ਦਾਨੀਏਲ
9 ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦਾ ਇਹ ਪਹਿਲਾ ਸਾਲ ਸੀ।+ ਉਹ ਮਾਦੀ ਕੌਮ ਵਿੱਚੋਂ ਸੀ ਅਤੇ ਉਸ ਨੂੰ ਕਸਦੀਆਂ ਦੇ ਰਾਜ ਦਾ ਰਾਜਾ ਬਣਾਇਆ ਗਿਆ।+ 2 ਉਸ ਦੇ ਰਾਜ ਦੇ ਪਹਿਲੇ ਸਾਲ ਮੈਨੂੰ ਦਾਨੀਏਲ ਨੂੰ ਕਿਤਾਬਾਂ* ਪੜ੍ਹ ਕੇ ਇਹ ਸਮਝ ਮਿਲੀ ਕਿ ਯਿਰਮਿਯਾਹ ਨਬੀ ਨੂੰ ਕਹੀ ਯਹੋਵਾਹ ਦੀ ਗੱਲ ਅਨੁਸਾਰ+ ਯਰੂਸ਼ਲਮ 70 ਸਾਲਾਂ ਤਕ ਉਜਾੜ ਪਿਆ ਰਹੇਗਾ।+ 3 ਇਸ ਲਈ ਮੈਂ ਆਪਣਾ ਮੂੰਹ ਸੱਚੇ ਪਰਮੇਸ਼ੁਰ ਯਹੋਵਾਹ ਵੱਲ ਕੀਤਾ ਅਤੇ ਉਸ ਨੂੰ ਪ੍ਰਾਰਥਨਾ ਵਿਚ ਤਰਲੇ-ਮਿੰਨਤਾਂ ਕੀਤੀਆਂ। ਮੈਂ ਵਰਤ ਰੱਖਿਆ,+ ਤੱਪੜ ਪਾਇਆ ਤੇ ਆਪਣੇ ਉੱਪਰ ਸੁਆਹ ਪਾਈ। 4 ਮੈਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਸਾਮ੍ਹਣੇ ਆਪਣੇ ਲੋਕਾਂ ਦੇ ਪਾਪਾਂ ਨੂੰ ਕਬੂਲ ਕਰਦੇ ਹੋਏ ਕਿਹਾ:
“ਹੇ ਸੱਚੇ ਪਰਮੇਸ਼ੁਰ ਯਹੋਵਾਹ, ਤੂੰ ਮਹਾਨ ਅਤੇ ਸ਼ਰਧਾ ਦੇ ਲਾਇਕ ਹੈਂ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ,+ ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।+ 5 ਅਸੀਂ ਪਾਪ ਕੀਤੇ, ਗ਼ਲਤੀਆਂ ਕੀਤੀਆਂ ਅਤੇ ਦੁਸ਼ਟ ਕੰਮ ਕੀਤੇ। ਅਸੀਂ ਤੇਰੇ ਖ਼ਿਲਾਫ਼ ਬਗਾਵਤ ਕੀਤੀ+ ਅਤੇ ਤੇਰੇ ਹੁਕਮਾਂ ਅਤੇ ਕਾਨੂੰਨਾਂ ਨੂੰ ਨਹੀਂ ਮੰਨਿਆ। 6 ਅਸੀਂ ਤੇਰੇ ਸੇਵਕ ਨਬੀਆਂ ਦੀ ਗੱਲ ਨਹੀਂ ਸੁਣੀ+ ਜਿਨ੍ਹਾਂ ਨੇ ਤੇਰਾ ਨਾਂ ਲੈ ਕੇ ਸਾਡੇ ਰਾਜਿਆਂ, ਸਾਡੇ ਆਗੂਆਂ, ਸਾਡੇ ਪਿਉ-ਦਾਦਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਗੱਲ ਕੀਤੀ ਸੀ। 7 ਹੇ ਯਹੋਵਾਹ, ਸਿਰਫ਼ ਤੂੰ ਹੀ ਸਹੀ ਹੈਂ, ਪਰ ਸਾਡੇ ਚਿਹਰਿਆਂ ʼਤੇ, ਹਾਂ, ਯਹੂਦਾਹ ਦੇ ਲੋਕਾਂ, ਯਰੂਸ਼ਲਮ ਦੇ ਵਾਸੀਆਂ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਦੇ ਚਿਹਰਿਆਂ ʼਤੇ ਸ਼ਰਮਿੰਦਗੀ ਛਾਈ ਹੈ ਜਿਨ੍ਹਾਂ ਨੂੰ ਤੂੰ ਦੂਰ ਅਤੇ ਨੇੜੇ ਖਿੰਡਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+
8 “ਹੇ ਯਹੋਵਾਹ, ਅਸੀਂ ਅਤੇ ਸਾਡੇ ਰਾਜੇ, ਸਾਡੇ ਆਗੂ ਅਤੇ ਸਾਡੇ ਪਿਉ-ਦਾਦੇ ਸ਼ਰਮਿੰਦਗੀ* ਦੇ ਮਾਰੇ ਹਾਂ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 9 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਮਾਫ਼ ਕਰਦਾ ਹੈਂ ਅਤੇ ਦਇਆਵਾਨ ਹੈਂ,+ ਪਰ ਅਸੀਂ ਤੇਰੇ ਖ਼ਿਲਾਫ਼ ਬਗਾਵਤ ਕੀਤੀ ਹੈ।+ 10 ਹੇ ਸਾਡੇ ਪਰਮੇਸ਼ੁਰ ਯਹੋਵਾਹ, ਅਸੀਂ ਤੇਰੀ ਗੱਲ ਨਹੀਂ ਸੁਣੀ ਅਤੇ ਤੇਰੇ ਹੁਕਮ ਨਹੀਂ ਮੰਨੇ ਜੋ ਤੂੰ ਆਪਣੇ ਸੇਵਕ ਨਬੀਆਂ ਰਾਹੀਂ ਸਾਨੂੰ ਦਿੱਤੇ ਸਨ।+ 11 ਸਾਰੇ ਇਜ਼ਰਾਈਲ ਨੇ ਤੇਰੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕੀਤਾ, ਇਸ ਕਰਕੇ ਤੂੰ ਸਾਡੇ ਉੱਤੇ ਉਹ ਬਿਪਤਾ ਲਿਆਂਦੀ ਜਿਸ ਦੀ ਤੂੰ ਸਹੁੰ ਖਾਧੀ ਸੀ ਅਤੇ ਜਿਸ ਬਾਰੇ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਦੇ ਕਾਨੂੰਨ ਵਿਚ ਲਿਖਵਾਇਆ ਸੀ+ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 12 ਤੂੰ ਸਾਡੇ ਉੱਤੇ ਅਤੇ ਸਾਡੇ ਉੱਤੇ ਰਾਜ ਕਰਨ ਵਾਲੇ ਰਾਜਿਆਂ* ਦੇ ਖ਼ਿਲਾਫ਼ ਵੱਡੀ ਬਿਪਤਾ ਲਿਆ ਕੇ ਆਪਣੀ ਗੱਲ ਪੂਰੀ ਕੀਤੀ+ ਅਤੇ ਜੋ ਬਿਪਤਾ ਯਰੂਸ਼ਲਮ ʼਤੇ ਆਈ, ਅਜਿਹੀ ਬਿਪਤਾ ਕਦੇ ਵੀ ਸਾਰੇ ਆਕਾਸ਼ ਹੇਠ ਕਿਸੇ ʼਤੇ ਨਹੀਂ ਆਈ।+ 13 ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਗਿਆ ਸੀ, ਇਹ ਬਿਪਤਾ ਸਾਡੇ ਉੱਤੇ ਆਈ,+ ਫਿਰ ਵੀ ਹੇ ਸਾਡੇ ਪਰਮੇਸ਼ੁਰ ਯਹੋਵਾਹ, ਅਸੀਂ ਤੇਰੇ ਅੱਗੇ ਦਇਆ ਲਈ ਤਰਲੇ-ਮਿੰਨਤਾਂ ਨਹੀਂ ਕੀਤੀਆਂ, ਸਗੋਂ ਬੁਰੇ ਕੰਮਾਂ ਵਿਚ ਲੱਗੇ ਰਹੇ+ ਅਤੇ ਤੇਰੀ ਸੱਚਾਈ* ਨੂੰ ਨਹੀਂ ਸਮਝੇ।
14 “ਇਸ ਲਈ ਹੇ ਯਹੋਵਾਹ, ਤੂੰ ਖ਼ਬਰਦਾਰ ਰਿਹਾ ਅਤੇ ਸਾਡੇ ਉੱਤੇ ਬਿਪਤਾ ਲਿਆਇਆ ਕਿਉਂਕਿ ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਜੋ ਵੀ ਕੀਤਾ ਹੈ, ਉਹ ਸਹੀ ਕੀਤਾ ਹੈ, ਫਿਰ ਵੀ ਅਸੀਂ ਤੇਰਾ ਕਹਿਣਾ ਨਹੀਂ ਮੰਨਿਆ।+
15 “ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਆਪਣੇ ਲੋਕਾਂ ਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਸੀ+ ਜਿਸ ਕਰਕੇ ਤੇਰਾ ਨਾਂ ਅੱਜ ਤਕ ਮਸ਼ਹੂਰ ਹੈ।+ ਅਸੀਂ ਪਾਪ ਅਤੇ ਦੁਸ਼ਟ ਕੰਮ ਕੀਤੇ ਹਨ। 16 ਹੇ ਯਹੋਵਾਹ, ਤੂੰ ਹਮੇਸ਼ਾ ਨਿਆਂ ਮੁਤਾਬਕ ਕੰਮ ਕੀਤੇ ਹਨ।+ ਇਸ ਲਈ ਕਿਰਪਾ ਕਰ ਕੇ ਆਪਣੇ ਪਵਿੱਤਰ ਪਹਾੜ ਯਾਨੀ ਆਪਣੇ ਸ਼ਹਿਰ ਯਰੂਸ਼ਲਮ ਪ੍ਰਤੀ ਆਪਣਾ ਗੁੱਸਾ ਅਤੇ ਕ੍ਰੋਧ ਠੰਢਾ ਕਰ। ਸਾਡੇ ਪਾਪਾਂ ਅਤੇ ਸਾਡੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਕਰਕੇ ਯਰੂਸ਼ਲਮ ਅਤੇ ਤੇਰੇ ਲੋਕ ਆਲੇ-ਦੁਆਲੇ ਦੇ ਸਾਰੇ ਲੋਕਾਂ ਵਿਚ ਬਦਨਾਮ ਹੋਏ ਹਨ।+ 17 ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਦਾਸ ਦੀ ਪ੍ਰਾਰਥਨਾ ਅਤੇ ਫ਼ਰਿਆਦ ਸੁਣ। ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਆਪਣੇ ਚਿਹਰੇ ਦਾ ਨੂਰ ਆਪਣੇ ਪਵਿੱਤਰ ਸਥਾਨ+ ʼਤੇ ਚਮਕਾ ਜੋ ਬਰਬਾਦ ਪਿਆ ਹੈ।+ 18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+ 19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+
20 ਮੈਂ ਪ੍ਰਾਰਥਨਾ ਵਿਚ ਅਜੇ ਇਹ ਸਭ ਕੁਝ ਕਹਿ ਹੀ ਰਿਹਾ ਸੀ ਅਤੇ ਆਪਣੇ ਤੇ ਇਜ਼ਰਾਈਲ ਕੌਮ ਦੇ ਪਾਪ ਕਬੂਲ ਕਰ ਹੀ ਰਿਹਾ ਸੀ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਉਸ ਦੇ ਪਵਿੱਤਰ ਪਹਾੜ ਲਈ ਬੇਨਤੀ ਕਰ ਰਿਹਾ ਸੀ,+ 21 ਹਾਂ, ਮੈਂ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਜਬਰਾਏਲ+ ਨਾਂ ਦਾ ਆਦਮੀ, ਜਿਸ ਨੂੰ ਮੈਂ ਪਹਿਲਾਂ ਵੀ ਦਰਸ਼ਣ ਵਿਚ ਦੇਖਿਆ ਸੀ,+ ਮੇਰੇ ਕੋਲ ਆਇਆ। ਉਹ ਸ਼ਾਮ ਦੀ ਭੇਟ ਚੜ੍ਹਾਉਣ ਦਾ ਵੇਲਾ ਸੀ ਅਤੇ ਮੈਂ ਉਸ ਵੇਲੇ ਬਹੁਤ ਹੀ ਥੱਕਿਆ ਹੋਇਆ ਸੀ। 22 ਉਸ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ:
“ਹੇ ਦਾਨੀਏਲ, ਮੈਂ ਇਸ ਲਈ ਆਇਆ ਹਾਂ ਤਾਂਕਿ ਤੈਨੂੰ ਸਾਰੀਆਂ ਗੱਲਾਂ ਸਾਫ਼-ਸਾਫ਼ ਸਮਝਾਵਾਂ। 23 ਜਦ ਤੂੰ ਫ਼ਰਿਆਦ ਕਰ ਰਿਹਾ ਸੀ, ਤਾਂ ਮੈਨੂੰ ਇਕ ਸੰਦੇਸ਼ ਮਿਲਿਆ ਅਤੇ ਮੈਂ ਤੈਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿਉਂਕਿ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਇਸ ਲਈ ਇਸ ਸੰਦੇਸ਼ ʼਤੇ ਸੋਚ-ਵਿਚਾਰ ਕਰ ਅਤੇ ਇਸ ਦਰਸ਼ਣ ਨੂੰ ਸਮਝ।
24 “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ+ ਲਈ 70 ਹਫ਼ਤੇ* ਠਹਿਰਾਏ ਗਏ ਹਨ ਤਾਂਕਿ ਅਪਰਾਧ ਖ਼ਤਮ ਕੀਤਾ ਜਾਵੇ, ਪਾਪ ਮਿਟਾਇਆ ਜਾਵੇ,+ ਗੁਨਾਹ ਮਾਫ਼ ਕੀਤਾ ਜਾਵੇ,+ ਬਹੁਤ ਜਣਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਧਰਮੀ ਠਹਿਰਾਇਆ ਜਾਵੇ,*+ ਦਰਸ਼ਣ ਅਤੇ ਭਵਿੱਖਬਾਣੀ* ਉੱਤੇ ਮੁਹਰ ਲਾਈ ਜਾਵੇ+ ਅਤੇ ਅੱਤ ਪਵਿੱਤਰ ਜਗ੍ਹਾ ਪਰਮੇਸ਼ੁਰ ਨੂੰ ਅਰਪਿਤ ਕੀਤੀ ਜਾਵੇ।* 25 ਤੇਰੇ ਲਈ ਇਹ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ ਕਿ ਜਦੋਂ ਯਰੂਸ਼ਲਮ ਨੂੰ ਦੁਬਾਰਾ ਉਸਾਰ ਕੇ ਪਹਿਲਾਂ ਵਾਲੀ ਹਾਲਤ ਵਿਚ ਲਿਆਉਣ ਦਾ ਹੁਕਮ ਨਿਕਲੇਗਾ,+ ਉਦੋਂ ਤੋਂ ਲੈ ਕੇ ਮਸੀਹ,*+ ਹਾਂ, ਆਗੂ ਦੇ ਪ੍ਰਗਟ ਹੋਣ ਤਕ 7 ਹਫ਼ਤੇ ਅਤੇ 62 ਹਫ਼ਤੇ ਬੀਤਣਗੇ।+ ਯਰੂਸ਼ਲਮ ਨੂੰ ਪਹਿਲਾਂ ਵਾਲੀ ਹਾਲਤ ਵਿਚ ਲਿਆਂਦਾ ਜਾਵੇਗਾ ਅਤੇ ਇਕ ਚੌਂਕ ਤੇ ਖਾਈ ਸਮੇਤ ਦੁਬਾਰਾ ਉਸਾਰਿਆ ਜਾਵੇਗਾ, ਪਰ ਮੁਸ਼ਕਲ ਸਮਿਆਂ ਦੌਰਾਨ।
26 “ਅਤੇ 62 ਹਫ਼ਤਿਆਂ ਤੋਂ ਬਾਅਦ ਮਸੀਹ ਨੂੰ ਮਾਰ ਦਿੱਤਾ ਜਾਵੇਗਾ+ ਤੇ ਉਸ ਕੋਲ ਕੁਝ ਨਹੀਂ ਬਚੇਗਾ।+
“ਅਤੇ ਫ਼ੌਜਾਂ ਦਾ ਇਕ ਮੁਖੀ ਆ ਰਿਹਾ ਹੈ ਤੇ ਉਸ ਦੀਆਂ ਫ਼ੌਜਾਂ ਇਸ ਸ਼ਹਿਰ ਤੇ ਪਵਿੱਤਰ ਥਾਂ ਨੂੰ ਤਬਾਹ ਕਰ ਦੇਣਗੀਆਂ।+ ਨਾਲੇ ਇਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੜ੍ਹ ਨਾਲ ਹੁੰਦਾ ਹੈ। ਅੰਤ ਤਕ ਲੜਾਈ ਹੁੰਦੀ ਰਹੇਗੀ ਅਤੇ ਪਰਮੇਸ਼ੁਰ ਦੇ ਫ਼ੈਸਲੇ ਮੁਤਾਬਕ ਤਬਾਹੀ ਹੋਵੇਗੀ।+
27 “ਅਤੇ ਉਹ ਬਹੁਤਿਆਂ ਦੇ ਲਈ ਇਕਰਾਰ ਨੂੰ ਇਕ ਹਫ਼ਤੇ ਤਕ ਕਾਇਮ ਰੱਖੇਗਾ ਤੇ ਹਫ਼ਤੇ ਦੇ ਅੱਧ ਵਿਚ ਉਹ ਬਲੀਦਾਨ ਅਤੇ ਭੇਟ ਦਾ ਚੜ੍ਹਾਵਾ ਬੰਦ ਕਰ ਦੇਵੇਗਾ।+
“ਅਤੇ ਤਬਾਹੀ ਮਚਾਉਣ ਵਾਲਾ ਘਿਣਾਉਣੀਆਂ ਚੀਜ਼ਾਂ ਦੇ ਖੰਭਾਂ ʼਤੇ ਸਵਾਰ ਹੋ ਕੇ ਆਵੇਗਾ+ ਅਤੇ ਉਜਾੜ ਪਈ ਹੋਈ ਜਗ੍ਹਾ ਨਾਲ ਉਸੇ ਤਰ੍ਹਾਂ ਕੀਤਾ ਜਾਵੇਗਾ ਜਿਵੇਂ ਫ਼ੈਸਲਾ ਕੀਤਾ ਗਿਆ ਹੈ, ਜਦ ਤਕ ਉਹ ਜਗ੍ਹਾ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੀ।”