ਕੂਚ
13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਦਾ ਹਰ ਜੇਠਾ ਮੁੰਡਾ ਮੈਨੂੰ ਅਰਪਿਤ* ਕਰੋ। ਇਨਸਾਨਾਂ ਤੇ ਜਾਨਵਰਾਂ ਦੇ ਜੇਠੇ ਮੇਰੇ ਹਨ।”+
3 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਇਸ ਦਿਨ ਨੂੰ ਯਾਦ ਰੱਖੋ ਕਿਉਂਕਿ ਇਸ ਦਿਨ ਯਹੋਵਾਹ ਤੁਹਾਨੂੰ ਆਪਣੇ ਤਾਕਤਵਰ ਹੱਥ ਨਾਲ+ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਇਸ ਲਈ ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ। 4 ਤੁਸੀਂ ਅਬੀਬ*+ ਮਹੀਨੇ ਦੇ ਇਸ ਦਿਨ ਮਿਸਰ ਤੋਂ ਜਾ ਰਹੇ ਹੋ। 5 ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਕਿ ਉਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ+ ਦਾ ਦੇਸ਼ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਜਦੋਂ ਉਹ ਤੁਹਾਨੂੰ ਉਸ ਦੇਸ਼ ਲੈ ਜਾਵੇਗਾ, ਤਾਂ ਤੁਸੀਂ ਇਸ ਮਹੀਨੇ ਇਹ ਤਿਉਹਾਰ ਮਨਾਇਆ ਕਰਿਓ। 6 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ+ ਅਤੇ ਸੱਤਵੇਂ ਦਿਨ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਇਓ। 7 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ;+ ਇਨ੍ਹਾਂ ਸੱਤ ਦਿਨਾਂ ਦੌਰਾਨ ਨਾ ਤਾਂ ਤੁਹਾਡੇ ਕੋਲ ਕੋਈ ਖਮੀਰੀ ਚੀਜ਼ ਹੋਵੇ+ ਤੇ ਨਾ ਹੀ ਤੁਹਾਡੇ ਪੂਰੇ ਇਲਾਕੇ ਵਿਚ ਖਮੀਰਾ ਆਟਾ ਹੋਵੇ। 8 ਤੁਸੀਂ ਇਸ ਦਿਨ ਆਪਣੇ ਪੁੱਤਰਾਂ ਨੂੰ ਦੱਸਿਓ, ‘ਯਹੋਵਾਹ ਨੇ ਮਿਸਰ ਵਿੱਚੋਂ ਕੱਢਣ ਵੇਲੇ ਸਾਡੇ ਲਈ ਜੋ ਕੀਤਾ ਸੀ, ਉਸ ਨੂੰ ਯਾਦ ਕਰਨ ਲਈ ਅਸੀਂ ਇਸ ਤਰ੍ਹਾਂ ਕਰਦੇ ਹਾਂ।’+ 9 ਇਹ ਤਿਉਹਾਰ ਤੁਹਾਡੇ ਹੱਥ ਅਤੇ ਮੱਥੇ ʼਤੇ*+ ਬੰਨ੍ਹੀ ਨਿਸ਼ਾਨੀ ਵਾਂਗ ਹੋਵੇਗਾ। ਇਹ ਤੁਹਾਨੂੰ ਯਾਦ ਕਰਾਵੇਗਾ ਕਿ ਤੁਸੀਂ ਯਹੋਵਾਹ ਦੇ ਕਾਨੂੰਨ ਬਾਰੇ ਗੱਲ ਕਰੋ ਅਤੇ ਇਹ ਵੀ ਯਾਦ ਕਰਾਵੇਗਾ ਕਿ ਯਹੋਵਾਹ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ। 10 ਤੁਸੀਂ ਹਰ ਸਾਲ ਮਿਥੇ ਸਮੇਂ ਤੇ ਇਹ ਤਿਉਹਾਰ ਮਨਾਉਣ ਦੇ ਨਿਯਮ ਦੀ ਪਾਲਣਾ ਕਰਿਓ।+
11 “ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ ਦੇ ਦੇਸ਼ ਲੈ ਜਾਵੇਗਾ ਜਿਸ ਬਾਰੇ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਕਿ ਉਹ ਤੁਹਾਨੂੰ ਇਹ ਦੇਸ਼ ਦੇਵੇਗਾ,+ 12 ਤਾਂ ਤੁਸੀਂ ਆਪਣਾ ਤੇ ਹਰ ਪਾਲਤੂ ਪਸ਼ੂ ਦਾ ਜੇਠਾ* ਯਹੋਵਾਹ ਨੂੰ ਅਰਪਿਤ ਕਰਿਓ। ਸਾਰੇ ਜੇਠੇ ਯਹੋਵਾਹ ਦੇ ਹਨ।+ 13 ਤੁਸੀਂ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਉਣਾ। ਪਰ ਜੇ ਤੁਸੀਂ ਵਛੇਰਾ ਨਹੀਂ ਛੁਡਾਉਂਦੇ, ਤਾਂ ਤੁਸੀਂ ਉਸ ਦੀ ਧੌਣ ਤੋੜ ਦਿਓ। ਅਤੇ ਤੁਸੀਂ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਉਣਾ।+
14 “ਜੇ ਬਾਅਦ ਵਿਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਅਸੀਂ ਇਹ ਸਭ ਕੁਝ ਕਿਉਂ ਕਰਦੇ ਹਾਂ?’ ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ, ‘ਯਹੋਵਾਹ ਆਪਣੇ ਬਲਵੰਤ ਹੱਥ ਨਾਲ ਸਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਜਦੋਂ ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਹੋਇਆ ਸੀ ਕਿ ਉਹ ਸਾਨੂੰ ਮਿਸਰ ਤੋਂ ਨਹੀਂ ਜਾਣ ਦੇਵੇਗਾ,+ ਤਾਂ ਯਹੋਵਾਹ ਨੇ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ, ਆਦਮੀਆਂ ਦੇ ਜੇਠਿਆਂ ਤੋਂ ਲੈ ਕੇ ਜਾਨਵਰਾਂ ਦੇ ਜੇਠਿਆਂ ਤਕ।+ ਇਸ ਲਈ ਅਸੀਂ ਆਪਣੇ ਪਸ਼ੂਆਂ ਦੇ ਸਾਰੇ ਜੇਠੇ* ਯਹੋਵਾਹ ਅੱਗੇ ਚੜ੍ਹਾਉਂਦੇ ਹਾਂ ਅਤੇ ਆਪਣੇ ਪੁੱਤਰਾਂ ਦੇ ਸਾਰੇ ਜੇਠਿਆਂ ਨੂੰ ਛੁਡਾਉਂਦੇ ਹਾਂ।’ 16 ਇਸ ਲਈ ਇਹ ਤਿਉਹਾਰ ਤੁਹਾਡੇ ਹੱਥ ਅਤੇ ਮੱਥੇ ʼਤੇ*+ ਬੰਨ੍ਹੀ ਨਿਸ਼ਾਨੀ ਵਾਂਗ ਹੋਵੇਗਾ ਕਿਉਂਕਿ ਯਹੋਵਾਹ ਆਪਣੇ ਬਲਵੰਤ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”
17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ਼ ਨੂੰ ਜਾਂਦੇ ਰਾਹ ਥਾਣੀਂ ਨਹੀਂ ਲੈ ਕੇ ਗਿਆ, ਭਾਵੇਂ ਕਿ ਇਹ ਰਾਹ ਛੋਟਾ ਸੀ। ਕਿਉਂਕਿ ਪਰਮੇਸ਼ੁਰ ਨੇ ਕਿਹਾ: “ਜਦੋਂ ਉਸ ਦੇਸ਼ ਦੇ ਲੋਕ ਉਨ੍ਹਾਂ ਨਾਲ ਲੜਾਈ ਕਰਨਗੇ, ਤਾਂ ਸ਼ਾਇਦ ਉਨ੍ਹਾਂ ਦੇ ਮਨ ਬਦਲ ਜਾਣ ਅਤੇ ਉਹ ਮਿਸਰ ਨੂੰ ਵਾਪਸ ਮੁੜ ਜਾਣ।” 18 ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਘੁਮਾ ਕੇ ਲਾਲ ਸਮੁੰਦਰ ਦੇ ਲਾਗੇ ਪੈਂਦੀ ਉਜਾੜ ਵਿੱਚੋਂ ਦੀ ਲੈ ਕੇ ਗਿਆ।+ ਪਰ ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਤਾਂ ਉਹ ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ ਨਿਕਲੇ। 19 ਮੂਸਾ ਆਪਣੇ ਨਾਲ ਯੂਸੁਫ਼ ਦੀਆਂ ਹੱਡੀਆਂ ਵੀ ਲੈ ਗਿਆ ਕਿਉਂਕਿ ਯੂਸੁਫ਼ ਨੇ ਇਜ਼ਰਾਈਲ ਦੇ ਪੁੱਤਰਾਂ ਨੂੰ ਸਹੁੰ ਖਿਲਾਈ ਸੀ: “ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ। ਇਸ ਲਈ ਜਾਂਦੇ ਸਮੇਂ ਤੁਸੀਂ ਮੇਰੀਆਂ ਹੱਡੀਆਂ ਇੱਥੋਂ ਲੈ ਜਾਇਓ।”+ 20 ਉਹ ਸੁੱਕੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਥਾਮ ਆ ਕੇ ਡੇਰਾ ਲਾਇਆ ਜੋ ਉਜਾੜ ਦੇ ਨੇੜੇ ਸੀ।
21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+ 22 ਦਿਨੇ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਲੋਕਾਂ ਤੋਂ ਦੂਰ ਨਹੀਂ ਜਾਂਦਾ ਸੀ।+