ਨਿਆਈਆਂ
8 ਫਿਰ ਇਫ਼ਰਾਈਮ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਡੇ ਨਾਲ ਇਹ ਕੀ ਕੀਤਾ? ਜਦ ਤੂੰ ਮਿਦਿਆਨ ਖ਼ਿਲਾਫ਼ ਲੜਨ ਗਿਆ ਸੀ, ਤਾਂ ਸਾਨੂੰ ਕਿਉਂ ਨਹੀਂ ਸੱਦਿਆ?”+ ਉਨ੍ਹਾਂ ਨੇ ਉਸ ਨਾਲ ਬਹੁਤ ਝਗੜਾ ਕੀਤਾ।+ 2 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ, ਮੈਂ ਇੱਦਾਂ ਦਾ ਕੀ ਕੀਤਾ ਕਿ ਤੁਹਾਡੀ ਬਰਾਬਰੀ ਕਰ ਸਕਾਂ? ਕੀ ਅਬੀ-ਅਜ਼ਰ+ ਦੇ ਅੰਗੂਰਾਂ ਦੀ ਫ਼ਸਲ ਨਾਲੋਂ ਇਫ਼ਰਾਈਮ+ ਦੇ ਚੁਗੇ ਹੋਏ ਅੰਗੂਰ ਬਿਹਤਰ ਨਹੀਂ ਹਨ? 3 ਪਰਮੇਸ਼ੁਰ ਨੇ ਮਿਦਿਆਨ ਦੇ ਹਾਕਮਾਂ, ਓਰੇਬ ਤੇ ਜ਼ਏਬ ਨੂੰ ਤੁਹਾਡੇ ਹੱਥ ਵਿਚ ਦਿੱਤਾ ਸੀ।+ ਫਿਰ ਭਲਾ, ਮੈਂ ਤੁਹਾਡੇ ਬਰਾਬਰ ਕੀਤਾ ਹੀ ਕੀ ਹੈ?” ਜਦੋਂ ਉਸ ਨੇ ਇਸ ਤਰੀਕੇ ਨਾਲ ਗੱਲ ਕੀਤੀ, ਤਾਂ ਉਹ ਸ਼ਾਂਤ ਹੋ ਗਏ।
4 ਫਿਰ ਗਿਦਾਊਨ ਯਰਦਨ ਨੂੰ ਆਇਆ ਤੇ ਇਸ ਨੂੰ ਪਾਰ ਕੀਤਾ। ਉਹ ਅਤੇ ਉਸ ਦੇ ਨਾਲ ਦੇ 300 ਆਦਮੀ ਥੱਕੇ ਹੋਏ ਸਨ, ਪਰ ਉਹ ਪਿੱਛਾ ਕਰਦੇ ਰਹੇ। 5 ਇਸ ਲਈ ਉਸ ਨੇ ਸੁੱਕੋਥ ਦੇ ਆਦਮੀਆਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਦੇ ਆਦਮੀਆਂ ਨੂੰ ਰੋਟੀ ਦਿਓ ਕਿਉਂਕਿ ਉਹ ਥੱਕੇ ਹੋਏ ਹਨ ਤੇ ਮੈਂ ਮਿਦਿਆਨ ਦੇ ਰਾਜਿਆਂ ਜ਼ਬਾਹ ਤੇ ਸਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।” 6 ਪਰ ਸੁੱਕੋਥ ਦੇ ਹਾਕਮਾਂ ਨੇ ਕਿਹਾ: “ਭਲਾ, ਜ਼ਬਾਹ ਤੇ ਸਲਮੁੰਨਾ* ਤੇਰੇ ਹੱਥ ਲੱਗ ਗਏ ਹਨ ਕਿ ਅਸੀਂ ਤੇਰੀ ਫ਼ੌਜ ਨੂੰ ਰੋਟੀਆਂ ਦੇਈਏ?” 7 ਇਹ ਸੁਣ ਕੇ ਗਿਦਾਊਨ ਨੇ ਕਿਹਾ: “ਅੱਛਾ, ਠੀਕ ਹੈ। ਜਦੋਂ ਯਹੋਵਾਹ ਜ਼ਬਾਹ ਤੇ ਸਲਮੁੰਨਾ ਨੂੰ ਮੇਰੇ ਹੱਥ ਵਿਚ ਦੇਵੇਗਾ, ਤਾਂ ਮੈਂ ਉਜਾੜ ਦੇ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਤੁਹਾਡੀ ਛਿੱਲ ਲਾਹਾਂਗਾ।”+ 8 ਉੱਥੋਂ ਉਹ ਪਨੂਏਲ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਹੀ ਮੰਗ ਕੀਤੀ, ਪਰ ਪਨੂਏਲ ਦੇ ਆਦਮੀਆਂ ਨੇ ਉਸ ਨੂੰ ਉਹੀ ਜਵਾਬ ਦਿੱਤਾ ਜੋ ਸੁੱਕੋਥ ਦੇ ਆਦਮੀਆਂ ਨੇ ਦਿੱਤਾ ਸੀ। 9 ਉਸ ਨੇ ਪਨੂਏਲ ਦੇ ਆਦਮੀਆਂ ਨੂੰ ਵੀ ਕਿਹਾ: “ਜਦੋਂ ਮੈਂ ਸਹੀ-ਸਲਾਮਤ ਵਾਪਸ ਆਵਾਂਗਾ, ਤਾਂ ਮੈਂ ਇਹ ਬੁਰਜ ਢਾਹ ਸੁੱਟਾਂਗਾ।”+
10 ਜ਼ਬਾਹ ਤੇ ਸਲਮੁੰਨਾ ਆਪਣੀਆਂ ਫ਼ੌਜਾਂ ਨਾਲ ਯਾਨੀ ਲਗਭਗ 15,000 ਆਦਮੀਆਂ ਨਾਲ ਕਰਕੋਰ ਵਿਚ ਸਨ। ਪੂਰਬੀ ਲੋਕਾਂ ਦੀ ਸਾਰੀ ਫ਼ੌਜ+ ਵਿੱਚੋਂ ਬੱਸ ਇਹੀ ਬਚੇ ਸਨ ਕਿਉਂਕਿ ਤਲਵਾਰਾਂ ਨਾਲ ਲੈਸ 1,20,000 ਆਦਮੀ ਮਰ ਚੁੱਕੇ ਸਨ। 11 ਗਿਦਾਊਨ ਨੋਬਹ ਤੇ ਯਾਗਬਹਾ+ ਦੇ ਪੂਰਬ ਵੱਲ ਤੰਬੂਆਂ ਵਿਚ ਰਹਿੰਦੇ ਲੋਕਾਂ ਦੇ ਰਾਹ ਥਾਣੀਂ ਗਿਆ ਅਤੇ ਉਸ ਨੇ ਛਾਉਣੀ ਉੱਤੇ ਹਮਲਾ ਕਰ ਦਿੱਤਾ ਜੋ ਉਸ ਵੇਲੇ ਹਮਲੇ ਲਈ ਤਿਆਰ ਨਹੀਂ ਸੀ। 12 ਜਦੋਂ ਜ਼ਬਾਹ ਤੇ ਸਲਮੁੰਨਾ ਭੱਜੇ, ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਮਿਦਿਆਨ ਦੇ ਦੋਹਾਂ ਰਾਜਿਆਂ ਜ਼ਬਾਹ ਤੇ ਸਲਮੁੰਨਾ ਨੂੰ ਫੜ ਲਿਆ ਜਿਸ ਕਰਕੇ ਸਾਰੀ ਛਾਉਣੀ ਵਿਚ ਹਫੜਾ-ਦਫੜੀ ਮੱਚ ਗਈ।
13 ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਨੂੰ ਜਾਂਦੀ ਚੜ੍ਹਾਈ ਦੇ ਰਸਤਿਓਂ ਯੁੱਧ ਤੋਂ ਵਾਪਸ ਆ ਗਿਆ। 14 ਰਾਹ ਵਿਚ ਉਸ ਨੇ ਸੁੱਕੋਥ ਦੇ ਇਕ ਨੌਜਵਾਨ ਨੂੰ ਫੜ ਲਿਆ ਤੇ ਉਸ ਤੋਂ ਪੁੱਛ-ਗਿੱਛ ਕੀਤੀ। ਉਸ ਨੌਜਵਾਨ ਨੇ ਸੁੱਕੋਥ ਦੇ ਹਾਕਮਾਂ ਤੇ ਬਜ਼ੁਰਗਾਂ, ਹਾਂ, ਕੁੱਲ 77 ਆਦਮੀਆਂ ਦੇ ਨਾਂ ਲਿਖ ਕੇ ਉਸ ਨੂੰ ਦੇ ਦਿੱਤੇ। 15 ਫਿਰ ਉਸ ਨੇ ਸੁੱਕੋਥ ਦੇ ਆਦਮੀਆਂ ਕੋਲ ਜਾ ਕੇ ਕਿਹਾ; “ਆਹ ਦੇਖੋ, ਜ਼ਬਾਹ ਤੇ ਸਲਮੁੰਨਾ ਜਿਨ੍ਹਾਂ ਬਾਰੇ ਤੁਸੀਂ ਮੈਨੂੰ ਇਹ ਕਹਿ ਕੇ ਤਾਅਨਾ ਮਾਰਿਆ ਸੀ, ‘ਭਲਾ, ਜ਼ਬਾਹ ਤੇ ਸਲਮੁੰਨਾ* ਤੇਰੇ ਹੱਥ ਲੱਗ ਗਏ ਹਨ ਕਿ ਅਸੀਂ ਤੇਰੇ ਥੱਕੇ ਹੋਏ ਆਦਮੀਆਂ ਨੂੰ ਰੋਟੀਆਂ ਦੇਈਏ?’”+ 16 ਫਿਰ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਤੇ ਉਜਾੜ ਦੇ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਸੁੱਕੋਥ ਦੇ ਆਦਮੀਆਂ ਨੂੰ ਸਬਕ ਸਿਖਾਇਆ।+ 17 ਅਤੇ ਉਸ ਨੇ ਪਨੂਏਲ+ ਦਾ ਬੁਰਜ ਢਾਹ ਸੁੱਟਿਆ ਤੇ ਸ਼ਹਿਰ ਦੇ ਆਦਮੀਆਂ ਨੂੰ ਮਾਰ ਦਿੱਤਾ।
18 ਉਸ ਨੇ ਜ਼ਬਾਹ ਤੇ ਸਲਮੁੰਨਾ ਨੂੰ ਪੁੱਛਿਆ: “ਤਾਬੋਰ ਵਿਚ ਜਿਨ੍ਹਾਂ ਆਦਮੀਆਂ ਨੂੰ ਤੁਸੀਂ ਮਾਰਿਆ ਸੀ, ਉਹ ਕਿੱਦਾਂ ਦੇ ਦਿਸਦੇ ਸਨ?” ਉਨ੍ਹਾਂ ਨੇ ਕਿਹਾ: “ਉਹ ਤੇਰੇ ਵਰਗੇ ਦਿਸਦੇ ਸਨ, ਹਰ ਕੋਈ ਰਾਜੇ ਦੇ ਪੁੱਤਰ ਵਰਗਾ ਲੱਗਦਾ ਸੀ।” 19 ਇਹ ਸੁਣ ਕੇ ਉਸ ਨੇ ਕਿਹਾ: “ਉਹ ਮੇਰੇ ਭਰਾ ਸਨ, ਮੇਰੀ ਮਾਤਾ ਦੇ ਪੁੱਤਰ। ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜੇ ਤੁਸੀਂ ਉਨ੍ਹਾਂ ਦੀਆਂ ਜਾਨਾਂ ਬਖ਼ਸ਼ ਦਿੱਤੀਆਂ ਹੁੰਦੀਆਂ, ਤਾਂ ਮੈਂ ਵੀ ਤੁਹਾਨੂੰ ਜਾਨੋਂ ਨਾ ਮਾਰਦਾ।” 20 ਫਿਰ ਉਸ ਨੇ ਆਪਣੇ ਜੇਠੇ ਪੁੱਤਰ ਯਥਰ ਨੂੰ ਕਿਹਾ: “ਉੱਠ, ਇਨ੍ਹਾਂ ਨੂੰ ਮਾਰ ਸੁੱਟ।” ਪਰ ਉਸ ਨੌਜਵਾਨ ਨੇ ਆਪਣੀ ਤਲਵਾਰ ਨਹੀਂ ਕੱਢੀ; ਉਹ ਡਰਦਾ ਸੀ ਕਿਉਂਕਿ ਉਹ ਉਮਰ ਵਿਚ ਹਾਲੇ ਛੋਟਾ ਸੀ। 21 ਇਸ ਲਈ ਜ਼ਬਾਹ ਤੇ ਸਲਮੁੰਨਾ ਨੇ ਕਿਹਾ: “ਤੂੰ ਆਪੇ ਉੱਠ ਕੇ ਸਾਨੂੰ ਮਾਰ ਸੁੱਟ ਕਿਉਂਕਿ ਮਰਦ ਉਹੀ ਹੁੰਦਾ ਜਿਸ ਵਿਚ ਤਾਕਤ ਹੋਵੇ।”* ਇਸ ਲਈ ਗਿਦਾਊਨ ਉੱਠਿਆ ਤੇ ਜ਼ਬਾਹ ਤੇ ਸਲਮੁੰਨਾ+ ਨੂੰ ਮਾਰ ਸੁੱਟਿਆ ਅਤੇ ਉਸ ਨੇ ਉਨ੍ਹਾਂ ਦੇ ਊਠਾਂ ਦੇ ਗਲ਼ਾਂ ਵਿੱਚੋਂ ਚੰਦ ਦੀ ਫਾੜੀ ਦੇ ਆਕਾਰ ਦੇ ਗਹਿਣੇ ਲਾਹ ਲਏ।
22 ਬਾਅਦ ਵਿਚ ਇਜ਼ਰਾਈਲ ਦੇ ਆਦਮੀਆਂ ਨੇ ਗਿਦਾਊਨ ਨੂੰ ਕਿਹਾ: “ਸਾਡੇ ʼਤੇ ਰਾਜ ਕਰ, ਹਾਂ, ਤੂੰ, ਤੇਰਾ ਪੁੱਤਰ, ਨਾਲੇ ਤੇਰਾ ਪੋਤਾ ਵੀ ਕਿਉਂਕਿ ਤੂੰ ਸਾਨੂੰ ਮਿਦਿਆਨ ਦੇ ਹੱਥੋਂ ਬਚਾਇਆ ਹੈ।”+ 23 ਪਰ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ʼਤੇ ਰਾਜ ਨਹੀਂ ਕਰਾਂਗਾ ਤੇ ਨਾ ਹੀ ਮੇਰਾ ਪੁੱਤਰ ਤੁਹਾਡੇ ʼਤੇ ਰਾਜ ਕਰੇਗਾ। ਸਿਰਫ਼ ਯਹੋਵਾਹ ਹੀ ਤੁਹਾਡੇ ʼਤੇ ਰਾਜ ਕਰੇਗਾ।”+ 24 ਗਿਦਾਊਨ ਨੇ ਅੱਗੇ ਕਿਹਾ: “ਮੈਂ ਤੁਹਾਨੂੰ ਬੱਸ ਇਕ ਬੇਨਤੀ ਕਰਦਾ ਹਾਂ: ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਲੁੱਟ ਦੇ ਮਾਲ ਵਿੱਚੋਂ ਮੈਨੂੰ ਇਕ-ਇਕ ਨੱਥ ਦੇਵੇ।” (ਉਨ੍ਹਾਂ ਕੋਲ ਸੋਨੇ ਦੀਆਂ ਨੱਥਾਂ ਸਨ ਕਿਉਂਕਿ ਉਹ ਇਸਮਾਏਲੀ ਸਨ।)+ 25 ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਜ਼ਰੂਰ ਦੇਵਾਂਗੇ।” ਇਹ ਕਹਿ ਕੇ ਉਨ੍ਹਾਂ ਨੇ ਇਕ ਕੱਪੜਾ ਵਿਛਾਇਆ ਤੇ ਹਰੇਕ ਆਦਮੀ ਨੇ ਆਪਣੇ ਲੁੱਟ ਦੇ ਮਾਲ ਵਿੱਚੋਂ ਇਕ ਨੱਥ ਉਸ ਕੱਪੜੇ ʼਤੇ ਸੁੱਟ ਦਿੱਤੀ। 26 ਉਸ ਨੇ ਜਿਹੜੀਆਂ ਸੋਨੇ ਦੀਆਂ ਨੱਥਾਂ ਮੰਗੀਆਂ ਸਨ, ਉਨ੍ਹਾਂ ਦਾ ਭਾਰ 1,700 ਸ਼ੇਕੇਲ* ਸੋਨਾ ਸੀ। ਇਸ ਤੋਂ ਇਲਾਵਾ ਇਹ ਵੀ ਸਨ: ਚੰਦ ਦੀ ਫਾੜੀ ਵਰਗੇ ਗਹਿਣੇ, ਕੈਂਠੇ, ਬੈਂਗਣੀ ਉੱਨ ਦੇ ਕੱਪੜੇ ਜੋ ਰਾਜੇ ਪਹਿਨਦੇ ਸਨ ਅਤੇ ਊਠਾਂ ਦੇ ਗਲ਼ਾਂ ਵਿਚ ਪਾਏ ਜਾਂਦੇ ਹਾਰ।+
27 ਇਸ ਸੋਨੇ ਨਾਲ ਗਿਦਾਊਨ ਨੇ ਇਕ ਏਫ਼ੋਦ ਬਣਾਇਆ+ ਅਤੇ ਆਪਣੇ ਸ਼ਹਿਰ ਆਫਰਾਹ+ ਵਿਚ ਇਸ ਦੀ ਨੁਮਾਇਸ਼ ਕੀਤੀ; ਅਤੇ ਸਾਰੇ ਇਜ਼ਰਾਈਲ ਨੇ ਇਸ ਨਾਲ ਹਰਾਮਕਾਰੀ ਕੀਤੀ*+ ਅਤੇ ਇਹ ਗਿਦਾਊਨ ਤੇ ਉਸ ਦੇ ਘਰਾਣੇ ਲਈ ਫੰਦਾ ਸਾਬਤ ਹੋਇਆ।+
28 ਇਸ ਤਰ੍ਹਾਂ ਮਿਦਿਆਨ+ ਇਜ਼ਰਾਈਲੀਆਂ ਦੇ ਅਧੀਨ ਹੋ ਗਿਆ ਅਤੇ ਉਨ੍ਹਾਂ ਨੇ ਦੁਬਾਰਾ ਉਨ੍ਹਾਂ ਨੂੰ ਨਹੀਂ ਲਲਕਾਰਿਆ;* ਗਿਦਾਊਨ ਦੇ ਦਿਨਾਂ ਵਿਚ ਦੇਸ਼ ਨੂੰ 40 ਸਾਲ ਆਰਾਮ ਰਿਹਾ।*+
29 ਯੋਆਸ਼ ਦਾ ਪੁੱਤਰ ਯਰੁਬਾਲ+ ਆਪਣੇ ਘਰ ਮੁੜ ਆਇਆ ਤੇ ਉੱਥੇ ਹੀ ਰਿਹਾ।
30 ਗਿਦਾਊਨ ਦੇ 70 ਪੁੱਤਰ ਹੋਏ* ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ। 31 ਸ਼ਕਮ ਵਿਚ ਉਸ ਦੀ ਇਕ ਰਖੇਲ ਤੋਂ ਵੀ ਉਸ ਦਾ ਇਕ ਪੁੱਤਰ ਹੋਇਆ ਅਤੇ ਗਿਦਾਊਨ ਨੇ ਉਸ ਦਾ ਨਾਂ ਅਬੀਮਲਕ ਰੱਖਿਆ।+ 32 ਯੋਆਸ਼ ਦਾ ਪੁੱਤਰ ਗਿਦਾਊਨ ਲੰਬੀ ਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਮਰ ਗਿਆ ਅਤੇ ਉਸ ਨੂੰ ਅਬੀ-ਅਜ਼ਰੀਆਂ ਦੇ ਆਫਰਾਹ ਵਿਚ ਉਸ ਦੇ ਪਿਤਾ ਯੋਆਸ਼ ਦੀ ਕਬਰ ਵਿਚ ਦਫ਼ਨਾਇਆ ਗਿਆ।+
33 ਗਿਦਾਊਨ ਦੇ ਮਰਦੇ ਸਾਰ ਇਜ਼ਰਾਈਲੀ ਦੁਬਾਰਾ ਬਆਲਾਂ ਨਾਲ ਹਰਾਮਕਾਰੀ* ਕਰਨ ਲੱਗ ਪਏ+ ਅਤੇ ਉਨ੍ਹਾਂ ਨੇ ਬਆਲ-ਬਰੀਥ ਨੂੰ ਆਪਣਾ ਦੇਵਤਾ ਬਣਾ ਲਿਆ।+ 34 ਇਜ਼ਰਾਈਲੀਆਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਯਾਦ ਨਹੀਂ ਰੱਖਿਆ+ ਜਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਬਚਾਇਆ ਸੀ;+ 35 ਨਾ ਹੀ ਉਨ੍ਹਾਂ ਨੇ ਯਰੁਬਾਲ ਯਾਨੀ ਗਿਦਾਊਨ ਵੱਲੋਂ ਇਜ਼ਰਾਈਲ ਨਾਲ ਕੀਤੀ ਭਲਾਈ ਦੇ ਬਦਲੇ ਉਸ ਦੇ ਘਰਾਣੇ ਨੂੰ ਅਟੱਲ ਪਿਆਰ ਦਿਖਾਇਆ।+