ਯਿਰਮਿਯਾਹ
1 ਇਹ ਯਿਰਮਿਯਾਹ* ਦਾ ਸੰਦੇਸ਼ ਹੈ। ਉਸ ਦਾ ਪਿਤਾ ਹਿਲਕੀਯਾਹ ਬਿਨਯਾਮੀਨ ਦੇ ਇਲਾਕੇ ਵਿਚ ਅਨਾਥੋਥ+ ਸ਼ਹਿਰ ਦੇ ਪੁਜਾਰੀਆਂ ਵਿੱਚੋਂ ਸੀ। 2 ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਯਹੂਦਾਹ ਦੇ ਰਾਜੇ ਯੋਸੀਯਾਹ+ ਦੇ ਰਾਜ ਦੇ 13ਵੇਂ ਸਾਲ ਵਿਚ ਮਿਲਿਆ। ਯੋਸੀਯਾਹ ਆਮੋਨ+ ਦਾ ਪੁੱਤਰ ਸੀ। 3 ਯਿਰਮਿਯਾਹ ਨੂੰ ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੌਰਾਨ+ ਵੀ ਸੰਦੇਸ਼ ਮਿਲਿਆ। ਉਸ ਨੂੰ ਇਹ ਸੰਦੇਸ਼ ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ 11ਵੇਂ ਸਾਲ ਤਕ ਮਿਲਦਾ ਰਿਹਾ ਜਦੋਂ ਪੰਜਵੇਂ ਮਹੀਨੇ ਵਿਚ ਯਰੂਸ਼ਲਮ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਗਿਆ।+
4 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
5 “ਮੈਂ ਤੈਨੂੰ ਕੁੱਖ ਵਿਚ ਰਚਣ ਤੋਂ ਪਹਿਲਾਂ ਹੀ ਜਾਣਦਾ* ਸੀ,+
ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ* ਮੈਂ ਤੈਨੂੰ ਪਵਿੱਤਰ ਕੰਮ ਲਈ ਚੁਣਿਆ।*+
ਹਾਂ, ਮੈਂ ਤੈਨੂੰ ਕੌਮਾਂ ਲਈ ਇਕ ਨਬੀ ਬਣਾਇਆ।”
6 ਪਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,
ਮੈਨੂੰ ਤਾਂ ਗੱਲ ਵੀ ਨਹੀਂ ਕਰਨੀ ਆਉਂਦੀ+ ਕਿਉਂਕਿ ਮੈਂ ਤਾਂ ਅਜੇ ਮੁੰਡਾ ਹੀ ਹਾਂ।”+
7 ਫਿਰ ਯਹੋਵਾਹ ਨੇ ਮੈਨੂੰ ਕਿਹਾ:
“ਤੂੰ ਇਹ ਨਾ ਕਹਿ, ‘ਮੈਂ ਤਾਂ ਅਜੇ ਮੁੰਡਾ ਹੀ ਹਾਂ।’
ਤੈਨੂੰ ਉਨ੍ਹਾਂ ਸਾਰਿਆਂ ਕੋਲ ਜਾਣਾ ਹੀ ਪਵੇਗਾ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ
ਅਤੇ ਤੂੰ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿਆਂਗਾ।+
8 ਤੂੰ ਉਨ੍ਹਾਂ ਵੱਲ ਦੇਖ ਕੇ ਡਰੀਂ ਨਾ+
ਕਿਉਂਕਿ ਮੈਂ, ਯਹੋਵਾਹ, ਕਹਿੰਦਾ ਹਾਂ, ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।’”+
9 ਫਿਰ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੋਹਿਆ+ ਅਤੇ ਯਹੋਵਾਹ ਨੇ ਮੈਨੂੰ ਕਿਹਾ: “ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾ ਦਿੱਤੀਆਂ ਹਨ।+ 10 ਦੇਖ, ਮੈਂ ਅੱਜ ਤੈਨੂੰ ਕੌਮਾਂ ਅਤੇ ਰਾਜਾਂ ʼਤੇ ਅਧਿਕਾਰ ਦਿੱਤਾ ਹੈ ਕਿ ਤੂੰ ਜੜ੍ਹੋਂ ਪੁੱਟੇਂ ਤੇ ਢਾਹ ਦੇਵੇਂ, ਨਾਸ਼ ਕਰੇਂ ਤੇ ਤਬਾਹ ਕਰੇਂ, ਬਣਾਵੇਂ ਤੇ ਲਾਵੇਂ।”+
11 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ ਅਤੇ ਉਸ ਨੇ ਮੈਨੂੰ ਪੁੱਛਿਆ: “ਯਿਰਮਿਯਾਹ, ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ: “ਬਦਾਮ ਦੇ ਦਰਖ਼ਤ* ਦੀ ਇਕ ਟਾਹਣੀ।”
12 ਯਹੋਵਾਹ ਨੇ ਮੈਨੂੰ ਕਿਹਾ: “ਤੂੰ ਬਿਲਕੁਲ ਸਹੀ ਦੇਖਿਆ। ਮੈਂ ਆਪਣੇ ਬਚਨ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਜਾਗਿਆ ਹੋਇਆ ਹਾਂ।”
13 ਫਿਰ ਯਹੋਵਾਹ ਨੇ ਮੈਨੂੰ ਦੂਸਰੀ ਵਾਰ ਪੁੱਛਿਆ: “ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ: “ਇਕ ਪਤੀਲਾ* ਜਿਸ ਵਿਚ ਕੁਝ ਉਬਲ ਰਿਹਾ ਹੈ ਅਤੇ ਜਿਸ ਦਾ ਮੂੰਹ ਉੱਤਰ ਤੋਂ ਦੱਖਣ ਵੱਲ ਨੂੰ ਝੁਕਿਆ ਹੋਇਆ ਹੈ।” 14 ਫਿਰ ਯਹੋਵਾਹ ਨੇ ਮੈਨੂੰ ਕਿਹਾ:
“ਉੱਤਰ ਵੱਲੋਂ ਇਸ ਦੇਸ਼ ਦੇ ਸਾਰੇ ਵਾਸੀਆਂ ʼਤੇ ਬਿਪਤਾ ਆ ਪਵੇਗੀ।+
15 ‘ਮੈਂ ਉੱਤਰ ਦੇ ਰਾਜਾਂ ਦੇ ਸਾਰੇ ਘਰਾਣਿਆਂ ਨੂੰ ਬੁਲਾਵਾਂਗਾ,’ ਯਹੋਵਾਹ ਕਹਿੰਦਾ ਹੈ,+
‘ਉਹ ਆਉਣਗੇ ਅਤੇ ਸਾਰੇ ਜਣੇ ਯਰੂਸ਼ਲਮ ਦੇ ਦਰਵਾਜ਼ਿਆਂ ਕੋਲ
ਅਤੇ ਉਸ ਦੀਆਂ ਕੰਧਾਂ ਦੇ ਆਲੇ-ਦੁਆਲੇ ਆਪਣੇ ਸਿੰਘਾਸਣ ਕਾਇਮ ਕਰਨਗੇ+
ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ʼਤੇ ਹਮਲਾ ਕਰਨਗੇ।+
16 ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮਾਂ ਦੀ ਸਜ਼ਾ ਸੁਣਾਵਾਂਗਾ
ਕਿਉਂਕਿ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਹੈ,+
ਉਹ ਹੋਰ ਦੇਵੀ-ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ*+
ਅਤੇ ਆਪਣੇ ਹੱਥਾਂ ਦੇ ਕੰਮਾਂ ਅੱਗੇ ਮੱਥਾ ਟੇਕਦੇ ਹਨ।’+
17 ਪਰ ਹੁਣ ਤੂੰ ਤਿਆਰ ਹੋ ਜਾਹ,*
ਉੱਠ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੰਦਾ ਹਾਂ।
ਤੂੰ ਉਨ੍ਹਾਂ ਤੋਂ ਡਰੀਂ ਨਾ,+
ਨਹੀਂ ਤਾਂ ਮੈਂ ਤੈਨੂੰ ਉਨ੍ਹਾਂ ਸਾਮ੍ਹਣੇ ਹੋਰ ਵੀ ਡਰਾਵਾਂਗਾ।