ਯਹੋਸ਼ੁਆ
2 ਫਿਰ ਨੂਨ ਦੇ ਪੁੱਤਰ ਯਹੋਸ਼ੁਆ ਨੇ ਚੁੱਪ-ਚਪੀਤੇ ਸ਼ਿੱਟੀਮ+ ਤੋਂ ਦੋ ਆਦਮੀਆਂ ਨੂੰ ਜਾਸੂਸੀ ਕਰਨ ਲਈ ਘੱਲਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ ਅਤੇ ਦੇਸ਼ ਦੀ ਜਾਂਚ-ਪੜਤਾਲ ਕਰੋ, ਖ਼ਾਸ ਕਰਕੇ ਯਰੀਹੋ ਦੀ।” ਇਸ ਲਈ ਉਹ ਚਲੇ ਗਏ। ਉਹ ਰਾਹਾਬ+ ਨਾਂ ਦੀ ਵੇਸਵਾ ਦੇ ਘਰ ਆਏ ਅਤੇ ਉੱਥੇ ਠਹਿਰੇ। 2 ਯਰੀਹੋ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ: “ਦੇਖ! ਦੇਸ਼ ਦੀ ਜਾਸੂਸੀ ਕਰਨ ਲਈ ਅੱਜ ਰਾਤ ਇਜ਼ਰਾਈਲੀ ਆਦਮੀ ਇੱਥੇ ਆਏ ਹਨ।” 3 ਇਹ ਸੁਣ ਕੇ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਸੰਦੇਸ਼ ਭੇਜਿਆ: “ਉਨ੍ਹਾਂ ਆਦਮੀਆਂ ਨੂੰ ਬਾਹਰ ਕੱਢ ਜੋ ਆ ਕੇ ਤੇਰੇ ਘਰ ਠਹਿਰੇ ਹੋਏ ਹਨ ਕਿਉਂਕਿ ਉਹ ਪੂਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”
4 ਪਰ ਉਸ ਔਰਤ ਨੇ ਦੋਵਾਂ ਆਦਮੀਆਂ ਨੂੰ ਲੁਕੋ ਦਿੱਤਾ। ਫਿਰ ਉਸ ਨੇ ਕਿਹਾ: “ਹਾਂ, ਉਹ ਆਦਮੀ ਮੇਰੇ ਕੋਲ ਆਏ ਤਾਂ ਸਨ, ਪਰ ਮੈਨੂੰ ਨਹੀਂ ਪਤਾ ਕਿ ਉਹ ਕਿੱਥੋਂ ਦੇ ਸਨ। 5 ਹਨੇਰਾ ਹੋਣ ਤੇ ਜਦੋਂ ਸ਼ਹਿਰ ਦਾ ਦਰਵਾਜ਼ਾ ਬੰਦ ਹੋਣ ਹੀ ਵਾਲਾ ਸੀ, ਤਾਂ ਉਹ ਆਦਮੀ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਆਦਮੀ ਕਿੱਥੇ ਗਏ, ਪਰ ਜੇ ਤੁਸੀਂ ਫ਼ੌਰਨ ਉਨ੍ਹਾਂ ਦਾ ਪਿੱਛਾ ਕਰੋ, ਤਾਂ ਤੁਸੀਂ ਉਨ੍ਹਾਂ ਨੂੰ ਫੜ ਲਓਗੇ।” 6 (ਪਰ ਉਹ ਉਨ੍ਹਾਂ ਨੂੰ ਛੱਤ ʼਤੇ ਲੈ ਗਈ ਸੀ ਅਤੇ ਉਸ ਨੇ ਉਨ੍ਹਾਂ ਨੂੰ ਛੱਤ ʼਤੇ ਪਏ ਸਣ ਦੇ ਟਾਂਡਿਆਂ ਵਿਚ ਲੁਕੋ ਦਿੱਤਾ ਸੀ।) 7 ਇਸ ਲਈ ਆਦਮੀ ਉਨ੍ਹਾਂ ਦਾ ਪਿੱਛਾ ਕਰਨ ਲਈ ਯਰਦਨ ਦੇ ਘਾਟਾਂ ਵੱਲ ਗਏ+ ਅਤੇ ਪਿੱਛਾ ਕਰਨ ਵਾਲਿਆਂ ਦੇ ਬਾਹਰ ਨਿਕਲਦਿਆਂ ਹੀ ਸ਼ਹਿਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ।
8 ਇਸ ਤੋਂ ਪਹਿਲਾਂ ਕਿ ਉਨ੍ਹਾਂ ਆਦਮੀਆਂ ਦੀ ਅੱਖ ਲੱਗਦੀ, ਉਹ ਉਨ੍ਹਾਂ ਕੋਲ ਛੱਤ ʼਤੇ ਆਈ। 9 ਉਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਜ਼ਰੂਰ ਦੇਵੇਗਾ+ ਅਤੇ ਤੁਹਾਡਾ ਖ਼ੌਫ਼ ਸਾਡੇ ʼਤੇ ਛਾਇਆ ਹੋਇਆ ਹੈ।+ ਤੁਹਾਡੇ ਕਰਕੇ ਦੇਸ਼ ਦੇ ਸਾਰੇ ਲੋਕ ਹੌਸਲਾ ਹਾਰ ਬੈਠੇ ਹਨ+ 10 ਕਿਉਂਕਿ ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਮਿਸਰ ਤੋਂ ਨਿਕਲੇ ਸੀ, ਤਾਂ ਯਹੋਵਾਹ ਨੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ+ ਅਤੇ ਇਹ ਵੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਦਾ ਕੀ ਹਾਲ ਕੀਤਾ ਸੀ+ ਜਿਨ੍ਹਾਂ ਨੂੰ ਤੁਸੀਂ ਯਰਦਨ ਦੇ ਦੂਜੇ ਪਾਸੇ* ਨਾਸ਼ ਕਰ ਦਿੱਤਾ। 11 ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਅਸੀਂ ਦਿਲ ਹਾਰ ਬੈਠੇ* ਅਤੇ ਤੁਹਾਡੇ ਕਰਕੇ ਕਿਸੇ ਵਿਚ ਹਿੰਮਤ ਨਹੀਂ ਰਹੀ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਪਰਮੇਸ਼ੁਰ ਹੈ।+ 12 ਹੁਣ ਕਿਰਪਾ ਕਰ ਕੇ ਮੇਰੇ ਨਾਲ ਯਹੋਵਾਹ ਦੀ ਸਹੁੰ ਖਾਓ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਅਟੱਲ ਪਿਆਰ ਦਿਖਾਇਆ ਹੈ, ਉਸੇ ਤਰ੍ਹਾਂ ਤੁਸੀਂ ਵੀ ਮੇਰੇ ਪਿਤਾ ਦੇ ਘਰਾਣੇ ਨੂੰ ਅਟੱਲ ਪਿਆਰ ਦਿਖਾਓਗੇ। ਤੁਸੀਂ ਮੈਨੂੰ ਕੋਈ ਨਿਸ਼ਾਨੀ* ਦਿਓ ਕਿ ਤੁਸੀਂ ਆਪਣਾ ਵਾਅਦਾ ਨਿਭਾਓਗੇ। 13 ਤੁਸੀਂ ਮੇਰੇ ਮਾਤਾ-ਪਿਤਾ ਤੇ ਮੇਰੇ ਭੈਣਾਂ-ਭਰਾਵਾਂ ਅਤੇ ਜਿਹੜਾ ਵੀ ਉਨ੍ਹਾਂ ਦਾ ਹੈ, ਉਨ੍ਹਾਂ ਸਾਰਿਆਂ ਦੀਆਂ ਜਾਨਾਂ ਬਖ਼ਸ਼ ਦੇਇਓ ਅਤੇ ਤੁਸੀਂ ਸਾਨੂੰ ਮਰਨੋਂ ਬਚਾ ਲਇਓ।”+
14 ਇਹ ਸੁਣ ਕੇ ਆਦਮੀਆਂ ਨੇ ਉਸ ਨੂੰ ਕਿਹਾ: “ਅਸੀਂ ਤੁਹਾਡੀਆਂ ਜਾਨਾਂ ਦੇ ਵੱਟੇ ਆਪਣੀਆਂ ਜਾਨਾਂ ਦੇ ਦਿਆਂਗੇ! ਜੇ ਤੂੰ ਕਿਸੇ ਨੂੰ ਨਾ ਦੱਸੇਂ ਕਿ ਅਸੀਂ ਕਿਸ ਕੰਮ ਲਈ ਆਏ ਸੀ, ਤਾਂ ਅਸੀਂ ਉਦੋਂ ਤੈਨੂੰ ਅਟੱਲ ਪਿਆਰ ਤੇ ਵਫ਼ਾਦਾਰੀ ਦਿਖਾਵਾਂਗੇ ਜਦੋਂ ਯਹੋਵਾਹ ਸਾਨੂੰ ਇਹ ਦੇਸ਼ ਦੇਵੇਗਾ।” 15 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਖਿੜਕੀ ਵਿੱਚੋਂ ਦੀ ਰੱਸੀ ਦੇ ਸਹਾਰੇ ਥੱਲੇ ਉਤਾਰ ਦਿੱਤਾ ਕਿਉਂਕਿ ਉਸ ਦਾ ਘਰ ਸ਼ਹਿਰ ਦੀ ਬਾਹਰਲੀ ਕੰਧ ਨਾਲ ਲੱਗਦਾ ਸੀ। ਦਰਅਸਲ ਉਸ ਦਾ ਘਰ ਕੰਧ ਦੇ ਉੱਪਰ ਬਣਿਆ ਸੀ।+ 16 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਪਹਾੜੀ ਇਲਾਕੇ ਵਿਚ ਚਲੇ ਜਾਓ ਅਤੇ ਉੱਥੇ ਤਿੰਨ ਦਿਨਾਂ ਤਕ ਲੁਕੇ ਰਹੋ ਤਾਂਕਿ ਤੁਹਾਡਾ ਪਿੱਛਾ ਕਰਨ ਵਾਲੇ ਤੁਹਾਨੂੰ ਲੱਭ ਨਾ ਸਕਣ। ਜਦੋਂ ਤੁਹਾਡਾ ਪਿੱਛਾ ਕਰਨ ਵਾਲੇ ਵਾਪਸ ਆ ਜਾਣ, ਤਾਂ ਤੁਸੀਂ ਆਪਣੇ ਰਾਹ ਪੈ ਜਾਇਓ।”
17 ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਨੂੰ ਜੋ ਸਹੁੰ ਖਿਲਾਈ ਹੈ, ਅਸੀਂ ਉਸ ਤੋਂ ਮੁਕਤ ਹੋ ਜਾਵਾਂਗੇ ਤੇ ਦੋਸ਼ੀ ਨਹੀਂ ਠਹਿਰਾਂਗੇ+ 18 ਬਸ਼ਰਤੇ ਕਿ ਜਦੋਂ ਅਸੀਂ ਇਸ ਦੇਸ਼ ਵਿਚ ਆਵਾਂਗੇ, ਤਾਂ ਤੂੰ ਇਹ ਗੂੜ੍ਹੇ ਲਾਲ ਰੰਗ ਦੀ ਰੱਸੀ ਖਿੜਕੀ ਨਾਲ ਬੰਨ੍ਹ ਦੇਈਂ ਜਿਸ ਵਿੱਚੋਂ ਦੀ ਤੂੰ ਸਾਨੂੰ ਥੱਲੇ ਉਤਾਰਿਆ ਹੈ। ਤੂੰ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਆਪਣੇ ਘਰ ਵਿਚ ਇਕੱਠਾ ਕਰ ਲਵੀਂ।+ 19 ਫਿਰ ਜੇ ਕੋਈ ਤੇਰੇ ਘਰ ਦੇ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਉਸ ਦਾ ਖ਼ੂਨ ਉਸੇ ਦੇ ਸਿਰ ਹੋਵੇਗਾ ਅਤੇ ਅਸੀਂ ਦੋਸ਼ੀ ਨਹੀਂ ਹੋਵਾਂਗੇ। ਪਰ ਤੇਰੇ ਘਰ ਵਿਚ ਤੇਰੇ ਨਾਲ ਹੁੰਦਿਆਂ ਜੇ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ,* ਤਾਂ ਉਸ ਦਾ ਖ਼ੂਨ ਸਾਡੇ ਸਿਰ ਹੋਵੇਗਾ। 20 ਪਰ ਜੇ ਤੂੰ ਦੱਸਿਆ ਕਿ ਅਸੀਂ ਕਿਉਂ ਆਏ ਸੀ,+ ਤਾਂ ਤੂੰ ਸਾਨੂੰ ਜੋ ਸਹੁੰ ਖਿਲਾਈ ਹੈ, ਅਸੀਂ ਉਸ ਤੋਂ ਮੁਕਤ ਹੋ ਜਾਵਾਂਗੇ ਤੇ ਦੋਸ਼ੀ ਨਹੀਂ ਠਹਿਰਾਂਗੇ।” 21 ਉਸ ਨੇ ਜਵਾਬ ਦਿੱਤਾ: “ਜਿਵੇਂ ਤੁਸੀਂ ਕਿਹਾ, ਉਸੇ ਤਰ੍ਹਾਂ ਹੋਵੇਗਾ।”
ਫਿਰ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਆਪਣੇ ਰਾਹ ਪੈ ਗਏ। ਇਸ ਤੋਂ ਬਾਅਦ, ਉਸ ਨੇ ਗੂੜ੍ਹੇ ਲਾਲ ਰੰਗ ਦੀ ਰੱਸੀ ਖਿੜਕੀ ਨਾਲ ਬੰਨ੍ਹ ਦਿੱਤੀ। 22 ਇਸ ਲਈ ਉਹ ਪਹਾੜੀ ਇਲਾਕੇ ਨੂੰ ਚਲੇ ਗਏ ਅਤੇ ਤਿੰਨ ਦਿਨ ਉੱਥੇ ਰਹੇ ਜਦੋਂ ਤਕ ਉਨ੍ਹਾਂ ਦਾ ਪਿੱਛਾ ਕਰਨ ਵਾਲੇ ਮੁੜ ਨਹੀਂ ਗਏ। ਪਿੱਛਾ ਕਰਨ ਵਾਲੇ ਉਨ੍ਹਾਂ ਨੂੰ ਹਰ ਰਾਹ ਵਿਚ ਲੱਭਦੇ ਰਹੇ, ਪਰ ਉਹ ਉਨ੍ਹਾਂ ਨੂੰ ਨਹੀਂ ਲੱਭੇ। 23 ਫਿਰ ਉਹ ਦੋਵੇਂ ਆਦਮੀ ਪਹਾੜੀ ਇਲਾਕੇ ਤੋਂ ਹੇਠਾਂ ਆਏ ਅਤੇ ਦਰਿਆ ਪਾਰ ਕਰ ਕੇ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਪਹੁੰਚੇ। ਉਨ੍ਹਾਂ ਨੇ ਉਹ ਸਾਰਾ ਕੁਝ ਉਸ ਨੂੰ ਦੱਸਿਆ ਜੋ ਉਨ੍ਹਾਂ ਨਾਲ ਵਾਪਰਿਆ ਸੀ। 24 ਉਨ੍ਹਾਂ ਨੇ ਯਹੋਸ਼ੁਆ ਨੂੰ ਕਿਹਾ: “ਯਹੋਵਾਹ ਨੇ ਪੂਰੇ ਦੇਸ਼ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ।+ ਅਸਲ ਵਿਚ ਦੇਸ਼ ਦੇ ਸਾਰੇ ਵਾਸੀ ਸਾਡੇ ਕਰਕੇ ਹੌਸਲਾ ਹਾਰ ਬੈਠੇ ਹਨ।”+