ਬਿਵਸਥਾ ਸਾਰ
8 “ਤੁਸੀਂ ਉਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਸੀਂ ਜੀਉਂਦੇ ਰਹੋ+ ਅਤੇ ਤੁਹਾਡੀ ਗਿਣਤੀ ਵਧਦੀ ਜਾਵੇ ਅਤੇ ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 2 ਯਾਦ ਕਰੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਤੋਂ ਉਜਾੜ ਵਿਚ 40 ਸਾਲ ਲੰਬਾ ਸਫ਼ਰ ਕਰਵਾਇਆ ਸੀ+ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ ਅਤੇ ਤੁਹਾਨੂੰ ਪਰਖ ਕੇ ਦੇਖੇ+ ਕਿ ਤੁਹਾਡੇ ਦਿਲਾਂ ਵਿਚ ਕੀ ਹੈ+ ਅਤੇ ਤੁਸੀਂ ਉਸ ਦੇ ਸਾਰੇ ਹੁਕਮ ਮੰਨੋਗੇ ਜਾਂ ਨਹੀਂ। 3 ਇਸ ਲਈ ਉਸ ਨੇ ਤੁਹਾਨੂੰ ਨਿਮਰ ਬਣਾਇਆ ਅਤੇ ਤੁਹਾਨੂੰ ਭੁੱਖਾ ਰੱਖਿਆ+ ਅਤੇ ਫਿਰ ਤੁਹਾਨੂੰ ਖਾਣ ਲਈ ਮੰਨ ਦਿੱਤਾ+ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ। ਉਸ ਨੇ ਇਹ ਇਸ ਲਈ ਕੀਤਾ ਤਾਂਕਿ ਤੁਹਾਨੂੰ ਅਹਿਸਾਸ ਹੋਵੇ ਕਿ ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।+ 4 ਇਨ੍ਹਾਂ 40 ਸਾਲਾਂ ਦੌਰਾਨ ਨਾ ਤਾਂ ਤੁਹਾਡੇ ਕੱਪੜੇ ਫਟੇ ਤੇ ਨਾ ਹੀ ਤੁਹਾਡੇ ਪੈਰ ਸੁੱਜੇ।+ 5 ਤੁਹਾਡਾ ਦਿਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਤਾੜਦਾ ਰਿਹਾ ਜਿਵੇਂ ਇਕ ਪਿਤਾ ਆਪਣੇ ਪੁੱਤਰ ਨੂੰ ਤਾੜਦਾ ਹੈ।+
6 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦਾ ਡਰ ਰੱਖਦੇ ਹੋਏ ਉਸ ਦੇ ਹੁਕਮਾਂ ਦੀ ਪਾਲਣਾ ਕਰੋ 7 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਕ ਵਧੀਆ ਦੇਸ਼ ਵਿਚ ਲੈ ਕੇ ਜਾ ਰਿਹਾ ਹੈ+ ਜਿੱਥੇ ਘਾਟੀਆਂ ਅਤੇ ਪਹਾੜੀ ਇਲਾਕਿਆਂ ਵਿਚ ਪਾਣੀ ਦੀਆਂ ਨਦੀਆਂ ਤੇ ਚਸ਼ਮੇ ਵਗਦੇ ਹਨ ਅਤੇ ਡੂੰਘੇ ਪਾਣੀਆਂ ਦੇ ਸੋਮੇ ਹਨ 8 ਅਤੇ ਜਿੱਥੇ ਕਣਕ, ਜੌਂ, ਅੰਗੂਰਾਂ ਦੇ ਬਾਗ਼, ਅੰਜੀਰਾਂ ਦੇ ਦਰਖ਼ਤ, ਅਨਾਰ,+ ਜ਼ੈਤੂਨ ਦਾ ਤੇਲ ਅਤੇ ਸ਼ਹਿਦ+ ਹੈ। 9 ਉਸ ਦੇਸ਼ ਵਿਚ ਤੁਹਾਨੂੰ ਭੋਜਨ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇਗੀ। ਉੱਥੇ ਪੱਥਰਾਂ ਵਿਚ ਲੋਹਾ ਹੈ ਅਤੇ ਤੁਸੀਂ ਪਹਾੜਾਂ ਵਿੱਚੋਂ ਤਾਂਬਾ ਕੱਢੋਗੇ।
10 “ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ, ਤਾਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਿਓ ਕਿ ਉਸ ਨੇ ਤੁਹਾਨੂੰ ਇਹ ਵਧੀਆ ਦੇਸ਼ ਦਿੱਤਾ ਹੈ।+ 11 ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਨਾ ਜਾਇਓ ਅਤੇ ਨਾ ਹੀ ਉਸ ਦੇ ਹੁਕਮਾਂ, ਕਾਨੂੰਨਾਂ ਅਤੇ ਨਿਯਮਾਂ ʼਤੇ ਚੱਲਣਾ ਛੱਡਿਓ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। 12 ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ ਅਤੇ ਸੋਹਣੇ-ਸੋਹਣੇ ਘਰ ਬਣਾ ਕੇ ਉੱਥੇ ਰਹਿਣ ਲੱਗ ਪਓਗੇ,+ 13 ਜਦੋਂ ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਜਾਵੇਗੀ ਅਤੇ ਤੁਹਾਡੇ ਕੋਲ ਬੇਸ਼ੁਮਾਰ ਚਾਂਦੀ ਤੇ ਸੋਨਾ ਹੋਵੇਗਾ ਅਤੇ ਤੁਹਾਡੇ ਕੋਲ ਹਰ ਚੀਜ਼ ਬਹੁਤਾਤ ਵਿਚ ਹੋਵੇਗੀ, 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਉਹ ਤੁਹਾਨੂੰ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੈ ਕੇ ਗਿਆ+ ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਜਿੱਥੇ ਜ਼ਮੀਨ ਖ਼ੁਸ਼ਕ ਸੀ ਤੇ ਜਿੱਥੇ ਪਾਣੀ ਨਹੀਂ ਸੀ। ਉਸ ਨੇ ਸਖ਼ਤ ਚਟਾਨ* ਵਿੱਚੋਂ ਪਾਣੀ ਕੱਢਿਆ।+ 16 ਉਸ ਨੇ ਉਜਾੜ ਵਿਚ ਤੁਹਾਨੂੰ ਮੰਨ ਖਿਲਾਇਆ+ ਜਿਸ ਬਾਰੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ+ ਅਤੇ ਤੁਹਾਨੂੰ ਪਰਖੇ ਜਿਸ ਦਾ ਤੁਹਾਨੂੰ ਭਵਿੱਖ ਵਿਚ ਫ਼ਾਇਦਾ ਹੋਵੇਗਾ।+ 17 ਜੇ ਤੁਸੀਂ ਆਪਣੇ ਦਿਲਾਂ ਵਿਚ ਇਹ ਕਹੋ, ‘ਮੈਂ ਆਪਣੀ ਤਾਕਤ ਅਤੇ ਆਪਣੇ ਬਲਬੂਤੇ ʼਤੇ ਸਾਰੀ ਧਨ-ਦੌਲਤ ਹਾਸਲ ਕੀਤੀ ਹੈ,’+ 18 ਤਾਂ ਯਾਦ ਰੱਖੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਨੂੰ ਇਹ ਸਾਰੀ ਧਨ-ਦੌਲਤ ਹਾਸਲ ਕਰਨ ਦੀ ਤਾਕਤ ਦਿੰਦਾ ਹੈ+ ਤਾਂਕਿ ਉਹ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੇ ਇਕਰਾਰ ਨੂੰ ਪੂਰਾ ਕਰ ਸਕੇ ਜਿਵੇਂ ਉਹ ਅੱਜ ਕਰ ਰਿਹਾ ਹੈ।+
19 “ਜੇ ਕਦੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਅਤੇ ਦੂਸਰੇ ਦੇਵਤਿਆਂ ਦੇ ਪਿੱਛੇ ਚੱਲਣ ਲੱਗ ਪਓ ਅਤੇ ਉਨ੍ਹਾਂ ਦੀ ਭਗਤੀ ਕਰਨ ਲੱਗ ਪਓ ਤੇ ਉਨ੍ਹਾਂ ਸਾਮ੍ਹਣੇ ਮੱਥਾ ਟੇਕਣ ਲੱਗ ਪਓ, ਤਾਂ ਅੱਜ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਹਾਡਾ ਨਾਸ਼ ਜ਼ਰੂਰ ਹੋਵੇਗਾ।+ 20 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੋਗੇ, ਤਾਂ ਜਿਵੇਂ ਯਹੋਵਾਹ ਦੂਸਰੀਆਂ ਕੌਮਾਂ ਨੂੰ ਤੁਹਾਡੇ ਅੱਗਿਓਂ ਨਾਸ਼ ਕਰ ਰਿਹਾ ਹੈ, ਉਸੇ ਤਰ੍ਹਾਂ ਉਹ ਤੁਹਾਨੂੰ ਵੀ ਨਾਸ਼ ਕਰ ਦੇਵੇਗਾ।+