ਦੂਜਾ ਸਮੂਏਲ
3 ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿਚ ਲੰਬੇ ਸਮੇਂ ਤਕ ਲੜਾਈ ਚੱਲਦੀ ਰਹੀ; ਦਾਊਦ ਹੋਰ ਤੋਂ ਹੋਰ ਤਾਕਤਵਰ ਹੁੰਦਾ ਗਿਆ+ ਅਤੇ ਸ਼ਾਊਲ ਦਾ ਘਰਾਣਾ ਹੌਲੀ-ਹੌਲੀ ਕਮਜ਼ੋਰ ਹੁੰਦਾ ਗਿਆ।+
2 ਇਸ ਦੌਰਾਨ, ਹਬਰੋਨ ਵਿਚ ਦਾਊਦ ਦੇ ਪੁੱਤਰ ਪੈਦਾ ਹੋਏ।+ ਉਸ ਦੇ ਜੇਠੇ ਪੁੱਤਰ ਦਾ ਨਾਂ ਅਮਨੋਨ+ ਸੀ ਜੋ ਯਿਜ਼ਰਾਏਲ ਦੀ ਰਹਿਣ ਵਾਲੀ ਅਹੀਨੋਅਮ+ ਤੋਂ ਪੈਦਾ ਹੋਇਆ ਸੀ। 3 ਉਸ ਦਾ ਦੂਸਰਾ ਪੁੱਤਰ ਕਿਲਆਬ ਸੀ ਜੋ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ+ ਤੋਂ ਪੈਦਾ ਹੋਇਆ ਸੀ; ਤੀਸਰਾ ਮਾਕਾਹ ਦਾ ਪੁੱਤਰ ਅਬਸ਼ਾਲੋਮ+ ਸੀ। ਮਾਕਾਹ ਗਸ਼ੂਰ ਦੇ ਰਾਜੇ ਤਲਮਈ+ ਦੀ ਧੀ ਸੀ। 4 ਚੌਥਾ ਹੱਗੀਥ ਦਾ ਪੁੱਤਰ ਅਦੋਨੀਯਾਹ+ ਸੀ ਅਤੇ ਪੰਜਵਾਂ ਅਬੀਟਾਲ ਦਾ ਪੁੱਤਰ ਸ਼ਫਟਯਾਹ ਸੀ। 5 ਛੇਵਾਂ ਯਿਥਰਾਮ ਸੀ ਜੋ ਦਾਊਦ ਦੀ ਪਤਨੀ ਅਗਲਾਹ ਤੋਂ ਪੈਦਾ ਹੋਇਆ ਸੀ। ਦਾਊਦ ਦੇ ਇਹ ਸਾਰੇ ਪੁੱਤਰ ਹਬਰੋਨ ਵਿਚ ਪੈਦਾ ਹੋਏ।
6 ਜਦੋਂ ਤਕ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿਚ ਲੜਾਈ ਚੱਲਦੀ ਰਹੀ, ਅਬਨੇਰ+ ਸ਼ਾਊਲ ਦੇ ਘਰਾਣੇ ਵਿਚ ਹੋਰ ਤਾਕਤਵਰ ਹੁੰਦਾ ਗਿਆ। 7 ਸ਼ਾਊਲ ਦੀ ਇਕ ਰਖੇਲ ਸੀ ਜਿਸ ਦਾ ਨਾਂ ਰਿਸਪਾਹ ਸੀ+ ਅਤੇ ਉਹ ਅੱਯਾਹ ਦੀ ਧੀ ਸੀ। ਈਸ਼ਬੋਸ਼ਥ+ ਨੇ ਬਾਅਦ ਵਿਚ ਅਬਨੇਰ ਨੂੰ ਕਿਹਾ: “ਤੂੰ ਮੇਰੇ ਪਿਤਾ ਦੀ ਰਖੇਲ ਨਾਲ ਸੰਬੰਧ ਕਿਉਂ ਬਣਾਏ?”+ 8 ਈਸ਼ਬੋਸ਼ਥ ਦੀਆਂ ਗੱਲਾਂ ਸੁਣ ਕੇ ਅਬਨੇਰ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਨੇ ਕਿਹਾ: “ਕੀ ਮੈਂ ਯਹੂਦਾਹ ਦਾ ਕੋਈ ਕੁੱਤਾ* ਹਾਂ? ਮੈਂ ਅੱਜ ਤਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ, ਉਸ ਦੇ ਭਰਾਵਾਂ ਅਤੇ ਦੋਸਤਾਂ ਲਈ ਅਟੱਲ ਪਿਆਰ ਦਿਖਾਉਂਦਾ ਆਇਆ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਵਿਚ ਦੇ ਕੇ ਤੇਰੇ ਨਾਲ ਦਗ਼ਾ ਨਹੀਂ ਕੀਤਾ; ਫਿਰ ਵੀ ਅੱਜ ਤੂੰ ਇਕ ਔਰਤ ਸੰਬੰਧੀ ਹੋਈ ਗ਼ਲਤੀ ਦਾ ਮੇਰੇ ਤੋਂ ਹਿਸਾਬ ਮੰਗ ਰਿਹਾ ਹੈਂ। 9 ਪਰਮੇਸ਼ੁਰ ਅਬਨੇਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੇ ਮੈਂ ਦਾਊਦ ਲਈ ਉਸੇ ਤਰ੍ਹਾਂ ਨਾ ਕਰਾਂ ਜਿਵੇਂ ਯਹੋਵਾਹ ਨੇ ਉਸ ਨਾਲ ਇਹ ਸਹੁੰ ਖਾਧੀ ਸੀ:+ 10 ਸ਼ਾਊਲ ਦੇ ਘਰਾਣੇ ਤੋਂ ਰਾਜ ਖੋਹ ਕੇ ਦਾਊਦ ਨੂੰ ਦੇ ਦਿੱਤਾ ਜਾਵੇਗਾ ਅਤੇ ਦਾਊਦ ਦੀ ਰਾਜ-ਗੱਦੀ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ+ ਪੂਰੇ ਇਜ਼ਰਾਈਲ ਅਤੇ ਯਹੂਦਾਹ ʼਤੇ ਕਾਇਮ ਰਹੇਗੀ।” 11 ਉਹ ਜਵਾਬ ਵਿਚ ਅਬਨੇਰ ਨੂੰ ਇਕ ਵੀ ਸ਼ਬਦ ਨਾ ਕਹਿ ਸਕਿਆ ਕਿਉਂਕਿ ਉਹ ਉਸ ਤੋਂ ਡਰ ਗਿਆ ਸੀ।+
12 ਅਬਨੇਰ ਨੇ ਤੁਰੰਤ ਆਦਮੀਆਂ ਨੂੰ ਇਹ ਕਹਿਣ ਲਈ ਦਾਊਦ ਕੋਲ ਘੱਲਿਆ: “ਇਸ ਦੇਸ਼ ʼਤੇ ਕਿਹਦਾ ਰਾਜ ਹੈ?” ਉਸ ਨੇ ਅੱਗੇ ਕਿਹਾ: “ਮੇਰੇ ਨਾਲ ਇਕਰਾਰ ਕਰ ਅਤੇ ਮੈਂ ਪੂਰੇ ਇਜ਼ਰਾਈਲ ਨੂੰ ਤੇਰੇ ਵੱਲ ਕਰਨ ਲਈ ਜੋ ਕਰ ਸਕਦਾ ਹਾਂ, ਕਰਾਂਗਾ।”*+ 13 ਦਾਊਦ ਨੇ ਜਵਾਬ ਦਿੱਤਾ: “ਠੀਕ ਹੈ, ਮੈਂ ਤੇਰੇ ਨਾਲ ਇਕਰਾਰ ਕਰਾਂਗਾ। ਮੈਂ ਬੱਸ ਇੰਨਾ ਚਾਹੁੰਦਾ ਹਾਂ ਕਿ ਜਦ ਤੂੰ ਮੈਨੂੰ ਮਿਲਣ ਆਵੇਂ, ਤਾਂ ਸ਼ਾਊਲ ਦੀ ਧੀ ਮੀਕਲ+ ਨੂੰ ਨਾਲ ਲੈ ਕੇ ਆਈਂ, ਨਹੀਂ ਤਾਂ ਮੈਨੂੰ ਆਪਣਾ ਮੂੰਹ ਨਾ ਦਿਖਾਈਂ।” 14 ਫਿਰ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਈਸ਼ਬੋਸ਼ਥ+ ਕੋਲ ਇਹ ਕਹਿਣ ਲਈ ਘੱਲਿਆ: “ਮੈਨੂੰ ਮੇਰੀ ਪਤਨੀ ਮੀਕਲ ਦੇ ਦੇ ਜਿਸ ਨਾਲ ਮੈਂ ਫਲਿਸਤੀਆਂ ਦੀਆਂ 100 ਖੱਲੜੀਆਂ ਦੇ ਬਦਲੇ ਮੰਗਣੀ ਕੀਤੀ ਸੀ।”+ 15 ਇਸ ਲਈ ਈਸ਼ਬੋਸ਼ਥ ਨੇ ਮੀਕਲ ਨੂੰ ਲਿਆਉਣ ਲਈ ਆਪਣੇ ਬੰਦਿਆਂ ਨੂੰ ਉਸ ਦੇ ਪਤੀ ਪਲਟੀਏਲ+ ਕੋਲ ਘੱਲਿਆ ਜੋ ਲਾਇਸ਼ ਦਾ ਪੁੱਤਰ ਸੀ। 16 ਪਰ ਉਸ ਦਾ ਪਤੀ ਉਸ ਦੇ ਨਾਲ-ਨਾਲ ਤੁਰਦਾ ਗਿਆ। ਉਹ ਬਹੁਰੀਮ+ ਤਕ ਰੋਂਦਾ-ਰੋਂਦਾ ਉਸ ਦੇ ਮਗਰ ਗਿਆ। ਫਿਰ ਅਬਨੇਰ ਨੇ ਉਸ ਨੂੰ ਕਿਹਾ: “ਜਾਹ, ਵਾਪਸ ਜਾ!” ਇਹ ਸੁਣ ਕੇ ਉਹ ਵਾਪਸ ਮੁੜ ਗਿਆ।
17 ਇਸ ਦੌਰਾਨ, ਅਬਨੇਰ ਨੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਹ ਸੰਦੇਸ਼ ਭੇਜਿਆ: “ਤੁਸੀਂ ਪਿਛਲੇ ਕੁਝ ਸਮੇਂ ਤੋਂ ਚਾਹੁੰਦੇ ਸੀ ਕਿ ਦਾਊਦ ਤੁਹਾਡੇ ʼਤੇ ਰਾਜ ਕਰੇ। 18 ਹੁਣ ਕਦਮ ਚੁੱਕੋ ਕਿਉਂਕਿ ਯਹੋਵਾਹ ਨੇ ਦਾਊਦ ਨੂੰ ਕਿਹਾ ਸੀ: ‘ਮੈਂ ਆਪਣੇ ਸੇਵਕ ਦਾਊਦ+ ਦੇ ਹੱਥੀਂ ਆਪਣੀ ਪਰਜਾ ਇਜ਼ਰਾਈਲ ਨੂੰ ਫਲਿਸਤੀਆਂ ਅਤੇ ਸਾਰੇ ਦੁਸ਼ਮਣਾਂ ਹੱਥੋਂ ਬਚਾਵਾਂਗਾ।’” 19 ਫਿਰ ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਗੱਲ ਕੀਤੀ।+ ਨਾਲੇ ਅਬਨੇਰ ਹਬਰੋਨ ਵਿਚ ਦਾਊਦ ਨਾਲ ਇਕੱਲਿਆਂ ਵਿਚ ਗੱਲ ਕਰਨ ਗਿਆ ਕਿ ਉਹ ਦਾਊਦ ਨੂੰ ਦੱਸੇ ਕਿ ਇਜ਼ਰਾਈਲ ਅਤੇ ਬਿਨਯਾਮੀਨ ਦਾ ਪੂਰਾ ਘਰਾਣਾ ਕੀ ਕਰਨ ਲਈ ਸਹਿਮਤ ਹੋਇਆ ਹੈ।
20 ਜਦ ਅਬਨੇਰ 20 ਆਦਮੀਆਂ ਨਾਲ ਦਾਊਦ ਕੋਲ ਹਬਰੋਨ ਵਿਚ ਆਇਆ, ਤਾਂ ਦਾਊਦ ਨੇ ਅਬਨੇਰ ਅਤੇ ਉਸ ਦੇ ਆਦਮੀਆਂ ਲਈ ਦਾਅਵਤ ਰੱਖੀ। 21 ਫਿਰ ਅਬਨੇਰ ਨੇ ਦਾਊਦ ਨੂੰ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਜਾ ਕੇ ਪੂਰੇ ਇਜ਼ਰਾਈਲ ਨੂੰ ਆਪਣੇ ਪ੍ਰਭੂ ਅਤੇ ਮਹਾਰਾਜ ਕੋਲ ਇਕੱਠਾ ਕਰਾਂ ਤਾਂਕਿ ਉਹ ਤੇਰੇ ਨਾਲ ਇਕਰਾਰ ਕਰਨ ਅਤੇ ਤੂੰ ਸਾਰਿਆਂ ਉੱਤੇ ਰਾਜ ਕਰੇਂ ਜਿਵੇਂ ਤੇਰੀ ਇੱਛਾ ਹੈ।” ਇਸ ਲਈ ਦਾਊਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਆਪਣੇ ਰਾਹ ਪੈ ਗਿਆ।
22 ਉਸੇ ਵੇਲੇ ਦਾਊਦ ਦੇ ਸੇਵਕ ਅਤੇ ਯੋਆਬ ਕਿਤਿਓਂ ਲੁੱਟ-ਮਾਰ ਕਰ ਕੇ ਵਾਪਸ ਆਏ ਅਤੇ ਉਹ ਆਪਣੇ ਨਾਲ ਬਹੁਤ ਸਾਰਾ ਲੁੱਟ ਦਾ ਮਾਲ ਲੈ ਕੇ ਆਏ। ਅਬਨੇਰ ਹੁਣ ਦਾਊਦ ਨਾਲ ਹਬਰੋਨ ਵਿਚ ਨਹੀਂ ਸੀ ਕਿਉਂਕਿ ਉਸ ਨੇ ਅਬਨੇਰ ਨੂੰ ਸ਼ਾਂਤੀ ਨਾਲ ਆਪਣੇ ਰਾਹ ਭੇਜ ਦਿੱਤਾ ਸੀ। 23 ਜਦ ਯੋਆਬ+ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਪਹੁੰਚੀ, ਤਾਂ ਯੋਆਬ ਨੂੰ ਦੱਸਿਆ ਗਿਆ: “ਨੇਰ+ ਦਾ ਪੁੱਤਰ ਅਬਨੇਰ+ ਰਾਜੇ ਕੋਲ ਆਇਆ ਸੀ ਅਤੇ ਉਸ ਨੇ ਉਸ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਆਪਣੇ ਰਾਹ ਚਲਾ ਗਿਆ।” 24 ਇਸ ਲਈ ਯੋਆਬ ਰਾਜੇ ਕੋਲ ਗਿਆ ਅਤੇ ਕਿਹਾ: “ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਸੀ। ਤੂੰ ਉਸ ਨੂੰ ਸਹੀ-ਸਲਾਮਤ ਕਿਉਂ ਭੇਜ ਦਿੱਤਾ? 25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੀ ਹੈਂ! ਉਹ ਤੈਨੂੰ ਇੱਥੇ ਧੋਖਾ ਦੇਣ ਆਇਆ ਸੀ ਅਤੇ ਤੇਰਾ ਭੇਤ ਲੈਣ ਅਤੇ ਉਹ ਹਰੇਕ ਗੱਲ ਜਾਣਨ ਆਇਆ ਸੀ ਜੋ ਤੂੰ ਕਰ ਰਿਹਾ ਹੈਂ।”
26 ਇਸ ਲਈ ਯੋਆਬ ਦਾਊਦ ਕੋਲੋਂ ਚਲਾ ਗਿਆ ਅਤੇ ਉਸ ਨੇ ਅਬਨੇਰ ਮਗਰ ਆਦਮੀਆਂ ਨੂੰ ਘੱਲਿਆ ਅਤੇ ਉਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਵਾਪਸ ਮੋੜ ਲਿਆਏ; ਪਰ ਦਾਊਦ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। 27 ਜਦ ਅਬਨੇਰ ਹਬਰੋਨ ਵਾਪਸ ਆਇਆ,+ ਤਾਂ ਯੋਆਬ ਉਸ ਨਾਲ ਇਕੱਲਿਆਂ ਵਿਚ ਗੱਲ ਕਰਨ ਲਈ ਉਸ ਨੂੰ ਸ਼ਹਿਰ ਦੇ ਦਰਵਾਜ਼ੇ ਅੰਦਰ ਇਕ ਪਾਸੇ ਲੈ ਗਿਆ। ਉੱਥੇ ਉਸ ਨੇ ਅਬਨੇਰ ਦੇ ਢਿੱਡ ਵਿਚ ਤਲਵਾਰ ਖੋਭ ਦਿੱਤੀ ਅਤੇ ਉਹ ਮਰ ਗਿਆ;+ ਇਹ ਉਸ ਨੇ ਆਪਣੇ ਭਰਾ ਅਸਾਹੇਲ ਦੇ ਕਤਲ ਦਾ ਬਦਲਾ ਲੈਣ ਲਈ* ਕੀਤਾ ਸੀ।+ 28 ਬਾਅਦ ਵਿਚ ਜਦ ਦਾਊਦ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਕਿਹਾ: “ਮੈਂ ਅਤੇ ਮੇਰਾ ਰਾਜ ਨੇਰ ਦੇ ਪੁੱਤਰ ਅਬਨੇਰ ਦੇ ਖ਼ੂਨ ਦੇ ਦੋਸ਼ ਤੋਂ ਹਮੇਸ਼ਾ ਲਈ ਯਹੋਵਾਹ ਅੱਗੇ ਬੇਕਸੂਰ ਹਾਂ।+ 29 ਇਹ ਯੋਆਬ ਅਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਦੇ ਸਿਰ ʼਤੇ ਆ ਪਵੇ।+ ਯੋਆਬ ਦੇ ਘਰਾਣੇ ਵਿਚ ਹਮੇਸ਼ਾ ਇਸ ਤਰ੍ਹਾਂ ਦਾ ਕੋਈ ਆਦਮੀ ਰਹੇ ਜੋ ਰਿਸਾਵ ਤੋਂ ਪੀੜਿਤ ਹੋਵੇ,+ ਕੋੜ੍ਹੀ ਹੋਵੇ+ ਜਾਂ ਤੱਕਲੇ ਨਾਲ ਕੰਮ ਕਰਦਾ ਹੋਵੇ* ਜਾਂ ਤਲਵਾਰ ਨਾਲ ਡਿਗੇ ਜਾਂ ਖਾਣੇ ਲਈ ਤਰਸੇ!”+ 30 ਇਸ ਲਈ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ+ ਨੇ ਅਬਨੇਰ+ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿਖੇ ਹੋਈ ਲੜਾਈ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ।+
31 ਫਿਰ ਦਾਊਦ ਨੇ ਯੋਆਬ ਅਤੇ ਉਸ ਦੇ ਨਾਲ ਦੇ ਸਾਰੇ ਲੋਕਾਂ ਨੂੰ ਕਿਹਾ: “ਆਪਣੇ ਕੱਪੜੇ ਪਾੜੋ ਅਤੇ ਤੱਪੜ ਪਾਓ ਅਤੇ ਅਬਨੇਰ ਲਈ ਕੀਰਨੇ ਪਾਓ।” ਰਾਜਾ ਦਾਊਦ ਆਪ ਅਰਥੀ ਦੇ ਮਗਰ-ਮਗਰ ਚੱਲ ਰਿਹਾ ਸੀ। 32 ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿਚ ਦਫ਼ਨਾ ਦਿੱਤਾ; ਅਤੇ ਰਾਜਾ ਅਬਨੇਰ ਦੀ ਕਬਰ ʼਤੇ ਧਾਹਾਂ ਮਾਰ-ਮਾਰ ਕੇ ਰੋਇਆ ਅਤੇ ਸਾਰੇ ਲੋਕ ਵੀ ਰੋਣ ਲੱਗੇ। 33 ਰਾਜੇ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਕਿਹਾ:
“ਕੀ ਅਬਨੇਰ ਨੂੰ ਇਕ ਨਾਸਮਝ ਬੰਦੇ ਦੀ ਮੌਤ ਮਰਨਾ ਚਾਹੀਦਾ ਸੀ?
34 ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ,
ਤੇਰੇ ਪੈਰ ਬੇੜੀਆਂ* ਵਿਚ ਜਕੜੇ ਨਹੀਂ ਸਨ।
ਤੂੰ ਇਵੇਂ ਡਿਗ ਪਿਆ ਜਿਵੇਂ ਕੋਈ ਅਪਰਾਧੀਆਂ* ਦੇ ਹੱਥੋਂ ਮਾਰਿਆ ਜਾਂਦਾ ਹੈ।”+
ਇਹ ਸੁਣ ਕੇ ਸਾਰੇ ਲੋਕ ਦੁਬਾਰਾ ਉਸ ਲਈ ਰੋਣ ਲੱਗੇ।
35 ਬਾਅਦ ਵਿਚ ਜਦੋਂ ਅਜੇ ਦਿਨ ਹੀ ਸੀ, ਤਾਂ ਲੋਕ ਦਿਲਾਸਾ ਦੇਣ ਲਈ ਦਾਊਦ ਨੂੰ ਰੋਟੀ ਦੇਣ ਆਏ, ਪਰ ਦਾਊਦ ਨੇ ਸਹੁੰ ਖਾਧੀ: “ਪਰਮੇਸ਼ੁਰ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਕਿਸੇ ਵੀ ਹੋਰ ਚੀਜ਼ ਨੂੰ ਮੂੰਹ ਲਾਵਾਂ!”+ 36 ਸਾਰੇ ਲੋਕਾਂ ਨੇ ਇਹ ਦੇਖਿਆ ਅਤੇ ਉਨ੍ਹਾਂ ਨੂੰ ਰਾਜੇ ਦਾ ਇਸ ਤਰ੍ਹਾਂ ਕਰਨਾ ਸਹੀ ਲੱਗਾ ਜਿਵੇਂ ਉਨ੍ਹਾਂ ਨੂੰ ਬਾਕੀ ਮਾਮਲਿਆਂ ਵਿਚ ਰਾਜੇ ਦਾ ਹਰ ਕੰਮ ਸਹੀ ਲੱਗਦਾ ਸੀ। 37 ਇਸ ਤਰ੍ਹਾਂ ਸਾਰੇ ਲੋਕਾਂ ਅਤੇ ਸਾਰੇ ਇਜ਼ਰਾਈਲ ਨੂੰ ਉਸ ਦਿਨ ਪਤਾ ਲੱਗ ਗਿਆ ਕਿ ਨੇਰ ਦੇ ਪੁੱਤਰ ਅਬਨੇਰ ਦੀ ਮੌਤ ਦਾ ਜ਼ਿੰਮੇਵਾਰ ਰਾਜਾ ਨਹੀਂ ਸੀ।+ 38 ਫਿਰ ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ: “ਕੀ ਤੁਹਾਨੂੰ ਨਹੀਂ ਪਤਾ ਕਿ ਅੱਜ ਇਜ਼ਰਾਈਲ ਵਿਚ ਇਕ ਆਗੂ ਅਤੇ ਇਕ ਮਹਾਨ ਆਦਮੀ ਦੀ ਮੌਤ ਹੋਈ ਹੈ?+ 39 ਭਾਵੇਂ ਮੈਂ ਰਾਜੇ ਵਜੋਂ ਚੁਣਿਆ ਗਿਆ ਹਾਂ,+ ਪਰ ਅੱਜ ਮੈਂ ਬਹੁਤ ਕਮਜ਼ੋਰ ਹਾਂ ਅਤੇ ਇਹ ਆਦਮੀ ਯਾਨੀ ਸਰੂਯਾਹ ਦੇ ਪੁੱਤਰ+ ਬਹੁਤ ਬੇਰਹਿਮ ਹਨ।+ ਯਹੋਵਾਹ ਦੁਸ਼ਟ ਨੂੰ ਉਸ ਦੀ ਦੁਸ਼ਟਤਾ ਦੇ ਅਨੁਸਾਰ ਫਲ ਦੇਵੇ।”+