ਗਿਣਤੀ
3 ਹਾਰੂਨ ਅਤੇ ਮੂਸਾ ਦੀ ਇਹ ਵੰਸ਼ਾਵਲੀ ਉਸ ਸਮੇਂ ਦੀ ਹੈ ਜਦੋਂ ਯਹੋਵਾਹ ਨੇ ਸੀਨਈ ਪਹਾੜ+ ਉੱਤੇ ਮੂਸਾ ਨਾਲ ਗੱਲ ਕੀਤੀ ਸੀ। 2 ਇਹ ਹਾਰੂਨ ਦੇ ਪੁੱਤਰਾਂ ਦੇ ਨਾਂ ਸਨ: ਜੇਠਾ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+ 3 ਇਹ ਹਾਰੂਨ ਦੇ ਪੁੱਤਰਾਂ ਦੇ ਨਾਂ ਸਨ ਜਿਨ੍ਹਾਂ ਨੂੰ ਚੁਣਿਆ ਗਿਆ ਸੀ* ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।*+ 4 ਪਰ ਨਾਦਾਬ ਅਤੇ ਅਬੀਹੂ ਯਹੋਵਾਹ ਸਾਮ੍ਹਣੇ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਯਹੋਵਾਹ ਅੱਗੇ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਧੂਪ ਧੁਖਾਇਆ ਸੀ।+ ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸੀ। ਪਰ ਅਲਆਜ਼ਾਰ+ ਅਤੇ ਈਥਾਮਾਰ+ ਆਪਣੇ ਪਿਤਾ ਹਾਰੂਨ ਨਾਲ ਪੁਜਾਰੀਆਂ ਵਜੋਂ ਸੇਵਾ ਕਰਦੇ ਰਹੇ।
5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 6 “ਲੇਵੀ ਦੇ ਗੋਤ ਦੇ ਆਦਮੀਆਂ ਨੂੰ ਪੁਜਾਰੀ ਹਾਰੂਨ ਦੇ ਸਾਮ੍ਹਣੇ ਖੜ੍ਹਾ ਕਰ+ ਅਤੇ ਉਹ ਉਸ ਦੀ ਮਦਦ ਕਰਨਗੇ।+ 7 ਉਹ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਡੇਰੇ ਵਿਚ ਸੇਵਾ ਕਰ ਕੇ ਹਾਰੂਨ ਅਤੇ ਸਾਰੀ ਮੰਡਲੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। 8 ਉਹ ਮੰਡਲੀ ਦੇ ਤੰਬੂ ਦੇ ਸਾਰੇ ਸਾਮਾਨ ਦੀ ਦੇਖ-ਭਾਲ ਕਰਨ+ ਅਤੇ ਡੇਰੇ ਵਿਚ ਸੇਵਾ ਕਰ ਕੇ ਸਾਰੇ ਇਜ਼ਰਾਈਲੀਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+ 9 ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੌਂਪ ਦੇ। ਇਜ਼ਰਾਈਲੀਆਂ ਵਿੱਚੋਂ ਲੇਵੀ ਹਾਰੂਨ ਨੂੰ ਦਿੱਤੇ ਗਏ ਹਨ ਤਾਂਕਿ ਉਹ ਉਸ ਦੀ ਮਦਦ ਕਰਨ।+ 10 ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨਿਯੁਕਤ ਕਰ ਅਤੇ ਉਹ ਪੁਜਾਰੀਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+ ਜੇ ਕੋਈ* ਪਵਿੱਤਰ ਸਥਾਨ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।”+
11 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 12 “ਦੇਖ! ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ ਲੇਵੀਆਂ ਨੂੰ ਲੈਂਦਾ ਹਾਂ+ ਅਤੇ ਸਾਰੇ ਲੇਵੀ ਮੇਰੇ ਹੋਣਗੇ। 13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”
14 ਯਹੋਵਾਹ ਨੇ ਸੀਨਈ ਦੀ ਉਜਾੜ+ ਵਿਚ ਮੂਸਾ ਨਾਲ ਗੱਲ ਕਰਦੇ ਹੋਏ ਕਿਹਾ: 15 “ਤੂੰ ਲੇਵੀ ਦੇ ਸਾਰੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਪਰਿਵਾਰਾਂ ਅਨੁਸਾਰ ਬਣਾ। ਤੂੰ ਇਸ ਸੂਚੀ ਵਿਚ ਹਰ ਆਦਮੀ ਅਤੇ ਮੁੰਡੇ ਦਾ ਨਾਂ ਦਰਜ ਕਰ ਜਿਸ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਹੈ।”+ 16 ਇਸ ਲਈ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾਈ, ਠੀਕ ਜਿਵੇਂ ਉਸ ਨੂੰ ਹੁਕਮ ਦਿੱਤਾ ਗਿਆ ਸੀ। 17 ਇਹ ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੇਰਸ਼ੋਨ, ਕਹਾਥ ਅਤੇ ਮਰਾਰੀ।+
18 ਗੇਰਸ਼ੋਨ ਦੇ ਪੁੱਤਰਾਂ ਦੇ ਨਾਂ ਸਨ ਲਿਬਨੀ ਅਤੇ ਸ਼ਿਮਈ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।+
19 ਕਹਾਥ ਦੇ ਪੁੱਤਰਾਂ ਦੇ ਨਾਂ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ+ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।
20 ਮਰਾਰੀ ਦੇ ਪੁੱਤਰਾਂ ਦੇ ਨਾਂ ਸਨ ਮਹਲੀ+ ਅਤੇ ਮੂਸ਼ੀ+ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।
ਇਹ ਲੇਵੀਆਂ ਦੇ ਪਰਿਵਾਰਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ।
21 ਗੇਰਸ਼ੋਨ ਤੋਂ ਲਿਬਨੀਆਂ ਦਾ ਪਰਿਵਾਰ+ ਅਤੇ ਸ਼ਿਮਈਆਂ ਦਾ ਪਰਿਵਾਰ ਬਣਿਆ। ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ। 22 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 7,500 ਸੀ+ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। 23 ਗੇਰਸ਼ੋਨੀਆਂ ਦੇ ਪਰਿਵਾਰਾਂ ਨੇ ਪੱਛਮ ਵਿਚ ਡੇਰੇ ਦੇ ਪਿਛਲੇ ਪਾਸੇ ਆਪਣੇ ਤੰਬੂ ਲਾਏ ਸਨ।+ 24 ਗੇਰਸ਼ੋਨੀਆਂ ਦੇ ਘਰਾਣੇ* ਦਾ ਮੁਖੀ ਲਾਏਲ ਦਾ ਪੁੱਤਰ ਅਲਯਾਸਾਫ਼ ਸੀ। 25 ਡੇਰੇ ਵਿਚ ਗੇਰਸ਼ੋਨ ਦੇ ਪੁੱਤਰਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ:+ ਮੰਡਲੀ ਦਾ ਤੰਬੂ,+ ਇਸ ਨੂੰ ਢਕਣ ਵਾਲੇ ਪਰਦੇ,+ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ 26 ਡੇਰੇ ਅਤੇ ਵੇਦੀ ਦੇ ਆਲੇ-ਦੁਆਲੇ ਲੱਗੀ ਵਿਹੜੇ ਦੀ ਵਾੜ ਦੇ ਪਰਦੇ,+ ਵਿਹੜੇ ਦੇ ਦਰਵਾਜ਼ੇ ʼਤੇ ਲੱਗਾ ਪਰਦਾ+ ਅਤੇ ਇਸ ਦੀਆਂ ਰੱਸੀਆਂ। ਗੇਰਸ਼ੋਨੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।
27 ਕਹਾਥ ਤੋਂ ਅਮਰਾਮੀਆਂ ਦਾ ਪਰਿਵਾਰ, ਯਿਸਹਾਰੀਆਂ ਦਾ ਪਰਿਵਾਰ, ਹਬਰੋਨੀਆਂ ਦਾ ਪਰਿਵਾਰ ਅਤੇ ਉਜ਼ੀਏਲੀਆਂ ਦਾ ਪਰਿਵਾਰ ਬਣਿਆ। ਇਹ ਕਹਾਥੀਆਂ ਦੇ ਪਰਿਵਾਰ ਸਨ।+ 28 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 8,600 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। ਕਹਾਥੀਆਂ ਨੂੰ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।+ 29 ਕਹਾਥ ਦੇ ਪੁੱਤਰਾਂ ਦੇ ਪਰਿਵਾਰਾਂ ਨੇ ਡੇਰੇ ਦੇ ਦੱਖਣ ਵਿਚ ਤੰਬੂ ਲਾਏ ਸਨ।+ 30 ਕਹਾਥੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਉਜ਼ੀਏਲ ਦਾ ਪੁੱਤਰ ਅਲਸਾਫਾਨ ਸੀ।+ 31 ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ: ਇਕਰਾਰ ਦਾ ਸੰਦੂਕ,+ ਮੇਜ਼,+ ਸ਼ਮਾਦਾਨ,+ ਵੇਦੀਆਂ,+ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਵਰਤਿਆ ਜਾਂਦਾ ਸਾਮਾਨ+ ਅਤੇ ਅੰਦਰਲਾ ਪਰਦਾ।+ ਕਹਾਥੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+
32 ਪੁਜਾਰੀ ਹਾਰੂਨ ਦਾ ਪੁੱਤਰ ਅਲਆਜ਼ਾਰ+ ਲੇਵੀਆਂ ਦੇ ਮੁਖੀਆਂ ਦਾ ਪ੍ਰਧਾਨ ਸੀ। ਉਹ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੀ ਨਿਗਰਾਨੀ ਕਰਦਾ ਸੀ।
33 ਮਰਾਰੀ ਤੋਂ ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ ਬਣਿਆ। ਇਹ ਮਰਾਰੀਆਂ ਦੇ ਪਰਿਵਾਰ ਸਨ।+ 34 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 6,200 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।+ 35 ਮਰਾਰੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਅਬੀਹੈਲ ਦਾ ਪੁੱਤਰ ਸੂਰੀਏਲ ਸੀ। ਉਨ੍ਹਾਂ ਨੇ ਡੇਰੇ ਦੇ ਉੱਤਰ ਵਿਚ ਤੰਬੂ ਲਾਏ ਸਨ।+ 36 ਮਰਾਰੀ ਦੇ ਪੁੱਤਰਾਂ ਦੀ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੀ: ਡੇਰੇ ਦੇ ਚੌਖਟੇ,*+ ਇਸ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਇਸ ਦਾ ਸਾਰਾ ਸਾਮਾਨ।+ ਮਰਾਰੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+ 37 ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਹੜੇ ਦੀ ਵਾੜ ਦੇ ਥੰਮ੍ਹਾਂ, ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ ਅਤੇ ਰੱਸੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।
38 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਵੱਲ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਆਪਣੇ ਤੰਬੂ ਲਾਏ ਸਨ। ਉਨ੍ਹਾਂ ਨੇ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾ ਕੇ ਇਜ਼ਰਾਈਲੀਆਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਸੀ। ਜੇ ਕੋਈ* ਡੇਰੇ ਦੇ ਨੇੜੇ ਆਉਂਦਾ ਸੀ ਜਿਸ ਨੂੰ ਅਧਿਕਾਰ ਨਹੀਂ ਸੀ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਣਾ ਸੀ।+
39 ਸਾਰੇ ਲੇਵੀ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 22,000 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਅਤੇ ਹਾਰੂਨ ਨੇ ਉਨ੍ਹਾਂ ਸਾਰਿਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੀ।
40 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਸਾਰੇ ਇਜ਼ਰਾਈਲੀ ਜੇਠਿਆਂ ਦੀ ਗਿਣਤੀ ਕਰ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਹੈ+ ਅਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾ। 41 ਤੂੰ ਮੇਰੇ ਲਈ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਲੈ ਅਤੇ ਇਜ਼ਰਾਈਲੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠੇ ਲੈ।+ ਮੈਂ ਯਹੋਵਾਹ ਹਾਂ।” 42 ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਨੇ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਸੂਚੀ ਬਣਾਈ। 43 ਸੂਚੀ ਵਿਚ ਦਰਜ ਕੀਤੇ ਗਏ ਸਾਰੇ ਜੇਠਿਆਂ ਦੀ ਗਿਣਤੀ 22,273 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।
44 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 45 “ਤੂੰ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਲੈ ਅਤੇ ਇਜ਼ਰਾਈਲੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠੇ ਲੈ। ਸਾਰੇ ਲੇਵੀ ਮੇਰੇ ਹੋਣਗੇ। ਮੈਂ ਯਹੋਵਾਹ ਹਾਂ। 46 ਇਜ਼ਰਾਈਲੀਆਂ ਦੇ ਜੇਠਿਆਂ ਦੀ ਗਿਣਤੀ ਲੇਵੀਆਂ ਦੀ ਗਿਣਤੀ ਨਾਲੋਂ 273 ਜ਼ਿਆਦਾ ਹੈ,+ ਇਸ ਲਈ ਤੂੰ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲੈ।+ 47 ਤੂੰ ਹਰ ਜੇਠੇ ਲਈ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਪੰਜ ਸ਼ੇਕੇਲ*+ ਚਾਂਦੀ ਲੈ। ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੁੰਦਾ ਹੈ।+ 48 ਤੂੰ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਜਿਨ੍ਹਾਂ ਦੀ ਗਿਣਤੀ ਲੇਵੀਆਂ ਨਾਲੋਂ ਜ਼ਿਆਦਾ ਹੈ।” 49 ਇਸ ਲਈ ਮੂਸਾ ਨੇ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲਈ ਜਿਨ੍ਹਾਂ ਦੀ ਗਿਣਤੀ ਲੇਵੀਆਂ ਨਾਲੋਂ ਜ਼ਿਆਦਾ ਸੀ। 50 ਉਸ ਨੇ ਇਜ਼ਰਾਈਲੀਆਂ ਦੇ ਇਨ੍ਹਾਂ ਜੇਠਿਆਂ ਤੋਂ ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ 1,365 ਸ਼ੇਕੇਲ ਚਾਂਦੀ ਲਈ। 51 ਫਿਰ ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਨੇ ਰਿਹਾਈ ਦੀ ਕੀਮਤ ਦਾ ਸਾਰਾ ਪੈਸਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।