ਯਿਰਮਿਯਾਹ
43 ਜਦੋਂ ਯਿਰਮਿਯਾਹ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਇਕ-ਇਕ ਗੱਲ ਦੱਸ ਹਟਿਆ ਜੋ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਦੱਸਣ ਲਈ ਯਿਰਮਿਯਾਹ ਨੂੰ ਭੇਜਿਆ ਸੀ, 2 ਤਾਂ ਹੋਸ਼ਾਯਾਹ ਦੇ ਪੁੱਤਰ ਅਜ਼ਰਯਾਹ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਸਾਰੇ ਗੁਸਤਾਖ਼ ਆਦਮੀਆਂ ਨੇ ਯਿਰਮਿਯਾਹ ਨੂੰ ਕਿਹਾ: “ਤੂੰ ਸਾਡੇ ਨਾਲ ਝੂਠ ਬੋਲ ਰਿਹਾ ਹੈਂ! ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਇਹ ਕਹਿਣ ਲਈ ਨਹੀਂ ਘੱਲਿਆ ਹੈ, ‘ਮਿਸਰ ਨਾ ਜਾਓ ਅਤੇ ਨਾ ਹੀ ਉੱਥੇ ਵੱਸੋ।’ 3 ਤੈਨੂੰ ਤਾਂ ਨੇਰੀਯਾਹ ਦਾ ਪੁੱਤਰ ਬਾਰੂਕ+ ਸਾਡੇ ਖ਼ਿਲਾਫ਼ ਭੜਕਾ ਰਿਹਾ ਹੈ ਤਾਂਕਿ ਅਸੀਂ ਕਸਦੀਆਂ ਦੇ ਹਵਾਲੇ ਕੀਤੇ ਜਾਈਏ ਤੇ ਸਾਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਵੇ।”+
4 ਇਸ ਲਈ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀਆਂ ਅਤੇ ਸਾਰੇ ਲੋਕਾਂ ਨੇ ਯਹੋਵਾਹ ਦਾ ਇਹ ਹੁਕਮ ਨਹੀਂ ਮੰਨਿਆ ਕਿ ਉਹ ਯਹੂਦਾਹ ਵਿਚ ਹੀ ਰਹਿਣ। 5 ਇਸ ਦੀ ਬਜਾਇ, ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀ ਯਹੂਦਾਹ ਦੇ ਬਾਕੀ ਬਚੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਗਏ। ਇਹ ਲੋਕ ਉਨ੍ਹਾਂ ਸਾਰੀਆਂ ਕੌਮਾਂ ਤੋਂ ਯਹੂਦਾਹ ਵਿਚ ਵੱਸਣ ਆਏ ਸਨ ਜਿੱਥੇ ਉਹ ਖਿੰਡ-ਪੁੰਡ ਗਏ ਸਨ।+ 6 ਉਹ ਆਦਮੀਆਂ, ਔਰਤਾਂ, ਬੱਚਿਆਂ, ਰਾਜੇ ਦੀਆਂ ਧੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਲੈ ਗਏ ਜਿਨ੍ਹਾਂ ਨੂੰ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ+ ਨੇ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ ਦੇ ਹਵਾਲੇ ਕੀਤਾ ਸੀ।+ ਉਹ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਵੀ ਆਪਣੇ ਨਾਲ ਲੈ ਗਏ। 7 ਉਹ ਯਹੋਵਾਹ ਦਾ ਹੁਕਮ ਤੋੜ ਕੇ ਮਿਸਰ ਦੇ ਤਪਨਹੇਸ ਸ਼ਹਿਰ ਚਲੇ ਗਏ।+
8 ਫਿਰ ਤਪਨਹੇਸ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 9 “ਆਪਣੇ ਹੱਥਾਂ ਵਿਚ ਵੱਡੇ ਪੱਥਰ ਲੈ ਅਤੇ ਉਨ੍ਹਾਂ ਪੱਥਰਾਂ ਨੂੰ ਤਪਨਹੇਸ ਵਿਚ ਫ਼ਿਰਊਨ ਦੇ ਮਹਿਲ ਦੇ ਦਰਵਾਜ਼ੇ ਲਾਗੇ ਇੱਟਾਂ ਦੇ ਚਬੂਤਰੇ ਵਿਚ ਲੁਕੋ ਦੇ ਅਤੇ ਉਨ੍ਹਾਂ ʼਤੇ ਗਾਰਾ ਲਿੱਪ ਦੇ। ਤੂੰ ਇਹ ਸਭ ਕੁਝ ਯਹੂਦੀ ਆਦਮੀਆਂ ਦੀਆਂ ਨਜ਼ਰਾਂ ਸਾਮ੍ਹਣੇ ਕਰ। 10 ਫਿਰ ਉਨ੍ਹਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਪਣੇ ਸੇਵਕ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੂੰ ਬੁਲਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਪੱਥਰਾਂ ਦੇ ਉੱਪਰ ਉਸ ਦਾ ਸਿੰਘਾਸਣ ਰੱਖਾਂਗਾ ਜੋ ਮੈਂ ਲੁਕਾਏ ਹਨ ਅਤੇ ਉਹ ਆਪਣਾ ਸ਼ਾਹੀ ਤੰਬੂ ਇਨ੍ਹਾਂ ਉੱਤੇ ਤਾਣੇਗਾ।+ 11 ਉਹ ਆਵੇਗਾ ਅਤੇ ਮਿਸਰ ʼਤੇ ਹਮਲਾ ਕਰੇਗਾ।+ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ, ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ ਅਤੇ ਕੁਝ ਜਣੇ ਤਲਵਾਰ ਨਾਲ ਮਰਨਗੇ!+ 12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ। 13 ਉਹ ਮਿਸਰ ਵਿਚ ਬੈਤ-ਸ਼ਮਸ਼* ਦੇ ਥੰਮ੍ਹਾਂ ਨੂੰ ਚਕਨਾਚੂਰ ਕਰ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਨਾਲ ਸਾੜ ਸੁੱਟੇਗਾ।”’”