ਯਿਰਮਿਯਾਹ
35 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਦਿਨਾਂ ਵਿਚ+ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਤੂੰ ਰੇਕਾਬੀਆਂ+ ਦੇ ਘਰਾਣੇ ਕੋਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਘਰ ਵਿਚ ਰੋਟੀ ਖਾਣ ਵਾਲੇ ਇਕ ਕਮਰੇ ਵਿਚ ਲੈ ਜਾ; ਫਿਰ ਉੱਥੇ ਉਨ੍ਹਾਂ ਨੂੰ ਪੀਣ ਲਈ ਦਾਖਰਸ ਦੇਈਂ।”
3 ਇਸ ਲਈ ਮੈਂ ਹਬਸਿਨਯਾਹ ਦੇ ਪੋਤੇ, ਯਿਰਮਿਯਾਹ ਦੇ ਪੁੱਤਰ ਯਜ਼ਨਯਾਹ ਨੂੰ, ਉਸ ਦੇ ਭਰਾਵਾਂ ਨੂੰ, ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਪੂਰੇ ਘਰਾਣੇ ਨੂੰ 4 ਯਹੋਵਾਹ ਦੇ ਘਰ ਵਿਚ ਲੈ ਗਿਆ। ਮੈਂ ਉਨ੍ਹਾਂ ਨੂੰ ਹਨਾਨ ਦੇ ਪੁੱਤਰਾਂ ਦੇ ਰੋਟੀ ਖਾਣ ਵਾਲੇ ਕਮਰੇ ਵਿਚ ਲੈ ਗਿਆ। ਹਨਾਨ ਯਿਗਦਲਯਾਹ ਦਾ ਪੁੱਤਰ ਅਤੇ ਸੱਚੇ ਪਰਮੇਸ਼ੁਰ ਦਾ ਬੰਦਾ ਸੀ। ਹਨਾਨ ਦੇ ਪੁੱਤਰਾਂ ਦਾ ਕਮਰਾ ਹਾਕਮਾਂ ਦੇ ਰੋਟੀ ਖਾਣ ਵਾਲੇ ਕਮਰੇ ਦੇ ਨਾਲ ਸੀ। ਹਾਕਮਾਂ ਦਾ ਕਮਰਾ ਦਰਬਾਨ ਸ਼ਲੂਮ ਦੇ ਪੁੱਤਰ ਮਾਸੇਯਾਹ ਦੇ ਰੋਟੀ ਖਾਣ ਵਾਲੇ ਕਮਰੇ ਦੇ ਉੱਪਰ ਸੀ। 5 ਫਿਰ ਮੈਂ ਪਿਆਲੇ ਅਤੇ ਕਟੋਰੇ ਦਾਖਰਸ ਨਾਲ ਭਰ ਕੇ ਰੇਕਾਬੀਆਂ ਦੇ ਘਰਾਣਿਆਂ ਦੇ ਆਦਮੀਆਂ ਸਾਮ੍ਹਣੇ ਰੱਖੇ ਅਤੇ ਉਨ੍ਹਾਂ ਨੂੰ ਕਿਹਾ: “ਲਓ ਦਾਖਰਸ ਪੀਓ।”
6 ਪਰ ਉਨ੍ਹਾਂ ਨੇ ਕਿਹਾ: “ਅਸੀਂ ਦਾਖਰਸ ਨਹੀਂ ਪੀਵਾਂਗੇ ਕਿਉਂਕਿ ਸਾਡੇ ਵੱਡ-ਵਡੇਰੇ ਰੇਕਾਬ ਦੇ ਪੁੱਤਰ ਯਹੋਨਾਦਾਬ*+ ਨੇ ਸਾਨੂੰ ਇਹ ਹੁਕਮ ਦਿੱਤਾ ਸੀ, ‘ਤੁਸੀਂ ਅਤੇ ਤੁਹਾਡੇ ਪੁੱਤਰ ਕਦੀ ਦਾਖਰਸ ਨਾ ਪੀਓ 7 ਅਤੇ ਤੁਸੀਂ ਘਰ ਨਾ ਬਣਾਇਓ, ਬੀ ਨਾ ਬੀਜੀਓ, ਅੰਗੂਰਾਂ ਦੇ ਬਾਗ਼ ਨਾ ਲਾਇਓ ਜਾਂ ਬਾਗ਼ਾਂ ਦੇ ਮਾਲਕ ਨਾ ਬਣਿਓ। ਇਸ ਦੀ ਬਜਾਇ, ਤੁਸੀਂ ਹਮੇਸ਼ਾ ਤੰਬੂਆਂ ਵਿਚ ਵੱਸਿਓ ਤਾਂਕਿ ਤੁਸੀਂ ਇਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋ ਜਿੱਥੇ ਤੁਸੀਂ ਪਰਦੇਸੀਆਂ ਵਜੋਂ ਰਹਿ ਰਹੇ ਹੋ।’ 8 ਇਸ ਲਈ ਆਪਣੇ ਵੱਡ-ਵਡੇਰੇ ਰੇਕਾਬ ਦੇ ਪੁੱਤਰ ਯਹੋਨਾਦਾਬ ਦਾ ਹੁਕਮ ਮੰਨਦੇ ਹੋਏ ਨਾ ਅਸੀਂ, ਨਾ ਸਾਡੀਆਂ ਪਤਨੀਆਂ ਨੇ ਅਤੇ ਨਾ ਹੀ ਸਾਡੇ ਧੀਆਂ-ਪੁੱਤਰਾਂ ਨੇ ਕਦੀ ਦਾਖਰਸ ਪੀਤਾ ਹੈ। 9 ਅਸੀਂ ਰਹਿਣ ਲਈ ਘਰ ਨਹੀਂ ਬਣਾਉਂਦੇ ਅਤੇ ਨਾ ਹੀ ਸਾਡੇ ਕੋਲ ਅੰਗੂਰਾਂ ਦੇ ਬਾਗ਼, ਖੇਤ ਜਾਂ ਬੀਜਣ ਲਈ ਬੀ ਹਨ। 10 ਅਸੀਂ ਤੰਬੂਆਂ ਵਿਚ ਰਹਿੰਦੇ ਹਾਂ ਅਤੇ ਆਪਣੇ ਵੱਡ-ਵਡੇਰੇ ਯਹੋਨਾਦਾਬ* ਦੇ ਹੁਕਮ ʼਤੇ ਚੱਲ ਕੇ ਸਾਰੀਆਂ ਗੱਲਾਂ ਮੰਨਦੇ ਹਾਂ। 11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਇਸ ਦੇਸ਼ ʼਤੇ ਹਮਲਾ ਕੀਤਾ,+ ਤਾਂ ਅਸੀਂ ਕਿਹਾ, ‘ਆਓ ਆਪਾਂ ਯਰੂਸ਼ਲਮ ਨੂੰ ਚੱਲੀਏ ਤਾਂਕਿ ਅਸੀਂ ਕਸਦੀਆਂ ਅਤੇ ਸੀਰੀਆ ਦੀਆਂ ਫ਼ੌਜਾਂ ਤੋਂ ਬਚ ਸਕੀਏ।’ ਇਸ ਕਰਕੇ ਅਸੀਂ ਹੁਣ ਯਰੂਸ਼ਲਮ ਵਿਚ ਰਹਿ ਰਹੇ ਹਾਂ।”
12 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 13 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਜਾਹ ਅਤੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ: “ਕੀ ਤੁਹਾਨੂੰ ਲਗਾਤਾਰ ਹੱਲਾਸ਼ੇਰੀ ਨਹੀਂ ਦਿੱਤੀ ਗਈ ਸੀ ਕਿ ਤੁਸੀਂ ਮੇਰਾ ਕਹਿਣਾ ਮੰਨੋ?”+ ਯਹੋਵਾਹ ਕਹਿੰਦਾ ਹੈ। 14 “ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਆਪਣੀ ਔਲਾਦ ਨੂੰ ਦਾਖਰਸ ਨਾ ਪੀਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸ ਦਾ ਹੁਕਮ ਮੰਨਦੇ ਹੋਏ ਅੱਜ ਤਕ ਦਾਖਰਸ ਨਹੀਂ ਪੀਤਾ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਵੱਡ-ਵਡੇਰੇ ਦਾ ਕਹਿਣਾ ਮੰਨਿਆ।+ ਮੈਂ ਤੁਹਾਡੇ ਨਾਲ ਵਾਰ-ਵਾਰ* ਗੱਲ ਕੀਤੀ, ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।+ 15 ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ+ ਅਤੇ ਕਹਿੰਦਾ ਰਿਹਾ: “ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਓ+ ਅਤੇ ਸਹੀ ਕੰਮ ਕਰੋ! ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ ਅਤੇ ਉਨ੍ਹਾਂ ਦੀ ਭਗਤੀ ਨਾ ਕਰੋ। ਫਿਰ ਤੁਸੀਂ ਇਸ ਦੇਸ਼ ਵਿਚ ਵੱਸੇ ਰਹੋਗੇ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ।’+ ਪਰ ਤੁਸੀਂ ਮੇਰੀ ਗੱਲ ਵੱਲ ਕੰਨ ਨਹੀਂ ਲਾਇਆ ਅਤੇ ਨਾ ਹੀ ਮੇਰੀ ਗੱਲ ਸੁਣੀ। 16 ਰੇਕਾਬ ਦੇ ਪੁੱਤਰ ਯਹੋਨਾਦਾਬ ਦੀ ਔਲਾਦ ਨੇ ਆਪਣੇ ਵੱਡ-ਵਡੇਰੇ ਦਾ ਹੁਕਮ ਮੰਨਿਆ,+ ਪਰ ਇਨ੍ਹਾਂ ਲੋਕਾਂ ਨੇ ਮੇਰੀ ਇਕ ਨਹੀਂ ਸੁਣੀ।”’”
17 “ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਬਿਪਤਾ ਲਿਆ ਰਿਹਾ ਹਾਂ ਜਿਸ ਬਾਰੇ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ+ ਕਿਉਂਕਿ ਮੈਂ ਉਨ੍ਹਾਂ ਨੂੰ ਸਮਝਾਉਂਦਾ ਰਿਹਾ, ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਮੈਂ ਉਨ੍ਹਾਂ ਨੂੰ ਬੁਲਾਉਂਦਾ ਰਿਹਾ, ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ।’”+
18 ਫਿਰ ਯਿਰਮਿਯਾਹ ਨੇ ਰੇਕਾਬੀਆਂ ਦੇ ਘਰਾਣੇ ਨੂੰ ਕਿਹਾ: “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਆਪਣੇ ਵੱਡ-ਵਡੇਰੇ ਯਹੋਨਾਦਾਬ ਦਾ ਹੁਕਮ ਮੰਨਿਆ ਹੈ ਅਤੇ ਉਸ ਦੇ ਸਾਰੇ ਹੁਕਮ ਲਗਾਤਾਰ ਮੰਨ ਰਹੇ ਹੋ ਅਤੇ ਉਹੀ ਕਰ ਰਹੇ ਹੋ ਜੋ ਉਸ ਨੇ ਤੁਹਾਨੂੰ ਕਰਨ ਦਾ ਹੁਕਮ ਦਿੱਤਾ ਸੀ, 19 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਰੇਕਾਬ ਦੇ ਪੁੱਤਰ ਯਹੋਨਾਦਾਬ* ਦੀ ਔਲਾਦ ਵਿੱਚੋਂ ਹਮੇਸ਼ਾ ਕੋਈ-ਨਾ-ਕੋਈ ਹੋਵੇਗਾ ਜੋ ਮੇਰੀ ਹਜ਼ੂਰੀ ਵਿਚ ਸੇਵਾ ਕਰੇਗਾ।”’”