ਗਿਣਤੀ
4 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਲੇਵੀ ਦੇ ਪੁੱਤਰਾਂ ਵਿੱਚੋਂ ਕਹਾਥ ਦੇ ਪੁੱਤਰਾਂ+ ਦੀ ਗਿਣਤੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਕਰੋ। 3 ਤੁਸੀਂ 30+ ਤੋਂ 50+ ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਦਰਜ ਕਰੋ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ।+
4 “ਕਹਾਥ ਦੇ ਪੁੱਤਰਾਂ ਨੇ ਮੰਡਲੀ ਦੇ ਤੰਬੂ ਵਿਚ ਇਹ ਸੇਵਾ ਕਰਨੀ+ ਹੈ ਜੋ ਅੱਤ ਪਵਿੱਤਰ ਹੈ: 5 ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆ ਕੇ ਗਵਾਹੀ ਦੇ ਸੰਦੂਕ ਕੋਲ ਲੱਗਾ ਪਰਦਾ+ ਲਾਹੁਣ ਅਤੇ ਉਸ ਨਾਲ ਇਸ ਸੰਦੂਕ+ ਨੂੰ ਢਕ ਦੇਣ। 6 ਉਹ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਬਣੇ ਪਰਦੇ ਨਾਲ ਢਕਣ ਅਤੇ ਇਸ ਉੱਤੇ ਗੂੜ੍ਹੇ ਨੀਲੇ ਰੰਗ ਦਾ ਕੱਪੜਾ ਪਾ ਦੇਣ। ਸੰਦੂਕ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ।
7 “ਨਾਲੇ ਉਹ ਚੜ੍ਹਾਵੇ ਦੀਆਂ ਰੋਟੀਆਂ ਵਾਲੇ ਮੇਜ਼+ ਦੇ ਉੱਪਰ ਨੀਲਾ ਕੱਪੜਾ ਪਾਉਣ ਅਤੇ ਉਸ ਉੱਤੇ ਥਾਲੀਆਂ, ਪਿਆਲੇ ਅਤੇ ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਤੇ ਕਟੋਰੇ ਰੱਖਣ।+ ਫਿਰ ਪਵਿੱਤਰ ਰੋਟੀਆਂ+ ਮੇਜ਼ ਉੱਤੇ ਰੱਖੀਆਂ ਜਾਣ। 8 ਫਿਰ ਉਹ ਮੇਜ਼ ਉੱਤੇ ਗੂੜ੍ਹੇ ਲਾਲ ਰੰਗ ਦਾ ਕੱਪੜਾ ਪਾ ਕੇ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਇਸ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ। 9 ਫਿਰ ਉਹ ਨੀਲੇ ਰੰਗ ਦਾ ਕੱਪੜਾ ਲੈ ਕੇ ਸ਼ਮਾਦਾਨ,+ ਦੀਵਿਆਂ,+ ਚਿਮਟੀਆਂ, ਅੱਗ ਚੁੱਕਣ ਵਾਲੇ ਕੜਛਿਆਂ+ ਅਤੇ ਦੀਵਿਆਂ ਲਈ ਤੇਲ ਵਾਲੇ ਸਾਰੇ ਭਾਂਡਿਆਂ ਨੂੰ ਢਕ ਦੇਣ। 10 ਉਹ ਸ਼ਮਾਦਾਨ ਅਤੇ ਇਸ ਦੇ ਸਾਰੇ ਸਾਮਾਨ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਵਿਚ ਲਪੇਟਣ ਅਤੇ ਇਸ ਨੂੰ ਚੁੱਕਣ ਲਈ ਬੱਲੀ ਉੱਤੇ ਰੱਖਣ। 11 ਉਹ ਸੋਨੇ ਦੀ ਵੇਦੀ+ ਉੱਤੇ ਨੀਲਾ ਕੱਪੜਾ ਪਾਉਣ ਅਤੇ ਫਿਰ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਵੇਦੀ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ। 12 ਫਿਰ ਉਹ ਪਵਿੱਤਰ ਸਥਾਨ ਵਿਚ ਸੇਵਾ ਲਈ ਵਰਤਿਆ ਜਾਂਦਾ ਸਾਰਾ ਸਾਮਾਨ+ ਨੀਲੇ ਕੱਪੜੇ ਵਿਚ ਲਪੇਟਣ ਅਤੇ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਇਸ ਨੂੰ ਚੁੱਕਣ ਲਈ ਬੱਲੀ ਉੱਤੇ ਰੱਖਣ।
13 “ਉਹ ਵੇਦੀ ਤੋਂ ਸਾਰੀ ਸੁਆਹ* ਚੁੱਕਣ+ ਅਤੇ ਵੇਦੀ ਉੱਤੇ ਬੈਂਗਣੀ ਉੱਨ ਦਾ ਕੱਪੜਾ ਪਾ ਦੇਣ। 14 ਫਿਰ ਉਹ ਇਸ ਉੱਤੇ ਵੇਦੀ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਰੱਖਣ: ਅੱਗ ਚੁੱਕਣ ਵਾਲੇ ਕੜਛੇ, ਕਾਂਟੇ, ਬੇਲਚੇ, ਕਟੋਰੇ।+ ਉਹ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਵੇਦੀ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ।
15 “ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਇਸ ਦੇ ਸਾਰੇ ਸਾਮਾਨ ਨੂੰ ਜ਼ਰੂਰ ਢਕ ਦੇਣ।+ ਫਿਰ ਕਹਾਥ ਦੇ ਪੁੱਤਰ ਆ ਕੇ ਇਨ੍ਹਾਂ ਨੂੰ ਚੁੱਕਣ,+ ਪਰ ਉਹ ਪਵਿੱਤਰ ਸਥਾਨ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਉਣ, ਨਹੀਂ ਤਾਂ ਉਹ ਮਰ ਜਾਣਗੇ।+ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਦੀ ਜ਼ਿੰਮੇਵਾਰੀ ਕਹਾਥ ਦੇ ਪੁੱਤਰਾਂ ਦੀ ਹੈ।
16 “ਇਹ ਸਾਰੀਆਂ ਚੀਜ਼ਾਂ ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ+ ਦੀ ਨਿਗਰਾਨੀ ਅਧੀਨ ਹਨ: ਦੀਵਿਆਂ ਲਈ ਤੇਲ,+ ਖ਼ੁਸ਼ਬੂਦਾਰ ਧੂਪ,+ ਰੋਜ਼ ਚੜ੍ਹਾਇਆ ਜਾਂਦਾ ਅਨਾਜ ਦਾ ਚੜ੍ਹਾਵਾ ਅਤੇ ਪਵਿੱਤਰ ਤੇਲ।+ ਉਹ ਪਵਿੱਤਰ ਸਥਾਨ, ਇਸ ਦੇ ਸਾਰੇ ਸਾਮਾਨ, ਤੰਬੂ ਅਤੇ ਇਸ ਵਿਚ ਵਰਤੇ ਜਾਣ ਵਾਲੇ ਸਾਰੇ ਸਾਮਾਨ ਦੀ ਨਿਗਰਾਨੀ ਕਰਦਾ ਹੈ।”
17 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 18 “ਤੁਸੀਂ ਲੇਵੀਆਂ ਵਿੱਚੋਂ ਕਹਾਥੀਆਂ ਦੇ ਪਰਿਵਾਰਾਂ+ ਨੂੰ ਨਾਸ਼ ਨਹੀਂ ਹੋਣ ਦੇਣਾ। 19 ਪਰ ਤੁਸੀਂ ਉਨ੍ਹਾਂ ਲਈ ਇਹ ਸਭ ਕੁਝ ਕਰੋ ਤਾਂਕਿ ਉਹ ਜੀਉਂਦੇ ਰਹਿਣ ਅਤੇ ਅੱਤ ਪਵਿੱਤਰ ਚੀਜ਼ਾਂ ਦੇ ਨੇੜੇ ਆਉਣ ਕਰ ਕੇ ਮਰ ਨਾ ਜਾਣ।+ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਅੰਦਰ ਜਾ ਕੇ ਹਰੇਕ ਨੂੰ ਸੇਵਾ ਦਾ ਕੰਮ ਸੌਂਪਣ ਅਤੇ ਉਨ੍ਹਾਂ ਨੂੰ ਦੱਸਣ ਕਿ ਕਿਸ ਨੇ ਕਿਹੜਾ-ਕਿਹੜਾ ਸਾਮਾਨ ਚੁੱਕਣਾ ਹੈ। 20 ਕਹਾਥੀ ਪਵਿੱਤਰ ਸਥਾਨ ਦੇ ਅੰਦਰ ਜਾ ਕੇ ਇਕ ਪਲ ਲਈ ਵੀ ਪਵਿੱਤਰ ਚੀਜ਼ਾਂ ਨੂੰ ਨਾ ਦੇਖਣ, ਨਹੀਂ ਤਾਂ ਉਹ ਮਰ ਜਾਣਗੇ।”+
21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 22 “ਗੇਰਸ਼ੋਨ ਦੇ ਪੁੱਤਰਾਂ+ ਦੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰ। 23 ਤੂੰ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕਰ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। 24 ਗੇਰਸ਼ੋਨੀਆਂ ਦੇ ਪਰਿਵਾਰਾਂ ਨੂੰ ਡੇਰੇ ਦੀਆਂ ਇਨ੍ਹਾਂ ਚੀਜ਼ਾਂ ਦੀ ਦੇਖ-ਰੇਖ ਕਰਨ ਅਤੇ ਇਨ੍ਹਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:+ 25 ਉਹ ਡੇਰੇ ਦੇ ਪਰਦੇ,+ ਮੰਡਲੀ ਦੇ ਤੰਬੂ ਦੇ ਪਰਦੇ, ਸੀਲ ਮੱਛੀ ਦੀ ਖੱਲ ਦਾ ਪਰਦਾ+ ਅਤੇ ਇਸ ਦੇ ਹੇਠਾਂ ਵਾਲਾ ਪਰਦਾ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ 26 ਡੇਰੇ ਅਤੇ ਵੇਦੀ ਦੇ ਆਲੇ-ਦੁਆਲੇ ਲੱਗੀ ਵਿਹੜੇ ਦੀ ਵਾੜ ਦੇ ਪਰਦੇ,+ ਵਿਹੜੇ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ ਇਨ੍ਹਾਂ ਦੀਆਂ ਰੱਸੀਆਂ ਅਤੇ ਸਾਰਾ ਸਾਮਾਨ ਅਤੇ ਸੇਵਾ ਵਿਚ ਵਰਤੀ ਜਾਣ ਵਾਲੀ ਹਰ ਚੀਜ਼ ਚੁੱਕਣਗੇ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। 27 ਗੇਰਸ਼ੋਨੀ+ ਸੇਵਾ ਦੇ ਇਹ ਸਾਰੇ ਕੰਮ ਅਤੇ ਇਹ ਸਾਰੀਆਂ ਚੀਜ਼ਾਂ ਚੁੱਕਣ ਦਾ ਕੰਮ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਨਿਗਰਾਨੀ ਹੇਠ ਕਰਨਗੇ। ਤੂੰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਸੌਂਪ। 28 ਮੰਡਲੀ ਦੇ ਤੰਬੂ ਵਿਚ ਸੇਵਾ ਦੇ ਇਹ ਕੰਮ ਗੇਰਸ਼ੋਨੀਆਂ ਦੇ ਪਰਿਵਾਰ ਕਰਨਗੇ+ ਅਤੇ ਉਹ ਇਹ ਜ਼ਿੰਮੇਵਾਰੀਆਂ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਨਿਭਾਉਣਗੇ।+
29 “ਤੂੰ ਮਰਾਰੀ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣੇ ਅਨੁਸਾਰ ਬਣਾਈਂ। 30 ਤੂੰ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕਰ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। 31 ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:+ ਤੰਬੂ ਦੇ ਚੌਖਟੇ,*+ ਇਨ੍ਹਾਂ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ;+ 32 ਵਿਹੜੇ ਦੀ ਵਾੜ ਦੇ ਥੰਮ੍ਹ,+ ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ,+ ਰੱਸੀਆਂ ਅਤੇ ਉਨ੍ਹਾਂ ਦਾ ਸਾਰਾ ਸਾਜ਼-ਸਾਮਾਨ। ਉਹ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨਗੇ। ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਉਸ ਦਾ ਨਾਂ ਲੈ ਕੇ ਦੱਸੀਂ ਕਿ ਉਸ ਨੇ ਕਿਹੜਾ ਸਾਮਾਨ ਚੁੱਕਣਾ ਹੈ। 33 ਮਰਾਰੀ ਦੇ ਪੁੱਤਰਾਂ ਦੇ ਪਰਿਵਾਰ+ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਇਹ ਕੰਮ ਕਰਨਗੇ ਅਤੇ ਉਹ ਇਹ ਜ਼ਿੰਮੇਵਾਰੀਆਂ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਨਿਭਾਉਣਗੇ।”+
34 ਫਿਰ ਮੂਸਾ, ਹਾਰੂਨ ਅਤੇ ਮੰਡਲੀ ਦੇ ਮੁਖੀਆਂ+ ਨੇ ਕਹਾਥੀਆਂ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ। 35 ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।+ 36 ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 2,750 ਸੀ।+ 37 ਕਹਾਥੀਆਂ ਦੇ ਪਰਿਵਾਰਾਂ ਵਿੱਚੋਂ ਇਨ੍ਹਾਂ ਨੂੰ ਸੂਚੀ ਵਿਚ ਦਰਜ ਕੀਤਾ ਗਿਆ ਸੀ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਮੂਸਾ ਅਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
38 ਗੇਰਸ਼ੋਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ 39 ਅਤੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 40 ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 2,630 ਸੀ।+ 41 ਗੇਰਸ਼ੋਨ ਦੇ ਪੁੱਤਰਾਂ ਦੇ ਪਰਿਵਾਰਾਂ ਦੇ ਨਾਂ ਲਿਖੇ ਗਏ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਦਰਜ ਕੀਤੇ।+
42 ਮਰਾਰੀ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ 43 ਅਤੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।+ 44 ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 3,200 ਸੀ।+ 45 ਮਰਾਰੀ ਦੇ ਪੁੱਤਰਾਂ ਦੇ ਪਰਿਵਾਰਾਂ ਦੇ ਨਾਂ ਲਿਖੇ ਗਏ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਯਹੋਵਾਹ ਨੇ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਉਸ ਅਨੁਸਾਰ ਮੂਸਾ ਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਦਰਜ ਕੀਤੇ।+
46 ਫਿਰ ਮੂਸਾ, ਹਾਰੂਨ ਅਤੇ ਇਜ਼ਰਾਈਲ ਦੇ ਮੁਖੀਆਂ ਨੇ ਲੇਵੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਅਨੁਸਾਰ ਬਣਾਈ। 47 ਉਨ੍ਹਾਂ ਦੀ ਉਮਰ 30 ਤੋਂ 50 ਸਾਲ ਸੀ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਨਾਲ ਜੁੜੇ ਕੰਮ ਕਰਨ ਅਤੇ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।+ 48 ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 8,580 ਸੀ।+ 49 ਯਹੋਵਾਹ ਨੇ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਉਸ ਅਨੁਸਾਰ ਮੂਸਾ ਨੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾਈ। ਉਨ੍ਹਾਂ ਨੂੰ ਸੇਵਾ ਦੇ ਜੋ-ਜੋ ਕੰਮ ਅਤੇ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਮੁਤਾਬਕ ਉਨ੍ਹਾਂ ਦੇ ਨਾਂ ਦਰਜ ਕੀਤੇ ਗਏ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।