ਦੂਜਾ ਇਤਿਹਾਸ
34 ਯੋਸੀਯਾਹ+ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 31 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 2 ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਰਾਹਾਂ ʼਤੇ ਚੱਲਿਆ ਅਤੇ ਸੱਜੇ ਜਾਂ ਖੱਬੇ ਨਹੀਂ ਮੁੜਿਆ।
3 ਆਪਣੇ ਰਾਜ ਦੇ 8ਵੇਂ ਸਾਲ, ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ;+ ਅਤੇ 12ਵੇਂ ਸਾਲ ਵਿਚ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਉੱਚੀਆਂ ਥਾਵਾਂ,+ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ+ ਅਤੇ ਧਾਤ ਦੇ ਬੁੱਤਾਂ* ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ।+ 4 ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੀ ਮੌਜੂਦਗੀ ਵਿਚ ਬਆਲ ਦੀਆਂ ਵੇਦੀਆਂ ਨੂੰ ਅਤੇ ਉਨ੍ਹਾਂ ਉੱਤੇ ਬਣੇ ਧੂਪਦਾਨਾਂ ਨੂੰ ਢਾਹ ਦਿੱਤਾ। ਨਾਲੇ ਉਸ ਨੇ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ ਅਤੇ ਧਾਤ ਦੇ ਬੁੱਤਾਂ* ਦੇ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਦਾ ਚੂਰਾ-ਭੂਰਾ ਕੀਤਾ ਤੇ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ ਜੋ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਇਆ ਕਰਦੇ ਸਨ।+ 5 ਉਸ ਨੇ ਪੁਜਾਰੀਆਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਵੇਦੀਆਂ ʼਤੇ ਸਾੜੀਆਂ।+ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਸ਼ੁੱਧ ਕੀਤਾ।
6 ਮਨੱਸ਼ਹ, ਇਫ਼ਰਾਈਮ,+ ਸ਼ਿਮਓਨ ਤੇ ਨਫ਼ਤਾਲੀ ਤਕ ਦੇ ਸ਼ਹਿਰਾਂ ਵਿਚ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੰਡਰਾਂ ਵਿਚ 7 ਉਸ ਨੇ ਵੇਦੀਆਂ ਢਾਹ ਦਿੱਤੀਆਂ ਅਤੇ ਪੂਜਾ-ਖੰਭਿਆਂ* ਤੇ ਘੜੀਆਂ ਹੋਈਆਂ ਮੂਰਤਾਂ ਨੂੰ ਕੁੱਟ-ਕੁੱਟ ਕੇ ਚੂਰਾ ਕਰ ਦਿੱਤਾ;+ ਉਸ ਨੇ ਸਾਰੇ ਇਜ਼ਰਾਈਲ ਦੇਸ਼ ਵਿਚ ਧੂਪ ਧੁਖਾਉਣ ਦੀਆਂ ਸਾਰੀਆਂ ਵੇਦੀਆਂ ਤੋੜ ਦਿੱਤੀਆਂ+ ਤੇ ਉਸ ਤੋਂ ਬਾਅਦ ਉਹ ਯਰੂਸ਼ਲਮ ਨੂੰ ਮੁੜ ਗਿਆ।
8 ਆਪਣੇ ਰਾਜ ਦੇ 18ਵੇਂ ਸਾਲ ਵਿਚ, ਜਦੋਂ ਉਹ ਦੇਸ਼ ਅਤੇ ਮੰਦਰ* ਨੂੰ ਸ਼ੁੱਧ ਕਰ ਚੁੱਕਾ ਸੀ, ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫਾਨ,+ ਸ਼ਹਿਰ ਦੇ ਮੁਖੀ ਮਾਸੇਯਾਹ ਅਤੇ ਯੋਹਾਜ਼ ਦੇ ਪੁੱਤਰ ਇਤਿਹਾਸ ਦੇ ਲਿਖਾਰੀ ਯੋਆਹ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਲਈ ਘੱਲਿਆ।+ 9 ਉਹ ਮਹਾਂ ਪੁਜਾਰੀ ਹਿਲਕੀਯਾਹ ਕੋਲ ਆਏ ਅਤੇ ਉਸ ਨੂੰ ਪਰਮੇਸ਼ੁਰ ਦੇ ਭਵਨ ਵਿਚ ਲਿਆਂਦਾ ਪੈਸਾ ਦਿੱਤਾ ਜੋ ਦਰਬਾਨਾਂ ਵਜੋਂ ਸੇਵਾ ਕਰ ਰਹੇ ਲੇਵੀਆਂ ਨੇ ਮਨੱਸ਼ਹ, ਇਫ਼ਰਾਈਮ ਅਤੇ ਬਾਕੀ ਸਾਰੇ ਇਜ਼ਰਾਈਲ ਤੋਂ,+ ਨਾਲੇ ਯਹੂਦਾਹ ਤੇ ਬਿਨਯਾਮੀਨ ਤੋਂ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠਾ ਕੀਤਾ ਸੀ। 10 ਫਿਰ ਉਨ੍ਹਾਂ ਨੇ ਇਹ ਪੈਸਾ ਉਨ੍ਹਾਂ ਨੂੰ ਦਿੱਤਾ ਜੋ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਦੀ ਨਿਗਰਾਨੀ ਕਰਦੇ ਸਨ। ਯਹੋਵਾਹ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਨੇ ਇਹ ਪੈਸਾ ਭਵਨ ਦੀ ਮੁਰੰਮਤ ਕਰਨ ਲਈ ਵਰਤਿਆ। 11 ਉਨ੍ਹਾਂ ਨੇ ਇਹ ਪੈਸਾ ਕਾਰੀਗਰਾਂ ਤੇ ਉਸਾਰੀ ਦਾ ਕੰਮ ਕਰਨ ਵਾਲਿਆਂ ਨੂੰ ਦਿੱਤਾ ਤਾਂਕਿ ਉਹ ਤਰਾਸ਼ੇ ਹੋਏ ਪੱਥਰ ਤੇ ਟੇਕਾਂ ਲਈ ਲੱਕੜ ਖ਼ਰੀਦਣ ਅਤੇ ਸ਼ਤੀਰੀਆਂ ਨਾਲ ਉਨ੍ਹਾਂ ਇਮਾਰਤਾਂ ਨੂੰ ਬਣਾਉਣ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਬਰਬਾਦ ਹੋਣ ਦਿੱਤਾ ਸੀ।+
12 ਉਨ੍ਹਾਂ ਆਦਮੀਆਂ ਨੇ ਵਫ਼ਾਦਾਰੀ ਨਾਲ ਕੰਮ ਕੀਤਾ।+ ਉਨ੍ਹਾਂ ਉੱਤੇ ਨਿਗਰਾਨਾਂ ਵਜੋਂ ਇਨ੍ਹਾਂ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ ਸੀ: ਮਰਾਰੀਆਂ+ ਵਿੱਚੋਂ ਯਹਥ ਤੇ ਓਬਦਯਾਹ ਅਤੇ ਕਹਾਥੀਆਂ+ ਵਿੱਚੋਂ ਜ਼ਕਰਯਾਹ ਅਤੇ ਮਸ਼ੂਲਾਮ। ਅਤੇ ਉਨ੍ਹਾਂ ਸਾਰੇ ਲੇਵੀਆਂ ਨੂੰ ਜੋ ਮਾਹਰ ਸੰਗੀਤਕਾਰ ਸਨ+ 13 ਆਮ ਮਜ਼ਦੂਰਾਂ* ਉੱਤੇ ਠਹਿਰਾਇਆ ਗਿਆ ਸੀ ਅਤੇ ਉਹ ਉਨ੍ਹਾਂ ਸਾਰਿਆਂ ਦੇ ਨਿਗਰਾਨ ਸਨ ਜੋ ਹਰ ਤਰ੍ਹਾਂ ਦੀ ਸੇਵਾ ਦਾ ਕੰਮ ਕਰਦੇ ਸਨ; ਕੁਝ ਲੇਵੀ ਸਕੱਤਰ, ਅਧਿਕਾਰੀ ਤੇ ਦਰਬਾਨ ਸਨ।+
14 ਜਦੋਂ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਪੈਸਾ ਬਾਹਰ ਕੱਢ ਰਹੇ ਸਨ,+ ਤਾਂ ਹਿਲਕੀਯਾਹ ਪੁਜਾਰੀ ਨੂੰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ+ ਜੋ ਮੂਸਾ ਰਾਹੀਂ* ਦਿੱਤੀ ਗਈ ਸੀ।+ 15 ਹਿਲਕੀਯਾਹ ਨੇ ਸਕੱਤਰ ਸ਼ਾਫਾਨ ਨੂੰ ਕਿਹਾ: “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਕਾਨੂੰਨ ਦੀ ਕਿਤਾਬ ਲੱਭੀ ਹੈ।” ਹਿਲਕੀਯਾਹ ਨੇ ਇਹ ਕਿਤਾਬ ਸ਼ਾਫਾਨ ਨੂੰ ਦਿੱਤੀ। 16 ਫਿਰ ਸ਼ਾਫਾਨ ਇਹ ਕਿਤਾਬ ਰਾਜੇ ਕੋਲ ਲੈ ਕੇ ਆਇਆ ਤੇ ਉਸ ਨੂੰ ਕਿਹਾ: “ਤੇਰੇ ਸੇਵਕ ਉਹ ਹਰ ਕੰਮ ਕਰ ਰਹੇ ਹਨ ਜੋ ਉਨ੍ਹਾਂ ਨੂੰ ਸੌਂਪਿਆ ਗਿਆ ਸੀ। 17 ਉਨ੍ਹਾਂ ਨੇ ਯਹੋਵਾਹ ਦੇ ਭਵਨ ਵਿੱਚੋਂ ਪੈਸਾ ਲਿਆ ਕੇ ਨਿਗਰਾਨਾਂ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤਾ ਹੈ।” 18 ਸਕੱਤਰ ਸ਼ਾਫਾਨ ਨੇ ਰਾਜੇ ਨੂੰ ਇਹ ਵੀ ਕਿਹਾ: “ਪੁਜਾਰੀ ਹਿਲਕੀਯਾਹ ਨੇ ਮੈਨੂੰ ਇਕ ਕਿਤਾਬ ਦਿੱਤੀ ਹੈ।”+ ਫਿਰ ਸ਼ਾਫਾਨ ਰਾਜੇ ਅੱਗੇ ਉਸ ਕਿਤਾਬ ਵਿੱਚੋਂ ਪੜ੍ਹਨ ਲੱਗਾ।+
19 ਕਾਨੂੰਨ* ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜੇ ਨੇ ਆਪਣੇ ਕੱਪੜੇ ਪਾੜ ਲਏ।+ 20 ਫਿਰ ਰਾਜੇ ਨੇ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ,+ ਮੀਕਾਹ ਦੇ ਪੁੱਤਰ ਅਬਦੋਨ, ਸਕੱਤਰ ਸ਼ਾਫਾਨ ਅਤੇ ਰਾਜੇ ਦੇ ਸੇਵਕ ਅਸਾਯਾਹ ਨੂੰ ਇਹ ਹੁਕਮ ਦਿੱਤਾ: 21 “ਜਾਓ, ਇਸ ਲੱਭੀ ਕਿਤਾਬ ਦੀਆਂ ਗੱਲਾਂ ਬਾਰੇ ਮੇਰੇ ਵੱਲੋਂ ਅਤੇ ਇਜ਼ਰਾਈਲ ਤੇ ਯਹੂਦਾਹ ਵਿਚ ਬਚੇ ਹੋਇਆਂ ਵੱਲੋਂ ਯਹੋਵਾਹ ਕੋਲੋਂ ਪੁੱਛੋ; ਯਹੋਵਾਹ ਦੇ ਕ੍ਰੋਧ ਦਾ ਪਿਆਲਾ ਜੋ ਸਾਡੇ ਉੱਤੇ ਡੋਲ੍ਹਿਆ ਜਾਵੇਗਾ, ਬਹੁਤ ਭਿਆਨਕ ਹੋਵੇਗਾ ਕਿਉਂਕਿ ਸਾਡੇ ਪਿਉ-ਦਾਦਿਆਂ ਨੇ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਯਹੋਵਾਹ ਦੇ ਬਚਨ ਨੂੰ ਨਹੀਂ ਮੰਨਿਆ।”+
22 ਇਸ ਲਈ ਹਿਲਕੀਯਾਹ, ਰਾਜੇ ਦੁਆਰਾ ਘੱਲੇ ਗਏ ਆਦਮੀਆਂ ਨਾਲ ਹੁਲਦਾਹ ਨਬੀਆ ਕੋਲ ਗਿਆ।+ ਉਹ ਪੁਸ਼ਾਕ-ਘਰ ਦੇ ਨਿਗਰਾਨ ਸ਼ਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ। ਉਹ ਯਰੂਸ਼ਲਮ ਸ਼ਹਿਰ ਦੇ ਨਵੇਂ ਹਿੱਸੇ ਵਿਚ ਰਹਿੰਦੀ ਸੀ; ਉੱਥੇ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ।+ 23 ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਿਸ ਆਦਮੀ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, ਉਸ ਨੂੰ ਕਹੋ: 24 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਬਿਪਤਾ ਲਿਆਵਾਂਗਾ,+ ਹਾਂ, ਉਹ ਸਾਰੇ ਸਰਾਪ ਜੋ ਉਸ ਕਿਤਾਬ ਵਿਚ ਲਿਖੇ ਹੋਏ ਹਨ+ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਰਾਜੇ ਨੂੰ ਪੜ੍ਹ ਕੇ ਸੁਣਾਈ ਸੀ। 25 ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ+ ਅਤੇ ਉਹ ਆਪਣੇ ਹੱਥਾਂ ਦੇ ਸਾਰੇ ਕੰਮਾਂ ਨਾਲ ਮੇਰਾ ਗੁੱਸਾ ਭੜਕਾਉਣ ਲਈ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ+ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ, ਇਸ ਲਈ ਮੇਰੇ ਕ੍ਰੋਧ ਦਾ ਪਿਆਲਾ ਇਸ ਜਗ੍ਹਾ ʼਤੇ ਡੋਲ੍ਹਿਆ ਜਾਵੇਗਾ ਤੇ ਇਸ ਕ੍ਰੋਧ ਦੀ ਅੱਗ ਕਦੇ ਨਹੀਂ ਬੁਝੇਗੀ।’”+ 26 ਪਰ ਯਹੂਦਾਹ ਦੇ ਰਾਜੇ ਨੂੰ, ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛਣ ਲਈ ਭੇਜਿਆ ਹੈ, ਤੁਸੀਂ ਇਹ ਕਹਿਓ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਿਹੜੀਆਂ ਗੱਲਾਂ ਤੂੰ ਸੁਣੀਆਂ ਹਨ,+ 27 ਹਾਂ, ਇਸ ਜਗ੍ਹਾ ਅਤੇ ਇਸ ਦੇ ਵਾਸੀਆਂ ਬਾਰੇ ਕਹੀਆਂ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਤੇਰੇ ਦਿਲ ਨੇ ਹੁੰਗਾਰਾ ਭਰਿਆ ਅਤੇ ਤੂੰ ਉਸ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ। ਕਿਉਂਕਿ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਤੂੰ ਆਪਣੇ ਕੱਪੜੇ ਪਾੜੇ ਤੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣੀ ਹੈ,+ ਯਹੋਵਾਹ ਐਲਾਨ ਕਰਦਾ ਹੈ। 28 ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਵਾਂਗਾ।’”’”+
ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ। 29 ਇਸ ਲਈ ਰਾਜੇ ਨੇ ਸੰਦੇਸ਼ ਭੇਜਿਆ ਅਤੇ ਯਹੂਦਾਹ ਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾਇਆ।+ 30 ਇਸ ਤੋਂ ਬਾਅਦ ਰਾਜਾ ਯਹੂਦਾਹ ਦੇ ਸਾਰੇ ਆਦਮੀਆਂ, ਯਰੂਸ਼ਲਮ ਦੇ ਵਾਸੀਆਂ, ਪੁਜਾਰੀਆਂ, ਲੇਵੀਆਂ, ਹਾਂ, ਸਾਰੇ ਛੋਟੇ-ਵੱਡੇ ਲੋਕਾਂ ਨੂੰ ਨਾਲ ਲੈ ਕੇ ਯਹੋਵਾਹ ਦੇ ਭਵਨ ਨੂੰ ਗਿਆ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿੱਚੋਂ ਮਿਲੀ ਇਕਰਾਰ ਦੀ ਕਿਤਾਬ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ।+ 31 ਰਾਜਾ ਆਪਣੀ ਜਗ੍ਹਾ ਖੜ੍ਹ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਇਕਰਾਰ ਕੀਤਾ*+ ਕਿ ਉਹ ਇਸ ਕਿਤਾਬ ਵਿਚ ਦਰਜ ਇਕਰਾਰ ਦੀਆਂ ਗੱਲਾਂ ਮੰਨਦੇ ਹੋਏ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ+ ਯਹੋਵਾਹ ਦੇ ਮਗਰ ਚੱਲੇਗਾ, ਉਸ ਦੇ ਹੁਕਮ ਤੇ ਉਸ ਦੀਆਂ ਨਸੀਹਤਾਂ* ਮੰਨੇਗਾ ਤੇ ਉਸ ਦੇ ਨਿਯਮਾਂ ਦੀ ਪਾਲਣਾ ਕਰੇਗਾ।+ 32 ਫਿਰ ਉਸ ਨੇ ਉਨ੍ਹਾਂ ਸਾਰੇ ਲੋਕਾਂ ਤੋਂ ਹਾਮੀ ਭਰਾਈ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿਚ ਸਨ। ਅਤੇ ਯਰੂਸ਼ਲਮ ਦੇ ਵਾਸੀਆਂ ਨੇ ਪਰਮੇਸ਼ੁਰ ਦੇ, ਹਾਂ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਕੰਮ ਕੀਤਾ।+ 33 ਫਿਰ ਯੋਸੀਯਾਹ ਨੇ ਇਜ਼ਰਾਈਲੀਆਂ ਦੇ ਸਾਰੇ ਇਲਾਕਿਆਂ ਵਿੱਚੋਂ ਸਾਰੀਆਂ ਘਿਣਾਉਣੀਆਂ ਚੀਜ਼ਾਂ* ਕੱਢ ਦਿੱਤੀਆਂ+ ਅਤੇ ਉਸ ਨੇ ਇਜ਼ਰਾਈਲ ਵਿਚ ਸਾਰਿਆਂ ਕੋਲੋਂ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਾਈ। ਉਸ ਦੇ ਜੀਉਂਦੇ-ਜੀ* ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਣੋਂ ਨਹੀਂ ਹਟੇ।