ਯਿਰਮਿਯਾਹ
24 ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ* ਯਹੂਦਾਹ ਦੇ ਰਾਜੇ, ਯਹੋਯਾਕੀਮ ਦੇ ਪੁੱਤਰ+ ਯਕਾਨਯਾਹ*+ ਨੂੰ ਯਹੂਦਾਹ ਦੇ ਹਾਕਮਾਂ, ਕਾਰੀਗਰਾਂ, ਲੁਹਾਰਾਂ* ਸਣੇ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ,+ ਤਾਂ ਉਸ ਤੋਂ ਬਾਅਦ ਯਹੋਵਾਹ ਨੇ ਮੈਨੂੰ ਅੰਜੀਰਾਂ ਦੀਆਂ ਦੋ ਟੋਕਰੀਆਂ ਦਿਖਾਈਆਂ। ਇਹ ਯਹੋਵਾਹ ਦੇ ਮੰਦਰ ਦੇ ਸਾਮ੍ਹਣੇ ਰੱਖੀਆਂ ਹੋਈਆਂ ਸਨ। 2 ਇਕ ਟੋਕਰੀ ਵਿਚ ਬਹੁਤ ਵਧੀਆ ਅੰਜੀਰਾਂ ਸਨ ਜਿਵੇਂ ਪਹਿਲੀਆਂ ਅੰਜੀਰਾਂ* ਹੋਣ, ਪਰ ਦੂਜੀ ਟੋਕਰੀ ਵਿਚ ਅੰਜੀਰਾਂ ਸਨ ਜੋ ਇੰਨੀਆਂ ਖ਼ਰਾਬ ਸਨ ਕਿ ਖਾਧੀਆਂ ਨਹੀਂ ਜਾ ਸਕਦੀਆਂ ਸਨ।
3 ਯਹੋਵਾਹ ਨੇ ਮੈਨੂੰ ਪੁੱਛਿਆ: “ਯਿਰਮਿਯਾਹ, ਤੂੰ ਕੀ ਦੇਖਦਾ ਹੈਂ?” ਮੈਂ ਕਿਹਾ: “ਅੰਜੀਰਾਂ; ਵਧੀਆ ਅੰਜੀਰਾਂ ਬਹੁਤ ਹੀ ਵਧੀਆ ਹਨ, ਪਰ ਖ਼ਰਾਬ ਅੰਜੀਰਾਂ ਬਹੁਤ ਹੀ ਖ਼ਰਾਬ ਹਨ, ਇੰਨੀਆਂ ਖ਼ਰਾਬ ਕਿ ਉਹ ਖਾਧੀਆਂ ਨਹੀਂ ਜਾ ਸਕਦੀਆਂ।”+
4 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 5 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਉਹ ਲੋਕ ਮੇਰੇ ਲਈ ਇਨ੍ਹਾਂ ਵਧੀਆ ਅੰਜੀਰਾਂ ਵਰਗੇ ਹੋਣਗੇ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੇ ਦੇਸ਼ ਗ਼ੁਲਾਮੀ ਵਿਚ ਭੇਜਿਆ ਹੈ। ਮੈਂ ਉਨ੍ਹਾਂ ਉੱਤੇ ਮਿਹਰ ਕਰਾਂਗਾ। 6 ਮੈਂ ਉਨ੍ਹਾਂ ਦੇ ਭਲੇ ਲਈ ਉਨ੍ਹਾਂ ʼਤੇ ਨਿਗਾਹ ਰੱਖਾਂਗਾ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਨ੍ਹਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਾਂਗਾ; ਮੈਂ ਉਨ੍ਹਾਂ ਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ।+ 7 ਮੈਂ ਉਨ੍ਹਾਂ ਦੇ ਦਿਲ ਵਿਚ ਇਹ ਜਾਣਨ ਦੀ ਇੱਛਾ ਪੈਦਾ ਕਰਾਂਗਾ ਕਿ ਮੈਂ ਯਹੋਵਾਹ ਹਾਂ।+ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।+
8 “ਯਹੋਵਾਹ ਇਹ ਕਹਿੰਦਾ ਹੈ, ‘ਪਰ ਯਹੂਦਾਹ ਦਾ ਰਾਜਾ ਸਿਦਕੀਯਾਹ,+ ਉਸ ਦੇ ਹਾਕਮ, ਯਰੂਸ਼ਲਮ ਦੇ ਬਚੇ ਲੋਕ ਜਿਹੜੇ ਇਸ ਦੇਸ਼ ਵਿਚ ਰਹਿ ਗਏ ਹਨ ਅਤੇ ਜਿਹੜੇ ਮਿਸਰ ਵਿਚ ਵੱਸਦੇ ਹਨ,+ ਉਹ ਮੇਰੇ ਲਈ ਇਨ੍ਹਾਂ ਬਹੁਤ ਹੀ ਖ਼ਰਾਬ ਅੰਜੀਰਾਂ ਵਰਗੇ ਹੋਣਗੇ ਜੋ ਇੰਨੀਆਂ ਖ਼ਰਾਬ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ।+ 9 ਮੈਂ ਉਨ੍ਹਾਂ ʼਤੇ ਬਿਪਤਾ ਲਿਆ ਕੇ ਉਨ੍ਹਾਂ ਦਾ ਅਜਿਹਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਜਿਨ੍ਹਾਂ ਥਾਵਾਂ ʼਤੇ ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ,+ ਉੱਥੇ ਲੋਕ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ, ਉਨ੍ਹਾਂ ਬਾਰੇ ਕਹਾਵਤਾਂ ਘੜਨਗੇ, ਉਨ੍ਹਾਂ ਦਾ ਮਖੌਲ ਉਡਾਉਣਗੇ ਅਤੇ ਉਨ੍ਹਾਂ ਨੂੰ ਸਰਾਪ ਦੇਣਗੇ।+ 10 ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਘੱਲਾਂਗਾ ਜਦ ਤਕ ਉਹ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਹੋ ਜਾਂਦੇ ਜੋ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’”