ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ
1 ਮੈਂ ਪੌਲੁਸ, ਸਿਲਵਾਨੁਸ*+ ਅਤੇ ਤਿਮੋਥਿਉਸ+ ਨਾਲ ਮਿਲ ਕੇ ਇਹ ਚਿੱਠੀ ਥੱਸਲੁਨੀਕੀਆਂ ਦੀ ਮੰਡਲੀ ਨੂੰ ਲਿਖ ਰਿਹਾ ਹਾਂ ਜਿਹੜੀ ਪਿਤਾ ਪਰਮੇਸ਼ੁਰ ਨਾਲ ਅਤੇ ਪ੍ਰਭੂ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੀ ਹੋਈ ਹੈ:
ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਹੋਵੇ।
2 ਅਸੀਂ ਪ੍ਰਾਰਥਨਾ ਵਿਚ ਤੁਹਾਡਾ ਸਾਰਿਆਂ ਦਾ ਜ਼ਿਕਰ ਕਰਦਿਆਂ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ+ 3 ਕਿਉਂਕਿ ਅਸੀਂ ਆਪਣੇ ਪਿਤਾ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਤੁਹਾਡੇ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਪ੍ਰਭੂ ਯਿਸੂ ਮਸੀਹ ਉੱਤੇ ਉਮੀਦ+ ਹੋਣ ਕਰਕੇ ਤੁਸੀਂ ਕਿੰਨਾ ਧੀਰਜ ਰੱਖਿਆ ਹੈ। 4 ਭਰਾਵੋ, ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਸ ਨੇ ਤੁਹਾਨੂੰ ਚੁਣਿਆ ਹੈ 5 ਕਿਉਂਕਿ ਅਸੀਂ ਤੁਹਾਨੂੰ ਜਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਹ ਖੋਖਲੀ ਸਾਬਤ ਨਹੀਂ ਹੋਈ, ਸਗੋਂ ਇਸ ਨੇ ਤੁਹਾਡੇ ਉੱਤੇ ਡੂੰਘਾ ਅਸਰ ਪਾਇਆ ਅਤੇ ਇਹ ਖ਼ੁਸ਼ ਖ਼ਬਰੀ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਪੂਰੇ ਵਿਸ਼ਵਾਸ ਨਾਲ ਸੁਣਾਈ ਗਈ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਫ਼ਾਇਦੇ ਲਈ ਕੀ-ਕੀ ਕੀਤਾ ਸੀ। 6 ਤੁਸੀਂ ਬਹੁਤ ਕਸ਼ਟ ਸਹਿੰਦੇ ਹੋਏ+ ਪਰਮੇਸ਼ੁਰ ਦੇ ਬਚਨ ਨੂੰ ਖ਼ੁਸ਼ੀ ਨਾਲ ਕਬੂਲ ਕੀਤਾ ਜੋ ਪਵਿੱਤਰ ਸ਼ਕਤੀ ਦੁਆਰਾ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਸਾਡੀ ਅਤੇ ਪ੍ਰਭੂ ਦੀ ਮਿਸਾਲ ਉੱਤੇ ਚੱਲੇ+ 7 ਅਤੇ ਤੁਸੀਂ ਮਕਦੂਨੀਆ ਅਤੇ ਅਖਾਯਾ ਵਿਚ ਮਸੀਹ ਦੇ ਸਾਰੇ ਚੇਲਿਆਂ ਲਈ ਮਿਸਾਲ ਬਣੇ।
8 ਅਸਲ ਵਿਚ, ਤੁਹਾਡੇ ਕਰਕੇ ਪੂਰੇ ਮਕਦੂਨੀਆ ਅਤੇ ਅਖਾਯਾ ਵਿਚ ਲੋਕਾਂ ਨੇ ਨਾ ਸਿਰਫ਼ ਯਹੋਵਾਹ* ਦਾ ਬਚਨ ਸੁਣਿਆ, ਸਗੋਂ ਹਰ ਜਗ੍ਹਾ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਦੇ ਚਰਚੇ ਹੋ ਰਹੇ ਹਨ,+ ਇਸ ਕਰਕੇ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ। 9 ਇੱਥੋਂ ਦੇ ਲੋਕ ਆਪ ਦੱਸ ਰਹੇ ਹਨ ਕਿ ਅਸੀਂ ਪਹਿਲਾਂ ਤੁਹਾਨੂੰ ਕਿਵੇਂ ਮਿਲੇ ਸੀ ਅਤੇ ਤੁਸੀਂ ਕਿਵੇਂ ਆਪਣੀਆਂ ਮੂਰਤੀਆਂ+ ਨੂੰ ਛੱਡ ਕੇ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੇ ਦਾਸ ਬਣੇ ਸੀ 10 ਅਤੇ ਤੁਸੀਂ ਸਵਰਗੋਂ ਉਸ ਦੇ ਪੁੱਤਰ ਯਿਸੂ ਦੇ ਆਉਣ ਦੀ ਉਡੀਕ ਕਰਦੇ ਹੋ+ ਜਿਸ ਨੂੰ ਉਸ ਨੇ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ ਅਤੇ ਉਹ ਸਾਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਾਵੇਗਾ ਜੋ ਜਲਦੀ ਹੀ ਭੜਕੇਗਾ।+