ਮੀਕਾਹ
7 ਹਾਇ ਮੇਰੇ ʼਤੇ! ਮੈਂ ਉਸ ਇਨਸਾਨ ਵਰਗਾ ਹਾਂ
ਜਿਸ ਨੂੰ ਗਰਮੀਆਂ ਦਾ ਫਲ ਇਕੱਠਾ ਹੋਣ ਤੋਂ ਬਾਅਦ
ਅਤੇ ਅੰਗੂਰਾਂ ਨੂੰ ਤੋੜਨ ਅਤੇ ਚੁਗਣ ਤੋਂ ਬਾਅਦ
ਖਾਣ ਲਈ ਅੰਗੂਰਾਂ ਦਾ ਇਕ ਵੀ ਗੁੱਛਾ ਨਹੀਂ ਮਿਲਦਾ
ਅਤੇ ਨਾ ਹੀ ਅੰਜੀਰ ਦਾ ਪਹਿਲਾ ਫਲ ਜਿਸ ਲਈ ਮੈਂ ਤਰਸਦਾ ਹਾਂ।
ਸਾਰੇ ਖ਼ੂਨ-ਖ਼ਰਾਬਾ ਕਰਨ ਲਈ ਘਾਤ ਲਾ ਕੇ ਬੈਠਦੇ ਹਨ।+
ਹਰ ਕੋਈ ਆਪਣੇ ਹੀ ਭਰਾ ਨੂੰ ਫਸਾਉਣ ਲਈ ਜਾਲ਼ ਵਿਛਾਉਂਦਾ ਹੈ।
3 ਉਨ੍ਹਾਂ ਦੇ ਹੱਥ ਬੁਰਾਈ ਕਰਨ ਵਿਚ ਮਾਹਰ ਹਨ;+
ਆਗੂ ਮੰਗ ਤੇ ਮੰਗ ਰੱਖਦਾ ਹੈ,
ਨਿਆਂਕਾਰ ਰਿਸ਼ਵਤ ਮੰਗਦਾ ਹੈ,+
ਰੁਤਬੇਦਾਰ ਆਦਮੀ ਆਪਣੀਆਂ ਇੱਛਾਵਾਂ ਦੱਸਦਾ ਹੈ,+
ਇਸ ਕਰਕੇ ਉਹ ਮਿਲ ਕੇ ਸਾਜ਼ਸ਼ਾਂ ਘੜਦੇ ਹਨ।*
4 ਉਨ੍ਹਾਂ ਵਿਚ ਸਭ ਤੋਂ ਚੰਗਾ ਇਨਸਾਨ ਕੰਡਿਆਂ ਵਾਂਗ ਹੈ,
ਉਨ੍ਹਾਂ ਵਿਚ ਸਭ ਤੋਂ ਖਰਾ ਇਨਸਾਨ ਕੰਡਿਆਲ਼ੀ ਵਾੜ ਤੋਂ ਵੀ ਭੈੜਾ ਹੈ।
ਉਹ ਦਿਨ ਜ਼ਰੂਰ ਆਵੇਗਾ ਜਿਸ ਬਾਰੇ ਤੇਰੇ ਪਹਿਰੇਦਾਰਾਂ ਨੇ ਦੱਸਿਆ ਸੀ,
ਉਸ ਦਿਨ ਤੇਰੇ ਤੋਂ ਲੇਖਾ ਲਿਆ ਜਾਵੇਗਾ।+
ਉਸ ਵੇਲੇ ਉਹ ਘਬਰਾ ਜਾਣਗੇ।+
5 ਤੂੰ ਆਪਣੇ ਸਾਥੀ ʼਤੇ ਵਿਸ਼ਵਾਸ ਨਾ ਕਰ
ਜਾਂ ਆਪਣੇ ਜਿਗਰੀ ਦੋਸਤ ʼਤੇ ਭਰੋਸਾ ਨਾ ਰੱਖ।+
ਉਸ ਨਾਲ ਵੀ ਸੋਚ-ਸਮਝ ਕੇ ਗੱਲ ਕਰ ਜੋ ਤੇਰੀਆਂ ਬਾਹਾਂ ਵਿਚ ਸੁੱਤੀ ਪਈ ਹੈ।
6 ਕਿਉਂਕਿ ਪੁੱਤਰ ਆਪਣੇ ਪਿਤਾ ਤੋਂ ਘਿਣ ਕਰਦਾ ਹੈ,
ਧੀ ਆਪਣੀ ਮਾਂ ਦੇ ਖ਼ਿਲਾਫ਼ ਉੱਠਦੀ ਹੈ+
ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ ਹੈ;+
ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹਨ।+
7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+
ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+
ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+
8 ਹੇ ਮੇਰੀਏ ਦੁਸ਼ਮਣੇ, ਖ਼ੁਸ਼ ਨਾ ਹੋ।
ਭਾਵੇਂ ਮੈਂ ਡਿਗ ਗਿਆ ਹਾਂ, ਪਰ ਉੱਠ ਖਲੋਵਾਂਗਾ;
ਭਾਵੇਂ ਮੈਂ ਹਨੇਰੇ ਵਿਚ ਵੱਸਦਾ ਹਾਂ, ਪਰ ਯਹੋਵਾਹ ਮੇਰਾ ਚਾਨਣ ਹੋਵੇਗਾ।
9 ਜਦ ਤਕ ਯਹੋਵਾਹ ਮੇਰਾ ਮੁਕੱਦਮਾ ਨਹੀਂ ਲੜਦਾ ਅਤੇ ਮੇਰਾ ਇਨਸਾਫ਼ ਨਹੀਂ ਕਰਦਾ
ਤਦ ਤਕ ਮੈਂ ਉਸ ਦਾ ਕ੍ਰੋਧ ਸਹਾਂਗਾ
ਕਿਉਂਕਿ ਮੈਂ ਉਸ ਦੇ ਖ਼ਿਲਾਫ਼ ਪਾਪ ਕੀਤਾ ਹੈ।+
ਉਹ ਮੈਨੂੰ ਚਾਨਣ ਵਿਚ ਲਿਆਵੇਗਾ;
ਮੈਂ ਉਸ ਦੀ ਭਲਾਈ ਦੇ ਕੰਮ ਦੇਖਾਂਗਾ।
10 ਮੇਰੀ ਦੁਸ਼ਮਣ ਵੀ ਦੇਖੇਗੀ
ਅਤੇ ਉਹ ਸ਼ਰਮਿੰਦੀ ਹੋਵੇਗੀ ਜਿਸ ਨੇ ਮੈਨੂੰ ਕਿਹਾ ਸੀ:
“ਤੇਰਾ ਪਰਮੇਸ਼ੁਰ ਯਹੋਵਾਹ ਕਿੱਥੇ ਹੈ?”+
ਮੇਰੀਆਂ ਅੱਖਾਂ ਮੇਰੀ ਦੁਸ਼ਮਣ ਨੂੰ ਦੇਖਣਗੀਆਂ।
ਉਸ ਨੂੰ ਗਲੀਆਂ ਦੇ ਚਿੱਕੜ ਵਾਂਗ ਮਿੱਧਿਆ ਜਾਵੇਗਾ।
11 ਉਸ ਦਿਨ ਤੇਰੀਆਂ ਪੱਥਰ ਦੀਆਂ ਕੰਧਾਂ ਬਣਾਈਆਂ ਜਾਣਗੀਆਂ;
ਉਸ ਦਿਨ ਤੇਰੀ ਸਰਹੱਦ ਵਧਾਈ ਜਾਵੇਗੀ।
12 ਉਸ ਦਿਨ ਲੋਕ ਤੇਰੇ ਕੋਲ ਆਉਣਗੇ,
ਹਾਂ, ਅੱਸ਼ੂਰ ਅਤੇ ਮਿਸਰ ਦੇ ਸ਼ਹਿਰਾਂ ਤੋਂ,
ਮਿਸਰ ਤੋਂ ਲੈ ਕੇ ਦਰਿਆ* ਤਕ ਦੇ ਇਲਾਕੇ ਤੋਂ;
ਸਮੁੰਦਰ ਤੋਂ ਸਮੁੰਦਰ ਅਤੇ ਪਹਾੜ ਤੋਂ ਪਹਾੜ ਤਕ ਦੇ ਇਲਾਕੇ ਤੋਂ।+
13 ਅਤੇ ਦੇਸ਼ ਆਪਣੇ ਵਾਸੀਆਂ ਕਰਕੇ ਵੀਰਾਨ ਹੋ ਜਾਵੇਗਾ,
ਉਨ੍ਹਾਂ ਕੰਮਾਂ ਕਰਕੇ ਜੋ ਉਨ੍ਹਾਂ ਨੇ ਕੀਤੇ ਸਨ।*
14 ਆਪਣੇ ਡੰਡੇ ਨਾਲ ਆਪਣੇ ਲੋਕਾਂ ਦੀ, ਹਾਂ, ਆਪਣੀ ਵਿਰਾਸਤ ਦੇ ਝੁੰਡ ਦੀ ਚਰਵਾਹੀ ਕਰ,+
ਜਿਹੜਾ ਜੰਗਲ ਵਿਚ ਇਕੱਲਾ ਰਹਿੰਦਾ ਸੀ, ਹਾਂ, ਫਲਾਂ ਦੇ ਬਾਗ਼ ਵਿਚ।
ਪੁਰਾਣੇ ਸਮਿਆਂ ਵਾਂਗ ਉਨ੍ਹਾਂ ਨੂੰ ਬਾਸ਼ਾਨ ਅਤੇ ਗਿਲਆਦ ਵਿਚ ਘਾਹ ਚਰਨ ਦੇ।+
15 “ਮੈਂ ਤੁਹਾਨੂੰ ਸ਼ਾਨਦਾਰ ਕੰਮ ਦਿਖਾਵਾਂਗਾ,
ਜਿਵੇਂ ਉਨ੍ਹਾਂ ਦਿਨਾਂ ਵਿਚ ਦਿਖਾਏ ਸਨ ਜਦ ਤੁਸੀਂ ਮਿਸਰ ਤੋਂ ਬਾਹਰ ਆਏ ਸੀ।+
16 ਕੌਮਾਂ ਦੇਖਣਗੀਆਂ ਅਤੇ ਤਾਕਤਵਰ ਹੋਣ ਦੇ ਬਾਵਜੂਦ ਸ਼ਰਮਿੰਦਾ ਹੋਣਗੀਆਂ।+
ਉਹ ਆਪਣਾ ਹੱਥ ਆਪਣੇ ਮੂੰਹ ʼਤੇ ਰੱਖਣਗੀਆਂ;
ਉਨ੍ਹਾਂ ਦੇ ਕੰਨ ਬੋਲ਼ੇ ਹੋ ਜਾਣਗੇ।
17 ਉਹ ਸੱਪਾਂ ਵਾਂਗ ਮਿੱਟੀ ਚੱਟਣਗੇ;+
ਉਹ ਧਰਤੀ ʼਤੇ ਘਿਸਰਨ ਵਾਲੇ ਜਾਨਵਰਾਂ ਵਾਂਗ ਆਪਣੇ ਮਜ਼ਬੂਤ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ।
ਉਹ ਖ਼ੌਫ਼ ਦੇ ਮਾਰੇ ਸਾਡੇ ਪਰਮੇਸ਼ੁਰ ਯਹੋਵਾਹ ਕੋਲ ਆਉਣਗੇ
ਅਤੇ ਉਹ ਤੇਰਾ ਡਰ ਮੰਨਣਗੇ।”+
18 ਤੇਰੇ ਵਰਗਾ ਪਰਮੇਸ਼ੁਰ ਕੌਣ ਹੈ,
ਜੋ ਆਪਣੀ ਵਿਰਾਸਤ ਦੇ ਬਾਕੀ ਬਚੇ ਹੋਏ ਲੋਕਾਂ+ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?+
ਉਹ ਹਮੇਸ਼ਾ ਗੁੱਸੇ ਵਿਚ ਨਹੀਂ ਰਹੇਗਾ
ਕਿਉਂਕਿ ਉਸ ਨੂੰ ਅਟੱਲ ਪਿਆਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ।+
19 ਉਹ ਦੁਬਾਰਾ ਸਾਡੇ ʼਤੇ ਦਇਆ ਕਰੇਗਾ;+ ਉਹ ਸਾਡੇ ਗੁਨਾਹਾਂ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ।*
ਤੂੰ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦੇਵੇਂਗਾ।+
20 ਤੂੰ ਯਾਕੂਬ ਨਾਲ ਵਫ਼ਾਦਾਰੀ ਨਿਭਾਵੇਂਗਾ
ਅਤੇ ਅਬਰਾਹਾਮ ਨਾਲ ਅਟੱਲ ਪਿਆਰ ਕਰੇਂਗਾ,
ਜਿਵੇਂ ਤੂੰ ਪੁਰਾਣੇ ਸਮੇਂ ਤੋਂ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+