ਪਤਰਸ ਦੀ ਪਹਿਲੀ ਚਿੱਠੀ
5 ਇਸ ਲਈ ਮੈਂ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਦੇ ਨਾਤੇ ਅਤੇ ਪ੍ਰਗਟ ਕੀਤੀ ਜਾਣ ਵਾਲੀ ਮਹਿਮਾ+ ਦਾ ਹਿੱਸੇਦਾਰ ਹੋਣ ਦੇ ਨਾਤੇ ਅਤੇ ਬਜ਼ੁਰਗ ਹੋਣ ਦੇ ਨਾਤੇ ਤੁਹਾਡੇ ਬਜ਼ੁਰਗਾਂ ਨੂੰ ਬੇਨਤੀ ਕਰਦਾ* ਹਾਂ: 2 ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ+ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਨਿਗਾਹਬਾਨ ਹੋਣ ਦੇ ਨਾਤੇ* ਆਪਣਾ ਕੰਮ ਮਜਬੂਰੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੇ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਕਰੋ+ ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ,+ ਸਗੋਂ ਜੀ-ਜਾਨ ਨਾਲ ਕਰੋ; 3 ਨਾ ਹੀ ਉਨ੍ਹਾਂ ਉੱਤੇ ਹੁਕਮ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ* ਹਨ,+ ਸਗੋਂ ਭੇਡਾਂ ਲਈ ਮਿਸਾਲ ਬਣੋ।+ 4 ਜਦੋਂ ਮੁੱਖ ਚਰਵਾਹਾ+ ਪ੍ਰਗਟ ਹੋਵੇਗਾ, ਤਾਂ ਤੁਹਾਨੂੰ ਮਹਿਮਾ ਦਾ ਮੁਕਟ ਮਿਲੇਗਾ ਜਿਸ ਦੀ ਸੁੰਦਰਤਾ ਕਦੀ ਖ਼ਤਮ ਨਹੀਂ ਹੋਵੇਗੀ।+
5 ਇਸੇ ਤਰ੍ਹਾਂ ਨੌਜਵਾਨੋ, ਵੱਡੀ ਉਮਰ ਦੇ ਭਰਾਵਾਂ* ਦੇ ਅਧੀਨ ਰਹੋ।+ ਪਰ ਤੁਸੀਂ ਸਾਰੇ ਇਕ-ਦੂਸਰੇ ਨਾਲ ਨਿਮਰਤਾ* ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।+
6 ਇਸ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਪਰਮੇਸ਼ੁਰ* ਦੇ ਅਧੀਨ ਕਰੋ ਤਾਂਕਿ ਸਮਾਂ ਆਉਣ ਤੇ ਉਹ ਤੁਹਾਨੂੰ ਉੱਚਾ ਕਰੇ।+ 7 ਨਾਲੇ ਆਪਣੀਆਂ ਸਾਰੀਆਂ ਚਿੰਤਾਵਾਂ* ਦਾ ਬੋਝ ਉਸ ਉੱਤੇ ਪਾ ਦਿਓ+ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।+ 8 ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!+ ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।+ 9 ਪਰ ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਉਸ ਦਾ ਮੁਕਾਬਲਾ ਕਰੋ+ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।+ 10 ਫਿਰ ਜਦੋਂ ਤੁਸੀਂ ਥੋੜ੍ਹੇ ਚਿਰ ਲਈ ਦੁੱਖ ਝੱਲ ਲਵੋਗੇ, ਤਾਂ ਸਾਰੀ ਅਪਾਰ ਕਿਰਪਾ ਦਾ ਪਰਮੇਸ਼ੁਰ, ਜਿਸ ਨੇ ਤੁਹਾਨੂੰ ਮਸੀਹ ਦੇ ਰਾਹੀਂ ਆਪਣੀ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਲਈ ਸੱਦਿਆ ਹੈ,+ ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ+ ਅਤੇ ਤੁਹਾਨੂੰ ਤਕੜਾ ਕਰੇਗਾ+ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ। 11 ਯੁਗੋ-ਯੁਗ ਤਾਕਤ ਉਸੇ ਦੀ ਹੋਵੇ। ਆਮੀਨ।
12 ਮੈਂ ਸਿਲਵਾਨੁਸ*+ ਦੇ ਹੱਥੀਂ, ਜਿਸ ਨੂੰ ਮੈਂ ਵਫ਼ਾਦਾਰ ਭਰਾ ਮੰਨਦਾ ਹਾਂ, ਇਹ ਥੋੜ੍ਹੇ ਜਿਹੇ ਸ਼ਬਦ ਲਿਖਵਾ ਕੇ ਤੁਹਾਨੂੰ ਹੱਲਾਸ਼ੇਰੀ ਅਤੇ ਪੱਕੀ ਗਵਾਹੀ ਦੇ ਰਿਹਾ ਹਾਂ ਕਿ ਤੁਹਾਡੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸੱਚੀ ਹੈ। ਤੁਸੀਂ ਇਸ ਅਪਾਰ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖੋ। 13 ਬਾਬਲ ਵਿਚ ਤੁਹਾਡੇ ਵਾਂਗ ਚੁਣੀ ਹੋਈ ਭੈਣ* ਨੇ ਅਤੇ ਮੇਰੇ ਪੁੱਤਰ ਮਰਕੁਸ+ ਨੇ ਤੁਹਾਨੂੰ ਨਮਸਕਾਰ ਕਿਹਾ ਹੈ। 14 ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ।
ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਬਖ਼ਸ਼ੇ ਜਿਹੜੇ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹਨ।