ਦੂਜਾ ਸਮੂਏਲ
4 ਜਦੋਂ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ*+ ਨੇ ਸੁਣਿਆ ਕਿ ਅਬਨੇਰ ਹਬਰੋਨ ਵਿਚ ਮਰ ਗਿਆ ਹੈ,+ ਤਾਂ ਉਹ ਹਿੰਮਤ ਹਾਰ ਗਿਆ* ਅਤੇ ਸਾਰੇ ਇਜ਼ਰਾਈਲੀ ਘਬਰਾ ਗਏ। 2 ਦੋ ਆਦਮੀ ਸ਼ਾਊਲ ਦੇ ਪੁੱਤਰ ਦੇ ਲੁਟੇਰਿਆਂ ਦੇ ਗਿਰੋਹਾਂ ਦੀ ਨਿਗਰਾਨੀ ਕਰਦੇ ਸਨ: ਇਕ ਦਾ ਨਾਂ ਬਆਨਾਹ ਅਤੇ ਦੂਜੇ ਦਾ ਨਾਂ ਰੇਕਾਬ ਸੀ। ਉਹ ਬਏਰੋਥੀ ਰਿੰਮੋਨ ਦੇ ਪੁੱਤਰ ਸਨ ਜੋ ਬਿਨਯਾਮੀਨ ਦੇ ਗੋਤ ਵਿੱਚੋਂ ਸੀ। (ਬਏਰੋਥ+ ਨੂੰ ਵੀ ਬਿਨਯਾਮੀਨ ਦੇ ਇਲਾਕੇ ਦਾ ਹਿੱਸਾ ਮੰਨਿਆ ਜਾਂਦਾ ਸੀ। 3 ਬਏਰੋਥੀ ਗਿੱਤਾਯਿਮ+ ਨੂੰ ਭੱਜ ਗਏ ਸਨ ਅਤੇ ਉਹ ਅੱਜ ਤਕ ਉੱਥੇ ਪਰਦੇਸੀ ਹਨ।)
4 ਸ਼ਾਊਲ ਦੇ ਪੁੱਤਰ ਯੋਨਾਥਾਨ+ ਦਾ ਇਕ ਪੁੱਤਰ ਸੀ ਜੋ ਪੈਰਾਂ ਤੋਂ ਅਪਾਹਜ* ਸੀ।+ ਉਹ ਪੰਜ ਸਾਲਾਂ ਦਾ ਸੀ ਜਦੋਂ ਯਿਜ਼ਰਾਏਲ+ ਤੋਂ ਸ਼ਾਊਲ ਅਤੇ ਯੋਨਾਥਾਨ ਦੇ ਮਰਨ ਦੀ ਖ਼ਬਰ ਆਈ। ਉਸ ਦੀ ਦਾਈ ਉਸ ਨੂੰ ਚੁੱਕ ਕੇ ਭੱਜੀ। ਪਰ ਜਦੋਂ ਉਹ ਘਬਰਾਈ ਹੋਈ ਭੱਜ ਰਹੀ ਸੀ, ਤਾਂ ਉਹ ਡਿਗ ਪਿਆ ਅਤੇ ਅਪਾਹਜ ਹੋ ਗਿਆ। ਉਸ ਦਾ ਨਾਂ ਮਫੀਬੋਸ਼ਥ ਸੀ।+
5 ਬਏਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਸਿਖਰ ਦੁਪਹਿਰੇ ਈਸ਼ਬੋਸ਼ਥ ਦੇ ਘਰ ਗਏ ਜਦੋਂ ਉਹ ਆਰਾਮ ਕਰ ਰਿਹਾ ਸੀ। 6 ਉਹ ਘਰ ਵਿਚ ਇਸ ਤਰ੍ਹਾਂ ਦਾਖ਼ਲ ਹੋਏ ਜਿਵੇਂ ਉਹ ਕਣਕ ਲੈਣ ਆਏ ਹੋਣ ਅਤੇ ਉਨ੍ਹਾਂ ਨੇ ਉਸ ਦੇ ਢਿੱਡ ਵਿਚ ਛੁਰਾ ਮਾਰਿਆ; ਫਿਰ ਰੇਕਾਬ ਅਤੇ ਉਸ ਦਾ ਭਰਾ ਬਆਨਾਹ+ ਉੱਥੋਂ ਭੱਜ ਗਏ। 7 ਜਦੋਂ ਉਹ ਘਰ ਅੰਦਰ ਦਾਖ਼ਲ ਹੋਏ ਸਨ, ਤਾਂ ਈਸ਼ਬੋਸ਼ਥ ਆਪਣੇ ਕਮਰੇ ਵਿਚ ਪਲੰਘ ਉੱਤੇ ਪਿਆ ਸੀ ਅਤੇ ਉਨ੍ਹਾਂ ਨੇ ਉਸ ʼਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਸਿਰ ਵੱਢਿਆ। ਫਿਰ ਉਨ੍ਹਾਂ ਨੇ ਉਸ ਦਾ ਸਿਰ ਲਿਆ ਅਤੇ ਸਾਰੀ ਰਾਤ ਅਰਾਬਾਹ ਨੂੰ ਜਾਂਦੇ ਰਾਹ ʼਤੇ ਤੁਰਦੇ ਗਏ। 8 ਅਤੇ ਉਹ ਈਸ਼ਬੋਸ਼ਥ+ ਦਾ ਸਿਰ ਲੈ ਕੇ ਹਬਰੋਨ ਵਿਚ ਦਾਊਦ ਕੋਲ ਆਏ ਅਤੇ ਰਾਜੇ ਨੂੰ ਕਹਿਣ ਲੱਗੇ: “ਆਹ ਰਿਹਾ ਤੇਰੇ ਜਾਨੀ ਦੁਸ਼ਮਣ ਸ਼ਾਊਲ+ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ। ਅੱਜ ਯਹੋਵਾਹ ਨੇ ਸਾਡੇ ਪ੍ਰਭੂ ਅਤੇ ਮਹਾਰਾਜ ਲਈ ਸ਼ਾਊਲ ਅਤੇ ਉਸ ਦੀ ਔਲਾਦ ਤੋਂ ਬਦਲਾ ਲਿਆ ਹੈ।”
9 ਪਰ ਦਾਊਦ ਨੇ ਬਏਰੋਥੀ ਰਿੰਮੋਨ ਦੇ ਪੁੱਤਰਾਂ ਰੇਕਾਬ ਅਤੇ ਉਸ ਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਨੇ ਸਾਰੇ ਦੁੱਖਾਂ ਤੋਂ ਮੈਨੂੰ ਛੁਟਕਾਰਾ ਦਿੱਤਾ ਹੈ,+ 10 ਜਦੋਂ ਸਿਕਲਗ ਵਿਚ ਕਿਸੇ ਨੇ ਮੈਨੂੰ ਖ਼ਬਰ ਦਿੱਤੀ, ‘ਸ਼ਾਊਲ ਮਰ ਗਿਆ ਹੈ’+ ਅਤੇ ਉਸ ਨੇ ਸੋਚਿਆ ਕਿ ਉਹ ਮੇਰੇ ਲਈ ਚੰਗੀ ਖ਼ਬਰ ਲਿਆਇਆ ਸੀ, ਤਾਂ ਮੈਂ ਉਸ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ।+ ਖ਼ਬਰ ਲਿਆਉਣ ਵਾਲੇ ਨੂੰ ਮੇਰੇ ਕੋਲੋਂ ਇਹ ਇਨਾਮ ਮਿਲਿਆ ਸੀ! 11 ਤਾਂ ਫਿਰ, ਉਨ੍ਹਾਂ ਦੁਸ਼ਟ ਆਦਮੀਆਂ ਨਾਲ ਕਿੰਨਾ ਬੁਰਾ ਕੀਤਾ ਜਾਵੇਗਾ ਜਿਨ੍ਹਾਂ ਨੇ ਇਕ ਨੇਕ ਆਦਮੀ ਨੂੰ ਉਸ ਦੇ ਘਰੇ ਉਸੇ ਦੇ ਪਲੰਘ ʼਤੇ ਮਾਰ ਦਿੱਤਾ! ਕੀ ਮੈਨੂੰ ਤੁਹਾਡੇ ਕੋਲੋਂ ਉਸ ਦੇ ਖ਼ੂਨ ਦਾ ਹਿਸਾਬ ਨਹੀਂ ਲੈਣਾ ਚਾਹੀਦਾ+ ਅਤੇ ਤੁਹਾਨੂੰ ਇਸ ਧਰਤੀ ਤੋਂ ਮਿਟਾ ਨਹੀਂ ਦੇਣਾ ਚਾਹੀਦਾ? 12 ਫਿਰ ਦਾਊਦ ਨੇ ਨੌਜਵਾਨਾਂ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੂੰ ਮਾਰ ਦੇਣ।+ ਉਨ੍ਹਾਂ ਨੇ ਉਨ੍ਹਾਂ ਦੇ ਹੱਥ-ਪੈਰ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਹਬਰੋਨ ਦੇ ਸਰੋਵਰ ਲਾਗੇ ਟੰਗ ਦਿੱਤਾ।+ ਪਰ ਉਨ੍ਹਾਂ ਨੇ ਈਸ਼ਬੋਸ਼ਥ ਦਾ ਸਿਰ ਲੈ ਕੇ ਹਬਰੋਨ ਵਿਚ ਅਬਨੇਰ ਦੀ ਕਬਰ ਵਿਚ ਦਫ਼ਨਾ ਦਿੱਤਾ।