ਮਲਾਕੀ
2 “ਹੁਣ ਹੇ ਪੁਜਾਰੀਓ, ਤੁਹਾਡੇ ਲਈ ਇਹ ਹੁਕਮ ਹੈ।+ 2 ਜੇ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕਰੋਗੇ ਅਤੇ ਇਹ ਗੱਲ ਦਿਲ ਵਿਚ ਨਹੀਂ ਬਿਠਾਓਗੇ ਕਿ ਤੁਸੀਂ ਮੇਰੇ ਨਾਂ ਦੀ ਵਡਿਆਈ ਕਰਨੀ ਹੈ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਤਾਂ ਮੈਂ ਤੁਹਾਨੂੰ ਸਰਾਪ ਦਿਆਂਗਾ+ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਵਿਚ ਬਦਲ ਦਿਆਂਗਾ।+ ਹਾਂ, ਮੈਂ ਬਰਕਤਾਂ ਨੂੰ ਸਰਾਪ ਵਿਚ ਬਦਲ ਦਿੱਤਾ ਹੈ ਕਿਉਂਕਿ ਤੁਸੀਂ ਮੇਰੀ ਗੱਲ ਨੂੰ ਆਪਣੇ ਦਿਲ ਵਿਚ ਨਹੀਂ ਬਿਠਾਇਆ ਹੈ।”
3 “ਦੇਖੋ! ਮੈਂ ਤੁਹਾਡੇ ਕੰਮਾਂ ਕਰਕੇ ਤੁਹਾਡੇ ਬੀਜੇ ਹੋਏ ਬੀ ਨਸ਼ਟ ਕਰ ਦਿਆਂਗਾ*+ ਅਤੇ ਤੁਹਾਡੇ ਮੂੰਹ ʼਤੇ ਗੋਹਾ, ਹਾਂ, ਉਨ੍ਹਾਂ ਜਾਨਵਰਾਂ ਦਾ ਗੋਹਾ ਮਲਾਂਗਾ ਜਿਨ੍ਹਾਂ ਦੀਆਂ ਬਲ਼ੀਆਂ ਤੁਸੀਂ ਤਿਉਹਾਰਾਂ ʼਤੇ ਚੜ੍ਹਾਉਂਦੇ ਹੋ ਅਤੇ ਤੁਹਾਨੂੰ ਲਿਜਾ ਕੇ ਗੋਹੇ ਦੇ ਢੇਰ ʼਤੇ ਸੁੱਟਿਆ ਜਾਵੇਗਾ। 4 ਫਿਰ ਤੁਸੀਂ ਜਾਣੋਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਹੈ ਤਾਂਕਿ ਲੇਵੀ ਨਾਲ ਕੀਤਾ ਮੇਰਾ ਇਕਰਾਰ ਕਾਇਮ ਰਹੇ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
5 “ਮੈਂ ਉਸ ਨਾਲ ਜ਼ਿੰਦਗੀ ਅਤੇ ਸ਼ਾਂਤੀ ਦਾ ਇਕਰਾਰ ਕੀਤਾ ਸੀ ਅਤੇ ਮੈਂ ਉਸ ਨੂੰ ਇਹ ਦੋਵੇਂ ਚੀਜ਼ਾਂ ਦਿੱਤੀਆਂ ਵੀ ਤਾਂਕਿ ਉਹ ਮੇਰਾ ਡਰ* ਮੰਨੇ। ਉਸ ਨੇ ਮੇਰਾ ਡਰ ਮੰਨਿਆ, ਹਾਂ, ਉਸ ਨੇ ਮੇਰੇ ਨਾਂ ਲਈ ਸ਼ਰਧਾ ਰੱਖੀ। 6 ਸੱਚਾਈ ਦਾ ਕਾਨੂੰਨ* ਉਸ ਦੀ ਜ਼ਬਾਨ* ʼਤੇ ਸੀ+ ਅਤੇ ਉਸ ਦੇ ਬੁੱਲ੍ਹਾਂ ʼਤੇ ਕੋਈ ਬੁਰੀ ਗੱਲ ਨਹੀਂ ਸੀ। ਉਹ ਮੇਰੇ ਨਾਲ ਸ਼ਾਂਤੀ ਅਤੇ ਸਾਫ਼ਦਿਲੀ ਨਾਲ ਚੱਲਿਆ+ ਅਤੇ ਬਹੁਤ ਸਾਰੇ ਲੋਕਾਂ ਨੂੰ ਗ਼ਲਤ ਰਾਹ ਤੋਂ ਮੋੜ ਲਿਆਇਆ। 7 ਪੁਜਾਰੀ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦੇ ਗਿਆਨ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਪੁਜਾਰੀ ਤੋਂ ਕਾਨੂੰਨ ਦੀ ਸਿੱਖਿਆ ਲੈਣੀ ਚਾਹੀਦੀ ਹੈ+ ਕਿਉਂਕਿ ਉਹ ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਦਿੰਦਾ ਹੈ।
8 “ਪਰ ਤੁਸੀਂ ਤਾਂ ਆਪ ਹੀ ਸਹੀ ਰਾਹ ਤੋਂ ਭਟਕ ਗਏ ਹੋ। ਤੁਸੀਂ ਕਾਨੂੰਨ ਦੇ ਮਾਮਲੇ ਵਿਚ* ਬਹੁਤ ਸਾਰੇ ਲੋਕਾਂ ਨੂੰ ਗੁਮਰਾਹ ਕੀਤਾ ਹੈ।*+ ਤੁਸੀਂ ਲੇਵੀ ਨਾਲ ਕੀਤੇ ਮੇਰੇ ਇਕਰਾਰ ਦੀ ਬੇਅਦਬੀ ਕੀਤੀ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 9 “ਇਸ ਲਈ ਮੈਂ ਤੁਹਾਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਨਫ਼ਰਤ ਦੇ ਲਾਇਕ ਬਣਾਵਾਂਗਾ ਅਤੇ ਨੀਵੇਂ ਕਰਾਂਗਾ ਕਿਉਂਕਿ ਤੁਸੀਂ ਮੇਰੇ ਰਾਹਾਂ ʼਤੇ ਨਹੀਂ ਚੱਲੇ, ਸਗੋਂ ਕਾਨੂੰਨ ਨੂੰ ਲਾਗੂ ਕਰਦੇ ਵੇਲੇ ਪੱਖਪਾਤ ਕੀਤਾ।”+
10 “ਕੀ ਸਾਡਾ ਸਾਰਿਆਂ ਦਾ ਇੱਕੋ ਪਿਤਾ ਨਹੀਂ?+ ਕੀ ਸਾਨੂੰ ਸਾਰਿਆਂ ਨੂੰ ਇੱਕੋ ਪਰਮੇਸ਼ੁਰ ਨੇ ਨਹੀਂ ਬਣਾਇਆ? ਤਾਂ ਫਿਰ, ਅਸੀਂ ਇਕ-ਦੂਜੇ ਨਾਲ ਧੋਖਾ ਕਰ+ ਕੇ ਆਪਣੇ ਪਿਉ-ਦਾਦਿਆਂ ਨਾਲ ਹੋਏ ਇਕਰਾਰ ਦਾ ਅਪਮਾਨ ਕਿਉਂ ਕਰਦੇ ਹਾਂ? 11 ਯਹੂਦਾਹ ਨੇ ਧੋਖਾ ਦਿੱਤਾ ਅਤੇ ਇਜ਼ਰਾਈਲ ਅਤੇ ਯਰੂਸ਼ਲਮ ਵਿਚ ਇਕ ਘਿਣਾਉਣਾ ਕੰਮ ਹੋਇਆ; ਯਹੂਦਾਹ ਨੇ ਯਹੋਵਾਹ ਦਾ ਅਪਮਾਨ ਕੀਤਾ+ ਜਿਸ ਨੂੰ ਆਪਣੀ ਪਵਿੱਤਰਤਾ ਪਿਆਰੀ* ਹੈ ਅਤੇ ਉਸ ਨੇ ਪਰਾਏ ਦੇਵਤੇ ਦੀ ਭਗਤੀ ਕਰਨ ਵਾਲੀ ਕੁੜੀ ਨਾਲ ਵਿਆਹ ਕਰਾਇਆ ਹੈ।+ 12 ਚਾਹੇ ਉਹ ਕੋਈ ਵੀ ਹੋਵੇ,* ਯਹੋਵਾਹ ਇਹ ਕੰਮ ਕਰਨ ਵਾਲੇ ਨੂੰ ਯਾਕੂਬ ਦੇ ਤੰਬੂਆਂ ਵਿੱਚੋਂ ਕੱਢ ਦੇਵੇਗਾ, ਭਾਵੇਂ ਉਹ ਸੈਨਾਵਾਂ ਦੇ ਯਹੋਵਾਹ ਅੱਗੇ ਭੇਟ ਚੜ੍ਹਾਵੇ।”+
13 “ਤੁਹਾਡੇ ਇਕ ਹੋਰ* ਕੰਮ ਕਰਕੇ ਯਹੋਵਾਹ ਦੀ ਵੇਦੀ ਹੰਝੂਆਂ, ਰੋਣੇ ਅਤੇ ਹਉਕਿਆਂ ਨਾਲ ਭਰੀ ਹੋਈ ਹੈ, ਇਸ ਲਈ ਹੁਣ ਉਹ ਤੁਹਾਡੇ ਚੜ੍ਹਾਵਿਆਂ ਨੂੰ ਦੇਖਦਾ ਤਕ ਨਹੀਂ ਤੇ ਨਾ ਹੀ ਤੁਹਾਡੇ ਹੱਥੋਂ ਕੁਝ ਕਬੂਲ ਕਰਦਾ ਹੈ।+ 14 ਤੁਸੀਂ ਪੁੱਛਦੇ ਹੋ, ‘ਕਿਉਂ ਨਹੀਂ?’ ਕਿਉਂਕਿ ਯਹੋਵਾਹ ਨੇ ਇਸ ਗੱਲ ਵਿਚ ਤੇਰੇ ਖ਼ਿਲਾਫ਼ ਗਵਾਹੀ ਦਿੱਤੀ ਹੈ ਕਿ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਬੇਵਫ਼ਾਈ ਕੀਤੀ ਜੋ ਤੇਰੀ ਜੀਵਨ ਸਾਥਣ ਹੈ ਅਤੇ ਜਿਸ ਨਾਲ ਤੂੰ ਉਮਰ ਭਰ ਦਾ ਇਕਰਾਰ ਕੀਤਾ ਹੈ।*+ 15 ਪਰ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਇਸ ਤਰ੍ਹਾਂ ਨਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਕਿਉਂਕਿ ਉਹ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਾਕਈ ਪਰਮੇਸ਼ੁਰ ਦੇ ਲੋਕ* ਬਣਨ। ਇਸ ਲਈ ਤੁਸੀਂ ਵੀ ਆਪਣੇ ਦਿਲਾਂ ਦੀ ਜਾਂਚ ਕਰੋ ਅਤੇ ਸਹੀ ਰਵੱਈਆ ਪੈਦਾ ਕਰੋ ਅਤੇ ਆਪਣੀ ਜਵਾਨੀ ਦੀ ਪਤਨੀ ਨਾਲ ਧੋਖਾ ਨਾ ਕਰੋ। 16 ਮੈਨੂੰ* ਤਲਾਕ ਨਾਲ ਨਫ਼ਰਤ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਉਸ ਇਨਸਾਨ ਨਾਲ ਜਿਸ ਨੇ ਜ਼ੁਲਮ ਦਾ ਲਿਬਾਸ ਪਾਇਆ ਹੈ,”* ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਆਪਣੇ ਰਵੱਈਏ ਦੀ ਜਾਂਚ ਕਰੋ ਅਤੇ ਧੋਖਾ ਨਾ ਕਰੋ।+
17 “ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਅਕਾ ਦਿੱਤਾ ਹੈ।+ ਪਰ ਤੁਸੀਂ ਕਹਿੰਦੇ ਹੋ, ‘ਅਸੀਂ ਕਿਵੇਂ ਉਸ ਨੂੰ ਅਕਾ ਦਿੱਤਾ?’ ਇਹ ਕਹਿ ਕੇ, ‘ਹਰ ਕੋਈ ਜੋ ਬੁਰਾਈ ਕਰਦਾ ਹੈ, ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਹੈ ਅਤੇ ਉਹ ਉਸ ਤੋਂ ਖ਼ੁਸ਼ ਹੈ,’+ ਨਾਲੇ ਇਹ ਕਹਿ ਕੇ, ‘ਕਿੱਥੇ ਹੈ ਇਨਸਾਫ਼ ਦਾ ਪਰਮੇਸ਼ੁਰ?’”