ਪਹਿਲਾ ਸਮੂਏਲ
21 ਬਾਅਦ ਵਿਚ ਦਾਊਦ ਨੋਬ+ ਵਿਚ ਅਹੀਮਲਕ ਪੁਜਾਰੀ ਕੋਲ ਆਇਆ। ਦਾਊਦ ਨੂੰ ਮਿਲਦੇ ਸਾਰ ਅਹੀਮਲਕ ਡਰ ਦੇ ਮਾਰੇ ਕੰਬਣ ਲੱਗ ਪਿਆ ਅਤੇ ਉਸ ਨੇ ਉਸ ਨੂੰ ਕਿਹਾ: “ਤੂੰ ਇਕੱਲਾ ਕਿਉਂ ਹੈਂ, ਕੋਈ ਹੋਰ ਕਿਉਂ ਨਹੀਂ ਤੇਰੇ ਨਾਲ?”+ 2 ਦਾਊਦ ਨੇ ਅਹੀਮਲਕ ਪੁਜਾਰੀ ਨੂੰ ਕਿਹਾ: “ਰਾਜੇ ਨੇ ਮੈਨੂੰ ਇਕ ਕੰਮ ਕਰਨ ਦਾ ਹੁਕਮ ਦਿੱਤਾ ਹੈ, ਪਰ ਉਸ ਨੇ ਕਿਹਾ ਹੈ, ‘ਜਿਸ ਕੰਮ ਲਈ ਮੈਂ ਤੈਨੂੰ ਘੱਲ ਰਿਹਾ ਹਾਂ ਅਤੇ ਮੈਂ ਤੈਨੂੰ ਜੋ ਹਿਦਾਇਤਾਂ ਦਿੱਤੀਆਂ ਹਨ, ਉਨ੍ਹਾਂ ਬਾਰੇ ਕਿਸੇ ਨੂੰ ਦੱਸੀਂ ਨਾ।’ ਮੈਂ ਆਪਣੇ ਆਦਮੀਆਂ ਨੂੰ ਫਲਾਣੀ ਜਗ੍ਹਾ ਮਿਲਣ ਲਈ ਕਿਹਾ ਹੈ। 3 ਹੁਣ ਜੇ ਤੇਰੇ ਕੋਲ ਪੰਜ ਰੋਟੀਆਂ ਹਨ ਜਾਂ ਫਿਰ ਕੋਈ ਹੋਰ ਖਾਣ ਵਾਲੀ ਚੀਜ਼ ਹੈ, ਤਾਂ ਮੈਨੂੰ ਦੇ।” 4 ਪਰ ਪੁਜਾਰੀ ਨੇ ਦਾਊਦ ਨੂੰ ਕਿਹਾ: “ਇੱਥੇ ਸਿਰਫ਼ ਪਵਿੱਤਰ ਰੋਟੀਆਂ ਹਨ,+ ਆਮ ਰੋਟੀਆਂ ਨਹੀਂ ਹਨ। ਤੇਰੇ ਆਦਮੀ ਇਨ੍ਹਾਂ ਨੂੰ ਖਾ ਸਕਦੇ ਹਨ, ਬਸ਼ਰਤੇ ਕਿ ਉਹ ਪਿਛਲੇ ਕੁਝ ਸਮੇਂ ਤੋਂ ਔਰਤਾਂ ਤੋਂ ਦੂਰ ਰਹੇ ਹੋਣ।”*+ 5 ਦਾਊਦ ਨੇ ਪੁਜਾਰੀ ਨੂੰ ਜਵਾਬ ਦਿੱਤਾ: “ਜਦੋਂ ਵੀ ਮੈਂ ਯੁੱਧ ਵਿਚ ਗਿਆ, ਅਸੀਂ ਹਮੇਸ਼ਾ ਔਰਤਾਂ ਤੋਂ ਦੂਰ ਹੀ ਰਹੇ ਹਾਂ।+ ਜੇ ਆਦਮੀਆਂ ਨੇ ਉਨ੍ਹਾਂ ਆਮ ਮੌਕਿਆਂ ʼਤੇ ਆਪਣੇ ਸਰੀਰਾਂ ਨੂੰ ਸ਼ੁੱਧ ਰੱਖਿਆ, ਤਾਂ ਅੱਜ ਇਸ ਕੰਮ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਕਿੰਨਾ ਸ਼ੁੱਧ ਰੱਖਿਆ ਹੋਣਾ!” 6 ਇਸ ਲਈ ਪੁਜਾਰੀ ਨੇ ਉਸ ਨੂੰ ਪਵਿੱਤਰ ਰੋਟੀਆਂ ਦੇ ਦਿੱਤੀਆਂ+ ਕਿਉਂਕਿ ਚੜ੍ਹਾਵੇ ਦੀਆਂ ਰੋਟੀਆਂ ਤੋਂ ਸਿਵਾਇ ਉੱਥੇ ਹੋਰ ਰੋਟੀਆਂ ਨਹੀਂ ਸਨ। ਉਸ ਦਿਨ ਯਹੋਵਾਹ ਦੀ ਹਜ਼ੂਰੀ ਵਿੱਚੋਂ ਇਹ ਰੋਟੀਆਂ ਚੁੱਕ ਕੇ ਇਨ੍ਹਾਂ ਦੀ ਜਗ੍ਹਾ ਤਾਜ਼ੀਆਂ ਰੋਟੀਆਂ ਰੱਖੀਆਂ ਗਈਆਂ ਸਨ।
7 ਉਸ ਦਿਨ ਸ਼ਾਊਲ ਦਾ ਇਕ ਨੌਕਰ ਵੀ ਉੱਥੇ ਸੀ ਜਿਸ ਨੂੰ ਯਹੋਵਾਹ ਅੱਗੇ ਰੋਕ ਕੇ ਰੱਖਿਆ ਗਿਆ ਸੀ। ਉਸ ਦਾ ਨਾਂ ਅਦੋਮੀ+ ਦੋਏਗ+ ਸੀ ਜੋ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।
8 ਦਾਊਦ ਨੇ ਅਹੀਮਲਕ ਨੂੰ ਕਿਹਾ: “ਕੀ ਤੇਰੇ ਕੋਲ ਕੋਈ ਬਰਛਾ ਜਾਂ ਤਲਵਾਰ ਹੈ? ਮੈਂ ਆਪਣੀ ਤਲਵਾਰ ਜਾਂ ਹਥਿਆਰ ਲੈ ਕੇ ਨਹੀਂ ਆਇਆ ਕਿਉਂਕਿ ਮੈਂ ਰਾਜੇ ਦੇ ਕੰਮ ਲਈ ਜਲਦੀ ਨਿਕਲਣਾ ਸੀ।” 9 ਪੁਜਾਰੀ ਨੇ ਕਿਹਾ: “ਇੱਥੇ ਏਫੋਦ+ ਦੇ ਪਿੱਛੇ ਕੱਪੜੇ ਵਿਚ ਲਪੇਟੀ ਹੋਈ ਗੋਲਿਅਥ ਫਲਿਸਤੀ ਦੀ ਤਲਵਾਰ+ ਹੈ ਜਿਸ ਨੂੰ ਤੂੰ ਏਲਾਹ ਵਾਦੀ ਵਿਚ ਮਾਰ ਸੁੱਟਿਆ ਸੀ।+ ਜੇ ਤੂੰ ਇਸ ਨੂੰ ਆਪਣੇ ਲਈ ਲੈਣਾ ਚਾਹੁੰਦਾ ਹੈਂ, ਤਾਂ ਲੈ ਸਕਦਾਂ ਕਿਉਂਕਿ ਇੱਥੇ ਸਿਰਫ਼ ਇਹੀ ਤਲਵਾਰ ਹੈ।” ਦਾਊਦ ਨੇ ਕਿਹਾ: “ਇਸ ਵਰਗੀ ਕੋਈ ਤਲਵਾਰ ਹੈ ਹੀ ਨਹੀਂ। ਇਹ ਮੈਨੂੰ ਦੇ ਦੇ।”
10 ਉਸ ਦਿਨ ਦਾਊਦ ਉੱਠਿਆ ਅਤੇ ਸ਼ਾਊਲ ਤੋਂ ਭੱਜਦਾ-ਭੱਜਦਾ+ ਅਖ਼ੀਰ ਗਥ ਦੇ ਰਾਜਾ ਆਕੀਸ਼ ਕੋਲ ਆਇਆ।+ 11 ਆਕੀਸ਼ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਕੀ ਇਹ ਉਸ ਦੇਸ਼ ਦਾ ਰਾਜਾ ਦਾਊਦ ਨਹੀਂ? ਕੀ ਇਹ ਉਹੀ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ,
‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ’?”+
12 ਦਾਊਦ ਇਨ੍ਹਾਂ ਗੱਲਾਂ ਕਰਕੇ ਚਿੰਤਾ ਵਿਚ ਪੈ ਗਿਆ ਅਤੇ ਉਹ ਗਥ ਦੇ ਰਾਜੇ ਆਕੀਸ਼ ਤੋਂ ਬਹੁਤ ਡਰ ਗਿਆ।+ 13 ਇਸ ਲਈ ਉਸ ਨੇ ਉਨ੍ਹਾਂ ਸਾਮ੍ਹਣੇ ਪਾਗਲ ਹੋਣ ਦਾ ਢੌਂਗ ਕੀਤਾ+ ਅਤੇ ਉਨ੍ਹਾਂ ਵਿਚਕਾਰ* ਹੁੰਦਿਆਂ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ। ਉਹ ਫਾਟਕ ਦੇ ਦਰਵਾਜ਼ਿਆਂ ਉੱਤੇ ਝਰੀਟਾਂ ਮਾਰਨ ਲੱਗ ਪਿਆ ਅਤੇ ਆਪਣੀ ਦਾੜ੍ਹੀ ਉੱਤੇ ਲਾਲ਼ਾਂ ਵਗਣ ਦਿੱਤੀਆਂ। 14 ਅਖ਼ੀਰ ਆਕੀਸ਼ ਨੇ ਆਪਣੇ ਨੌਕਰਾਂ ਨੂੰ ਕਿਹਾ: “ਇਹ ਬੰਦਾ ਤਾਂ ਪਾਗਲ ਹੈ! ਤੁਸੀਂ ਇਸ ਨੂੰ ਮੇਰੇ ਕੋਲ ਕਿਉਂ ਲਿਆਏ ਹੋ? 15 ਕੀ ਮੇਰੇ ਕੋਲ ਪਾਗਲਾਂ ਦੀ ਘਾਟ ਹੈ ਜੋ ਤੁਸੀਂ ਇਕ ਹੋਰ ਪਾਗਲ ਨੂੰ ਮੇਰੇ ਕੋਲ ਲੈ ਆਏ? ਮੈਂ ਇਸ ਨੂੰ ਆਪਣੇ ਘਰ ਕਿਉਂ ਵੜਨ ਦਿਆਂ?”