ਦਾਨੀਏਲ
6 ਦਾਰਾ ਨੇ ਆਪਣੇ ਪੂਰੇ ਰਾਜ ਵਿਚ 120 ਸੂਬੇਦਾਰਾਂ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ।+ 2 ਉਨ੍ਹਾਂ ਉੱਤੇ ਤਿੰਨ ਉੱਚ ਅਧਿਕਾਰੀਆਂ ਨੂੰ ਠਹਿਰਾਇਆ ਗਿਆ ਅਤੇ ਦਾਨੀਏਲ+ ਉਨ੍ਹਾਂ ਤਿੰਨਾਂ ਵਿੱਚੋਂ ਇਕ ਸੀ। ਸੂਬੇਦਾਰ+ ਉਨ੍ਹਾਂ ਨੂੰ ਹਰ ਗੱਲ ਦੀ ਜਾਣਕਾਰੀ ਦਿੰਦੇ ਸਨ ਤਾਂਕਿ ਰਾਜੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। 3 ਸਮੇਂ ਦੇ ਬੀਤਣ ਨਾਲ ਦਾਨੀਏਲ ਨੇ ਦਿਖਾਇਆ ਕਿ ਉਹ ਦੂਸਰੇ ਉੱਚ ਅਧਿਕਾਰੀਆਂ ਅਤੇ ਸੂਬੇਦਾਰਾਂ ਨਾਲੋਂ ਜ਼ਿਆਦਾ ਕਾਬਲ ਅਤੇ ਸਿਆਣਾ ਸੀ+ ਅਤੇ ਰਾਜੇ ਨੇ ਉਸ ਨੂੰ ਆਪਣੇ ਪੂਰੇ ਰਾਜ ਉੱਤੇ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ।
4 ਉਸ ਸਮੇਂ ਉੱਚ ਅਧਿਕਾਰੀ ਅਤੇ ਸੂਬੇਦਾਰ ਦਾਨੀਏਲ ਉੱਤੇ ਰਾਜ ਦੇ ਕੰਮ-ਕਾਜ ਸੰਬੰਧੀ ਦੋਸ਼ ਲਾਉਣ ਦਾ ਕਾਰਨ ਲੱਭ ਰਹੇ ਸਨ, ਪਰ ਉਨ੍ਹਾਂ ਨੂੰ ਉਸ ਉੱਤੇ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਲੱਭਾ ਅਤੇ ਨਾ ਹੀ ਉਸ ਵਿਚ ਕੋਈ ਬੁਰਾਈ ਨਜ਼ਰ ਆਈ ਕਿਉਂਕਿ ਉਹ ਭਰੋਸੇਮੰਦ ਸੀ। ਨਾਲੇ ਉਹ ਲਾਪਰਵਾਹ ਜਾਂ ਬੇਈਮਾਨ ਨਹੀਂ ਸੀ। 5 ਫਿਰ ਉਨ੍ਹਾਂ ਆਦਮੀਆਂ ਨੇ ਕਿਹਾ: “ਸਾਨੂੰ ਦਾਨੀਏਲ ਉੱਤੇ ਕਿਸੇ ਵੀ ਗੱਲ ਵਿਚ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਲੱਭੇਗਾ। ਸਾਨੂੰ ਉਸ ਵਿਚ ਕਿਸੇ ਅਜਿਹੀ ਗੱਲ ਵਿਚ ਦੋਸ਼ ਲੱਭਣਾ ਚਾਹੀਦਾ ਹੈ ਜੋ ਉਸ ਦੇ ਪਰਮੇਸ਼ੁਰ ਦੀ ਭਗਤੀ ਨਾਲ ਸੰਬੰਧਿਤ ਹੋਵੇ।”+
6 ਇਸ ਲਈ ਇਹ ਉੱਚ ਅਧਿਕਾਰੀ ਅਤੇ ਸੂਬੇਦਾਰ ਇਕੱਠੇ ਹੋ ਕੇ ਰਾਜੇ ਕੋਲ ਗਏ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਹੇ ਮਹਾਰਾਜ ਦਾਰਾ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 7 ਰਾਜ ਦੇ ਸਾਰੇ ਉੱਚ ਅਧਿਕਾਰੀਆਂ, ਨਿਗਰਾਨਾਂ, ਸੂਬੇਦਾਰਾਂ, ਉੱਚ ਸ਼ਾਹੀ ਅਫ਼ਸਰਾਂ ਅਤੇ ਰਾਜਪਾਲਾਂ ਨੇ ਆਪਸ ਵਿਚ ਸਲਾਹ ਕੀਤੀ ਹੈ ਕਿ ਇਕ ਸ਼ਾਹੀ ਫ਼ਰਮਾਨ ਜਾਰੀ ਕਰ ਕੇ ਪਾਬੰਦੀ ਲਾਈ ਜਾਵੇ ਕਿ ਕੋਈ ਵੀ 30 ਦਿਨਾਂ ਤਕ ਤੇਰੇ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਆਦਮੀ ਨੂੰ ਫ਼ਰਿਆਦ ਨਾ ਕਰੇ। ਹੇ ਮਹਾਰਾਜ, ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੂੰ ਸ਼ੇਰਾਂ ਦੇ ਘੁਰਨੇ* ਵਿਚ ਸੁੱਟ ਦਿੱਤਾ ਜਾਵੇ।+ 8 ਹੁਣ ਹੇ ਮਹਾਰਾਜ, ਤੂੰ ਇਕ ਫ਼ਰਮਾਨ ʼਤੇ ਦਸਤਖਤ ਕਰ ਕੇ ਇਸ ਨੂੰ ਜਾਰੀ ਕਰ+ ਤਾਂਕਿ ਇਸ ਨੂੰ ਬਦਲਿਆ ਨਾ ਜਾ ਸਕੇ ਕਿਉਂਕਿ ਮਾਦੀ-ਫਾਰਸੀ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+
9 ਇਸ ਲਈ ਰਾਜੇ ਨੇ ਫ਼ਰਮਾਨ ʼਤੇ ਦਸਤਖਤ ਕਰ ਦਿੱਤੇ ਅਤੇ ਪਾਬੰਦੀ ਲਾ ਦਿੱਤੀ।
10 ਪਰ ਜਿਵੇਂ ਹੀ ਦਾਨੀਏਲ ਨੂੰ ਪਤਾ ਲੱਗਾ ਕਿ ਉਸ ਫ਼ਰਮਾਨ ʼਤੇ ਦਸਤਖਤ ਹੋ ਗਏ ਸਨ, ਤਾਂ ਉਹ ਆਪਣੇ ਘਰ ਗਿਆ। ਉਸ ਨੇ ਚੁਬਾਰੇ ਵਿਚ ਜਾ ਕੇ ਬਾਰੀ ਖੋਲ੍ਹੀ ਜੋ ਯਰੂਸ਼ਲਮ ਵੱਲ ਨੂੰ ਖੁੱਲ੍ਹਦੀ ਸੀ+ ਅਤੇ ਦਿਨ ਵਿਚ ਤਿੰਨ ਵਾਰ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਦੀ ਵਡਿਆਈ ਕੀਤੀ, ਜਿਵੇਂ ਉਹ ਹਮੇਸ਼ਾ ਕਰਦਾ ਹੁੰਦਾ ਸੀ। 11 ਉਸੇ ਵਕਤ ਉਹ ਆਦਮੀ ਉੱਥੇ ਆ ਧਮਕੇ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਪਰਮੇਸ਼ੁਰ ਅੱਗੇ ਮਿਹਰ ਲਈ ਬੇਨਤੀ ਅਤੇ ਤਰਲੇ-ਮਿੰਨਤਾਂ ਕਰਦੇ ਹੋਏ ਦੇਖਿਆ।
12 ਇਸ ਲਈ ਉਹ ਰਾਜੇ ਕੋਲ ਗਏ ਅਤੇ ਉਸ ਨੂੰ ਪਾਬੰਦੀ ਦੇ ਸ਼ਾਹੀ ਫ਼ਰਮਾਨ ਬਾਰੇ ਯਾਦ ਕਰਾਇਆ: “ਹੇ ਮਹਾਰਾਜ, ਕੀ ਤੂੰ ਪਾਬੰਦੀ ਦੇ ਫ਼ਰਮਾਨ ʼਤੇ ਦਸਤਖਤ ਨਹੀਂ ਕੀਤੇ ਸਨ ਕਿ ਜੇ ਕੋਈ 30 ਦਿਨਾਂ ਤਕ ਤੇਰੇ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਆਦਮੀ ਨੂੰ ਫ਼ਰਿਆਦ ਕਰੇਗਾ, ਤਾਂ ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਜਾਵੇਗਾ?” ਰਾਜੇ ਨੇ ਜਵਾਬ ਦਿੱਤਾ: “ਹਾਂ, ਮਾਦੀ-ਫਾਰਸੀ ਕਾਨੂੰਨ ਦੇ ਮੁਤਾਬਕ ਹੀ ਇਹ ਹੁਕਮ ਜਾਰੀ ਕੀਤਾ ਗਿਆ ਸੀ ਅਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+ 13 ਉਨ੍ਹਾਂ ਨੇ ਇਕਦਮ ਰਾਜੇ ਨੂੰ ਕਿਹਾ: “ਹੇ ਮਹਾਰਾਜ, ਦਾਨੀਏਲ, ਜੋ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਹੈ,+ ਨੇ ਤੇਰਾ ਆਦਰ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਨੂੰ ਤੇਰੇ ਪਾਬੰਦੀ ਦੇ ਫ਼ਰਮਾਨ ਦੀ ਕੋਈ ਪਰਵਾਹ ਹੈ ਜਿਸ ʼਤੇ ਤੂੰ ਦਸਤਖਤ ਕੀਤੇ ਸਨ। ਉਹ ਦਿਨ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ।”+ 14 ਜਿਵੇਂ ਹੀ ਰਾਜੇ ਨੇ ਇਹ ਗੱਲ ਸੁਣੀ, ਤਾਂ ਉਹ ਬਹੁਤ ਦੁਖੀ ਹੋਇਆ ਅਤੇ ਉਹ ਦਾਨੀਏਲ ਨੂੰ ਬਚਾਉਣ ਦਾ ਰਾਹ ਲੱਭਣ ਲੱਗਾ ਅਤੇ ਉਸ ਨੇ ਸੂਰਜ ਢਲ਼ਣ ਤਕ ਦਾਨੀਏਲ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ। 15 ਆਖ਼ਰਕਾਰ ਉਹ ਆਦਮੀ ਇਕੱਠੇ ਹੋ ਕੇ ਰਾਜੇ ਕੋਲ ਗਏ ਅਤੇ ਉਸ ਨੂੰ ਕਿਹਾ: “ਹੇ ਮਹਾਰਾਜ, ਯਾਦ ਰੱਖ ਕਿ ਮਾਦੀ-ਫਾਰਸੀ ਕਾਨੂੰਨ ਮੁਤਾਬਕ ਰਾਜੇ ਦੁਆਰਾ ਲਾਈ ਗਈ ਕਿਸੇ ਵੀ ਪਾਬੰਦੀ ਜਾਂ ਫ਼ਰਮਾਨ ਨੂੰ ਬਦਲਿਆ ਨਹੀਂ ਜਾ ਸਕਦਾ।”+
16 ਇਸ ਲਈ ਰਾਜੇ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਲਿਆ ਕੇ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ।+ ਰਾਜੇ ਨੇ ਦਾਨੀਏਲ ਨੂੰ ਕਿਹਾ: “ਜਿਸ ਪਰਮੇਸ਼ੁਰ ਦੀ ਤੂੰ ਹਮੇਸ਼ਾ ਭਗਤੀ ਕਰਦਾ ਹੈਂ, ਉਹੀ ਤੈਨੂੰ ਬਚਾਏਗਾ।” 17 ਫਿਰ ਇਕ ਪੱਥਰ ਲਿਆ ਕੇ ਘੁਰਨੇ ਦੇ ਮੂੰਹ ʼਤੇ ਰੱਖ ਦਿੱਤਾ ਗਿਆ ਅਤੇ ਰਾਜੇ ਨੇ ਆਪਣੀ ਮੁਹਰ ਵਾਲੀ ਅੰਗੂਠੀ ਅਤੇ ਆਪਣੇ ਅਧਿਕਾਰੀਆਂ ਦੀ ਮੁਹਰ ਵਾਲੀ ਅੰਗੂਠੀ ਨਾਲ ਪੱਥਰ ਉੱਤੇ ਮੁਹਰ ਲਾ ਦਿੱਤੀ ਤਾਂਕਿ ਦਾਨੀਏਲ ਬਾਰੇ ਕੀਤਾ ਗਿਆ ਫ਼ੈਸਲਾ ਬਦਲਿਆ ਨਾ ਜਾ ਸਕੇ।
18 ਫਿਰ ਰਾਜਾ ਆਪਣੇ ਮਹਿਲ ਵਿਚ ਚਲਾ ਗਿਆ। ਉਸ ਨੇ ਰਾਤ ਨੂੰ ਨਾ ਤਾਂ ਕੁਝ ਖਾਧਾ-ਪੀਤਾ ਅਤੇ ਨਾ ਹੀ ਕੋਈ ਮਨ-ਪਰਚਾਵਾ ਕੀਤਾ* ਅਤੇ ਨਾ ਹੀ ਉਸ ਨੂੰ ਸਾਰੀ ਰਾਤ ਨੀਂਦ ਆਈ।* 19 ਆਖ਼ਰਕਾਰ ਸਵੇਰ ਹੁੰਦਿਆਂ ਹੀ ਰਾਜਾ ਉੱਠਿਆ ਅਤੇ ਛੇਤੀ ਹੀ ਸ਼ੇਰਾਂ ਦੇ ਘੁਰਨੇ ਕੋਲ ਗਿਆ। 20 ਘੁਰਨੇ ਦੇ ਨੇੜੇ ਪਹੁੰਚ ਕੇ ਦੁਖੀ ਆਵਾਜ਼ ਵਿਚ ਰਾਜੇ ਨੇ ਦਾਨੀਏਲ ਨੂੰ ਪੁਕਾਰਿਆ। ਰਾਜੇ ਨੇ ਉਸ ਨੂੰ ਪੁੱਛਿਆ: “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਸੇਵਕ, ਜਿਸ ਪਰਮੇਸ਼ੁਰ ਦੀ ਤੂੰ ਹਮੇਸ਼ਾ ਭਗਤੀ ਕਰਦਾ ਹੈਂ, ਕੀ ਉਸ ਨੇ ਤੈਨੂੰ ਸ਼ੇਰਾਂ ਦੇ ਪੰਜਿਆਂ ਤੋਂ ਬਚਾ ਲਿਆ ਹੈ?” 21 ਦਾਨੀਏਲ ਨੇ ਇਕਦਮ ਰਾਜੇ ਨੂੰ ਜਵਾਬ ਦਿੱਤਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 22 ਮੇਰੇ ਪਰਮੇਸ਼ੁਰ ਨੇ ਆਪਣਾ ਦੂਤ ਭੇਜ ਕੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ+ ਅਤੇ ਉਨ੍ਹਾਂ ਨੇ ਮੇਰਾ ਕੁਝ ਨਹੀਂ ਵਿਗਾੜਿਆ+ ਕਿਉਂਕਿ ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ। ਹੇ ਮਹਾਰਾਜ, ਮੈਂ ਤੇਰੇ ਖ਼ਿਲਾਫ਼ ਵੀ ਕੁਝ ਨਹੀਂ ਕੀਤਾ।”
23 ਰਾਜਾ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਉਸ ਦੇ ਹੁਕਮ ʼਤੇ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚੋਂ ਕੱਢ ਲਿਆ ਗਿਆ। ਦਾਨੀਏਲ ਨੇ ਆਪਣੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਸੀ ਜਿਸ ਕਰਕੇ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਸੀ।+
24 ਫਿਰ ਰਾਜੇ ਦੇ ਹੁਕਮ ʼਤੇ ਉਨ੍ਹਾਂ ਆਦਮੀਆਂ ਨੂੰ ਲਿਆਂਦਾ ਗਿਆ ਜਿਨ੍ਹਾਂ ਨੇ ਦਾਨੀਏਲ ʼਤੇ ਇਲਜ਼ਾਮ ਲਾਇਆ ਸੀ।* ਉਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਸਮੇਤ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਗਿਆ। ਉਹ ਅਜੇ ਘੁਰਨੇ ਵਿਚ ਹੇਠਾਂ ਪਹੁੰਚੇ ਵੀ ਨਹੀਂ ਸਨ ਕਿ ਸ਼ੇਰਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ।+
25 ਫਿਰ ਰਾਜਾ ਦਾਰਾ ਨੇ ਸਾਰੀ ਧਰਤੀ ਦੀਆਂ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਹ ਸੰਦੇਸ਼ ਭੇਜਿਆ:+ “ਤੁਸੀਂ ਸ਼ਾਂਤੀ ਨਾਲ ਵੱਸੋ! 26 ਮੈਂ ਇਹ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਦੇ ਹਰ ਇਲਾਕੇ ਵਿਚ ਲੋਕ ਦਾਨੀਏਲ ਦੇ ਪਰਮੇਸ਼ੁਰ ਤੋਂ ਡਰਨ ਅਤੇ ਉਸ ਦਾ ਆਦਰ ਕਰਨ+ ਕਿਉਂਕਿ ਉਹ ਜੀਉਂਦਾ ਪਰਮੇਸ਼ੁਰ ਹੈ ਅਤੇ ਹਮੇਸ਼ਾ ਰਹਿੰਦਾ ਹੈ। ਉਸ ਦੇ ਰਾਜ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਉਹ ਸਦਾ ਹਕੂਮਤ ਕਰੇਗਾ।+ 27 ਉਹੀ ਬਚਾਉਂਦਾ+ ਤੇ ਛੁਡਾਉਂਦਾ ਹੈ। ਉਹ ਆਕਾਸ਼ ਅਤੇ ਧਰਤੀ ʼਤੇ ਨਿਸ਼ਾਨੀਆਂ ਅਤੇ ਕਰਾਮਾਤਾਂ ਦਿਖਾਉਂਦਾ ਹੈ+ ਕਿਉਂਕਿ ਉਸੇ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ।”
28 ਇਸ ਲਈ ਰਾਜਾ ਦਾਰਾ ਦੇ ਰਾਜ ਅਤੇ ਫਾਰਸੀ ਰਾਜੇ ਖੋਰਸ ਦੇ ਰਾਜ ਵਿਚ ਦਾਨੀਏਲ ਕਾਮਯਾਬ ਹੋਇਆ।+