ਪਹਿਲਾ ਰਾਜਿਆਂ
3 ਸੁਲੇਮਾਨ ਮਿਸਰ ਦੇ ਰਾਜੇ ਫ਼ਿਰਊਨ ਨਾਲ ਰਿਸ਼ਤੇਦਾਰੀ ਵਿਚ ਬੱਝ ਗਿਆ। ਉਸ ਨੇ ਫ਼ਿਰਊਨ ਦੀ ਧੀ ਨਾਲ ਵਿਆਹ ਕਰਾ ਲਿਆ+ ਅਤੇ ਉਸ ਨੂੰ ਦਾਊਦ ਦੇ ਸ਼ਹਿਰ+ ਲੈ ਆਇਆ। ਉਸ ਨੂੰ ਉਦੋਂ ਤਕ ਉੱਥੇ ਹੀ ਰੱਖਿਆ ਜਦ ਤਕ ਉਸ ਨੇ ਆਪਣੇ ਘਰ, ਯਹੋਵਾਹ ਦੇ ਘਰ+ ਅਤੇ ਯਰੂਸ਼ਲਮ ਦੀ ਕੰਧ ਦੀ ਉਸਾਰੀ ਪੂਰੀ ਨਾ ਕਰ ਲਈ।+ 2 ਪਰ ਲੋਕ ਹਾਲੇ ਵੀ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦੇ ਸਨ+ ਕਿਉਂਕਿ ਉਦੋਂ ਤਕ ਯਹੋਵਾਹ ਦੇ ਨਾਂ ਲਈ ਕੋਈ ਘਰ ਨਹੀਂ ਬਣਾਇਆ ਗਿਆ ਸੀ।+ 3 ਸੁਲੇਮਾਨ ਆਪਣੇ ਪਿਤਾ ਦਾਊਦ ਦੇ ਨਿਯਮਾਂ ਅਨੁਸਾਰ ਚੱਲ ਕੇ ਯਹੋਵਾਹ ਨੂੰ ਪਿਆਰ ਕਰਦਾ ਰਿਹਾ। ਪਰ ਉਹ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦਾ ਸੀ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+
4 ਰਾਜਾ ਬਲ਼ੀ ਚੜ੍ਹਾਉਣ ਲਈ ਗਿਬਓਨ ਗਿਆ ਕਿਉਂਕਿ ਇਹ ਉੱਚੀ ਜਗ੍ਹਾ ਸਭ ਤੋਂ ਖ਼ਾਸ* ਸੀ।+ ਸੁਲੇਮਾਨ ਨੇ ਉਸ ਵੇਦੀ ਉੱਤੇ 1,000 ਹੋਮ-ਬਲ਼ੀਆਂ ਚੜ੍ਹਾਈਆਂ।+ 5 ਗਿਬਓਨ ਵਿਚ ਰਾਤ ਨੂੰ ਯਹੋਵਾਹ ਸੁਲੇਮਾਨ ਦੇ ਸੁਪਨੇ ਵਿਚ ਆਇਆ ਤੇ ਪਰਮੇਸ਼ੁਰ ਨੇ ਕਿਹਾ: “ਮੰਗ, ਮੈਂ ਤੈਨੂੰ ਕੀ ਦਿਆਂ।”+ 6 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਤੂੰ ਆਪਣੇ ਸੇਵਕ, ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ ਕਿਉਂਕਿ ਉਹ ਤੇਰੇ ਅੱਗੇ ਵਫ਼ਾਦਾਰੀ, ਈਮਾਨਦਾਰੀ ਅਤੇ ਸਾਫ਼ਦਿਲੀ ਨਾਲ ਚੱਲਦਾ ਰਿਹਾ। ਤੂੰ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਉਸ ਨੂੰ ਇਕ ਪੁੱਤਰ ਦੇ ਕੇ ਦਿਖਾਇਆ ਹੈ ਕਿ ਤੂੰ ਅੱਜ ਵੀ ਉਸ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+ 7 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੇਰੇ ਪਿਤਾ ਦਾਊਦ ਦੀ ਜਗ੍ਹਾ ਆਪਣੇ ਇਸ ਸੇਵਕ ਨੂੰ ਰਾਜਾ ਬਣਾਇਆ ਹੈ, ਭਾਵੇਂ ਕਿ ਮੈਂ ਬੱਸ ਇਕ ਨੌਜਵਾਨ* ਤੇ ਨਾਤਜਰਬੇਕਾਰ* ਹਾਂ।+ 8 ਤੇਰਾ ਸੇਵਕ ਤੇਰੇ ਚੁਣੇ ਹੋਏ ਲੋਕਾਂ+ ਵਿਚਕਾਰ ਹੈ, ਹਾਂ, ਉਹ ਲੋਕ ਜੋ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। 9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?”
10 ਯਹੋਵਾਹ ਖ਼ੁਸ਼ ਹੋਇਆ ਕਿ ਸੁਲੇਮਾਨ ਨੇ ਇਹ ਬੇਨਤੀ ਕੀਤੀ।+ 11 ਫਿਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਬੇਨਤੀ ਕੀਤੀ ਅਤੇ ਤੂੰ ਆਪਣੇ ਲਈ ਨਾ ਲੰਬੀ ਉਮਰ,* ਨਾ ਧਨ-ਦੌਲਤ ਅਤੇ ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ ਮੰਗੀ, ਸਗੋਂ ਤੂੰ ਮੁਕੱਦਮਿਆਂ ਨੂੰ ਸੁਣਨ ਲਈ ਸਮਝ ਮੰਗੀ,+ 12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+ 13 ਇਸ ਤੋਂ ਇਲਾਵਾ, ਜੋ ਤੂੰ ਨਹੀਂ ਵੀ ਮੰਗਿਆ, ਉਹ ਵੀ ਮੈਂ ਤੈਨੂੰ ਦਿਆਂਗਾ।+ ਮੈਂ ਤੈਨੂੰ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਆਂਗਾ+ ਅਤੇ ਤੇਰੇ ਜੀਵਨ* ਦੌਰਾਨ ਤੇਰੇ ਵਰਗਾ ਕੋਈ ਹੋਰ ਰਾਜਾ ਨਾ ਹੋਵੇਗਾ।+ 14 ਨਾਲੇ ਜੇ ਤੂੰ ਮੇਰੇ ਨਿਯਮਾਂ ਅਤੇ ਹੁਕਮਾਂ ਨੂੰ ਮੰਨ ਕੇ ਮੇਰੇ ਰਾਹਾਂ ʼਤੇ ਚੱਲੇਂ, ਠੀਕ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਸੀ,+ ਤਾਂ ਮੈਂ ਤੈਨੂੰ ਲੰਬੀ ਉਮਰ ਵੀ ਦਿਆਂਗਾ।”*+
15 ਜਦੋਂ ਸੁਲੇਮਾਨ ਜਾਗਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਸੁਪਨਾ ਦੇਖ ਰਿਹਾ ਸੀ। ਫਿਰ ਉਹ ਯਰੂਸ਼ਲਮ ਗਿਆ ਅਤੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਖੜ੍ਹਾ ਹੋਇਆ। ਉਸ ਨੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਭੇਟਾਂ+ ਚੜ੍ਹਾਈਆਂ ਤੇ ਆਪਣੇ ਸਾਰੇ ਸੇਵਕਾਂ ਲਈ ਦਾਅਵਤ ਰੱਖੀ।
16 ਬਾਅਦ ਵਿਚ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਤੇ ਉਸ ਦੇ ਸਾਮ੍ਹਣੇ ਖੜ੍ਹੀਆਂ ਹੋ ਗਈਆਂ। 17 ਪਹਿਲੀ ਔਰਤ ਨੇ ਕਿਹਾ: “ਹੇ ਪ੍ਰਭੂ, ਮੈਂ ਤੇ ਇਹ ਔਰਤ ਇੱਕੋ ਘਰ ਵਿਚ ਰਹਿੰਦੀਆਂ ਹਾਂ। ਮੇਰੇ ਇਕ ਬੱਚਾ ਹੋਇਆ ਤੇ ਇਹ ਔਰਤ ਵੀ ਉਸ ਵੇਲੇ ਘਰ ਸੀ। 18 ਮੇਰੇ ਜਨਮ ਦੇਣ ਤੋਂ ਬਾਅਦ ਤੀਜੇ ਦਿਨ ਇਸ ਔਰਤ ਨੇ ਵੀ ਇਕ ਬੱਚੇ ਨੂੰ ਜਨਮ ਦਿੱਤਾ। ਉਦੋਂ ਅਸੀਂ ਦੋਵੇਂ ਇਕੱਲੀਆਂ ਸੀ; ਸਾਡੇ ਤੋਂ ਸਿਵਾਇ ਘਰ ਵਿਚ ਹੋਰ ਕੋਈ ਨਹੀਂ ਸੀ। 19 ਰਾਤ ਨੂੰ ਇਸ ਔਰਤ ਦਾ ਮੁੰਡਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੰਮੀ ਪੈ ਗਈ। 20 ਫਿਰ ਇਹ ਅੱਧੀ ਰਾਤ ਨੂੰ ਉੱਠੀ ਅਤੇ ਜਦੋਂ ਤੇਰੀ ਦਾਸੀ ਸੁੱਤੀ ਪਈ ਸੀ, ਇਸ ਨੇ ਮੇਰੇ ਮੁੰਡੇ ਨੂੰ ਮੇਰੇ ਕੋਲੋਂ ਚੁੱਕ ਲਿਆ। ਇਹਨੇ ਉਸ ਨੂੰ ਆਪਣੇ ਨਾਲ* ਪਾ ਲਿਆ ਤੇ ਆਪਣਾ ਮਰਿਆ ਹੋਇਆ ਮੁੰਡਾ ਮੇਰੇ ਨਾਲ ਪਾ ਗਈ। 21 ਜਦੋਂ ਮੈਂ ਸਵੇਰ ਨੂੰ ਉੱਠ ਕੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲੱਗੀ, ਤਾਂ ਮੈਂ ਦੇਖਿਆ ਕਿ ਉਹ ਮਰਿਆ ਹੋਇਆ ਸੀ। ਮੈਂ ਉਸ ਨੂੰ ਬੜੀ ਗੌਰ ਨਾਲ ਦੇਖਿਆ ਕਿ ਇਹ ਮੇਰਾ ਪੁੱਤਰ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।” 22 ਪਰ ਦੂਜੀ ਔਰਤ ਨੇ ਕਿਹਾ: “ਨਹੀਂ, ਜੀਉਂਦਾ ਮੁੰਡਾ ਮੇਰਾ ਹੈ ਅਤੇ ਮਰਿਆ ਮੁੰਡਾ ਤੇਰਾ ਹੈ!” ਪਰ ਪਹਿਲੀ ਔਰਤ ਕਹਿ ਰਹੀ ਸੀ: “ਨਹੀਂ, ਮਰਿਆ ਮੁੰਡਾ ਤੇਰਾ ਹੈ ਤੇ ਜੀਉਂਦਾ ਮੁੰਡਾ ਮੇਰਾ ਹੈ।” ਇਸ ਤਰ੍ਹਾਂ ਉਹ ਰਾਜੇ ਸਾਮ੍ਹਣੇ ਬਹਿਸਣ ਲੱਗੀਆਂ।
23 ਅਖ਼ੀਰ ਰਾਜੇ ਨੇ ਕਿਹਾ: “ਇਹ ਕਹਿੰਦੀ ਹੈ, ‘ਜੀਉਂਦਾ ਮੁੰਡਾ ਮੇਰਾ ਹੈ ਅਤੇ ਮਰਿਆ ਮੁੰਡਾ ਤੇਰਾ ਹੈ!’ ਅਤੇ ਉਹ ਕਹਿੰਦੀ ਹੈ, ‘ਨਹੀਂ, ਮਰਿਆ ਮੁੰਡਾ ਤੇਰਾ ਹੈ ਤੇ ਜੀਉਂਦਾ ਮੁੰਡਾ ਮੇਰਾ ਹੈ!’” 24 ਰਾਜੇ ਨੇ ਕਿਹਾ: “ਮੇਰੇ ਲਈ ਤਲਵਾਰ ਲਿਆਓ।” ਉਹ ਰਾਜੇ ਲਈ ਤਲਵਾਰ ਲੈ ਆਏ। 25 ਫਿਰ ਰਾਜੇ ਨੇ ਕਿਹਾ: “ਜੀਉਂਦੇ ਬੱਚੇ ਦੇ ਦੋ ਟੋਟੇ ਕਰ ਦਿਓ, ਅੱਧਾ ਇਕ ਔਰਤ ਨੂੰ ਦੇ ਦਿਓ ਤੇ ਅੱਧਾ ਦੂਜੀ ਨੂੰ।” 26 ਇਹ ਸੁਣਦਿਆਂ ਸਾਰ ਜੀਉਂਦੇ ਮੁੰਡੇ ਦੀ ਮਾਂ ਰਾਜੇ ਅੱਗੇ ਤਰਲੇ ਕਰਨ ਲੱਗੀ ਕਿਉਂਕਿ ਆਪਣੇ ਪੁੱਤਰ ਲਈ ਉਸ ਦੀ ਮਮਤਾ ਜਾਗ ਉੱਠੀ। ਉਸ ਨੇ ਕਿਹਾ: “ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਜੀਉਂਦਾ ਬੱਚਾ ਇਸ ਨੂੰ ਦੇ ਦਿਓ! ਇਸ ਨੂੰ ਜਾਨੋਂ ਨਾ ਮਾਰੋ!” ਪਰ ਦੂਜੀ ਔਰਤ ਕਹਿ ਰਹੀ ਸੀ: “ਉਹ ਨਾ ਮੈਨੂੰ ਮਿਲੇਗਾ ਤੇ ਨਾ ਤੈਨੂੰ! ਹੋ ਜਾਣ ਦੇ ਉਸ ਦੇ ਦੋ ਟੋਟੇ!” 27 ਇਹ ਸੁਣ ਕੇ ਰਾਜੇ ਨੇ ਕਿਹਾ: “ਬੱਚੇ ਨੂੰ ਨਾ ਮਾਰੋ, ਇਹ ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ ਕਿਉਂਕਿ ਇਹੀ ਉਸ ਦੀ ਮਾਂ ਹੈ।”
28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+