ਗਿਣਤੀ
9 ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਪਹਿਲੇ ਮਹੀਨੇ ਦੌਰਾਨ ਸੀਨਈ ਦੀ ਉਜਾੜ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਕਿਹਾ: 2 “ਇਜ਼ਰਾਈਲੀ ਮਿਥੇ ਸਮੇਂ ਤੇ ਪਸਾਹ ਦੀ ਬਲ਼ੀ+ ਤਿਆਰ ਕਰਨ।+ 3 ਇਸ ਮਹੀਨੇ ਦੀ 14 ਤਾਰੀਖ਼ ਨੂੰ ਮਿਥੇ ਸਮੇਂ ਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਇਸ ਨੂੰ ਤਿਆਰ ਕਰੋ। ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਤੁਸੀਂ ਇਸ ਨੂੰ ਤਿਆਰ ਕਰੋ।”+
4 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਪਸਾਹ ਦੀ ਬਲ਼ੀ ਤਿਆਰ ਕਰਨ ਲਈ ਕਿਹਾ। 5 ਫਿਰ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਮਿਥੇ ਸਮੇਂ ਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਪਸਾਹ ਦੀ ਬਲ਼ੀ ਤਿਆਰ ਕੀਤੀ। ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
6 ਉਸ ਸਮੇਂ ਕੁਝ ਆਦਮੀ ਕਿਸੇ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਏ ਸਨ+ ਜਿਸ ਕਰਕੇ ਉਸ ਦਿਨ ਉਹ ਪਸਾਹ ਦੀ ਬਲ਼ੀ ਤਿਆਰ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਨੇ ਮੂਸਾ ਅਤੇ ਹਾਰੂਨ ਕੋਲ ਜਾ ਕੇ+ 7 ਕਿਹਾ: “ਅਸੀਂ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਏ ਹਾਂ। ਪਰ ਅਸੀਂ ਹੋਰ ਇਜ਼ਰਾਈਲੀਆਂ ਨਾਲ ਮਿਥੇ ਸਮੇਂ ਤੇ ਯਹੋਵਾਹ ਸਾਮ੍ਹਣੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ। ਸਾਨੂੰ ਦੱਸ ਕਿ ਅਸੀਂ ਕੀ ਕਰੀਏ।”+ 8 ਉਨ੍ਹਾਂ ਦੀ ਗੱਲ ਸੁਣ ਕੇ ਮੂਸਾ ਨੇ ਕਿਹਾ: “ਠੀਕ ਹੈ, ਤੁਸੀਂ ਉਡੀਕ ਕਰੋ। ਮੈਂ ਯਹੋਵਾਹ ਤੋਂ ਪੁੱਛਦਾ ਹਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।”+
9 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 10 ਇਜ਼ਰਾਈਲੀਆਂ ਨੂੰ ਕਹਿ, ‘ਜੇ ਤੁਹਾਡੇ ਵਿੱਚੋਂ ਜਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਕੋਈ ਜਣਾ ਕਿਸੇ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਜਾਵੇ+ ਜਾਂ ਕੋਈ ਜਣਾ ਦੂਰ ਕਿਤੇ ਗਿਆ ਹੋਵੇ, ਤਾਂ ਵੀ ਉਹ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ। 11 ਉਹ ਦੂਸਰੇ ਮਹੀਨੇ ਦੀ 14 ਤਾਰੀਖ਼ ਨੂੰ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਇਹ ਬਲ਼ੀ ਤਿਆਰ ਕਰੇ।+ ਉਹ ਇਸ ਨੂੰ ਬੇਖਮੀਰੀ ਰੋਟੀ ਅਤੇ ਕੌੜੇ ਪੱਤਿਆਂ ਨਾਲ ਖਾਵੇ।+ 12 ਉਹ ਇਸ ਬਲ਼ੀ ਦਾ ਮਾਸ ਸਵੇਰ ਤਕ ਬਚਾ ਕੇ ਨਾ ਰੱਖੇ+ ਅਤੇ ਨਾ ਹੀ ਇਸ ਦੀ ਕੋਈ ਹੱਡੀ ਤੋੜੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਮੁਤਾਬਕ ਇਸ ਨੂੰ ਤਿਆਰ ਕਰੇ। 13 ਪਰ ਜੇ ਕੋਈ ਆਦਮੀ ਸ਼ੁੱਧ ਸੀ ਜਾਂ ਕਿਤੇ ਦੂਰ ਨਹੀਂ ਗਿਆ ਸੀ, ਫਿਰ ਵੀ ਲਾਪਰਵਾਹੀ ਵਰਤਦੇ ਹੋਏ ਉਸ ਨੇ ਪਸਾਹ ਦੀ ਬਲ਼ੀ ਤਿਆਰ ਨਹੀਂ ਕੀਤੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ+ ਕਿਉਂਕਿ ਉਸ ਨੇ ਮਿਥੇ ਸਮੇਂ ਤੇ ਯਹੋਵਾਹ ਸਾਮ੍ਹਣੇ ਬਲ਼ੀ ਨਹੀਂ ਚੜ੍ਹਾਈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
14 “‘ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ, ਤਾਂ ਉਹ ਵੀ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਇਸ ਨੂੰ ਤਿਆਰ ਕਰੇ।+ ਤੁਹਾਡੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ।’”+
15 ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ,+ ਉਸ ਦਿਨ ਬੱਦਲ ਡੇਰੇ, ਹਾਂ, ਗਵਾਹੀ ਦੇ ਤੰਬੂ ਉੱਤੇ ਆ ਗਿਆ, ਪਰ ਸ਼ਾਮ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਹੋ ਗਿਆ ਅਤੇ ਸਵੇਰ ਤਕ ਡੇਰੇ ਉੱਪਰ ਇਸੇ ਤਰ੍ਹਾਂ ਰਿਹਾ।+ 16 ਰੋਜ਼ ਇਸੇ ਤਰ੍ਹਾਂ ਹੁੰਦਾ ਸੀ: ਦਿਨੇ ਡੇਰੇ ਉੱਤੇ ਬੱਦਲ ਹੁੰਦਾ ਸੀ ਅਤੇ ਰਾਤ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ।+ 17 ਜਦੋਂ ਬੱਦਲ ਡੇਰੇ ਤੋਂ ਹਟਦਾ ਸੀ, ਤਾਂ ਇਜ਼ਰਾਈਲੀ ਉਸੇ ਵੇਲੇ ਉੱਥੋਂ ਤੁਰ ਪੈਂਦੇ ਸਨ।+ ਜਿਸ ਜਗ੍ਹਾ ਬੱਦਲ ਠਹਿਰਦਾ ਸੀ, ਇਜ਼ਰਾਈਲੀ ਉੱਥੇ ਤੰਬੂ ਲਾਉਂਦੇ ਸਨ।+ 18 ਯਹੋਵਾਹ ਦੇ ਹੁਕਮ ਨਾਲ ਇਜ਼ਰਾਈਲੀ ਤੁਰ ਪੈਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੰਬੂ ਲਾਉਂਦੇ ਸਨ।+ ਜਿੰਨਾ ਚਿਰ ਬੱਦਲ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉੱਨਾ ਚਿਰ ਇਜ਼ਰਾਈਲੀ ਉੱਥੇ ਰਹਿੰਦੇ ਸਨ। 19 ਜਦੋਂ ਬੱਦਲ ਬਹੁਤ ਦਿਨਾਂ ਤਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਤਾਂ ਇਜ਼ਰਾਈਲੀ ਯਹੋਵਾਹ ਦਾ ਕਹਿਣਾ ਮੰਨਦੇ ਹੋਏ ਅੱਗੇ ਨਹੀਂ ਤੁਰਦੇ ਸਨ।+ 20 ਕਈ ਵਾਰ ਬੱਦਲ ਕੁਝ ਕੁ ਦਿਨਾਂ ਤਕ ਡੇਰੇ ਉੱਤੇ ਰਹਿੰਦਾ ਸੀ। ਯਹੋਵਾਹ ਦੇ ਹੁਕਮ ਨਾਲ ਉਹ ਤੰਬੂ ਲਾਈ ਰੱਖਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੁਰ ਪੈਂਦੇ ਸਨ। 21 ਕਈ ਵਾਰ ਬੱਦਲ ਸਿਰਫ਼ ਸ਼ਾਮ ਤੋਂ ਲੈ ਕੇ ਸਵੇਰ ਤਕ ਰਹਿੰਦਾ ਸੀ ਅਤੇ ਫਿਰ ਜਦੋਂ ਬੱਦਲ ਸਵੇਰ ਨੂੰ ਹਟਦਾ ਸੀ, ਤਾਂ ਉਹ ਤੁਰ ਪੈਂਦੇ ਸਨ। ਬੱਦਲ ਚਾਹੇ ਦਿਨੇ ਹਟੇ ਜਾਂ ਰਾਤ ਨੂੰ, ਉਹ ਤੁਰ ਪੈਂਦੇ ਸਨ।+ 22 ਬੱਦਲ ਡੇਰੇ ਉੱਤੇ ਚਾਹੇ ਦੋ ਦਿਨ ਰਹੇ ਜਾਂ ਇਕ ਮਹੀਨਾ ਜਾਂ ਇਸ ਤੋਂ ਜ਼ਿਆਦਾ, ਇਜ਼ਰਾਈਲੀ ਆਪਣੇ ਤੰਬੂ ਲਾਈ ਰੱਖਦੇ ਸਨ ਤੇ ਅੱਗੇ ਨਹੀਂ ਤੁਰਦੇ ਸਨ। ਪਰ ਜਦੋਂ ਇਹ ਹਟ ਜਾਂਦਾ ਸੀ, ਤਾਂ ਉਹ ਤੁਰ ਪੈਂਦੇ ਸਨ। 23 ਯਹੋਵਾਹ ਦੇ ਹੁਕਮ ਨਾਲ ਉਹ ਤੰਬੂ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੁਰ ਪੈਂਦੇ ਸਨ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।