ਹੋਸ਼ੇਆ
2 “ਆਪਣੇ ਭਰਾਵਾਂ ਨੂੰ ਕਹਿ, ‘ਤੁਸੀਂ ਮੇਰੇ ਲੋਕ ਹੋ!’*+
ਆਪਣੀਆਂ ਭੈਣਾਂ ਨੂੰ ਕਹਿ, ‘ਤੁਸੀਂ ਉਹ ਔਰਤਾਂ ਹੋ ਜਿਨ੍ਹਾਂ ʼਤੇ ਦਇਆ ਕੀਤੀ ਗਈ ਹੈ!’*+
2 ਆਪਣੀ ਮਾਂ ʼਤੇ ਦੋਸ਼ ਲਾ, ਹਾਂ, ਉਸ ʼਤੇ ਦੋਸ਼ ਲਾ
ਕਿਉਂਕਿ ਉਹ ਮੇਰੀ ਪਤਨੀ ਨਹੀਂ ਹੈ+ ਅਤੇ ਮੈਂ ਉਸ ਦਾ ਪਤੀ ਨਹੀਂ ਹਾਂ।
ਉਹ ਵੇਸਵਾ ਦੇ ਕੰਮ* ਕਰਨੋਂ ਹਟ ਜਾਵੇ
ਅਤੇ ਹਰਾਮਕਾਰੀ ਕਰਨੀ ਬੰਦ ਕਰੇ,
3 ਨਹੀਂ ਤਾਂ ਮੈਂ ਉਸ ਨੂੰ ਨੰਗੀ ਕਰਾਂਗਾ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ,
ਉਸ ਨੂੰ ਉਜਾੜ ਵਾਂਗ ਬਣਾਵਾਂਗਾ,
ਉਸ ਨੂੰ ਸੁੱਕੀ ਜ਼ਮੀਨ ਵਿਚ ਬਦਲ ਦਿਆਂਗਾ
ਤਾਂਕਿ ਉਹ ਪਿਆਸੀ ਮਰ ਜਾਵੇ।
4 ਮੈਂ ਉਸ ਦੇ ਪੁੱਤਰਾਂ ʼਤੇ ਦਇਆ ਨਹੀਂ ਕਰਾਂਗਾ
ਕਿਉਂਕਿ ਉਹ ਉਸ ਦੀ ਵੇਸਵਾਗਿਰੀ* ਦੀ ਔਲਾਦ ਹਨ।
5 ਉਨ੍ਹਾਂ ਦੀ ਮਾਂ ਨੇ ਵੇਸਵਾਗਿਰੀ ਕੀਤੀ।+
ਉਨ੍ਹਾਂ ਨੂੰ ਜਨਮ ਦੇਣ ਵਾਲੀ ਔਰਤ ਨੇ ਸ਼ਰਮਨਾਕ ਕੰਮ ਕੀਤੇ+ ਕਿਉਂਕਿ ਉਸ ਨੇ ਕਿਹਾ,
‘ਮੈਂ ਆਪਣੇ ਯਾਰਾਂ ਦੇ ਪਿੱਛੇ ਜਾਵਾਂਗੀ+
ਜੋ ਮੈਨੂੰ ਰੋਟੀ, ਪਾਣੀ, ਉੱਨ, ਮਲਮਲ ਦਾ ਕੱਪੜਾ, ਤੇਲ ਅਤੇ ਦਾਖਰਸ ਦਿੰਦੇ ਹਨ।’
6 ਇਸ ਲਈ ਮੈਂ ਉਸ ਦਾ ਰਾਹ ਕੰਡਿਆਲ਼ੀ ਵਾੜ ਨਾਲ ਬੰਦ ਕਰਾਂਗਾ;
ਮੈਂ ਉਸ ਦੇ ਦੁਆਲੇ ਪੱਥਰ ਦੀ ਕੰਧ ਖੜ੍ਹੀ ਕਰਾਂਗਾ
ਤਾਂਕਿ ਉਹ ਆਪਣੇ ਰਾਹ ਨਾ ਲੱਭ ਸਕੇ।
7 ਉਹ ਆਪਣੇ ਯਾਰਾਂ ਪਿੱਛੇ ਭੱਜੇਗੀ, ਪਰ ਉਨ੍ਹਾਂ ਤਕ ਪਹੁੰਚ ਨਾ ਸਕੇਗੀ;+
ਉਹ ਉਨ੍ਹਾਂ ਨੂੰ ਲੱਭੇਗੀ, ਪਰ ਉਹ ਉਸ ਨੂੰ ਨਹੀਂ ਲੱਭਣਗੇ।
8 ਉਸ ਨੇ ਨਹੀਂ ਮੰਨਿਆ ਕਿ ਮੈਂ ਹੀ ਉਸ ਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿੱਤਾ ਸੀ,+
ਮੈਂ ਉਸ ਨੂੰ ਬਹੁਤਾਤ ਵਿਚ ਚਾਂਦੀ ਦਿੱਤੀ
ਅਤੇ ਸੋਨਾ ਵੀ ਦਿੱਤਾ ਜੋ ਉਨ੍ਹਾਂ ਨੇ ਬਆਲ ਨੂੰ ਚੜ੍ਹਾਇਆ।+
9 ‘ਇਸ ਲਈ ਮੈਂ ਵਾਪਸ ਜਾ ਕੇ ਫ਼ਸਲ ਪੱਕਣ ਵੇਲੇ ਅਨਾਜ
ਅਤੇ ਅੰਗੂਰਾਂ ਦੇ ਰਸ ਤੋਂ ਮਿੱਠਾ ਦਾਖਰਸ ਬਣਾਉਣ ਵੇਲੇ ਦਾਖਰਸ ਲੈ ਲਵਾਂਗਾ+
ਅਤੇ ਉਸ ਤੋਂ ਆਪਣੀ ਉੱਨ ਅਤੇ ਮਲਮਲ ਦੇ ਕੱਪੜੇ ਖੋਹ ਲਵਾਂਗਾ ਜੋ ਉਸ ਦਾ ਨੰਗੇਜ਼ ਢਕਣ ਲਈ ਸਨ।
10 ਮੈਂ ਉਸ ਦੇ ਯਾਰਾਂ ਸਾਮ੍ਹਣੇ ਉਸ ਦੇ ਗੁਪਤ ਅੰਗ ਨੰਗੇ ਕਰਾਂਗਾ
ਅਤੇ ਕੋਈ ਵੀ ਉਸ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।+
11 ਮੈਂ ਉਸ ਦੀਆਂ ਸਾਰੀਆਂ ਖ਼ੁਸ਼ੀਆਂ ਦਾ ਅੰਤ ਕਰ ਦਿਆਂਗਾ,
ਨਾਲੇ ਉਸ ਦੇ ਤਿਉਹਾਰ,+ ਉਸ ਦੀ ਮੱਸਿਆ, ਉਸ ਦੇ ਸਬਤ ਅਤੇ ਉਸ ਦੀਆਂ ਦਾਅਵਤਾਂ।
12 ਮੈਂ ਉਸ ਦੀਆਂ ਅੰਗੂਰੀ ਵੇਲਾਂ ਅਤੇ ਅੰਜੀਰ ਦੇ ਦਰਖ਼ਤ ਬਰਬਾਦ ਕਰ ਦਿਆਂਗਾ ਜਿਨ੍ਹਾਂ ਬਾਰੇ ਉਸ ਨੇ ਕਿਹਾ:
“ਇਹ ਮੇਰੀ ਮਜ਼ਦੂਰੀ ਹੈ ਜੋ ਮੈਨੂੰ ਮੇਰੇ ਯਾਰਾਂ ਨੇ ਦਿੱਤੀ ਸੀ”;
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ
ਅਤੇ ਮੈਦਾਨ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ।
13 ਮੈਂ ਉਸ ਤੋਂ ਉਨ੍ਹਾਂ ਦਿਨਾਂ ਦਾ ਲੇਖਾ ਲਵਾਂਗਾ ਜਦੋਂ ਉਹ ਬਆਲ ਦੀਆਂ ਮੂਰਤੀਆਂ ਅੱਗੇ ਬਲੀਦਾਨ ਚੜ੍ਹਾਉਂਦੀ ਸੀ,+
ਜਦੋਂ ਉਹ ਆਪਣੇ ਆਪ ਨੂੰ ਵਾਲ਼ੀਆਂ ਅਤੇ ਗਹਿਣਿਆਂ ਨਾਲ ਸ਼ਿੰਗਾਰਦੀ ਸੀ ਅਤੇ ਆਪਣੇ ਯਾਰਾਂ ਪਿੱਛੇ ਭੱਜਦੀ ਸੀ,
ਪਰ ਉਹ ਮੈਨੂੰ ਭੁੱਲ ਗਈ,’+ ਯਹੋਵਾਹ ਕਹਿੰਦਾ ਹੈ।
14 ‘ਇਸ ਲਈ ਮੈਂ ਉਸ ਨੂੰ ਜਾਣ ਲਈ ਮਨਾਵਾਂਗਾ,
ਮੈਂ ਉਸ ਨੂੰ ਉਜਾੜ ਵਿਚ ਲੈ ਜਾਵਾਂਗਾ
ਅਤੇ ਮੈਂ ਆਪਣੀਆਂ ਗੱਲਾਂ ਨਾਲ ਉਸ ਨੂੰ ਦਿਲਾਸਾ ਦਿਆਂਗਾ।
15 ਮੈਂ ਉਦੋਂ ਉਸ ਨੂੰ ਅੰਗੂਰਾਂ ਦੇ ਬਾਗ਼ ਵਾਪਸ ਦਿਆਂਗਾ+
ਅਤੇ ਆਕੋਰ ਘਾਟੀ+ ਨੂੰ ਉਸ ਲਈ ਉਮੀਦ ਦਾ ਦਰਵਾਜ਼ਾ ਬਣਾਵਾਂਗਾ;
ਉਹ ਉੱਥੇ ਆਪਣੀ ਜਵਾਨੀ ਦੇ ਦਿਨਾਂ ਵਾਂਗ ਮੈਨੂੰ ਜਵਾਬ ਦੇਵੇਗੀ,
ਉਨ੍ਹਾਂ ਦਿਨਾਂ ਵਾਂਗ ਜਦੋਂ ਉਹ ਮਿਸਰ ਤੋਂ ਬਾਹਰ ਆਈ ਸੀ।+
16 ਉਸ ਦਿਨ,’ ਯਹੋਵਾਹ ਕਹਿੰਦਾ ਹੈ,
‘ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ ਅਤੇ ਫਿਰ ਕਦੇ ਮੈਨੂੰ ਆਪਣਾ ਮਾਲਕ* ਨਹੀਂ ਬੁਲਾਵੇਂਗੀ।’
17 ‘ਮੈਂ ਉਸ ਦੀ ਜ਼ਬਾਨ ਤੋਂ ਬਆਲ ਦੀਆਂ ਮੂਰਤੀਆਂ ਦੇ ਨਾਂ ਮਿਟਾ ਦਿਆਂਗਾ+
ਅਤੇ ਉਨ੍ਹਾਂ ਦੇ ਨਾਂ ਫਿਰ ਕਦੇ ਯਾਦ ਨਹੀਂ ਕੀਤੇ ਜਾਣਗੇ।+
18 ਉਸ ਦਿਨ ਮੈਂ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂ
ਅਤੇ ਧਰਤੀ ਉੱਤੇ ਘਿਸਰਨ ਵਾਲੇ ਜੀਵ-ਜੰਤੂਆਂ ਨਾਲ ਇਕਰਾਰ ਕਰਾਂਗਾ;+
ਮੈਂ ਦੇਸ਼ ਨੂੰ ਤੀਰ-ਕਮਾਨ, ਤਲਵਾਰ ਤੇ ਯੁੱਧ ਤੋਂ ਛੁਟਕਾਰਾ ਦਿਆਂਗਾ+
ਅਤੇ ਮੈਂ ਉਨ੍ਹਾਂ ਨੂੰ ਸੁਰੱਖਿਅਤ ਵਸਾਵਾਂਗਾ।+
19 ਮੈਂ ਤੈਨੂੰ ਹਮੇਸ਼ਾ ਲਈ ਆਪਣੀ ਪਤਨੀ ਬਣਾਵਾਂਗਾ;
ਹਾਂ, ਮੈਂ ਤੈਨੂੰ ਆਪਣੇ ਧਰਮੀ ਅਸੂਲਾਂ ਮੁਤਾਬਕ
ਅਤੇ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਆਪਣੀ ਪਤਨੀ ਬਣਾਵਾਂਗਾ।+
20 ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਪਤਨੀ ਬਣਾਵਾਂਗਾ
ਅਤੇ ਤੂੰ ਜ਼ਰੂਰ ਯਹੋਵਾਹ ਨੂੰ ਜਾਣੇਗੀ।’+