ਪਹਿਲਾ ਸਮੂਏਲ
26 ਕੁਝ ਸਮੇਂ ਬਾਅਦ ਜ਼ੀਫ+ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਆ ਕੇ ਕਹਿਣ ਲੱਗੇ: “ਦਾਊਦ ਯਸ਼ੀਮੋਨ*+ ਦੇ ਸਾਮ੍ਹਣੇ ਹਕੀਲਾਹ ਦੀ ਪਹਾੜੀ ਉੱਤੇ ਲੁਕਿਆ ਹੋਇਆ ਹੈ।” 2 ਇਸ ਲਈ ਸ਼ਾਊਲ ਉੱਠਿਆ ਅਤੇ ਇਜ਼ਰਾਈਲ ਦੇ 3,000 ਚੁਣੇ ਹੋਏ ਆਦਮੀਆਂ ਨਾਲ ਦਾਊਦ ਨੂੰ ਲੱਭਣ ਲਈ ਜ਼ੀਫ ਦੀ ਉਜਾੜ ਵਿਚ ਗਿਆ।+ 3 ਸ਼ਾਊਲ ਨੇ ਯਸ਼ੀਮੋਨ ਦੇ ਸਾਮ੍ਹਣੇ ਹਕੀਲਾਹ ਪਹਾੜੀ ਉੱਤੇ ਪੈਂਦੇ ਰਸਤੇ ʼਤੇ ਡੇਰਾ ਲਾ ਲਿਆ। ਉਸ ਵੇਲੇ ਦਾਊਦ ਉਜਾੜ ਵਿਚ ਰਹਿ ਰਿਹਾ ਸੀ ਤੇ ਉਸ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਮਗਰ ਉਜਾੜ ਵਿਚ ਆ ਗਿਆ ਸੀ। 4 ਇਸ ਲਈ ਦਾਊਦ ਨੇ ਇਹ ਪੱਕਾ ਕਰਨ ਲਈ ਜਾਸੂਸ ਭੇਜੇ ਕਿ ਸ਼ਾਊਲ ਸੱਚ-ਮੁੱਚ ਉੱਥੇ ਆਇਆ ਹੈ ਕਿ ਨਹੀਂ। 5 ਬਾਅਦ ਵਿਚ ਦਾਊਦ ਉਸ ਜਗ੍ਹਾ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ ਤੇ ਦਾਊਦ ਨੇ ਉਹ ਜਗ੍ਹਾ ਦੇਖੀ ਜਿੱਥੇ ਸ਼ਾਊਲ ਅਤੇ ਨੇਰ ਦਾ ਪੁੱਤਰ ਯਾਨੀ ਉਸ ਦੀ ਫ਼ੌਜ ਦਾ ਮੁਖੀ ਅਬਨੇਰ+ ਸੁੱਤੇ ਪਏ ਸਨ; ਸ਼ਾਊਲ ਡੇਰੇ ਦੇ ਵਿਚਕਾਰ ਸੁੱਤਾ ਪਿਆ ਸੀ ਤੇ ਉਸ ਦੇ ਚਾਰੇ ਪਾਸੇ ਫ਼ੌਜੀ ਸਨ। 6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।” 7 ਫਿਰ ਦਾਊਦ ਅਤੇ ਅਬੀਸ਼ਈ ਰਾਤ ਨੂੰ ਫ਼ੌਜੀਆਂ ਵੱਲ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਛਾਉਣੀ ਦੇ ਵਿਚਕਾਰ ਸੁੱਤਾ ਪਿਆ ਸੀ ਤੇ ਉਸ ਦੇ ਸਿਰ ਕੋਲ ਉਸ ਦਾ ਬਰਛਾ ਜ਼ਮੀਨ ਵਿਚ ਗੱਡਿਆ ਹੋਇਆ ਸੀ; ਅਬਨੇਰ ਅਤੇ ਫ਼ੌਜੀ ਉਸ ਦੇ ਆਲੇ-ਦੁਆਲੇ ਸੁੱਤੇ ਪਏ ਸਨ।
8 ਅਬੀਸ਼ਈ ਨੇ ਦਾਊਦ ਨੂੰ ਕਿਹਾ: “ਅੱਜ ਪਰਮੇਸ਼ੁਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਹੁਣ ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ ਇਸ ਨੂੰ ਬਰਛੇ ਦੇ ਇਕ ਵਾਰ ਨਾਲ ਹੀ ਜ਼ਮੀਨ ਨਾਲ ਵਿੰਨ੍ਹ ਦਿਆਂ, ਮੈਨੂੰ ਦੂਜਾ ਵਾਰ ਕਰਨ ਦੀ ਲੋੜ ਨਹੀਂ ਪੈਣੀ।” 9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+ 10 ਦਾਊਦ ਨੇ ਅੱਗੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਯਹੋਵਾਹ ਉਸ ਨੂੰ ਆਪ ਹੀ ਮਾਰ ਦੇਵੇਗਾ+ ਜਾਂ ਇਕ ਦਿਨ ਉਸ ਦੀ ਮੌਤ ਤਾਂ ਹੋਣੀ ਹੀ ਹੈ+ ਜਾਂ ਫਿਰ ਉਹ ਯੁੱਧ ਵਿਚ ਜਾ ਕੇ ਮਰ-ਮੁੱਕ ਜਾਵੇਗਾ।+ 11 ਮੈਂ ਸੋਚ ਵੀ ਨਹੀਂ ਸਕਦਾ ਕਿ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਆਪਣਾ ਹੱਥ ਚੁੱਕਾਂ+ ਕਿਉਂਕਿ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਹੁਣ ਕਿਰਪਾ ਕਰ ਕੇ ਉਸ ਦੇ ਸਿਰ ਕੋਲੋਂ ਬਰਛਾ ਤੇ ਪਾਣੀ ਦੀ ਸੁਰਾਹੀ ਚੁੱਕ ਤੇ ਚੱਲੀਏ।” 12 ਇਸ ਲਈ ਦਾਊਦ ਨੇ ਸ਼ਾਊਲ ਦੇ ਸਿਰ ਕੋਲੋਂ ਬਰਛਾ ਤੇ ਪਾਣੀ ਦੀ ਸੁਰਾਹੀ ਚੁੱਕੀ ਤੇ ਉਹ ਚਲੇ ਗਏ। ਉਨ੍ਹਾਂ ਨੂੰ ਨਾ ਕਿਸੇ ਨੇ ਦੇਖਿਆ,+ ਨਾ ਕਿਸੇ ਦਾ ਉਨ੍ਹਾਂ ਵੱਲ ਧਿਆਨ ਗਿਆ ਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੁੱਤੇ ਪਏ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਸੀ। 13 ਫਿਰ ਦਾਊਦ ਦੂਜੇ ਪਾਸੇ ਚਲਾ ਗਿਆ ਤੇ ਦੂਰ ਪਹਾੜ ਦੀ ਚੋਟੀ ਉੱਤੇ ਖੜ੍ਹ ਗਿਆ। ਛਾਉਣੀ ਅਤੇ ਦਾਊਦ ਦੇ ਵਿਚਕਾਰ ਕਾਫ਼ੀ ਫ਼ਾਸਲਾ ਸੀ।
14 ਦਾਊਦ ਨੇ ਫ਼ੌਜੀਆਂ ਅਤੇ ਨੇਰ ਦੇ ਪੁੱਤਰ ਅਬਨੇਰ+ ਨੂੰ ਆਵਾਜ਼ ਮਾਰ ਕੇ ਕਿਹਾ: “ਅਬਨੇਰ, ਤੂੰ ਜਵਾਬ ਨਹੀਂ ਦਿੰਦਾ?” ਅਬਨੇਰ ਨੇ ਕਿਹਾ: “ਕੌਣ ਹੈਂ ਤੂੰ ਜੋ ਰਾਜੇ ਨੂੰ ਆਵਾਜ਼ਾਂ ਮਾਰ ਰਿਹਾ ਹੈਂ?” 15 ਦਾਊਦ ਨੇ ਅਬਨੇਰ ਨੂੰ ਕਿਹਾ: “ਕੀ ਤੂੰ ਸੂਰਮਾ ਨਹੀਂ ਹੈਂ? ਇਜ਼ਰਾਈਲ ਵਿਚ ਕੌਣ ਹੈ ਤੇਰੇ ਬਰਾਬਰ? ਤਾਂ ਫਿਰ, ਤੂੰ ਆਪਣੇ ਪ੍ਰਭੂ ਅਤੇ ਮਹਾਰਾਜ ਦੀ ਰਾਖੀ ਕਿਉਂ ਨਹੀਂ ਕੀਤੀ? ਇਕ ਫ਼ੌਜੀ ਤੇਰੇ ਮਹਾਰਾਜ ਦੀ ਜਾਨ ਲੈਣ ਆਇਆ ਸੀ।+ 16 ਤੂੰ ਚੰਗਾ ਨਹੀਂ ਕੀਤਾ। ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਤੂੰ ਮੌਤ ਦੇ ਲਾਇਕ ਹੈਂ ਕਿਉਂਕਿ ਤੂੰ ਆਪਣੇ ਪ੍ਰਭੂ ਦੀ ਰਾਖੀ ਨਹੀਂ ਕੀਤੀ ਜੋ ਯਹੋਵਾਹ ਦਾ ਚੁਣਿਆ ਹੋਇਆ ਹੈ।+ ਹੁਣ ਜ਼ਰਾ ਆਲੇ-ਦੁਆਲੇ ਨਜ਼ਰ ਤਾਂ ਮਾਰ! ਕਿੱਥੇ ਹੈ ਰਾਜੇ ਦਾ ਬਰਛਾ ਤੇ ਪਾਣੀ ਵਾਲੀ ਸੁਰਾਹੀ+ ਜੋ ਉਸ ਦੇ ਸਿਰ ਕੋਲ ਪਏ ਸਨ?”
17 ਫਿਰ ਸ਼ਾਊਲ ਨੇ ਦਾਊਦ ਦੀ ਆਵਾਜ਼ ਪਛਾਣ ਕੇ ਕਿਹਾ: “ਦਾਊਦ, ਮੇਰੇ ਪੁੱਤਰ, ਕੀ ਇਹ ਤੇਰੀ ਆਵਾਜ਼ ਹੈ?”+ ਦਾਊਦ ਨੇ ਕਿਹਾ: “ਹਾਂ, ਮੇਰੇ ਪ੍ਰਭੂ ਅਤੇ ਮਹਾਰਾਜ, ਇਹ ਮੇਰੀ ਹੀ ਆਵਾਜ਼ ਹੈ।” 18 ਉਸ ਨੇ ਅੱਗੇ ਕਿਹਾ: “ਮੇਰਾ ਪ੍ਰਭੂ ਆਪਣੇ ਸੇਵਕ ਦਾ ਪਿੱਛਾ ਕਿਉਂ ਕਰ ਰਿਹਾ ਹੈ,+ ਆਖ਼ਰ ਮੈਂ ਕੀ ਕੀਤਾ ਹੈ ਤੇ ਮੇਰਾ ਕਸੂਰ ਕੀ ਹੈ?+ 19 ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਆਪਣੇ ਸੇਵਕ ਦੀ ਗੱਲ ਸੁਣ: ਜੇ ਯਹੋਵਾਹ ਨੇ ਤੈਨੂੰ ਮੇਰੇ ਖ਼ਿਲਾਫ਼ ਭੜਕਾਇਆ ਹੈ, ਤਾਂ ਉਹ ਮੇਰਾ ਅਨਾਜ ਦਾ ਚੜ੍ਹਾਵਾ ਕਬੂਲ ਕਰੇ।* ਪਰ ਜੇ ਇਨਸਾਨਾਂ ਨੇ ਤੈਨੂੰ ਭੜਕਾਇਆ ਹੈ,+ ਤਾਂ ਉਹ ਯਹੋਵਾਹ ਅੱਗੇ ਸਰਾਪੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਮੈਨੂੰ ਅੱਜ ਭਜਾ ਦਿੱਤਾ ਹੈ ਤਾਂਕਿ ਮੈਂ ਯਹੋਵਾਹ ਦੀ ਵਿਰਾਸਤ ਵਿਚ ਨਾ ਵੱਸਾਂ+ ਤੇ ਉਨ੍ਹਾਂ ਨੇ ਕਿਹਾ, ‘ਜਾਹ, ਹੋਰ ਦੇਵਤਿਆਂ ਦੀ ਸੇਵਾ ਕਰ!’ 20 ਹੁਣ ਯਹੋਵਾਹ ਦੀ ਹਜ਼ੂਰੀ ਤੋਂ ਦੂਰ ਜ਼ਮੀਨ ʼਤੇ ਮੇਰਾ ਖ਼ੂਨ ਨਾ ਡੁੱਲ੍ਹਣ ਦੇ ਕਿਉਂਕਿ ਇਜ਼ਰਾਈਲ ਦਾ ਰਾਜਾ ਇਕ ਪਿੱਸੂ ਦੀ ਭਾਲ ਕਰਨ ਨਿਕਲਿਆ ਹੈ+ ਜਿਵੇਂ ਕਿ ਉਹ ਪਹਾੜਾਂ ਉੱਤੇ ਇਕ ਤਿੱਤਰ ਦਾ ਸ਼ਿਕਾਰ ਕਰਨ ਲਈ ਭੱਜ ਰਿਹਾ ਹੋਵੇ।”
21 ਸ਼ਾਊਲ ਨੇ ਜਵਾਬ ਦਿੱਤਾ: “ਮੈਂ ਪਾਪ ਕੀਤਾ ਹੈ।+ ਵਾਪਸ ਆਜਾ ਦਾਊਦ ਮੇਰੇ ਪੁੱਤਰਾ, ਮੈਂ ਤੈਨੂੰ ਹੋਰ ਨੁਕਸਾਨ ਨਹੀਂ ਪਹੁੰਚਾਵਾਂਗਾ ਕਿਉਂਕਿ ਤੂੰ ਅੱਜ ਮੇਰੀ ਜਾਨ ਨੂੰ ਅਨਮੋਲ ਸਮਝਿਆ ਹੈ।+ ਹਾਂ, ਮੈਂ ਮੂਰਖਤਾ ਤੋਂ ਕੰਮ ਲਿਆ ਤੇ ਵੱਡੀ ਗ਼ਲਤੀ ਕੀਤੀ ਹੈ।” 22 ਦਾਊਦ ਨੇ ਜਵਾਬ ਦਿੱਤਾ: “ਆਹ ਰਿਹਾ ਮਹਾਰਾਜ ਦਾ ਬਰਛਾ। ਕਿਸੇ ਨੌਜਵਾਨ ਨੂੰ ਭੇਜ ਕਿ ਉਹ ਆ ਕੇ ਇਸ ਨੂੰ ਲੈ ਜਾਵੇ। 23 ਯਹੋਵਾਹ ਹੀ ਹਰ ਕਿਸੇ ਨੂੰ ਉਸ ਦੀ ਨੇਕੀ ਅਤੇ ਵਫ਼ਾਦਾਰੀ ਦਾ ਫਲ ਦੇਵੇਗਾ।+ ਅੱਜ ਯਹੋਵਾਹ ਨੇ ਤੈਨੂੰ ਮੇਰੇ ਹੱਥ ਵਿਚ ਦੇ ਦਿੱਤਾ ਸੀ, ਪਰ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਹੱਥ ਚੁੱਕਣ ਲਈ ਰਾਜ਼ੀ ਨਹੀਂ ਹੋਇਆ।+ 24 ਦੇਖ! ਜਿਸ ਤਰ੍ਹਾਂ ਮੈਂ ਅੱਜ ਤੇਰੀ ਜਾਨ ਨੂੰ ਅਨਮੋਲ ਸਮਝਿਆ, ਉਸੇ ਤਰ੍ਹਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਮੇਰੀ ਜਾਨ ਵੀ ਅਨਮੋਲ ਹੋਵੇ ਤੇ ਉਹ ਮੈਨੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਦਿਵਾਏ।”+ 25 ਸ਼ਾਊਲ ਨੇ ਦਾਊਦ ਨੂੰ ਜਵਾਬ ਦਿੱਤਾ: “ਰੱਬ ਤੈਨੂੰ ਬਰਕਤ ਦੇਵੇ, ਮੇਰੇ ਪੁੱਤਰ ਦਾਊਦ। ਤੂੰ ਪੱਕਾ ਵੱਡੇ-ਵੱਡੇ ਕੰਮ ਕਰੇਂਗਾ ਤੇ ਤੂੰ ਜ਼ਰੂਰ ਸਫ਼ਲ ਹੋਵੇਂਗਾ।”+ ਫਿਰ ਦਾਊਦ ਆਪਣੇ ਰਾਹ ਚਲਾ ਗਿਆ ਤੇ ਸ਼ਾਊਲ ਆਪਣੀ ਜਗ੍ਹਾ ਮੁੜ ਗਿਆ।+