। 6 ਹੁਣ ਪਰਮੇਸ਼ੁਰ ਇਸ ਸ਼ਹਿਰ ਬਾਰੇ ਇਹ ਕਹਿੰਦਾ ਹੈ: ‘ਮੈਂ ਇਸ ਦੀ ਸਿਹਤ ਠੀਕ ਕਰਾਂਗਾ ਅਤੇ ਇਸ ਨੂੰ ਤੰਦਰੁਸਤੀ ਬਖ਼ਸ਼ਾਂਗਾ।+ ਮੈਂ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਨ੍ਹਾਂ ਨੂੰ ਭਰਪੂਰ ਸ਼ਾਂਤੀ ਦਿਆਂਗਾ ਅਤੇ ਉਨ੍ਹਾਂ ʼਤੇ ਸੱਚਾਈ ਪ੍ਰਗਟ ਕਰਾਂਗਾ।+ 7 ਮੈਂ ਯਹੂਦਾਹ ਅਤੇ ਇਜ਼ਰਾਈਲ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ+ ਅਤੇ ਉਨ੍ਹਾਂ ਨੂੰ ਪਹਿਲਾਂ ਵਰਗੇ ਬਣਾਵਾਂਗਾ।+ 8 ਉਨ੍ਹਾਂ ਨੇ ਮੇਰੇ ਖ਼ਿਲਾਫ਼ ਜੋ ਵੀ ਪਾਪ ਕੀਤੇ ਹਨ, ਮੈਂ ਉਨ੍ਹਾਂ ਨੂੰ ਦੋਸ਼-ਮੁਕਤ ਕਰ ਕੇ ਸ਼ੁੱਧ ਕਰਾਂਗਾ।+ ਮੈਂ ਉਨ੍ਹਾਂ ਦੇ ਸਾਰੇ ਪਾਪ ਅਤੇ ਅਪਰਾਧ ਮਾਫ਼ ਕਰਾਂਗਾ ਜੋ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੀਤੇ ਹਨ।+ 9 ਇਸ ਸ਼ਹਿਰ ਦਾ ਨਾਂ ਧਰਤੀ ਦੀਆਂ ਸਾਰੀਆਂ ਕੌਮਾਂ ਸਾਮ੍ਹਣੇ ਮੇਰੇ ਲਈ ਖ਼ੁਸ਼ੀ, ਵਡਿਆਈ ਅਤੇ ਮਹਿਮਾ ਦਾ ਕਾਰਨ ਹੋਵੇਗਾ। ਮੈਂ ਇਸ ਸ਼ਹਿਰ ਨਾਲ ਜੋ ਵੀ ਭਲਾਈ ਕਰਾਂਗਾ, ਉਸ ਬਾਰੇ ਇਹ ਕੌਮਾਂ ਸੁਣਨਗੀਆਂ।+ ਮੈਂ ਇਸ ਸ਼ਹਿਰ ਨਾਲ ਭਲਾਈ ਕਰਾਂਗਾ ਅਤੇ ਇਸ ਨੂੰ ਸ਼ਾਂਤੀ ਬਖ਼ਸ਼ਾਂਗਾ+ ਜਿਸ ਕਾਰਨ ਕੌਮਾਂ ਡਰ ਨਾਲ ਥਰ-ਥਰ ਕੰਬਣਗੀਆਂ।’”+
10 “ਯਹੋਵਾਹ ਇਹ ਕਹਿੰਦਾ ਹੈ: ‘ਤੁਸੀਂ ਕਹੋਗੇ ਕਿ ਇਹ ਜਗ੍ਹਾ ਉਜਾੜ ਹੈ ਅਤੇ ਇੱਥੇ ਕੋਈ ਇਨਸਾਨ ਜਾਂ ਜਾਨਵਰ ਨਹੀਂ ਰਹਿੰਦਾ। ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਸੁੰਨੀਆਂ ਹਨ ਅਤੇ ਇਨ੍ਹਾਂ ਵਿਚ ਕੋਈ ਨਹੀਂ ਰਹਿੰਦਾ, ਨਾ ਕੋਈ ਇਨਸਾਨ ਅਤੇ ਨਾ ਹੀ ਕੋਈ ਪਾਲਤੂ ਪਸ਼ੂ। ਪਰ ਇੱਥੇ ਦੁਬਾਰਾ 11 ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਉਨ੍ਹਾਂ ਲੋਕਾਂ ਦੀ ਆਵਾਜ਼ ਸੁਣਾਈ ਦੇਵੇਗੀ ਜਿਹੜੇ ਕਹਿਣਗੇ: “ਸੈਨਾਵਾਂ ਦੇ ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਯਹੋਵਾਹ ਚੰਗਾ ਹੈ;+ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ!”’+
“‘ਉਹ ਯਹੋਵਾਹ ਦੇ ਘਰ ਵਿਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ+ ਕਿਉਂਕਿ ਮੈਂ ਦੇਸ਼ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲੈ ਆਵਾਂਗਾ ਅਤੇ ਉਹ ਪਹਿਲਾਂ ਵਾਂਗ ਵੱਸਣਗੇ,’ ਯਹੋਵਾਹ ਕਹਿੰਦਾ ਹੈ।”
12 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਇਹ ਦੇਸ਼ ਅਤੇ ਇਸ ਦੇ ਸਾਰੇ ਸ਼ਹਿਰ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਏ ਹਨ, ਪਰ ਇੱਥੇ ਦੁਬਾਰਾ ਚਰਾਂਦਾਂ ਹੋਣਗੀਆਂ ਜਿੱਥੇ ਚਰਵਾਹੇ ਆਪਣੀਆਂ ਭੇਡਾਂ-ਬੱਕਰੀਆਂ ਨੂੰ ਆਰਾਮ ਕਰਾਉਣਗੇ।’+
13 “‘ਪਹਾੜੀ ਇਲਾਕੇ ਦੇ ਸ਼ਹਿਰਾਂ ਵਿਚ, ਨੀਵੇਂ ਇਲਾਕੇ ਦੇ ਸ਼ਹਿਰਾਂ ਵਿਚ, ਦੱਖਣ ਦੇ ਸ਼ਹਿਰਾਂ ਵਿਚ, ਬਿਨਯਾਮੀਨ ਦੇ ਇਲਾਕੇ ਵਿਚ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ+ ਅਤੇ ਯਹੂਦਾਹ ਦੇ ਸ਼ਹਿਰਾਂ ਵਿਚ+ ਦੁਬਾਰਾ ਤੋਂ ਚਰਵਾਹੇ ਆਪਣੀਆਂ ਭੇਡਾਂ ਦੀ ਗਿਣਤੀ ਕਰਨਗੇ,’ ਯਹੋਵਾਹ ਕਹਿੰਦਾ ਹੈ।”
14 “‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਮੈਂ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਬਾਰੇ ਕੀਤਾ ਆਪਣਾ ਵਾਅਦਾ ਪੂਰਾ ਕਰਾਂਗਾ।+ 15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ 16 ਉਨ੍ਹਾਂ ਦਿਨਾਂ ਵਿਚ ਯਹੂਦਾਹ ਬਚਾਇਆ ਜਾਵੇਗਾ+ ਅਤੇ ਯਰੂਸ਼ਲਮ ਸੁਰੱਖਿਅਤ ਵੱਸੇਗਾ।+ ਇਸ ਸ਼ਹਿਰ ਦਾ ਨਾਂ ਹੋਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।’”+
17 “ਯਹੋਵਾਹ ਇਹ ਕਹਿੰਦਾ ਹੈ: ‘ਇਜ਼ਰਾਈਲ ਦੇ ਘਰਾਣੇ ਦੇ ਸਿੰਘਾਸਣ ʼਤੇ ਬੈਠਣ ਲਈ ਦਾਊਦ ਦੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।+ 18 ਨਾਲੇ ਲੇਵੀ ਪੁਜਾਰੀਆਂ ਵਿੱਚੋਂ ਕੋਈ-ਨਾ-ਕੋਈ ਆਦਮੀ ਮੇਰੇ ਸਾਮ੍ਹਣੇ ਖੜ੍ਹਾ ਹੋ ਕੇ ਹੋਮ-ਬਲ਼ੀਆਂ ਅਤੇ ਬਲ਼ੀਆਂ ਅਤੇ ਅੱਗ ਵਿਚ ਅਨਾਜ ਦੇ ਚੜ੍ਹਾਵੇ ਚੜ੍ਹਾਵੇਗਾ।’”
19 ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 20 “ਯਹੋਵਾਹ ਕਹਿੰਦਾ ਹੈ, ‘ਜੇ ਤੁਸੀਂ ਦਿਨ ਅਤੇ ਰਾਤ ਸੰਬੰਧੀ ਠਹਿਰਾਇਆ ਮੇਰਾ ਇਕਰਾਰ ਤੋੜ ਸਕਦੇ ਹੋ ਤਾਂਕਿ ਸਹੀ ਸਮੇਂ ਤੇ ਦਿਨ ਅਤੇ ਰਾਤ ਨਾ ਹੋਣ,+ 21 ਤਾਂ ਸਿਰਫ਼ ਉਦੋਂ ਹੀ ਆਪਣੇ ਸੇਵਕ ਦਾਊਦ ਨਾਲ ਕੀਤਾ ਮੇਰਾ ਇਕਰਾਰ ਟੁੱਟੇਗਾ+ ਅਤੇ ਰਾਜੇ ਵਜੋਂ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਕੋਈ ਪੁੱਤਰ ਨਹੀਂ ਹੋਵੇਗਾ।+ ਨਾਲੇ ਮੇਰੀ ਸੇਵਾ ਕਰਨ ਵਾਲੇ ਲੇਵੀ ਪੁਜਾਰੀਆਂ ਨਾਲ ਕੀਤਾ ਮੇਰਾ ਇਕਰਾਰ ਵੀ ਟੁੱਟ ਜਾਵੇਗਾ।+ 22 ਠੀਕ ਜਿਵੇਂ ਆਕਾਸ਼ ਦੀ ਸੈਨਾ ਗਿਣੀ ਨਹੀਂ ਜਾ ਸਕਦੀ ਅਤੇ ਸਮੁੰਦਰ ਦੀ ਰੇਤ ਮਿਣੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਮੈਂ ਆਪਣੇ ਸੇਵਕ ਦਾਊਦ ਦੀ ਸੰਤਾਨ* ਦੀ ਗਿਣਤੀ ਅਤੇ ਮੇਰੀ ਸੇਵਾ ਕਰਨ ਵਾਲੇ ਲੇਵੀਆਂ ਦੀ ਗਿਣਤੀ ਵਧਾਵਾਂਗਾ।’”
23 ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 24 “ਕੀ ਤੂੰ ਧਿਆਨ ਦਿੱਤਾ ਕਿ ਇਹ ਲੋਕ ਕੀ ਕਹਿ ਰਹੇ ਹਨ, ‘ਯਹੋਵਾਹ ਉਨ੍ਹਾਂ ਦੋਵੇਂ ਪਰਿਵਾਰਾਂ ਨੂੰ ਠੁਕਰਾ ਦੇਵੇਗਾ ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ’? ਉਹ ਮੇਰੇ ਲੋਕਾਂ ਦਾ ਨਿਰਾਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ ਕੌਮ ਨਹੀਂ ਸਮਝਦੇ।
25 “ਯਹੋਵਾਹ ਕਹਿੰਦਾ ਹੈ: ‘ਠੀਕ ਜਿਵੇਂ ਮੈਂ ਦਿਨ ਅਤੇ ਰਾਤ ਦੇ ਸੰਬੰਧ ਵਿਚ ਇਕਰਾਰ ਕਾਇਮ ਕੀਤਾ ਹੈ ਅਤੇ ਆਕਾਸ਼ ਅਤੇ ਧਰਤੀ ਲਈ ਕਾਨੂੰਨ* ਬਣਾਏ ਹਨ ਜੋ ਬਦਲ ਨਹੀਂ ਸਕਦੇ,+ 26 ਉਸੇ ਤਰ੍ਹਾਂ ਮੇਰਾ ਇਹ ਵਾਅਦਾ ਕਦੀ ਬਦਲ ਨਹੀਂ ਸਕਦਾ ਕਿ ਮੈਂ ਯਾਕੂਬ ਦੀ ਸੰਤਾਨ* ਅਤੇ ਆਪਣੇ ਸੇਵਕ ਦਾਊਦ ਦੀ ਸੰਤਾਨ* ਨੂੰ ਕਦੀ ਨਹੀਂ ਠੁਕਰਾਵਾਂਗਾ। ਮੈਂ ਉਸ ਦੀ ਸੰਤਾਨ* ਵਿੱਚੋਂ ਰਾਜੇ ਨਿਯੁਕਤ ਕਰਾਂਗਾ ਜੋ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਔਲਾਦ* ਉੱਤੇ ਰਾਜ ਕਰਨਗੇ। ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ ਅਤੇ ਉਨ੍ਹਾਂ ʼਤੇ ਦਇਆ ਕਰਾਂਗਾ।’”+