ਬਿਵਸਥਾ ਸਾਰ
13 “ਜੇ ਤੁਹਾਡੇ ਵਿਚ ਕੋਈ ਨਬੀ ਜਾਂ ਸੁਪਨੇ ਦੇਖ ਕੇ ਭਵਿੱਖ ਦੱਸਣ ਵਾਲਾ ਖੜ੍ਹਾ ਹੁੰਦਾ ਹੈ ਅਤੇ ਤੁਹਾਨੂੰ ਕੋਈ ਨਿਸ਼ਾਨੀ ਦਿਖਾਉਂਦਾ ਹੈ ਜਾਂ ਕੋਈ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕਰਦਾ ਹੈ, 2 ਅਤੇ ਉਸ ਨੇ ਜਿਸ ਨਿਸ਼ਾਨੀ ਜਾਂ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕੀਤੀ ਸੀ, ਉਹ ਪੂਰੀ ਹੋ ਜਾਂਦੀ ਹੈ ਅਤੇ ਉਹ ਕਹਿੰਦਾ ਹੈ, ‘ਆਓ ਆਪਾਂ ਹੋਰ ਦੇਵਤਿਆਂ ਪਿੱਛੇ ਚੱਲੀਏʼ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ‘ਅਤੇ ਉਨ੍ਹਾਂ ਦੀ ਭਗਤੀ ਕਰੀਏ,ʼ 3 ਤਾਂ ਤੁਸੀਂ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਦੀ ਗੱਲ ਬਿਲਕੁਲ ਨਾ ਸੁਣਿਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਪਰਖ+ ਕੇ ਦੇਖ ਰਿਹਾ ਹੈ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਿਆਰ ਕਰਦੇ ਹੋ ਜਾਂ ਨਹੀਂ।+ 4 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਹੀ ਚੱਲੋ, ਉਸ ਦਾ ਹੀ ਡਰ ਰੱਖੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸੇ ਦੀ ਆਵਾਜ਼ ਸੁਣੋ; ਤੁਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰੋ ਅਤੇ ਉਸ ਨੂੰ ਘੁੱਟ ਕੇ ਫੜੀ ਰੱਖੋ।+ 5 ਪਰ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ+ ਕਿਉਂਕਿ ਉਸ ਨੇ ਲੋਕਾਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਸੀ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਛੁਡਾ ਕੇ ਲਿਆਇਆ ਸੀ। ਉਸ ਨੇ ਤੁਹਾਨੂੰ ਉਸ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਿਸ ਰਾਹ ʼਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+
6 “ਜੇ ਤੇਰਾ ਸਕਾ ਭਰਾ ਜਾਂ ਤੇਰਾ ਪੁੱਤਰ ਜਾਂ ਤੇਰੀ ਧੀ ਜਾਂ ਤੇਰੀ ਪਿਆਰੀ ਪਤਨੀ ਜਾਂ ਤੇਰਾ ਜਿਗਰੀ ਦੋਸਤ ਤੈਨੂੰ ਗੁਪਤ ਵਿਚ ਭਰਮਾ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹੇ+ ਜਿਨ੍ਹਾਂ ਨੂੰ ਨਾ ਤੂੰ ਜਾਣਦਾ ਹੈਂ ਤੇ ਨਾ ਹੀ ਤੇਰੇ ਪਿਉ-ਦਾਦੇ ਜਾਣਦੇ ਸਨ, 7 ਭਾਵੇਂ ਇਹ ਦੇਵਤੇ ਤੁਹਾਡੇ ਆਲੇ-ਦੁਆਲੇ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਦੂਰ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਇਹ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਣ, 8 ਤੂੰ ਉਸ ਦੀਆਂ ਗੱਲਾਂ ਵਿਚ ਨਾ ਆਈਂ ਅਤੇ ਉਸ ਦੀ ਗੱਲ ਨਾ ਸੁਣੀਂ।+ ਤੂੰ ਨਾ ਉਸ ਉੱਤੇ ਤਰਸ ਖਾਈਂ ਤੇ ਨਾ ਹੀ ਉਸ ʼਤੇ ਦਇਆ ਕਰੀਂ ਅਤੇ ਨਾ ਹੀ ਉਸ ਦੀ ਰੱਖਿਆ ਕਰੀਂ। 9 ਇਸ ਦੀ ਬਜਾਇ, ਤੂੰ ਉਸ ਨੂੰ ਜ਼ਰੂਰ ਜਾਨੋਂ ਮਾਰ ਦੇਈਂ।+ ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਪਹਿਲਾਂ ਤੇਰਾ ਹੱਥ ਉੱਠੇ ਅਤੇ ਫਿਰ ਦੂਜੇ ਲੋਕਾਂ ਦਾ।+ 10 ਤੂੰ ਪੱਥਰ ਮਾਰ-ਮਾਰ ਕੇ ਉਸ ਨੂੰ ਜਾਨੋਂ ਮਾਰ ਦੇਈਂ+ ਕਿਉਂਕਿ ਉਸ ਨੇ ਤੈਨੂੰ ਤੇਰੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ। 11 ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ ਅਤੇ ਫਿਰ ਤੁਹਾਡੇ ਵਿੱਚੋਂ ਕੋਈ ਵੀ ਕਦੇ ਅਜਿਹਾ ਬੁਰਾ ਕੰਮ ਨਹੀਂ ਕਰੇਗਾ।+
12 “ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੇ ਸ਼ਹਿਰ ਤੁਹਾਨੂੰ ਰਹਿਣ ਲਈ ਦੇਵੇਗਾ, ਜੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਸ਼ਹਿਰ ਬਾਰੇ ਇਹ ਸੁਣਦੇ ਹੋ, 13 ‘ਤੁਹਾਡੇ ਵਿੱਚੋਂ ਕੁਝ ਨਿਕੰਮੇ ਆਦਮੀ ਉੱਠ ਖੜ੍ਹੇ ਹੋਏ ਹਨ ਅਤੇ ਉਹ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹਿ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,’ 14 ਤਾਂ ਤੁਸੀਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਅਤੇ ਪੁੱਛ-ਗਿੱਛ ਕਰਿਓ।+ ਜੇ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਤੁਹਾਡੇ ਵਿਚ ਇਹ ਘਿਣਾਉਣਾ ਕੰਮ ਸੱਚ-ਮੁੱਚ ਹੋਇਆ ਹੈ, 15 ਤਾਂ ਤੁਸੀਂ ਜ਼ਰੂਰ ਉਸ ਸ਼ਹਿਰ ਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿਓ।+ ਸ਼ਹਿਰ ਨੂੰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕਰ ਦਿਓ, ਇੱਥੋਂ ਤਕ ਕਿ ਪਾਲਤੂ ਪਸ਼ੂਆਂ ਨੂੰ ਵੀ ਮਾਰ ਦਿਓ।+ 16 ਫਿਰ ਤੁਸੀਂ ਸ਼ਹਿਰ ਦੇ ਚੌਂਕ ਵਿਚ ਲੁੱਟ ਦੇ ਸਾਰੇ ਮਾਲ ਦਾ ਢੇਰ ਲਾ ਦਿਓ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿਓ। ਲੁੱਟ ਦਾ ਮਾਲ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਮ-ਬਲ਼ੀ ਹੋਵੇਗਾ। ਉਹ ਸ਼ਹਿਰ ਹਮੇਸ਼ਾ ਲਈ ਮਲਬੇ ਦਾ ਢੇਰ ਬਣ ਜਾਵੇਗਾ। ਉਸ ਨੂੰ ਕਦੀ ਵੀ ਦੁਬਾਰਾ ਨਾ ਬਣਾਇਆ ਜਾਵੇ। 17 ਤੁਸੀਂ ਉੱਥੋਂ ਅਜਿਹੀ ਕੋਈ ਵੀ ਚੀਜ਼ ਨਾ ਲਿਓ ਜੋ ਨਾਸ਼ ਕਰਨ ਲਈ ਅਲੱਗ ਰੱਖੀ ਗਈ ਹੋਵੇ+ ਤਾਂਕਿ ਯਹੋਵਾਹ ਆਪਣੇ ਗੁੱਸੇ ਦੀ ਅੱਗ ਸ਼ਾਂਤ ਕਰੇ ਅਤੇ ਤੁਹਾਡੇ ʼਤੇ ਰਹਿਮ ਅਤੇ ਦਇਆ ਕਰੇ ਅਤੇ ਤੁਹਾਡੀ ਗਿਣਤੀ ਵਧਾਵੇ, ਠੀਕ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ।+ 18 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਗਿਆਕਾਰੀ ਕਰੋ* ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰੋਗੇ।+