ਦੂਜਾ ਸਮੂਏਲ
18 ਫਿਰ ਦਾਊਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਗਿਣਿਆ ਤੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਅਤੇ ਸੌ-ਸੌ ਦੀਆਂ ਟੁਕੜੀਆਂ ਵਿਚ ਵੰਡ ਕੇ ਉਨ੍ਹਾਂ ਉੱਤੇ ਮੁਖੀ ਠਹਿਰਾਏ।+ 2 ਫਿਰ ਦਾਊਦ ਨੇ ਇਕ-ਤਿਹਾਈ ਆਦਮੀ ਯੋਆਬ ਦੀ ਨਿਗਰਾਨੀ* ਅਧੀਨ,+ ਇਕ-ਤਿਹਾਈ ਸਰੂਯਾਹ ਦੇ ਪੁੱਤਰ ਯੋਆਬ ਦੇ ਭਰਾ ਅਬੀਸ਼ਈ+ ਦੀ ਨਿਗਰਾਨੀ ਅਧੀਨ+ ਅਤੇ ਇਕ-ਤਿਹਾਈ ਗਿੱਤੀ ਇੱਤਈ ਦੀ ਨਿਗਰਾਨੀ ਅਧੀਨ ਭੇਜ ਦਿੱਤੇ।+ ਫਿਰ ਰਾਜੇ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਵੀ ਤੁਹਾਡੇ ਨਾਲ ਜਾਵਾਂਗਾ।” 3 ਪਰ ਉਨ੍ਹਾਂ ਨੇ ਕਿਹਾ: “ਤੈਨੂੰ ਨਹੀਂ ਜਾਣਾ ਚਾਹੀਦਾ+ ਕਿਉਂਕਿ ਜੇ ਅਸੀਂ ਭੱਜ ਗਏ, ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ;* ਨਾਲੇ ਜੇ ਸਾਡੇ ਵਿੱਚੋਂ ਅੱਧੇ ਮਾਰੇ ਗਏ, ਤਾਂ ਵੀ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ। ਪਰ ਤੂੰ ਸਾਡੇ ਵਰਗੇ 10,000 ਜਣਿਆਂ ਦੇ ਬਰਾਬਰ ਹੈਂ।+ ਇਸ ਲਈ ਬਿਹਤਰ ਹੋਵੇਗਾ ਜੇ ਤੂੰ ਸ਼ਹਿਰ ਵਿਚ ਰਹਿ ਕੇ ਸਾਡੀ ਮਦਦ ਕਰੇਂ।” 4 ਫਿਰ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਜੋ ਚੰਗਾ ਲੱਗਦਾ, ਮੈਂ ਉਹੀ ਕਰਾਂਗਾ।” ਇਸ ਲਈ ਰਾਜਾ ਸ਼ਹਿਰ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਆਦਮੀ ਸੌ-ਸੌ ਅਤੇ ਹਜ਼ਾਰ-ਹਜ਼ਾਰ ਦੀਆਂ ਟੁਕੜੀਆਂ ਵਿਚ ਬਾਹਰ ਚਲੇ ਗਏ। 5 ਇਸ ਤੋਂ ਬਾਅਦ ਰਾਜੇ ਨੇ ਯੋਆਬ, ਅਬੀਸ਼ਈ ਤੇ ਇੱਤਈ ਨੂੰ ਇਹ ਹੁਕਮ ਦਿੱਤਾ: “ਮੇਰੀ ਖ਼ਾਤਰ ਉਸ ਨੌਜਵਾਨ ਅਬਸ਼ਾਲੋਮ ਨਾਲ ਨਰਮਾਈ ਨਾਲ ਪੇਸ਼ ਆਇਓ।”+ ਜਦੋਂ ਰਾਜੇ ਨੇ ਅਬਸ਼ਾਲੋਮ ਬਾਰੇ ਸਾਰੇ ਮੁਖੀਆਂ ਨੂੰ ਇਹ ਹੁਕਮ ਦਿੱਤਾ, ਤਾਂ ਸਾਰੇ ਆਦਮੀ ਸੁਣ ਰਹੇ ਸਨ।
6 ਉਹ ਆਦਮੀ ਇਜ਼ਰਾਈਲ ਦਾ ਮੁਕਾਬਲਾ ਕਰਨ ਲਈ ਯੁੱਧ ਦੀ ਜਗ੍ਹਾ ਚਲੇ ਗਏ ਤੇ ਯੁੱਧ ਇਫ਼ਰਾਈਮ ਦੇ ਜੰਗਲ ਵਿਚ ਹੋਇਆ।+ 7 ਉੱਥੇ ਇਜ਼ਰਾਈਲ ਦੇ ਲੋਕ+ ਦਾਊਦ ਦੇ ਸੇਵਕਾਂ ਦੇ ਹੱਥੋਂ ਹਾਰ ਗਏ+ ਅਤੇ ਉਸ ਦਿਨ ਬਹੁਤ ਜ਼ਿਆਦਾ ਖ਼ੂਨ-ਖ਼ਰਾਬਾ ਹੋਇਆ ਤੇ 20,000 ਆਦਮੀ ਮਾਰੇ ਗਏ। 8 ਲੜਾਈ ਸਾਰੇ ਇਲਾਕੇ ਵਿਚ ਫੈਲ ਗਈ। ਇਸ ਤੋਂ ਇਲਾਵਾ, ਉਸ ਦਿਨ ਜਿੰਨੇ ਲੋਕ ਤਲਵਾਰ ਨਾਲ ਵੱਢੇ ਗਏ, ਉਨ੍ਹਾਂ ਤੋਂ ਕਿਤੇ ਜ਼ਿਆਦਾ ਜੰਗਲ ਨੇ ਨਿਗਲ਼ ਲਏ।
9 ਅਖ਼ੀਰ ਅਬਸ਼ਾਲੋਮ ਦਾਊਦ ਦੇ ਸੇਵਕਾਂ ਨੂੰ ਟੱਕਰਿਆ। ਅਬਸ਼ਾਲੋਮ ਖੱਚਰ ਉੱਤੇ ਸਵਾਰ ਸੀ ਅਤੇ ਖੱਚਰ ਇਕ ਵੱਡੇ ਸਾਰੇ ਦਰਖ਼ਤ ਦੀਆਂ ਸੰਘਣੀਆਂ ਟਾਹਣੀਆਂ ਥੱਲਿਓਂ ਦੀ ਗਈ ਤੇ ਅਬਸ਼ਾਲੋਮ ਦਾ ਸਿਰ ਦਰਖ਼ਤ ਵਿਚ ਫਸ ਗਿਆ ਜਿਸ ਕਰਕੇ ਉਹ ਹਵਾ ਵਿਚ* ਲਟਕ ਗਿਆ ਤੇ ਜਿਸ ਖੱਚਰ ʼਤੇ ਉਹ ਸਵਾਰ ਸੀ ਉਹ ਅੱਗੇ ਨਿਕਲ ਗਈ। 10 ਇਹ ਦੇਖ ਕੇ ਕਿਸੇ ਨੇ ਯੋਆਬ ਨੂੰ ਦੱਸਿਆ:+ “ਮੈਂ ਇਕ ਵੱਡੇ ਦਰਖ਼ਤ ਵਿਚ ਅਬਸ਼ਾਲੋਮ ਨੂੰ ਲਟਕਦੇ ਦੇਖਿਆ ਹੈ।” 11 ਯੋਆਬ ਨੇ ਖ਼ਬਰ ਦੇਣ ਵਾਲੇ ਨੂੰ ਜਵਾਬ ਦਿੱਤਾ: “ਜਦੋਂ ਤੂੰ ਦੇਖਿਆ ਸੀ, ਤਾਂ ਤੂੰ ਉਸੇ ਵੇਲੇ ਉਸ ਨੂੰ ਮਾਰ ਕੇ ਜ਼ਮੀਨ ʼਤੇ ਕਿਉਂ ਨਹੀਂ ਸੁੱਟ ਦਿੱਤਾ? ਫਿਰ ਮੈਂ ਤੈਨੂੰ ਖ਼ੁਸ਼ ਹੋ ਕੇ ਚਾਂਦੀ ਦੇ ਦਸ ਟੁਕੜੇ ਅਤੇ ਇਕ ਕਮਰਬੰਦ ਦਿੰਦਾ।” 12 ਪਰ ਉਸ ਆਦਮੀ ਨੇ ਯੋਆਬ ਨੂੰ ਕਿਹਾ: “ਜੇ ਮੈਨੂੰ ਚਾਂਦੀ ਦੇ 1,000 ਟੁਕੜੇ ਵੀ ਦਿੱਤੇ ਜਾਂਦੇ, ਤਾਂ ਵੀ ਮੈਂ ਰਾਜੇ ਦੇ ਪੁੱਤਰ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕਣਾ ਸੀ ਕਿਉਂਕਿ ਅਸੀਂ ਸੁਣ ਲਿਆ ਸੀ ਜਦੋਂ ਰਾਜੇ ਨੇ ਤੈਨੂੰ, ਅਬੀਸ਼ਈ ਅਤੇ ਇੱਤਈ ਨੂੰ ਇਹ ਹੁਕਮ ਦਿੱਤਾ ਸੀ, ‘ਤੁਹਾਡੇ ਵਿੱਚੋਂ ਹਰ ਜਣਾ ਨੌਜਵਾਨ ਅਬਸ਼ਾਲੋਮ ਦਾ ਧਿਆਨ ਰੱਖੇ ਕਿ ਉਸ ਨੂੰ ਕੁਝ ਹੋਵੇ ਨਾ।’+ 13 ਜੇ ਮੈਂ ਇਹ ਹੁਕਮ ਨਾ ਮੰਨਿਆ ਹੁੰਦਾ ਤੇ ਉਸ ਦੀ ਜਾਨ ਲੈ ਲੈਂਦਾ, ਤਾਂ ਇਹ ਗੱਲ ਰਾਜੇ ਤੋਂ ਕਦੇ ਵੀ ਲੁਕੀ ਨਹੀਂ ਸੀ ਰਹਿਣੀ ਤੇ ਤੂੰ ਵੀ ਮੈਨੂੰ ਨਹੀਂ ਬਚਾਉਣਾ ਸੀ।” 14 ਇਹ ਸੁਣ ਕੇ ਯੋਆਬ ਨੇ ਕਿਹਾ: “ਮੈਂ ਤੇਰੇ ਨਾਲ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ!” ਇਸ ਲਈ ਉਸ ਨੇ ਆਪਣੇ ਹੱਥ ਵਿਚ ਤਿੰਨ ਸੀਖਾਂ* ਲਈਆਂ ਅਤੇ ਅਬਸ਼ਾਲੋਮ ਦੇ ਦਿਲ ਵਿਚ ਖੋਭ ਦਿੱਤੀਆਂ ਜਦੋਂ ਉਹ ਵੱਡੇ ਦਰਖ਼ਤ ਵਿਚਕਾਰ ਅਜੇ ਜੀਉਂਦਾ ਲਟਕ ਰਿਹਾ ਸੀ। 15 ਫਿਰ ਯੋਆਬ ਦੇ ਹਥਿਆਰ ਚੁੱਕਣ ਵਾਲੇ ਦਸ ਸੇਵਾਦਾਰ ਆਏ ਤੇ ਉਹ ਅਬਸ਼ਾਲੋਮ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਉਹ ਮਰ ਨਾ ਗਿਆ।+ 16 ਫਿਰ ਯੋਆਬ ਨੇ ਨਰਸਿੰਗਾ ਵਜਾਇਆ ਅਤੇ ਆਦਮੀਆਂ ਨੇ ਇਜ਼ਰਾਈਲ ਦਾ ਪਿੱਛਾ ਕਰਨਾ ਛੱਡ ਦਿੱਤਾ ਤੇ ਮੁੜ ਆਏ; ਇਸ ਤਰ੍ਹਾਂ ਯੋਆਬ ਨੇ ਉਨ੍ਹਾਂ ਨੂੰ ਰੋਕਿਆ। 17 ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਜੰਗਲ ਵਿਚ ਇਕ ਵੱਡੇ ਟੋਏ ਵਿਚ ਸੁੱਟ ਦਿੱਤਾ ਅਤੇ ਉਸ ਉੱਤੇ ਪੱਥਰਾਂ ਦਾ ਬਹੁਤ ਵੱਡਾ ਢੇਰ ਲਾ ਦਿੱਤਾ।+ ਫਿਰ ਸਾਰੇ ਇਜ਼ਰਾਈਲੀ ਆਪਣੇ ਘਰਾਂ ਨੂੰ ਭੱਜ ਗਏ।
18 ਜਦੋਂ ਅਬਸ਼ਾਲੋਮ ਜੀਉਂਦਾ ਸੀ, ਤਾਂ ਉਸ ਨੇ ਰਾਜੇ ਦੀ ਵਾਦੀ+ ਵਿਚ ਆਪਣੇ ਲਈ ਇਕ ਥੰਮ੍ਹ ਖੜ੍ਹਾ ਕੀਤਾ ਕਿਉਂਕਿ ਉਸ ਨੇ ਕਿਹਾ: “ਮੇਰਾ ਕੋਈ ਪੁੱਤਰ ਨਹੀਂ ਜੋ ਮੇਰੇ ਨਾਂ ਨੂੰ ਚੱਲਦਾ ਰੱਖੇ।”+ ਇਸ ਲਈ ਉਸ ਨੇ ਇਸ ਥੰਮ੍ਹ ਦਾ ਨਾਂ ਆਪਣੇ ਨਾਂ ʼਤੇ ਰੱਖਿਆ ਅਤੇ ਇਸ ਨੂੰ ਅੱਜ ਤਕ ਅਬਸ਼ਾਲੋਮ ਦੀ ਯਾਦਗਾਰ ਕਿਹਾ ਜਾਂਦਾ ਹੈ।
19 ਸਾਦੋਕ ਦੇ ਪੁੱਤਰ ਅਹੀਮਆਸ+ ਨੇ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਭੱਜ ਕੇ ਰਾਜੇ ਨੂੰ ਇਹ ਖ਼ਬਰ ਦੇ ਆਵਾਂ ਕਿਉਂਕਿ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਤੋਂ ਉਸ ਨੂੰ ਛੁਟਕਾਰਾ ਦਿਵਾ ਕੇ ਉਸ ਨਾਲ ਇਨਸਾਫ਼ ਕੀਤਾ ਹੈ।”+ 20 ਪਰ ਯੋਆਬ ਨੇ ਉਸ ਨੂੰ ਕਿਹਾ: “ਤੂੰ ਅੱਜ ਦੇ ਦਿਨ ਕੋਈ ਖ਼ਬਰ ਨਹੀਂ ਦੇਵੇਂਗਾ। ਤੂੰ ਕਿਸੇ ਹੋਰ ਦਿਨ ਖ਼ਬਰ ਦੇਣ ਜਾ ਸਕਦਾ ਹੈਂ, ਪਰ ਅੱਜ ਤੂੰ ਖ਼ਬਰ ਨਹੀਂ ਦੇਵੇਂਗਾ ਕਿਉਂਕਿ ਰਾਜੇ ਦੇ ਪੁੱਤਰ ਦੀ ਮੌਤ ਹੋਈ ਹੈ।”+ 21 ਫਿਰ ਯੋਆਬ ਨੇ ਕੂਸ਼ ਦੇ ਇਕ ਆਦਮੀ+ ਨੂੰ ਕਿਹਾ: “ਤੂੰ ਜੋ ਕੁਝ ਦੇਖਿਆ ਹੈ, ਜਾ ਕੇ ਰਾਜੇ ਨੂੰ ਦੱਸ ਦੇ।” ਇਹ ਸੁਣ ਕੇ ਉਸ ਨੇ ਯੋਆਬ ਅੱਗੇ ਸਿਰ ਨਿਵਾਇਆ ਅਤੇ ਭੱਜ ਗਿਆ। 22 ਸਾਦੋਕ ਦੇ ਪੁੱਤਰ ਅਹੀਮਆਸ ਨੇ ਇਕ ਵਾਰ ਫਿਰ ਯੋਆਬ ਨੂੰ ਕਿਹਾ: “ਜੋ ਮਰਜ਼ੀ ਹੋਵੇ, ਮੈਨੂੰ ਵੀ ਕੂਸ਼ ਦੇ ਆਦਮੀ ਮਗਰ ਭੱਜ ਕੇ ਜਾਣ ਦੇ।” ਪਰ ਯੋਆਬ ਨੇ ਕਿਹਾ: “ਮੇਰੇ ਪੁੱਤਰ, ਜਦ ਤੇਰੇ ਕੋਲ ਕੋਈ ਖ਼ਬਰ ਹੀ ਨਹੀਂ ਹੈ, ਤਾਂ ਫਿਰ ਤੈਨੂੰ ਜਾਣ ਦੀ ਕੀ ਲੋੜ?” 23 ਉਸ ਨੇ ਫਿਰ ਕਿਹਾ: “ਜੋ ਮਰਜ਼ੀ ਹੋਵੇ, ਮੈਨੂੰ ਭੱਜ ਕੇ ਜਾਣ ਦੇ।” ਇਸ ਲਈ ਯੋਆਬ ਨੇ ਉਸ ਨੂੰ ਕਿਹਾ: “ਜਾਹ, ਭੱਜ ਜਾ!” ਅਹੀਮਆਸ ਯਰਦਨ ਜ਼ਿਲ੍ਹੇ ਦੇ ਰਾਹ ਥਾਣੀਂ ਭੱਜਾ ਗਿਆ ਤੇ ਕੂਸ਼ ਦੇ ਆਦਮੀ ਤੋਂ ਵੀ ਅੱਗੇ ਲੰਘ ਗਿਆ।
24 ਦਾਊਦ ਸ਼ਹਿਰ ਦੇ ਦੋਹਾਂ ਦਰਵਾਜ਼ਿਆਂ ਵਿਚਕਾਰ ਬੈਠਾ ਹੋਇਆ ਸੀ+ ਅਤੇ ਪਹਿਰੇਦਾਰ+ ਕੰਧ ਦੇ ਨਾਲ ਲੱਗਦੇ ਦਰਵਾਜ਼ੇ ਦੀ ਛੱਤ ਉੱਤੇ ਗਿਆ। ਉਸ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਇਕ ਆਦਮੀ ਇਕੱਲਾ ਭੱਜਾ ਆ ਰਿਹਾ ਸੀ। 25 ਇਸ ਲਈ ਪਹਿਰੇਦਾਰ ਨੇ ਰਾਜੇ ਨੂੰ ਆਵਾਜ਼ ਮਾਰ ਕੇ ਇਸ ਬਾਰੇ ਦੱਸਿਆ। ਰਾਜੇ ਨੇ ਕਿਹਾ: “ਜੇ ਉਹ ਇਕੱਲਾ ਹੈ, ਤਾਂ ਜ਼ਰੂਰ ਉਸ ਕੋਲ ਕੋਈ ਖ਼ਬਰ ਹੋਣੀ।” ਜਿਉਂ ਹੀ ਉਹ ਹੋਰ ਨੇੜੇ ਆਇਆ, 26 ਤਾਂ ਪਹਿਰੇਦਾਰ ਨੇ ਇਕ ਹੋਰ ਆਦਮੀ ਨੂੰ ਭੱਜਾ ਆਉਂਦਾ ਦੇਖਿਆ! ਫਿਰ ਪਹਿਰੇਦਾਰ ਨੇ ਦਰਬਾਨ ਨੂੰ ਆਵਾਜ਼ ਮਾਰ ਕੇ ਕਿਹਾ: “ਦੇਖ! ਇਕ ਹੋਰ ਆਦਮੀ ਇਕੱਲਾ ਭੱਜਾ ਆ ਰਿਹਾ ਹੈ!” ਰਾਜੇ ਨੇ ਕਿਹਾ: “ਇਹ ਵੀ ਕੋਈ ਖ਼ਬਰ ਲੈ ਕੇ ਆ ਰਿਹਾ ਹੋਣਾ।” 27 ਪਹਿਰੇਦਾਰ ਨੇ ਕਿਹਾ: “ਪਹਿਲਾ ਆਦਮੀ ਸਾਦੋਕ ਦੇ ਪੁੱਤਰ ਅਹੀਮਆਸ+ ਵਾਂਗ ਭੱਜਦਾ ਆ ਰਿਹਾ ਹੈ,” ਇਸ ਲਈ ਰਾਜੇ ਨੇ ਕਿਹਾ: “ਉਹ ਚੰਗਾ ਆਦਮੀ ਹੈ ਤੇ ਕੋਈ ਚੰਗੀ ਖ਼ਬਰ ਹੀ ਲਿਆ ਰਿਹਾ ਹੋਣਾ।” 28 ਫਿਰ ਅਹੀਮਆਸ ਨੇ ਰਾਜੇ ਨੂੰ ਉੱਚੀ ਆਵਾਜ਼ ਵਿਚ ਕਿਹਾ: “ਸਭ ਠੀਕ-ਠਾਕ ਹੈ!” ਇਹ ਕਹਿ ਕੇ ਉਸ ਨੇ ਗੋਡਿਆਂ ਭਾਰ ਬੈਠ ਕੇ ਰਾਜੇ ਅੱਗੇ ਸਿਰ ਨਿਵਾਇਆ। ਫਿਰ ਉਸ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਤੇਰੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੇਰੇ ਖ਼ਿਲਾਫ਼ ਬਗਾਵਤ ਕਰਨ* ਵਾਲੇ ਆਦਮੀਆਂ ਨੂੰ ਤੇਰੇ ਹਵਾਲੇ ਕੀਤਾ!”+
29 ਪਰ ਰਾਜੇ ਨੇ ਕਿਹਾ: “ਨੌਜਵਾਨ ਅਬਸ਼ਾਲੋਮ ਠੀਕ-ਠਾਕ ਤਾਂ ਹੈ?” ਇਹ ਸੁਣ ਕੇ ਅਹੀਮਆਸ ਨੇ ਕਿਹਾ: “ਜਦੋਂ ਯੋਆਬ ਨੇ ਰਾਜੇ ਦੇ ਸੇਵਕ ਤੇ ਤੇਰੇ ਦਾਸ ਨੂੰ ਭੇਜਿਆ ਸੀ, ਉਦੋਂ ਮੈਂ ਦੇਖਿਆ ਕਿ ਬਹੁਤ ਹਲਚਲ ਮਚੀ ਹੋਈ ਸੀ, ਪਰ ਮੈਨੂੰ ਪਤਾ ਨਹੀਂ ਲੱਗਾ ਕਿਉਂ।”+ 30 ਫਿਰ ਰਾਜੇ ਨੇ ਕਿਹਾ: “ਇੱਧਰ ਇਕ ਪਾਸੇ ਹੋ ਕੇ ਖੜ੍ਹ ਜਾ।” ਇਸ ਲਈ ਉਹ ਇਕ ਪਾਸੇ ਹੋ ਕੇ ਖੜ੍ਹ ਗਿਆ।
31 ਫਿਰ ਕੂਸ਼ ਦਾ ਆਦਮੀ ਆ ਪਹੁੰਚਿਆ+ ਤੇ ਉਸ ਨੇ ਕਿਹਾ: “ਮੇਰਾ ਪ੍ਰਭੂ ਅਤੇ ਮਹਾਰਾਜ ਇਹ ਖ਼ਬਰ ਸੁਣੇ: ਅੱਜ ਯਹੋਵਾਹ ਨੇ ਉਨ੍ਹਾਂ ਸਾਰਿਆਂ ਦੇ ਹੱਥੋਂ ਤੈਨੂੰ ਛੁਟਕਾਰਾ ਦਿਵਾ ਕੇ ਇਨਸਾਫ਼ ਕੀਤਾ ਹੈ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਬਗਾਵਤ ਕੀਤੀ।”+ 32 ਪਰ ਰਾਜੇ ਨੇ ਕੂਸ਼ ਦੇ ਆਦਮੀ ਨੂੰ ਪੁੱਛਿਆ: “ਨੌਜਵਾਨ ਅਬਸ਼ਾਲੋਮ ਠੀਕ-ਠਾਕ ਤਾਂ ਹੈ?” ਇਹ ਸੁਣ ਕੇ ਉਸ ਆਦਮੀ ਨੇ ਕਿਹਾ: “ਮੇਰੇ ਪ੍ਰਭੂ ਅਤੇ ਮਹਾਰਾਜ ਦੇ ਸਾਰੇ ਦੁਸ਼ਮਣਾਂ ਦਾ ਅਤੇ ਜਿਨ੍ਹਾਂ ਨੇ ਤੈਨੂੰ ਨੁਕਸਾਨ ਪਹੁੰਚਾਉਣ ਲਈ ਤੇਰੇ ਖ਼ਿਲਾਫ਼ ਬਗਾਵਤ ਕੀਤੀ, ਉਨ੍ਹਾਂ ਸਾਰਿਆਂ ਦਾ ਉਹੀ ਹਾਲ ਹੋਵੇ ਜੋ ਉਸ ਨੌਜਵਾਨ ਦਾ ਹੋਇਆ!”+
33 ਇਹ ਸੁਣ ਕੇ ਰਾਜਾ ਤੜਫ ਉੱਠਿਆ ਤੇ ਉਹ ਦਰਵਾਜ਼ੇ ਉੱਪਰ ਚੁਬਾਰੇ ਵਿਚ ਚਲਾ ਗਿਆ ਅਤੇ ਉਹ ਜਾਂਦਾ-ਜਾਂਦਾ ਰੋਂਦੇ ਹੋਏ ਕਹਿ ਰਿਹਾ ਸੀ: “ਹਾਇ! ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਮਰ ਜਾਂਦਾ! ਹਾਇ! ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ!”+