ਕੂਚ
2 ਤਕਰੀਬਨ ਉਸ ਸਮੇਂ ਲੇਵੀ ਦੇ ਘਰਾਣੇ ਦੇ ਇਕ ਆਦਮੀ ਨੇ ਉਸੇ ਘਰਾਣੇ ਦੀ ਇਕ ਕੁੜੀ ਨਾਲ ਵਿਆਹ ਕਰਾਇਆ।+ 2 ਉਹ ਕੁੜੀ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਜਦੋਂ ਉਸ ਨੇ ਦੇਖਿਆ ਕਿ ਮੁੰਡਾ ਕਿੰਨਾ ਸੋਹਣਾ ਸੀ, ਤਾਂ ਉਸ ਨੇ ਮੁੰਡੇ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ।+ 3 ਫਿਰ ਜਦੋਂ ਉਸ ਲਈ ਮੁੰਡੇ ਨੂੰ ਲੁਕਾਈ ਰੱਖਣਾ ਮੁਸ਼ਕਲ ਹੋ ਗਿਆ,+ ਤਾਂ ਉਸ ਨੇ ਸਰਕੰਡਿਆਂ ਦੀ ਇਕ ਟੋਕਰੀ* ਲੈ ਕੇ ਉਸ ਨੂੰ ਤਾਰਕੋਲ ਅਤੇ ਰਾਲ਼ ਨਾਲ ਲਿੱਪਿਆ ਅਤੇ ਬੱਚੇ ਨੂੰ ਟੋਕਰੀ ਵਿਚ ਪਾ ਕੇ ਨੀਲ ਦਰਿਆ ਦੇ ਕੰਢੇ ਪਾਣੀ ਵਿਚ ਉੱਗੇ ਸਰਕੰਡਿਆਂ ਵਿਚ ਰੱਖ ਦਿੱਤਾ। 4 ਪਰ ਉਸ ਦੀ ਭੈਣ+ ਥੋੜ੍ਹੀ ਦੂਰ ਖੜ੍ਹੀ ਦੇਖਦੀ ਰਹੀ ਕਿ ਮੁੰਡੇ ਨਾਲ ਕੀ ਹੋਵੇਗਾ।
5 ਕੁਝ ਸਮੇਂ ਬਾਅਦ ਫ਼ਿਰਊਨ ਦੀ ਧੀ ਨੀਲ ਦਰਿਆ ਵਿਚ ਨਹਾਉਣ ਆਈ ਅਤੇ ਉਸ ਦੀਆਂ ਨੌਕਰਾਣੀਆਂ ਨੀਲ ਦਰਿਆ ਦੇ ਕੰਢੇ ʼਤੇ ਟਹਿਲ ਰਹੀਆਂ ਸਨ। ਫਿਰ ਉਸ ਨੇ ਸਰਕੰਡਿਆਂ ਵਿਚ ਪਈ ਟੋਕਰੀ ਦੇਖੀ। ਉਸ ਨੇ ਤੁਰੰਤ ਆਪਣੀ ਦਾਸੀ ਨੂੰ ਟੋਕਰੀ ਲਿਆਉਣ ਲਈ ਘੱਲਿਆ।+ 6 ਜਦੋਂ ਉਸ ਨੇ ਟੋਕਰੀ ਖੋਲ੍ਹੀ, ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇਕ ਮੁੰਡਾ ਸੀ ਅਤੇ ਉਹ ਰੋ ਰਿਹਾ ਸੀ। ਉਸ ਨੂੰ ਮੁੰਡੇ ʼਤੇ ਤਰਸ ਆਇਆ, ਪਰ ਉਸ ਨੇ ਕਿਹਾ: “ਇਹ ਤਾਂ ਕਿਸੇ ਇਬਰਾਨੀ ਦਾ ਬੱਚਾ ਹੈ।” 7 ਫਿਰ ਮੁੰਡੇ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਪੁੱਛਿਆ: “ਕੀ ਮੈਂ ਕਿਸੇ ਇਬਰਾਨੀ ਤੀਵੀਂ ਨੂੰ ਬੁਲਾ ਕੇ ਲਿਆਵਾਂ ਜੋ ਬੱਚੇ ਨੂੰ ਦੁੱਧ ਚੁੰਘਾਵੇ ਤੇ ਇਸ ਦੀ ਦੇਖ-ਭਾਲ ਕਰੇ?” 8 ਫ਼ਿਰਊਨ ਦੀ ਧੀ ਨੇ ਉਸ ਨੂੰ ਕਿਹਾ: “ਜਾਹ ਲੈ ਆ!” ਉਹ ਕੁੜੀ ਉਸੇ ਵੇਲੇ ਜਾ ਕੇ ਮੁੰਡੇ ਦੀ ਮਾਂ ਨੂੰ ਬੁਲਾ ਲਿਆਈ।+ 9 ਫ਼ਿਰਊਨ ਦੀ ਧੀ ਨੇ ਉਸ ਤੀਵੀਂ ਨੂੰ ਕਿਹਾ: “ਬੱਚੇ ਨੂੰ ਆਪਣੇ ਨਾਲ ਲੈ ਜਾ ਅਤੇ ਇਸ ਨੂੰ ਦੁੱਧ ਚੁੰਘਾ ਤੇ ਇਸ ਦੀ ਦੇਖ-ਭਾਲ ਕਰ। ਮੈਂ ਤੈਨੂੰ ਇਸ ਕੰਮ ਦੇ ਪੈਸੇ ਦਿਆਂਗੀ।” ਉਹ ਤੀਵੀਂ ਬੱਚੇ ਨੂੰ ਲੈ ਗਈ ਅਤੇ ਉਸ ਦਾ ਪਾਲਣ-ਪੋਸ਼ਣ ਕੀਤਾ। 10 ਜਦੋਂ ਬੱਚਾ ਵੱਡਾ ਹੋਇਆ, ਤਾਂ ਉਹ ਬੱਚੇ ਨੂੰ ਫ਼ਿਰਊਨ ਦੀ ਧੀ ਕੋਲ ਲੈ ਗਈ ਅਤੇ ਉਸ ਨੇ ਮੁੰਡੇ ਨੂੰ ਆਪਣਾ ਪੁੱਤਰ ਬਣਾ ਲਿਆ।+ ਉਸ ਨੇ ਉਸ ਦਾ ਨਾਂ ਮੂਸਾ* ਰੱਖਿਆ ਅਤੇ ਕਿਹਾ: “ਮੈਂ ਇਸ ਕਰਕੇ ਇਸ ਦਾ ਇਹ ਨਾਂ ਰੱਖਿਆ ਕਿਉਂਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਸੀ।”+
11 ਜਦੋਂ ਮੂਸਾ ਜਵਾਨ* ਹੋਇਆ, ਤਾਂ ਇਕ ਦਿਨ ਉਹ ਦੇਖਣ ਗਿਆ ਕਿ ਉਸ ਦੇ ਭਰਾਵਾਂ ਤੋਂ ਕਿਵੇਂ ਸਖ਼ਤ ਮਜ਼ਦੂਰੀ ਕਰਵਾਈ ਜਾ ਰਹੀ ਸੀ।+ ਉੱਥੇ ਉਸ ਨੇ ਦੇਖਿਆ ਕਿ ਇਕ ਮਿਸਰੀ ਉਸ ਦੇ ਇਕ ਇਬਰਾਨੀ ਭਰਾ ਨੂੰ ਕੁੱਟ ਰਿਹਾ ਸੀ। 12 ਪਹਿਲਾਂ ਮੂਸਾ ਨੇ ਇੱਧਰ-ਉੱਧਰ ਨਜ਼ਰ ਮਾਰੀ ਕਿ ਕੋਈ ਦੇਖ ਤਾਂ ਨਹੀਂ ਰਿਹਾ। ਫਿਰ ਉਸ ਨੇ ਮਿਸਰੀ ਨੂੰ ਮਾਰ ਕੇ ਉਸ ਦੀ ਲਾਸ਼ ਰੇਤ ਵਿਚ ਦੱਬ ਦਿੱਤੀ।+
13 ਅਗਲੇ ਦਿਨ ਜਦੋਂ ਉਹ ਬਾਹਰ ਗਿਆ, ਤਾਂ ਉਸ ਨੇ ਦੇਖਿਆ ਕਿ ਦੋ ਇਬਰਾਨੀ ਆਦਮੀ ਆਪਸ ਵਿਚ ਲੜ ਰਹੇ ਸਨ। ਇਸ ਲਈ ਉਸ ਨੇ ਕਸੂਰਵਾਰ ਆਦਮੀ ਨੂੰ ਕਿਹਾ: “ਤੂੰ ਕਿਉਂ ਆਪਣੇ ਭਰਾ ਨੂੰ ਕੁੱਟ ਰਿਹਾ ਹੈਂ?”+ 14 ਇਹ ਸੁਣ ਕੇ ਉਸ ਆਦਮੀ ਨੇ ਕਿਹਾ: “ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ? ਕੀ ਤੂੰ ਮੈਨੂੰ ਵੀ ਉਸ ਮਿਸਰੀ ਵਾਂਗ ਜਾਨੋਂ ਮਾਰਨ ਦੀ ਸੋਚ ਰਿਹਾ ਹੈਂ?”+ ਉਸ ਦੀ ਗੱਲ ਸੁਣ ਕੇ ਮੂਸਾ ਡਰ ਗਿਆ ਅਤੇ ਮਨ ਵਿਚ ਕਿਹਾ: “ਹੁਣ ਤਾਂ ਪੱਕਾ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਗਈ ਹੋਣੀ!”
15 ਜਦੋਂ ਫ਼ਿਰਊਨ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮੂਸਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਫ਼ਿਰਊਨ ਤੋਂ ਜਾਨ ਬਚਾ ਕੇ ਭੱਜ ਗਿਆ ਅਤੇ ਮਿਦਿਆਨ+ ਦੇਸ਼ ਵਿਚ ਰਹਿਣ ਚਲਾ ਗਿਆ। ਉੱਥੇ ਉਹ ਇਕ ਖੂਹ ਦੇ ਲਾਗੇ ਬੈਠ ਗਿਆ। 16 ਮਿਦਿਆਨ ਦੇ ਪੁਜਾਰੀ+ ਦੀਆਂ ਸੱਤ ਕੁੜੀਆਂ ਸਨ। ਉਹ ਖੂਹ ʼਤੇ ਆਈਆਂ ਤਾਂਕਿ ਉਹ ਪਾਣੀ ਕੱਢ ਕੇ ਚੁਬੱਚੇ ਭਰਨ ਅਤੇ ਆਪਣੇ ਪਿਤਾ ਦੀਆਂ ਭੇਡਾਂ-ਬੱਕਰੀਆਂ ਨੂੰ ਪਿਲਾਉਣ। 17 ਪਰ ਚਰਵਾਹਿਆਂ ਨੇ ਆ ਕੇ ਹਮੇਸ਼ਾ ਵਾਂਗ ਉਨ੍ਹਾਂ ਨੂੰ ਉੱਥੋਂ ਧੱਕੇ ਨਾਲ ਹਟਾ ਦਿੱਤਾ। ਇਹ ਦੇਖ ਕੇ ਮੂਸਾ ਉੱਠਿਆ ਅਤੇ ਉਨ੍ਹਾਂ ਕੁੜੀਆਂ ਦੀ ਮਦਦ ਕੀਤੀ* ਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਨੂੰ ਪਾਣੀ ਪਿਲਾਇਆ। 18 ਜਦੋਂ ਉਹ ਘਰ ਵਾਪਸ ਆਈਆਂ, ਤਾਂ ਉਨ੍ਹਾਂ ਦੇ ਪਿਤਾ ਰਊਏਲ*+ ਨੇ ਹੈਰਾਨੀ ਨਾਲ ਪੁੱਛਿਆ: “ਅੱਜ ਤੁਸੀਂ ਇੰਨੀ ਛੇਤੀ ਘਰ ਕਿੱਦਾਂ ਆ ਗਈਆਂ?” 19 ਉਨ੍ਹਾਂ ਨੇ ਦੱਸਿਆ: “ਇਕ ਮਿਸਰੀ ਆਦਮੀ+ ਨੇ ਸਾਨੂੰ ਚਰਵਾਹਿਆਂ ਦੇ ਹੱਥੋਂ ਬਚਾਇਆ ਅਤੇ ਖੂਹ ਵਿੱਚੋਂ ਪਾਣੀ ਕੱਢ ਕੇ ਭੇਡਾਂ-ਬੱਕਰੀਆਂ ਨੂੰ ਪਿਲਾਇਆ।” 20 ਉਸ ਨੇ ਆਪਣੀਆਂ ਕੁੜੀਆਂ ਨੂੰ ਕਿਹਾ: “ਉਹ ਆਦਮੀ ਕਿੱਥੇ ਹੈ? ਤੁਸੀਂ ਉਸ ਨੂੰ ਉੱਥੇ ਕਿਉਂ ਛੱਡ ਆਈਆਂ? ਤੁਸੀਂ ਜਾ ਕੇ ਉਸ ਨੂੰ ਬੁਲਾ ਲਿਆਓ ਤਾਂਕਿ ਉਹ ਸਾਡੇ ਨਾਲ ਰੋਟੀ ਖਾਵੇ।” 21 ਫਿਰ ਮੂਸਾ ਉਸ ਆਦਮੀ ਦੇ ਘਰ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ+ ਦਾ ਵਿਆਹ ਮੂਸਾ ਨਾਲ ਕਰ ਦਿੱਤਾ। 22 ਬਾਅਦ ਵਿਚ ਸਿੱਪੋਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਮੂਸਾ ਨੇ ਉਸ ਦਾ ਨਾਂ ਗੇਰਸ਼ੋਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ।”+
23 ਕਾਫ਼ੀ ਲੰਬੇ ਸਮੇਂ ਬਾਅਦ* ਮਿਸਰ ਦਾ ਰਾਜਾ ਮਰ ਗਿਆ।+ ਪਰ ਲਗਾਤਾਰ ਗ਼ੁਲਾਮੀ ਦੀ ਚੱਕੀ ਪੀਹਣ ਕਰਕੇ ਇਜ਼ਰਾਈਲੀ ਆਹਾਂ ਭਰ ਰਹੇ ਸਨ ਅਤੇ ਦੁੱਖਾਂ ਦੇ ਮਾਰੇ ਸੱਚੇ ਪਰਮੇਸ਼ੁਰ ਅੱਗੇ ਮਦਦ ਲਈ ਦੁਹਾਈ ਦੇ ਰਹੇ ਸਨ।+ 24 ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਆਹਾਂ ਸੁਣੀਆਂ+ ਅਤੇ ਪਰਮੇਸ਼ੁਰ ਨੇ ਉਸ ਇਕਰਾਰ ਨੂੰ ਯਾਦ ਕੀਤਾ ਜੋ ਉਸ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਕੀਤਾ ਸੀ।+ 25 ਇਸ ਲਈ ਪਰਮੇਸ਼ੁਰ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਦੇ ਦੁੱਖ ਦੇਖੇ।