ਦਾਨੀਏਲ
1 ਯਹੂਦਾਹ ਦੇ ਰਾਜਾ ਯਹੋਯਾਕੀਮ+ ਦੇ ਰਾਜ ਦੇ ਤੀਸਰੇ ਸਾਲ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ʼਤੇ ਚੜ੍ਹਾਈ ਕਰ ਕੇ ਇਸ ਨੂੰ ਘੇਰ ਲਿਆ।+ 2 ਫਿਰ ਯਹੋਵਾਹ ਨੇ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਅਤੇ ਸੱਚੇ ਪਰਮੇਸ਼ੁਰ ਦੇ ਮੰਦਰ ਦੇ ਕੁਝ ਭਾਂਡਿਆਂ ਨੂੰ ਨਬੂਕਦਨੱਸਰ ਦੇ ਹੱਥ ਵਿਚ ਦੇ ਦਿੱਤਾ।+ ਉਸ ਨੇ ਉਹ ਭਾਂਡੇ ਸ਼ਿਨਾਰ* ਦੇਸ਼+ ਲਿਜਾ ਕੇ ਆਪਣੇ ਦੇਵਤੇ ਦੇ ਮੰਦਰ ਦੇ ਖ਼ਜ਼ਾਨੇ ਵਿਚ ਰੱਖ ਦਿੱਤੇ।+
3 ਫਿਰ ਰਾਜੇ ਨੇ ਆਪਣੇ ਮੁੱਖ ਦਰਬਾਰੀ ਅਸ਼ਪਨਜ਼ ਨੂੰ ਹੁਕਮ ਦਿੱਤਾ ਕਿ ਉਹ ਕੁਝ ਇਜ਼ਰਾਈਲੀਆਂ* ਨੂੰ ਪੇਸ਼ ਕਰੇ ਜਿਨ੍ਹਾਂ ਵਿਚ ਸ਼ਾਹੀ ਘਰਾਣੇ ਦੇ ਅਤੇ ਉੱਚੇ ਖ਼ਾਨਦਾਨ ਦੇ ਨੌਜਵਾਨ* ਸ਼ਾਮਲ ਹੋਣ।+ 4 ਉਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ, ਸਗੋਂ ਉਹ ਸੋਹਣੇ-ਸੁਨੱਖੇ ਹੋਣ। ਉਹ ਬੁੱਧ, ਗਿਆਨ ਤੇ ਸਮਝ ਵਾਲੇ ਹੋਣ+ ਅਤੇ ਰਾਜੇ ਦੇ ਮਹਿਲ ਵਿਚ ਸੇਵਾ ਕਰਨ ਦੇ ਲਾਇਕ ਹੋਣ। ਅਸ਼ਪਨਜ਼ ਨੂੰ ਇਹ ਵੀ ਹੁਕਮ ਦਿੱਤਾ ਗਿਆ ਕਿ ਉਹ ਉਨ੍ਹਾਂ ਨੂੰ ਕਸਦੀਆਂ ਦਾ ਗਿਆਨ ਦੇਵੇ* ਅਤੇ ਉਨ੍ਹਾਂ ਦੀ ਭਾਸ਼ਾ ਸਿਖਾਵੇ। 5 ਇਸ ਤੋਂ ਇਲਾਵਾ ਰਾਜੇ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਹਰ ਰੋਜ਼ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਉਨ੍ਹਾਂ ਨੂੰ ਤਿੰਨ ਸਾਲ ਸਿਖਲਾਈ ਦਿੱਤੀ ਜਾਵੇ* ਜਿਸ ਤੋਂ ਬਾਅਦ ਉਹ ਰਾਜੇ ਦੀ ਸੇਵਾ ਕਰਨ।
6 ਉਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਯਹੂਦਾਹ ਦੇ ਖ਼ਾਨਦਾਨ* ਵਿੱਚੋਂ ਸਨ: ਦਾਨੀਏਲ,*+ ਹਨਨਯਾਹ,* ਮੀਸ਼ਾਏਲ* ਅਤੇ ਅਜ਼ਰਯਾਹ।*+ 7 ਮੁੱਖ ਦਰਬਾਰੀ ਨੇ ਉਨ੍ਹਾਂ ਦੇ ਨਾਂ ਬਦਲ ਦਿੱਤੇ। ਉਸ ਨੇ ਦਾਨੀਏਲ ਦਾ ਨਾਂ ਬੇਲਟਸ਼ੱਸਰ,+ ਹਨਨਯਾਹ ਦਾ ਨਾਂ ਸ਼ਦਰਕ, ਮੀਸ਼ਾਏਲ ਦਾ ਨਾਂ ਮੇਸ਼ਕ ਅਤੇ ਅਜ਼ਰਯਾਹ ਦਾ ਨਾਂ ਅਬਦਨਗੋ ਰੱਖ ਦਿੱਤਾ।+
8 ਪਰ ਦਾਨੀਏਲ ਨੇ ਮਨ ਵਿਚ ਠਾਣ ਲਿਆ ਕਿ ਉਹ ਰਾਜੇ ਦੇ ਪਕਵਾਨਾਂ ਜਾਂ ਦਾਖਰਸ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕਰੇਗਾ। ਇਸ ਲਈ ਉਸ ਨੇ ਮੁੱਖ ਦਰਬਾਰੀ ਨੂੰ ਬੇਨਤੀ ਕੀਤੀ ਕਿ ਉਸ ਨੂੰ ਭ੍ਰਿਸ਼ਟ ਕਰਨ ਵਾਲੀਆਂ ਚੀਜ਼ਾਂ ਖਾਣ ਲਈ ਨਾ ਦਿੱਤੀਆਂ ਜਾਣ। 9 ਸੱਚੇ ਪਰਮੇਸ਼ੁਰ ਨੇ ਮੁੱਖ ਦਰਬਾਰੀ ਦੇ ਦਿਲ ਨੂੰ ਪ੍ਰੇਰਿਤ ਕੀਤਾ ਕਿ ਉਹ ਦਾਨੀਏਲ ʼਤੇ ਮਿਹਰ ਅਤੇ ਦਇਆ ਕਰੇ।+ 10 ਪਰ ਮੁੱਖ ਦਰਬਾਰੀ ਨੇ ਦਾਨੀਏਲ ਨੂੰ ਕਿਹਾ: “ਮੈਂ ਮਹਾਰਾਜ ਤੋਂ ਡਰਦਾ ਹਾਂ ਜਿਸ ਨੇ ਹੁਕਮ ਦਿੱਤਾ ਹੈ ਕਿ ਤੈਨੂੰ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਜੇ ਤੂੰ ਆਪਣੀ ਉਮਰ ਦੇ ਬਾਕੀ ਨੌਜਵਾਨਾਂ* ਤੋਂ ਕਮਜ਼ੋਰ ਨਜ਼ਰ ਆਇਆ, ਤਾਂ ਤੈਨੂੰ ਪਤਾ ਕੀ ਹੋਵੇਗਾ? ਤੇਰੇ ਕਰਕੇ ਮੈਂ ਰਾਜੇ ਦੇ ਸਾਮ੍ਹਣੇ ਦੋਸ਼ੀ ਠਹਿਰਾਂਗਾ।” 11 ਪਰ ਦਾਨੀਏਲ ਨੇ ਉਸ ਆਦਮੀ ਨਾਲ ਗੱਲ ਕੀਤੀ ਜਿਸ ਨੂੰ ਮੁੱਖ ਦਰਬਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦੀ ਦੇਖ-ਭਾਲ ਕਰਨ ਲਈ ਠਹਿਰਾਇਆ ਸੀ: 12 “ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖ ਕੇ ਦੇਖ ਅਤੇ ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਦੇ। 13 ਫਿਰ ਦੇਖੀਂ ਕਿ ਅਸੀਂ ਉਨ੍ਹਾਂ ਨੌਜਵਾਨਾਂ* ਦੇ ਮੁਕਾਬਲੇ ਕਿਹੋ ਜਿਹੇ ਲੱਗਦੇ ਹਾਂ ਜਿਹੜੇ ਸ਼ਾਹੀ ਖਾਣਾ ਖਾਂਦੇ ਹਨ। ਇਸ ਤੋਂ ਬਾਅਦ ਤੂੰ ਆਪਣੇ ਸੇਵਕਾਂ ਨਾਲ ਉਹੀ ਕਰੀਂ ਜੋ ਤੈਨੂੰ ਠੀਕ ਲੱਗੇ।”
14 ਇਸ ਲਈ ਉਸ ਆਦਮੀ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਦਸ ਦਿਨਾਂ ਤਕ ਉਨ੍ਹਾਂ ਨੂੰ ਪਰਖਿਆ। 15 ਦਸਾਂ ਦਿਨਾਂ ਬਾਅਦ ਉਨ੍ਹਾਂ ਨੌਜਵਾਨਾਂ* ਦੇ ਚਿਹਰਿਆਂ ʼਤੇ ਰੌਣਕ ਸੀ ਅਤੇ ਉਹ ਬਾਕੀ ਸਾਰੇ ਨੌਜਵਾਨਾਂ ਨਾਲੋਂ ਜ਼ਿਆਦਾ ਸਿਹਤਮੰਦ ਸਨ ਜੋ ਸ਼ਾਹੀ ਖਾਣਾ ਖਾਂਦੇ ਸਨ। 16 ਇਸ ਲਈ ਉਹ ਆਦਮੀ ਉਨ੍ਹਾਂ ਨੂੰ ਸ਼ਾਹੀ ਖਾਣਾ ਅਤੇ ਦਾਖਰਸ ਦੇਣ ਦੀ ਬਜਾਇ ਸਬਜ਼ੀਆਂ ਦਿੰਦਾ ਰਿਹਾ। 17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+
18 ਰਾਜੇ ਦੁਆਰਾ ਮਿਥਿਆ ਸਮਾਂ ਖ਼ਤਮ ਹੋਣ ਤੋਂ ਬਾਅਦ ਮੁੱਖ ਦਰਬਾਰੀ ਨੇ ਸਾਰੇ ਨੌਜਵਾਨਾਂ ਨੂੰ ਨਬੂਕਦਨੱਸਰ ਦੇ ਸਾਮ੍ਹਣੇ ਪੇਸ਼ ਕੀਤਾ।+ 19 ਜਦ ਰਾਜੇ ਨੇ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ, ਤਾਂ ਉਸ ਨੇ ਦੇਖਿਆ ਕਿ ਹੋਰ ਕੋਈ ਵੀ ਨੌਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ+ ਵਰਗਾ ਨਹੀਂ ਸੀ ਅਤੇ ਉਨ੍ਹਾਂ ਨੇ ਰਾਜੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 20 ਜਦ ਰਾਜਾ ਅਜਿਹੇ ਕਿਸੇ ਵੀ ਮਾਮਲੇ ਬਾਰੇ ਉਨ੍ਹਾਂ ਨਾਲ ਗੱਲ ਕਰਦਾ ਸੀ ਜਿਸ ਲਈ ਬੁੱਧ ਅਤੇ ਸਮਝ ਦੀ ਲੋੜ ਸੀ, ਤਾਂ ਉਸ ਨੇ ਦੇਖਿਆ ਕਿ ਉਹ ਚਾਰੇ ਨੌਜਵਾਨ ਉਸ ਦੇ ਰਾਜ ਵਿਚ ਜਾਦੂਗਰੀ ਕਰਨ ਵਾਲੇ ਸਾਰੇ ਪੁਜਾਰੀਆਂ ਅਤੇ ਤਾਂਤ੍ਰਿਕਾਂ+ ਨਾਲੋਂ ਦਸ ਗੁਣਾ ਬਿਹਤਰ ਸਨ। 21 ਦਾਨੀਏਲ ਰਾਜਾ ਖੋਰਸ ਦੇ ਰਾਜ ਦੇ ਪਹਿਲੇ ਸਾਲ ਤਕ ਉੱਥੇ ਹੀ ਰਿਹਾ।+